ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦਾ ਇਕ ਨਵਾਂ ਅਤੇ ਮਜ਼ੇਦਾਰ ਤਰੀਕਾ
1. ਜਿਨ੍ਹਾਂ ਮੰਡਲੀਆਂ ਦੇ ਇਲਾਕਿਆਂ ਵਿਚ ਕਾਫ਼ੀ ਲੋਕ ਪੈਦਲ ਆਉਂਦੇ-ਜਾਂਦੇ ਹਨ, ਉਨ੍ਹਾਂ ਨੂੰ ਕੀ ਕਰਨ ਦੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ?
1 ਬਹੁਤ ਸਾਰੀਆਂ ਮੰਡਲੀਆਂ ਦੇ ਇਲਾਕਿਆਂ ਵਿਚ ਕਾਫ਼ੀ ਲੋਕ ਪੈਦਲ ਆਉਂਦੇ-ਜਾਂਦੇ ਹਨ। ਉਨ੍ਹਾਂ ਮੰਡਲੀਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਕਿ ਉਹ ਗਵਾਹੀ ਦੇਣ ਲਈ ਅਜਿਹੀਆਂ ਪਬਲਿਕ ਥਾਵਾਂ ʼਤੇ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਜਾਂ ਮੇਜ਼ ਦੀ ਵਰਤੋਂ ਕਰਨ। ਰੇੜ੍ਹੀ ਕੋਲ ਘੱਟੋ-ਘੱਟ ਇਕ ਪਬਲੀਸ਼ਰ ਨੂੰ ਬੈਠਣਾ ਜਾਂ ਖੜ੍ਹਨਾ ਚਾਹੀਦਾ ਹੈ। ਮੇਜ਼ ਕੋਲ ਦੋ ਪਬਲੀਸ਼ਰ ਹੋਣੇ ਚਾਹੀਦੇ ਹਨ। ਜਿਹੜੇ ਪਬਲੀਸ਼ਰ ਮੇਜ਼ ਜਾਂ ਰੇੜ੍ਹੀ ਕੋਲ ਹੁੰਦੇ ਹਨ, ਉਨ੍ਹਾਂ ਨੂੰ ਦੋਸਤਾਨਾ ਤਰੀਕੇ ਨਾਲ ਅਤੇ ਮੁਸਕਰਾ ਕੇ ਦੂਜਿਆਂ ਨਾਲ ਪੇਸ਼ ਆਉਣਾ ਚਾਹੀਦਾ ਹੈ। ਜੇ ਕੋਈ ਵਿਅਕਤੀ ਦਿਲਚਸਪੀ ਦਿਖਾਉਂਦਾ ਹੈ, ਤਾਂ ਉਨ੍ਹਾਂ ਵਿੱਚੋਂ ਇਕ ਪਬਲੀਸ਼ਰ ਉਸ ਨਾਲ ਗੱਲਬਾਤ ਕਰਦੇ ਹੋਏ ਕਹਿ ਸਕਦਾ ਹੈ: “ਕੀ ਤੁਸੀਂ ਕਦੇ ਸੋਚਿਆ ਕਿ ਪਰਮੇਸ਼ੁਰ ਇਸ ਵਿਸ਼ੇ ਬਾਰੇ ਕੀ ਕਹਿੰਦਾ ਹੈ?” ਦੂਜਾ ਪਬਲੀਸ਼ਰ ਮੇਜ਼ ਜਾਂ ਰੇੜ੍ਹੀ ਤੋਂ ਥੋੜ੍ਹੀ ਦੂਰ ਹੋ ਕੇ ਲੋਕਾਂ ਨਾਲ ਗੱਲ ਕਰ ਸਕਦਾ ਹੈ।
2. ਇਕ ਤਜਰਬਾ ਦੱਸੋ ਜਿਸ ਤੋਂ ਪਤਾ ਲੱਗਦਾ ਹੈ ਕਿ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਲਈ ਮੇਜ਼ ਜਾਂ ਰੇੜ੍ਹੀ ਦੀ ਵਰਤੋਂ ਕਰਨੀ ਕਿੰਨੀ ਫ਼ਾਇਦੇਮੰਦ ਹੈ।
2 ਗਵਾਹੀ ਦੇਣ ਦੇ ਇਸ ਤਰੀਕੇ ਨਾਲ ਬਹੁਤ ਸਾਰੀਆਂ ਨਵੀਆਂ ਬਾਈਬਲ ਸਟੱਡੀਆਂ ਸ਼ੁਰੂ ਹੋਈਆਂ ਹਨ। ਕਾਲਜ ਵਿਚ ਪੜ੍ਹਨ ਵਾਲੀ ਇਕ ਕੁੜੀ ਨੇ ਯਹੋਵਾਹ ਦੇ ਗਵਾਹਾਂ ਬਾਰੇ ਰਿਸਰਚ ਕਰ ਕੇ ਇਕ ਲੇਖ ਲਿਖਣ ਦਾ ਫ਼ੈਸਲਾ ਕੀਤਾ। ਪਰ ਉਸ ਨੂੰ ਕੋਈ ਵੀ ਕਿੰਗਡਮ ਹਾਲ ਨਹੀਂ ਲੱਭਾ। ਅਗਲੇ ਹਫ਼ਤੇ ਉਸ ਨੇ ਆਪਣੇ ਕਾਲਜ ਦੇ ਕੈਂਪਸ ਵਿਚ ਪ੍ਰਕਾਸ਼ਨਾਂ ਵਾਲਾ ਮੇਜ਼ ਦੇਖਿਆ। ਉਸ ਨਾਲ ਬਾਈਬਲ ਸਟੱਡੀ ਸ਼ੁਰੂ ਹੋਈ ਅਤੇ ਅੱਜ ਉਹ ਯਹੋਵਾਹ ਦੀ ਗਵਾਹ ਹੈ ਅਤੇ ਆਪ ਵੀ ਦੂਜਿਆਂ ਨੂੰ ਗਵਾਹੀ ਦੇਣ ਲਈ ਇਹ ਤਰੀਕਾ ਵਰਤਦੀ ਹੈ।
3. ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦੇ ਇਸ ਤਰੀਕੇ ਬਾਰੇ ਕਈ ਪਬਲੀਸ਼ਰ ਕਿਵੇਂ ਮਹਿਸੂਸ ਕਰਦੇ ਹਨ?
3 ਇਕ ਭੈਣ ਨੂੰ ਗਵਾਹੀ ਦੇਣ ਦਾ ਇਹ ਤਰੀਕਾ ਬਹੁਤ ਪਸੰਦ ਹੈ। ਉਹ ਕਹਿੰਦੀ ਹੈ: “ਕਈ ਲੋਕ ਆ ਕੇ ਨਵੇਂ ਮੈਗਜ਼ੀਨ ਲੈਂਦੇ ਹਨ। ਕਈਆਂ ਨੇ ਤਾਂ ਯਹੋਵਾਹ ਦੇ ਗਵਾਹਾਂ ਬਾਰੇ ਕਦੇ ਸੁਣਿਆ ਤਕ ਨਹੀਂ। ਮੈਂ ਦੇਖਿਆ ਹੈ ਕਿ ਇਸ ਤਰ੍ਹਾਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਸੰਦੇਸ਼ ਪਹੁੰਚਾ ਸਕਦੇ ਹੋ।” ਇਕ ਹੋਰ ਭੈਣ ਕਹਿੰਦੀ ਹੈ: “ਇਹ ਪ੍ਰਚਾਰ ਕਰਨ ਦਾ ਇਕ ਨਵਾਂ ਅਤੇ ਮਜ਼ੇਦਾਰ ਤਰੀਕਾ ਹੈ ਕਿਉਂਕਿ ਲੋਕ ਤੁਹਾਡੇ ਕੋਲ ਆਉਂਦੇ ਹਨ। ਭਾਵੇਂ ਕਈ ਦਿਲਚਸਪੀ ਨਹੀਂ ਦਿਖਾਉਂਦੇ, ਫਿਰ ਵੀ ਉਨ੍ਹਾਂ ਦਾ ਧਿਆਨ ਸਾਡੇ ਕੰਮ ਵੱਲ ਖਿੱਚਿਆ ਜਾਂਦਾ ਹੈ।”
4. ਹਰ ਹਫ਼ਤੇ ਉਸੇ ਸਮੇਂ ਅਤੇ ਉਸੇ ਜਗ੍ਹਾ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਜਾਂ ਮੇਜ਼ ਲਾਉਣਾ ਫ਼ਾਇਦੇਮੰਦ ਕਿਉਂ ਹੈ?
4 ਹਰ ਹਫ਼ਤੇ ਉਸੇ ਦਿਨ, ਉਸੇ ਸਮੇਂ ਅਤੇ ਉਸੇ ਜਗ੍ਹਾ ਪ੍ਰਕਾਸ਼ਨਾਂ ਵਾਲੀ ਰੇੜ੍ਹੀ ਜਾਂ ਮੇਜ਼ ਲਾਉਣਾ ਫ਼ਾਇਦੇਮੰਦ ਹੁੰਦਾ ਹੈ। ਕਿਉਂ? ਕਿਉਂਕਿ ਜੇ ਲੋਕ ਵਾਰ-ਵਾਰ ਇਨ੍ਹਾਂ ਨੂੰ ਦੇਖਣਗੇ, ਤਾਂ ਉਹ ਬਿਨਾਂ ਝਿਜਕੇ ਸਾਡੇ ਕੋਲ ਆ ਕੇ ਸਵਾਲ ਪੁੱਛਣਗੇ ਜਾਂ ਸਾਡੇ ਤੋਂ ਸਾਹਿੱਤ ਲੈਣਗੇ। ਕੀ ਤੁਹਾਡੀ ਮੰਡਲੀ ਨੇ ਪਬਲਿਕ ਥਾਵਾਂ ʼਤੇ ਪ੍ਰਚਾਰ ਕਰਨ ਦਾ ਇੰਤਜ਼ਾਮ ਕੀਤਾ ਹੈ? ਜੇ ਹਾਂ, ਤਾਂ ਕਿਉਂ ਨਾ ਤੁਸੀਂ ਵੀ ਇਸ ਮਜ਼ੇਦਾਰ ਅਤੇ ਅਸਰਦਾਰ ਤਰੀਕੇ ਰਾਹੀਂ ‘ਸਾਰੇ ਪਾਸੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰੋ!’—ਲੂਕਾ 9:60.