ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦਾ ਨਵਾਂ ਇੰਤਜ਼ਾਮ
1. ਪਹਿਲੀ ਸਦੀ ਦੇ ਮਸੀਹੀਆਂ ਨੇ ਕਿਹੜੀ ਮਿਸਾਲ ਕਾਇਮ ਕੀਤੀ?
1 ਪਹਿਲੀ ਸਦੀ ਦੇ ਮਸੀਹੀਆਂ ਨੇ ਘਰ-ਘਰ ਪ੍ਰਚਾਰ ਕਰਨ ਦੇ ਨਾਲ-ਨਾਲ ਖੁੱਲ੍ਹੇ-ਆਮ ਜਾਂ ਪਬਲਿਕ ਥਾਵਾਂ ʼਤੇ ਵੀ ਪ੍ਰਚਾਰ ਕੀਤਾ ਸੀ। (ਰਸੂ. 20:20) ਮਿਸਾਲ ਲਈ, ਉਹ ਮੰਦਰ ਵਿਚ ਜਾਂਦੇ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉੱਥੇ ਉਨ੍ਹਾਂ ਨੂੰ ਬਹੁਤ ਸਾਰੇ ਲੋਕ ਮਿਲਣਗੇ। (ਰਸੂ. 5:42) ਜਦੋਂ ਪੌਲੁਸ ਰਸੂਲ ਐਥਿਨਜ਼ ਵਿਚ ਸੀ, ਤਾਂ ਉਹ ਰੋਜ਼ ਬਾਜ਼ਾਰ ਵਿਚ ਜਾ ਕੇ ਲੋਕਾਂ ਨੂੰ ਪ੍ਰਚਾਰ ਕਰਦਾ ਸੀ। (ਰਸੂ. 17:17) ਅੱਜ ਵੀ ਖ਼ੁਸ਼ ਖ਼ਬਰੀ ਸੁਣਾਉਣ ਦਾ ਸਾਡਾ ਮੁੱਖ ਤਰੀਕਾ ਘਰ-ਘਰ ਪ੍ਰਚਾਰ ਕਰਨਾ ਹੈ। ਪਰ ਅਸੀਂ ਪਾਰਕਿੰਗ ਥਾਵਾਂ, ਕਾਰੋਬਾਰੀ ਥਾਵਾਂ, ਪਾਰਕਾਂ, ਉਨ੍ਹਾਂ ਰਸਤਿਆਂ ਵਿਚ ਜਿੱਥੇ ਕਾਫ਼ੀ ਲੋਕ ਆਉਂਦੇ-ਜਾਂਦੇ ਹਨ ਅਤੇ ਹੋਰਨਾਂ ਥਾਵਾਂ ʼਤੇ ਲੋਕਾਂ ਨੂੰ ਪ੍ਰਚਾਰ ਕਰਨ ਜਾਂਦੇ ਹਾਂ। ਹਾਲਾਂਕਿ ਸਾਰੇ ਪਬਲੀਸ਼ਰਾਂ ਨੂੰ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ, ਪਰ ਕਈਆਂ ਨੂੰ ਇਕ ਖ਼ਾਸ ਤਰੀਕੇ ਨਾਲ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦਾ ਮੌਕਾ ਮਿਲੇਗਾ।
2. ਪਬਲਿਕ ਥਾਵਾਂ ʼਤੇ ਪ੍ਰਚਾਰ ਕਰਦਿਆਂ ਸਾਨੂੰ ਕਿਹੜੀ ਸਾਵਧਾਨੀ ਵਰਤਣ ਦੀ ਲੋੜ ਹੈ?
2 ਇਸ ਲੇਖ ਵਿਚ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦੇ ਕੁਝ ਖ਼ਾਸ ਤਰੀਕੇ ਦੱਸੇ ਗਏ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਭਾਰਤ ਲਈ ਸਾਡੀ ਰਾਜ ਸੇਵਕਾਈ ਵਿਚ ਸਾਨੂੰ ਸਾਵਧਾਨ ਰਹਿਣ ਬਾਰੇ ਪਹਿਲਾਂ ਜੋ ਹਿਦਾਇਤਾਂ ਦਿੱਤੀਆਂ ਗਈਆਂ ਸਨ, ਉਨ੍ਹਾਂ ਵੱਲ ਹੁਣ ਧਿਆਨ ਦੇਣ ਦੀ ਲੋੜ ਨਹੀਂ। ਸਾਨੂੰ ਹਾਲੇ ਵੀ ਉਨ੍ਹਾਂ ਸਾਰੀਆਂ ਹਿਦਾਇਤਾਂ ਮੁਤਾਬਕ ਚੱਲਣ ਦੀ ਲੋੜ ਹੈ। ਅਸੀਂ ਪ੍ਰਚਾਰ ਵਿਚ ਕਿਸੇ ਦਾ ਗੁੱਸਾ ਨਹੀਂ ਭੜਕਾਉਣਾ ਚਾਹੁੰਦੇ। ਪਬਲਿਕ ਥਾਵਾਂ ʼਤੇ ਪ੍ਰਚਾਰ ਦਾ ਇੰਤਜ਼ਾਮ ਕਰਦੇ ਹੋਏ ਬਜ਼ੁਰਗਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ। ਇੱਦਾਂ ਨਾ ਹੋਵੇ ਕਿ ਪ੍ਰਚਾਰ ਦੇ ਕੰਮ ਵਿਚ ਕੋਈ ਮੁਸ਼ਕਲ ਖੜ੍ਹੀ ਹੋ ਜਾਵੇ। (ਹੋਰ ਜਾਣਕਾਰੀ ਲਈ ਬਜ਼ੁਰਗ 24 ਨਵੰਬਰ 2012 ਤੇ 13 ਫਰਵਰੀ 2014 ਦੀਆਂ ਚਿੱਠੀਆਂ ਦੁਬਾਰਾ ਪੜ੍ਹ ਸਕਦੇ ਹਨ।) ਚਾਹੇ ਤੁਹਾਡੇ ਇਲਾਕੇ ਵਿਚ ਪ੍ਰਚਾਰ ਕਰਨਾ ਸੌਖਾ ਹੈ ਜਾਂ ਨਹੀਂ, ਫਿਰ ਵੀ ਹਰ ਪਬਲੀਸ਼ਰ ਨੂੰ, ਜੋ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਜਾਂਦਾ ਹੈ, ਆਪਣੇ ਕੋਲ T-85 ਬਰੋਸ਼ਰ ਰੱਖਣਾ ਚਾਹੀਦਾ ਹੈ ਜਿਸ ਦਾ ਵਿਸ਼ਾ ਹੈ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਸੰਬੰਧੀ ਯਹੋਵਾਹ ਦੇ ਗਵਾਹਾਂ ਦੇ ਹੱਕ ਅਤੇ ਜ਼ਿੰਮੇਵਾਰੀਆਂ। ਇਹ ਬਰੋਸ਼ਰ ਸਾਨੂੰ ਘਰ-ਘਰ ਅਤੇ ਸੜਕਾਂ ʼਤੇ ਪ੍ਰਚਾਰ ਕਰਦਿਆਂ ਹਰ ਵੇਲੇ ਆਪਣੇ ਕੋਲ ਰੱਖਣ ਦੀ ਲੋੜ ਹੈ।
3. ਨਵੰਬਰ 2011 ਵਿਚ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦਾ ਕਿਹੜਾ ਇੰਤਜ਼ਾਮ ਕੀਤਾ ਗਿਆ ਸੀ?
3 ਜਿਵੇਂ 2013 ਯੀਅਰ ਬੁੱਕ ਦੇ ਸਫ਼ੇ 16 ਅਤੇ 17 ʼਤੇ ਦੱਸਿਆ ਗਿਆ ਸੀ, ਨਵੰਬਰ 2011 ਵਿਚ ਨਿਊਯਾਰਕ ਸਿਟੀ ਵਿਚ ਖ਼ਾਸ ਤਰੀਕਿਆਂ ਨਾਲ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦਾ ਇੰਤਜ਼ਾਮ ਕੀਤਾ ਗਿਆ ਸੀ। ਜਿੱਥੇ ਬਹੁਤ ਸਾਰੇ ਲੋਕ ਆਉਂਦੇ-ਜਾਂਦੇ ਹਨ, ਉੱਥੇ ਮੇਜ਼ ਜਾਂ ਰੇੜ੍ਹੀ ਉੱਤੇ ਵੱਖੋ-ਵੱਖਰੀਆਂ ਭਾਸ਼ਾਵਾਂ ਵਿਚ ਵਧੀਆ ਤਰੀਕੇ ਨਾਲ ਕਿਤਾਬਾਂ-ਮੈਗਜ਼ੀਨ ਰੱਖੇ ਗਏ ਸਨ। ਰੋਜ਼ ਹਜ਼ਾਰਾਂ ਹੀ ਲੋਕ ਉੱਥੋਂ ਦੀ ਲੰਘ ਕੇ ਜਾਂਦੇ ਸਨ। ਇਨ੍ਹਾਂ ਵਿਚ ਉਹ ਲੋਕ ਵੀ ਸਨ ਜੋ ਅਪਾਰਟਮੈਂਟ ਬਿਲਡਿੰਗਾਂ ਵਿਚ ਰਹਿੰਦੇ ਹਨ ਜਿਨ੍ਹਾਂ ਵਿਚ ਸਾਨੂੰ ਵੜਨ ਨਹੀਂ ਦਿੱਤਾ ਜਾਂਦਾ ਅਤੇ ਉਹ ਲੋਕ ਜੋ ਅਕਸਰ ਸਾਨੂੰ ਘਰ ਨਹੀਂ ਮਿਲਦੇ। ਇਸ ਤਰੀਕੇ ਨਾਲ ਪ੍ਰਚਾਰ ਕਰਨ ਦੇ ਬਹੁਤ ਹੀ ਵਧੀਆ ਨਤੀਜੇ ਨਿਕਲੇ। ਇੱਕੋ ਮਹੀਨੇ ਵਿਚ 3,797 ਰਸਾਲੇ ਅਤੇ 7,986 ਕਿਤਾਬਾਂ ਵੰਡੀਆਂ ਗਈਆਂ ਸਨ। ਕਈਆਂ ਨੇ ਬਾਈਬਲ ਸਟੱਡੀ ਕਰਨ ਲਈ ਵੀ ਪੁੱਛਿਆ। ਉਸ ਵੇਲੇ ਬਾਈਬਲ ਸਟੱਡੀਆਂ ਸ਼ੁਰੂ ਕਰਨ ਉੱਤੇ ਜ਼ੋਰ ਦਿੱਤਾ ਗਿਆ ਸੀ, ਇਸ ਲਈ ਜੋ ਵੀ ਵਿਅਕਤੀ ਆਪਣਾ ਨਾਂ ਅਤੇ ਪਤਾ ਦੇ ਕੇ ਗਿਆ, ਉਹ ਤੁਰੰਤ ਹੀ ਉਸ ਦੇ ਨੇੜੇ ਦੀ ਮੰਡਲੀ ਨੂੰ ਭੇਜਿਆ ਗਿਆ ਤਾਂਕਿ ਉਸ ਨੂੰ ਦੁਬਾਰਾ ਮਿਲਿਆ ਜਾ ਸਕੇ।
4. ਨਵੇਂ ਇੰਤਜ਼ਾਮ ਮੁਤਾਬਕ ਹੋਰ ਕਿੱਥੇ ਵਧ-ਚੜ੍ਹ ਕੇ ਪ੍ਰਚਾਰ ਹੋ ਰਿਹਾ ਹੈ ਤੇ ਇਕ ਵਿਆਹੁਤਾ ਜੋੜੇ ਨੂੰ ਕੀ ਫ਼ਾਇਦਾ ਹੋਇਆ?
4 ਇਸ ਇੰਤਜ਼ਾਮ ਦੇ ਵਧੀਆ ਨਤੀਜਿਆਂ ਕਰਕੇ ਹੁਣ ਦੁਨੀਆਂ ਭਰ ਵਿਚ ਵੱਡੇ ਸ਼ਹਿਰਾਂ ਵਿਚ ਇਸੇ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਕ ਵਿਆਹੁਤਾ ਜੋੜੇ ਨੇ ਲਿਖਿਆ: “ਮੇਜ਼ ਲਾਗੇ ਖੜ੍ਹ ਕੇ ਹਜ਼ਾਰਾਂ ਲੋਕਾਂ ਨੂੰ ਲੰਘਦਿਆਂ ਦੇਖ ਕੇ ਸਾਨੂੰ ਅਹਿਸਾਸ ਹੋਇਆ ਹੈ ਕਿ ਦੁਨੀਆਂ ਭਰ ਵਿਚ ਲੋਕਾਂ ਨੂੰ ਪਰਮੇਸ਼ੁਰ ਦਾ ਸੰਦੇਸ਼ ਸੁਣਾਉਣ ਲਈ ਕਿੰਨਾ ਕੰਮ ਕੀਤਾ ਜਾ ਰਿਹਾ ਹੈ। ਇੰਨੇ ਲੋਕਾਂ ਨੂੰ ਦੇਖ ਕੇ ਅਤੇ ਇਹ ਸੋਚ ਕੇ ਕਿ ਯਹੋਵਾਹ ਹਰ ਇਨਸਾਨ ਦੀ ਪਰਵਾਹ ਕਰਦਾ ਹੈ, ਸਾਡਾ ਇਰਾਦਾ ਹੋਰ ਵੀ ਪੱਕਾ ਹੋ ਗਿਆ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਪ੍ਰਚਾਰ ਦੇ ਕੰਮ ਨੂੰ ਹਮੇਸ਼ਾ ਪਹਿਲ ਦੇਵਾਂਗੇ। ਸਾਨੂੰ ਪਤਾ ਹੈ ਕਿ ਜੋ ਲੋਕ ਮੇਜ਼ ਕੋਲੋਂ ਦੀ ਲੰਘਦੇ ਹਨ, ਯਹੋਵਾਹ ਉਨ੍ਹਾਂ ਦੇ ਦਿਲਾਂ ਦੀ ਜਾਂਚ ਕਰ ਕੇ ਦੇਖਦਾ ਹੈ ਕਿ ਕੌਣ ਉਸ ਬਾਰੇ ਜਾਣਨਾ ਚਾਹੇਗਾ। ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਹਿਸਾਸ ਹੁੰਦਾ ਹੈ ਕਿ ਅਸੀਂ ਦੂਤਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।”
5. (ੳ) ਕਈ ਮੰਡਲੀਆਂ ਦੀਆਂ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦਾ ਕਿਹੜਾ ਪ੍ਰਬੰਧ ਕੀਤਾ ਜਾ ਰਿਹਾ ਹੈ? (ਅ) ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਲਈ ਮੰਡਲੀਆਂ ਨੂੰ ਮਿਲ ਕੇ ਕੰਮ ਕਰਨ ਦੀ ਕਿਉਂ ਲੋੜ ਹੈ?
5 ਤੁਹਾਡੇ ਇਲਾਕੇ ਵਿਚ ਪਬਲਿਕ ਥਾਵਾਂ ʼਤੇ ਪ੍ਰਚਾਰ: ਕੁਝ ਮੰਡਲੀਆਂ ਦੇ ਬਜ਼ੁਰਗਾਂ ਨੇ ਆਪਣੇ ਇਲਾਕੇ ਵਿਚ ਇਹ ਨਵਾਂ ਇੰਤਜ਼ਾਮ ਕੀਤਾ ਹੈ। ਪਬਲੀਸ਼ਰ ਆਪਣੀ ਮੰਡਲੀ ਦੇ ਇਲਾਕੇ ਵਿਚ ਉਸ ਥਾਂ ʼਤੇ ਮੇਜ਼ ਜਾਂ ਰੇੜ੍ਹੀ ਉੱਤੇ ਪ੍ਰਕਾਸ਼ਨ ਰੱਖ ਲੈਂਦੇ ਹਨ ਜਿੱਥੋਂ ਦੀ ਬਹੁਤ ਸਾਰੇ ਲੋਕ ਆਉਂਦੇ-ਜਾਂਦੇ ਹਨ।—“ਮਿਲ ਕੇ ਕੰਮ ਕਰਨ ਦੀ ਲੋੜ” ਨਾਂ ਦੀ ਡੱਬੀ ਦੇਖੋ।
6. ਜੇ ਤੁਹਾਡੇ ਇਲਾਕੇ ਵਿਚ ਪਬਲਿਕ ਥਾਵਾਂ ʼਤੇ ਪ੍ਰਚਾਰ ਕੀਤਾ ਜਾ ਸਕਦਾ ਹੈ, ਤਾਂ ਬਜ਼ੁਰਗ ਇਸ ਦਾ ਇੰਤਜ਼ਾਮ ਕਿਵੇਂ ਕਰਨਗੇ?
6 ਮੰਡਲੀ ਦੇ ਬਜ਼ੁਰਗ ਆਪਣੇ ਇਲਾਕੇ ਵਿਚ ਉਨ੍ਹਾਂ ਥਾਵਾਂ ਦੀ ਜਾਂਚ ਕਰਨਗੇ ਜਿੱਥੇ ਜ਼ਿਆਦਾ ਲੋਕ ਪੈਦਲ ਆਉਂਦੇ-ਜਾਂਦੇ ਹਨ। ਫਿਰ ਉਹ ਫ਼ੈਸਲਾ ਕਰਨਗੇ ਕਿ ਉੱਥੇ ਮੇਜ਼ ਜਾਂ ਰੇੜ੍ਹੀ ਰੱਖਣੀ ਠੀਕ ਹੋਵੇਗੀ ਕਿ ਨਹੀਂ। ਅਸੀਂ ਮੇਜ਼ ਜਾਂ ਰੇੜ੍ਹੀ ਨਾਲ ਬਹੁਤ ਸਾਰੀਆਂ ਥਾਵਾਂ ʼਤੇ ਪ੍ਰਚਾਰ ਕਰ ਸਕਦੇ ਹਾਂ ਜਿਵੇਂ ਬੱਸ ਅੱਡੇ ਜਾਂ ਟ੍ਰੇਨ ਸਟੇਸ਼ਨ, ਚੌਂਕ, ਪਾਰਕਾਂ, ਲੋਕਾਂ ਨਾਲ ਭਰੀਆਂ ਸੜਕਾਂ, ਸ਼ਾਪਿੰਗ-ਮਾਲ, ਕਾਲਜ, ਹਵਾਈ ਅੱਡੇ ਅਤੇ ਜਿੱਥੇ ਹਰ ਸਾਲ ਕੋਈ ਪ੍ਰੋਗ੍ਰਾਮ ਹੁੰਦਾ ਹੈ। ਜੇ ਅਸੀਂ ਹਫ਼ਤੇ ਵਿਚ ਉਹੀ ਦਿਨ, ਸਮੇਂ ਅਤੇ ਇੱਕੋ ਜਗ੍ਹਾ ਤੇ ਮੇਜ਼ ਲਗਾਈਏ, ਤਾਂ ਇਸ ਦਾ ਬਹੁਤ ਫ਼ਾਇਦਾ ਹੋ ਸਕਦਾ ਹੈ। ਇਹ ਦੇਖਿਆ ਗਿਆ ਹੈ ਕਿ ਇਕ ਦੁਕਾਨ ਦੇ ਸਾਮ੍ਹਣੇ ਮੇਜ਼ ਲਗਾਉਣ ਨਾਲ ਇੰਨਾ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਲੋਕਾਂ ਦਾ ਧਿਆਨ ਸ਼ਾਪਿੰਗ ਕਰਨ ਵੱਲ ਹੀ ਲੱਗਾ ਹੁੰਦਾ ਹੈ। ਪਰ ਜੋ ਮੇਜ਼ ਸ਼ਾਪਿੰਗ-ਮਾਲਾਂ ਵਿਚ ਲਗਾਏ ਜਾਂਦੇ ਹਨ, ਉੱਥੇ ਬਹੁਤ ਵਧੀਆ ਨਤੀਜੇ ਨਿਕਲਦੇ ਹਨ। ਫੁਟਪਾਥ ʼਤੇ ਸ਼ਾਇਦ ਇਕ ਛੋਟੀ ਜਿਹੀ ਰੇੜ੍ਹੀ ਰੱਖਣੀ ਕਾਫ਼ੀ ਹੋਵੇ ਕਿਉਂਕਿ ਉੱਥੋਂ ਜ਼ਿਆਦਾ ਲੋਕ ਲੰਘਦੇ ਹਨ। ਮੰਡਲੀ ਦੇ ਬਜ਼ੁਰਗ ਸਾਡੀ ਵੈੱਬਸਾਈਟ ਤੋਂ ਪਹਿਰਾਬੁਰਜ, ਜਾਗਰੂਕ ਬਣੋ! ਰਸਾਲਿਆਂ ਅਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੇ ਪੋਸਟਰ ਡਾਊਨਲੋਡ ਕਰ ਸਕਦੇ ਹਨ। ਇਹ ਪੋਸਟਰ ਖ਼ਾਸ ਕਰਕੇ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਲਈ ਤਿਆਰ ਕੀਤੇ ਗਏ ਹਨ। ਉਹ ਪੋਸਟਰ ਚੁਣੋ ਜੋ ਲੋਕਾਂ ਨੂੰ ਚੰਗੇ ਲੱਗਣਗੇ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਗੇ। ਆਪਣੇ ਇਲਾਕੇ ਵਿਚ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਵਾਲਿਆਂ ਨੂੰ ਮੰਡਲੀ ਦੇ ਸਰਵਿਸ ਓਵਰਸੀਅਰ ਦੀਆਂ ਹਿਦਾਇਤਾਂ ਮੁਤਾਬਕ ਚੱਲਣ ਦੀ ਲੋੜ ਹੈ। ਜੇ ਕੋਈ ਦਿਲਚਸਪੀ ਰੱਖਣ ਵਾਲਾ ਵਿਅਕਤੀ ਤੁਹਾਡੇ ਇਲਾਕੇ ਵਿਚ ਨਹੀਂ ਰਹਿੰਦਾ ਤੇ ਉਹ ਤੁਹਾਨੂੰ ਆਪਣਾ ਨਾਂ ਤੇ ਪਤਾ ਦਿੰਦਾ ਹੈ, ਤਾਂ ਤੁਹਾਨੂੰ S-43 ਫਾਰਮ ਭਰ ਕੇ ਇਸ ਨੂੰ ਫ਼ੌਰਨ ਮੰਡਲੀ ਦੇ ਸੈਕਟਰੀ ਨੂੰ ਦੇਣਾ ਚਾਹੀਦਾ ਹੈ।
7. ਪਬਲਿਕ ਥਾਵਾਂ ʼਤੇ ਪ੍ਰਚਾਰ ਕਿਵੇਂ ਕੀਤਾ ਜਾਂਦਾ ਹੈ?
7 ਪ੍ਰਚਾਰ ਕਿਵੇਂ ਕੀਤਾ ਜਾਂਦਾ ਹੈ: ਸ਼ਹਿਰਾਂ ਵਿਚ ਪਬਲਿਕ ਥਾਵਾਂ ʼਤੇ ਮੇਜ਼ ਜਾਂ ਰੇੜ੍ਹੀ ਉੱਤੇ ਸਾਹਿੱਤ ਰੱਖਿਆ ਜਾਂਦਾ ਹੈ ਅਤੇ ਪਬਲੀਸ਼ਰ ਉੱਥੇ ਖੜ੍ਹੇ ਹੋ ਕੇ ਲੋਕਾਂ ਦਾ ਇੰਤਜ਼ਾਰ ਕਰਦੇ ਹਨ। ਫਿਰ ਜਦੋਂ ਕੋਈ ਉਨ੍ਹਾਂ ਕੋਲ ਆਉਂਦਾ ਹੈ, ਤਾਂ ਉਹ ਉਸ ਨੂੰ ਕਿਤਾਬ ਜਾਂ ਮੈਗਜ਼ੀਨ ਲੈਣ ਲਈ ਕਹਿੰਦੇ ਹਨ। ਜੇ ਕੋਈ ਸਵਾਲ ਪੁੱਛਦਾ ਹੈ, ਤਾਂ ਪਬਲੀਸ਼ਰ ਖ਼ੁਸ਼ੀ ਨਾਲ ਬਾਈਬਲ ਵਿੱਚੋਂ ਉਨ੍ਹਾਂ ਦੇ ਸਵਾਲ ਦਾ ਜਵਾਬ ਦਿੰਦੇ ਹਨ। ਜੇ ਉਹ ਕੋਈ ਪ੍ਰਕਾਸ਼ਨ ਲੈਂਦਾ ਹੈ, ਤਾਂ ਪਬਲੀਸ਼ਰ ਉਸ ਨੂੰ ਦਾਨ ਦੇਣ ਲਈ ਨਹੀਂ ਕਹਿੰਦੇ। ਪਰ ਜੇ ਉਹ ਪੁੱਛੇ ਕਿ ਸਾਡੇ ਕੰਮ ਦਾ ਖ਼ਰਚਾ ਕਿਵੇਂ ਚੱਲਦਾ ਹੈ, ਤਾਂ ਉਸ ਨੂੰ ਸਮਝਾਇਆ ਜਾ ਸਕਦਾ ਹੈ ਕਿ ਜੇ ਉਹ ਚਾਹੁਣ, ਤਾਂ ਉਹ ਪ੍ਰਕਾਸ਼ਨ ਵਿਚ ਦਿੱਤੇ ਪਤੇ ʼਤੇ ਦਾਨ ਭੇਜ ਸਕਦੇ ਹਨ। ਜਦੋਂ ਹੋ ਸਕੇ ਪਬਲੀਸ਼ਰ ਪੁੱਛਦੇ ਹਨ: “ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਘਰ ਆ ਕੇ ਮਿਲੇ?” ਜਾਂ “ਕੀ ਤੁਸੀਂ ਇਸ ਪ੍ਰਕਾਸ਼ਨ ਦੇ ਆਧਾਰ ਤੇ ਰੱਬ ਬਾਰੇ ਗੱਲ ਕਰਨੀ ਚਾਹੋਗੇ?”
8. ਨਵੇਂ ਇੰਤਜ਼ਾਮ ਮੁਤਾਬਕ ਪ੍ਰਚਾਰ ਕਰਨ ਦਾ ਕਿੰਨਾ ਕੁ ਫ਼ਾਇਦਾ ਹੋਇਆ ਹੈ?
8 ਇਸ ਤਰੀਕੇ ਨਾਲ ਪ੍ਰਚਾਰ ਕਰਨ ਦਾ ਬਹੁਤ ਫ਼ਾਇਦਾ ਹੋਇਆ ਹੈ। ਭਾਰਤ ਵਿਚ ਇਕ ਮੰਡਲੀ ਨੇ ਲੋਕਾਂ ਨੂੰ ਇਕ ਘੰਟੇ ਵਿਚ 1,000 ਤੋਂ ਜ਼ਿਆਦਾ ਰਸਾਲੇ ਦਿੱਤੇ ਅਤੇ ਦਿਲਚਸਪੀ ਰੱਖਣ ਵਾਲੇ 200 ਲੋਕਾਂ ਦੇ ਪਤੇ ਲਏ। ਬੰਗਲੌਰ ਵਿਚ ਇਕ ਟ੍ਰੈਫਿਕ ਇੰਸਪੈਕਟਰ ਸ਼ਾਪਿੰਗ-ਮਾਲ ਦੇ ਨੇੜੇ ਰੱਖੇ ਮੇਜ਼ ਕੋਲ ਆਇਆ ਤੇ ਸਾਡੇ ਪ੍ਰਚਾਰ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਇਕ ਪਰਿਵਾਰਕ ਖ਼ੁਸ਼ੀ ਅਤੇ ਨੌਜਵਾਨਾਂ ਦੇ ਸਵਾਲ ਕਿਤਾਬਾਂ ਲਈਆਂ। ਆਂਧਰਾ ਪ੍ਰਦੇਸ਼ ਵਿਚ ਇਕ ਦਿਲਚਸਪੀ ਰੱਖਣ ਵਾਲਾ ਵਿਅਕਤੀ ਗਵਾਹਾਂ ਨੂੰ ਮਿਲਣ ਲਈ ਤਰਸਦਾ ਸੀ ਤੇ ਉਹ ਉੱਥੇ ਇਕ ਪਬਲਿਕ ਥਾਂ ʼਤੇ ਪ੍ਰਚਾਰ ਕਰ ਰਹੇ ਗਵਾਹਾਂ ਨੂੰ ਮਿਲਿਆ। ਹੁਣ ਉਹ ਵਿਅਕਤੀ ਬਾਈਬਲ ਦੀ ਸਟੱਡੀ ਕਰ ਰਿਹਾ ਹੈ ਤੇ ਮੀਟਿੰਗਾਂ ਵਿਚ ਆਉਂਦਾ ਹੈ।
9. ਜੇ ਤੁਹਾਡੀ ਮੰਡਲੀ ਵਿਚ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦੇ ਖ਼ਾਸ ਪ੍ਰਬੰਧ ਨਹੀਂ ਕੀਤੇ ਜਾਂਦੇ, ਤਾਂ ਤੁਸੀਂ ਇਸ ਕੰਮ ਵਿਚ ਕਿਵੇਂ ਹਿੱਸਾ ਲੈ ਸਕਦੇ ਹੋ?
9 ਤੁਸੀਂ ਆਪ ਜਾ ਕੇ ਪਬਲਿਕ ਥਾਵਾਂ ʼਤੇ ਪ੍ਰਚਾਰ ਕਰ ਸਕਦੇ ਹੋ: ਕੁਝ ਮੰਡਲੀਆਂ ਦੇ ਇਲਾਕੇ ਵਿਚ ਸ਼ਾਇਦ ਅਜਿਹੀ ਕੋਈ ਥਾਂ ਨਾ ਹੋਵੇ ਜਿੱਥੇ ਬਹੁਤ ਲੋਕ ਪੈਦਲ ਆਉਂਦੇ-ਜਾਂਦੇ ਹਨ, ਇਸ ਲਈ ਸ਼ਾਇਦ ਉੱਥੇ ਮੇਜ਼ ਜਾਂ ਰੇੜ੍ਹੀ ਰੱਖਣ ਦਾ ਇੰਨਾ ਫ਼ਾਇਦਾ ਨਾ ਹੋਵੇ। ਪਰ ਇਨ੍ਹਾਂ ਮੰਡਲੀਆਂ ਦੇ ਭੈਣਾਂ-ਭਰਾਵਾਂ ਨੂੰ ਵੀ ਆਪਣੇ ਇਲਾਕੇ ਵਿਚ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਕੀ ਤੁਹਾਡੇ ਇਲਾਕੇ ਵਿਚ ਬਾਜ਼ਾਰ ਜਾਂ ਕੋਈ ਸਟੋਰ ਹੈ ਜਿੱਥੇ ਲੋਕਾਂ ਦਾ ਕਾਫ਼ੀ ਆਉਣਾ-ਜਾਣਾ ਹੈ? ਕੋਈ ਪਾਰਕ ਜਾਂ ਹੋਰ ਜਗ੍ਹਾ ਹੈ ਜਿੱਥੇ ਲੋਕ ਇਕੱਠੇ ਹੁੰਦੇ ਹਨ? ਕੀ ਤੁਹਾਡੇ ਇਲਾਕੇ ਵਿਚ ਅਜਿਹੀਆਂ ਥਾਵਾਂ ਹਨ ਜਿੱਥੇ ਸਮੇਂ-ਸਮੇਂ ਤੇ ਪ੍ਰੋਗ੍ਰਾਮ ਕੀਤੇ ਜਾਂਦੇ ਹਨ? ਜੇ ਹਾਂ, ਤਾਂ ਤੁਸੀਂ ਵੀ ਬਜ਼ੁਰਗਾਂ ਦੀ ਸਲਾਹ ਲੈ ਕੇ ਸਾਵਧਾਨੀ ਨਾਲ ਇਨ੍ਹਾਂ ਥਾਵਾਂ ʼਤੇ ਪ੍ਰਚਾਰ ਕਰ ਸਕਦੇ ਹੋ।
10. ਸਾਨੂੰ ਜਿੱਥੇ ਕਿਤੇ ਵੀ ਲੋਕ ਮਿਲਣ, ਉਨ੍ਹਾਂ ਨੂੰ ਪ੍ਰਚਾਰ ਕਰਨ ਦੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
10 ਯਹੋਵਾਹ ਦੀ ਇੱਛਾ ਹੈ ਕਿ “ਹਰ ਤਰ੍ਹਾਂ ਦੇ ਲੋਕ ਬਚਾਏ ਜਾਣ ਅਤੇ ਸੱਚਾਈ ਦਾ ਸਹੀ ਗਿਆਨ ਪ੍ਰਾਪਤ ਕਰਨ।” (1 ਤਿਮੋ. 2:4) ਇਸ ਲਈ, ਅਸੀਂ ਅੰਤ ਆਉਣ ਤੋਂ ਪਹਿਲਾਂ ਜਿੰਨੇ ਲੋਕਾਂ ਨੂੰ ਹੋ ਸਕੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਸਕਦੇ ਹਾਂ। (ਮੱਤੀ 24:14) ਕਈ ਥਾਵਾਂ ʼਤੇ ਸਾਨੂੰ ਬਹੁਤ ਘੱਟ ਲੋਕ ਘਰ ਮਿਲਦੇ ਹਨ। ਪਰ ਹੋ ਸਕਦਾ ਹੈ ਕਿ ਉਹ ਸਾਨੂੰ ਪਬਲਿਕ ਥਾਵਾਂ ʼਤੇ ਮਿਲਣ ਤੇ ਅਸੀਂ ਉਨ੍ਹਾਂ ਨਾਲ ਗੱਲ ਕਰ ਸਕੀਏ। ਸ਼ਾਇਦ ਕੁਝ ਲੋਕਾਂ ਨੂੰ ਸਿਰਫ਼ ਪਬਲਿਕ ਥਾਵਾਂ ʼਤੇ ਹੀ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਮਿਲੇ। ਤਾਂ ਫਿਰ, ਆਓ ਆਪਾਂ ਜਿੱਥੇ ਕਿਤੇ ਵੀ ਲੋਕ ਮਿਲਣ, ਉਨ੍ਹਾਂ ਨੂੰ ਪ੍ਰਚਾਰ ਕਰ ਕੇ ਸੇਵਾ ਦਾ ਆਪਣਾ ਕੰਮ ਪੂਰਾ ਕਰੀਏ।—2 ਤਿਮੋ. 4:5.