ਕਾਰੋਬਾਰੀ ਇਲਾਕਿਆਂ ਵਿਚ ਕਿਵੇਂ ਪ੍ਰਚਾਰ ਕਰੀਏ?
1. ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰਨ ਦੇ ਕਿਹੜੇ ਕੁਝ ਫ਼ਾਇਦੇ ਹਨ?
1 ਕੀ ਤੁਸੀਂ ਅਜਿਹੇ ਇਲਾਕੇ ਵਿਚ ਪ੍ਰਚਾਰ ਕਰਨਾ ਚਾਹੋਗੇ ਜਿੱਥੇ ਲੋਕ ਤੁਹਾਡਾ ਸੁਆਗਤ ਕਰਨਗੇ ਅਤੇ ਤੁਹਾਨੂੰ ਬੰਦ ਦਰਵਾਜ਼ੇ ਨਹੀਂ ਮਿਲਣਗੇ? ਤੁਸੀਂ ਅਜਿਹੇ ਇਲਾਕੇ ਵਿਚ ਪ੍ਰਚਾਰ ਕਰਨ ਦਾ ਆਨੰਦ ਮਾਣ ਸਕਦੇ ਹੋ। ਕਿਵੇਂ? ਦੁਕਾਨਾਂ ਤੇ ਪ੍ਰਚਾਰ ਕਰ ਕੇ। ਦੁਕਾਨਾਂ ਤੇ ਪ੍ਰਚਾਰ ਕਰਨ ਵਾਲੇ ਪ੍ਰਕਾਸ਼ਕਾਂ ਨੂੰ ਅਕਸਰ ਚੰਗੇ ਨਤੀਜੇ ਹਾਸਲ ਹੁੰਦੇ ਹਨ।
2. ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਕਰਨ ਦਾ ਪ੍ਰਬੰਧ ਕਿਵੇਂ ਕੀਤਾ ਜਾ ਸਕਦਾ ਹੈ?
2 ਕੁਝ ਕਲੀਸਿਯਾਵਾਂ ਦੇ ਇਲਾਕੇ ਵਿਚ ਕਾਫ਼ੀ ਵੱਡੇ ਕਾਰੋਬਾਰੀ ਇਲਾਕੇ ਹਨ। ਕਲੀਸਿਯਾ ਦੇ ਪ੍ਰਚਾਰ-ਖੇਤਰ ਦੀ ਜ਼ਿੰਮੇਵਾਰੀ ਸੰਭਾਲਣ ਵਾਲਾ ਭਰਾ ਦੁਕਾਨਾਂ ਨਾਲ ਭਰੇ ਇਨ੍ਹਾਂ ਇਲਾਕਿਆਂ ਲਈ ਵੱਖਰਾ ਨਕਸ਼ਾ ਕਾਰਡ ਤਿਆਰ ਕਰ ਸਕਦਾ ਹੈ। ਜੇ ਇਹ ਕਾਰੋਬਾਰੀ ਇਲਾਕੇ ਰਿਹਾਇਸ਼ੀ ਇਲਾਕੇ ਵਿਚ ਪੈਂਦੇ ਹਨ, ਤਾਂ ਨਕਸ਼ਾ ਕਾਰਡ ਉੱਤੇ ਸਪੱਸ਼ਟ ਲਿਖਣਾ ਚਾਹੀਦਾ ਹੈ ਕਿ ਘਰ-ਘਰ ਪ੍ਰਚਾਰ ਕਰਦੇ ਸਮੇਂ ਦੁਕਾਨਾਂ ਵਗੈਰਾ ਤੇ ਪ੍ਰਚਾਰ ਨਾ ਕੀਤਾ ਜਾਵੇ। ਪਰ ਜਿਨ੍ਹਾਂ ਇਲਾਕਿਆਂ ਵਿਚ ਥੋੜ੍ਹੀਆਂ ਦੁਕਾਨਾਂ ਹਨ, ਉੱਥੇ ਘਰਾਂ ਦੇ ਨਾਲ-ਨਾਲ ਦੁਕਾਨਾਂ ਤੇ ਵੀ ਪ੍ਰਚਾਰ ਕੀਤਾ ਜਾ ਸਕਦਾ ਹੈ। ਜੇ ਤੁਸੀਂ ਕਦੇ ਕਾਰੋਬਾਰੀ ਇਲਾਕਿਆਂ ਵਿਚ ਪ੍ਰਚਾਰ ਨਹੀਂ ਕੀਤਾ ਹੈ, ਤਾਂ ਪਹਿਲਾਂ ਛੋਟੀਆਂ-ਛੋਟੀਆਂ ਦੁਕਾਨਾਂ ਤੇ ਪ੍ਰਚਾਰ ਕਰਨਾ ਸ਼ੁਰੂ ਕਰੋ।
3. ਦੁਕਾਨਾਂ ਤੇ ਅਸਰਕਾਰੀ ਤਰੀਕੇ ਨਾਲ ਗਵਾਹੀ ਦੇਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰ ਸਕਦੀਆਂ ਹਨ?
3 ਸੌਖੀ ਪੇਸ਼ਕਾਰੀ ਵਰਤੋ: ਦੁਕਾਨਾਂ ਤੇ ਪ੍ਰਚਾਰ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਉਸੇ ਤਰ੍ਹਾਂ ਤਿਆਰ ਹੋ ਕੇ ਜਾਈਏ ਜਿਵੇਂ ਅਸੀਂ ਕਿੰਗਡਮ ਹਾਲ ਵਿਚ ਸਭਾਵਾਂ ਲਈ ਜਾਂਦੇ ਹਾਂ। ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਹੜੇ ਵੇਲੇ ਦੁਕਾਨਾਂ ਤੇ ਭੀੜ ਨਹੀਂ ਹੁੰਦੀ। ਜੇ ਮੁਮਕਿਨ ਹੋਵੇ, ਤਾਂ ਉਦੋਂ ਦੁਕਾਨ ਅੰਦਰ ਜਾਓ ਜਦੋਂ ਦੁਕਾਨ ਤੇ ਕੋਈ ਗਾਹਕ ਨਾ ਹੋਵੇ। ਦੁਕਾਨ ਤੇ ਕੰਮ ਕਰਨ ਵਾਲਿਆਂ ਨੂੰ ਕਹੋ ਕਿ ਤੁਸੀਂ ਮਾਲਕ ਨਾਲ ਗੱਲ ਕਰਨੀ ਚਾਹੁੰਦੇ ਹੋ। ਥੋੜ੍ਹੇ ਸ਼ਬਦਾਂ ਵਿਚ ਸਾਫ਼-ਸਾਫ਼ ਗੱਲ ਕਰੋ। ਤੁਸੀਂ ਕੀ ਕਹਿ ਸਕਦੇ ਹੋ?
4-6. ਦੁਕਾਨਦਾਰ ਨੂੰ ਗਵਾਹੀ ਦੇਣ ਵੇਲੇ ਅਸੀਂ ਕੀ ਕਹਿ ਸਕਦੇ ਹਾਂ?
4 ਜਦੋਂ ਤੁਸੀਂ ਦੁਕਾਨਦਾਰ ਨਾਲ ਗੱਲ ਕਰਦੇ ਹੋ, ਤਾਂ ਤੁਸੀਂ ਕੁਝ ਇਸ ਤਰ੍ਹਾਂ ਕਹਿ ਸਕਦੇ ਹੋ: “ਕਾਰੋਬਾਰੀ ਲੋਕ ਇੰਨੇ ਮਸਰੂਫ਼ ਹੁੰਦੇ ਹਨ ਕਿ ਉਨ੍ਹਾਂ ਨੂੰ ਘਰਾਂ ਵਿਚ ਮਿਲਣਾ ਮੁਸ਼ਕਲ ਹੈ। ਇਸ ਲਈ ਅਸੀਂ ਤੁਹਾਨੂੰ ਦੁਕਾਨ ਤੇ ਮਿਲਣ ਆਏ ਹਾਂ। ਸਾਡੇ ਰਸਾਲੇ ਦੁਨੀਆਂ ਵਿਚ ਹੋ ਰਹੀਆਂ ਘਟਨਾਵਾਂ ਬਾਰੇ ਗੱਲ ਕਰਦੇ ਹਨ।” ਫਿਰ ਕਿਸੇ ਇਕ ਰਸਾਲੇ ਵਿੱਚੋਂ ਸੰਖੇਪ ਵਿਚ ਕੁਝ ਦੱਸੋ।
5 ਜਾਂ ਫਿਰ ਤੁਸੀਂ ਇਹ ਸੌਖੀ ਪੇਸ਼ਕਾਰੀ ਅਜ਼ਮਾ ਕੇ ਦੇਖ ਸਕਦੇ ਹੋ: “ਕੀ ਤੁਸੀਂ ਕਦੇ ਸੋਚਿਆ ਕਿ ਲੋਕ ਬੇਕਸੂਰ ਹੁੰਦੇ ਹੋਏ ਵੀ ਦੁੱਖ-ਤਕਲੀਫ਼ਾਂ ਕਿਉਂ ਸਹਿੰਦੇ ਹਨ? ਕਈ ਲੋਕ ਸ਼ਾਇਦ ਅੰਤਾਂ ਦੀ ਗ਼ਰੀਬੀ ਵਿਚ ਪੈਦਾ ਹੁੰਦੇ ਹਨ ਅਤੇ ਕੁਝ ਜਨਮ ਤੋਂ ਹੀ ਅਪਾਹਜ ਹੁੰਦੇ ਹਨ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਉਹ ਆਪਣੇ ਪਿਛਲੇ ਜਨਮ ਦੇ ਕਰਮਾਂ ਕਰਕੇ ਦੁੱਖ ਭੋਗ ਰਹੇ ਹਨ। ਕੀ ਇਹ ਸੱਚ ਹੈ? ਕੀ ਸ੍ਰਿਸ਼ਟੀਕਰਤਾ ਚਾਹੁੰਦਾ ਸੀ ਕਿ ਲੋਕ ਦੁੱਖ ਭੋਗਣ? ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਜਾਣਨ ਵਿਚ ਇਹ ਟ੍ਰੈਕਟ ਤੁਹਾਡੀ ਮਦਦ ਕਰੇਗਾ।” ਫਿਰ ਨਵਾਂ ਟ੍ਰੈਕਟ ਕੀ ਸਾਨੂੰ ਕਦੇ ਆਪਣੇ ਦੁੱਖਾਂ ਤੋਂ ਛੁਟਕਾਰਾ ਮਿਲੇਗਾ? ਪੇਸ਼ ਕਰੋ। ਜੇ ਲੱਗਦਾ ਹੈ ਕਿ ਵਿਅਕਤੀ ਬਾਈਬਲ ਲਈ ਥੋੜ੍ਹੀ-ਬਹੁਤੀ ਸ਼ਰਧਾ ਰੱਖਦਾ ਹੈ, ਤਾਂ ਇਸ ਟ੍ਰੈਕਟ ਦੇ ਸਫ਼ੇ 5-6 ਉੱਤੋਂ ਢੁਕਵੇਂ ਹਵਾਲੇ ਦਿਖਾਓ।
6 ਜੇ ਦੁਕਾਨਦਾਰ ਰੁੱਝਿਆ ਹੋਇਆ ਹੈ, ਤਾਂ ਤੁਸੀਂ ਕੋਈ ਟ੍ਰੈਕਟ ਦੇ ਕੇ ਕਹਿ ਸਕਦੇ ਹੋ: “ਮੈਂ ਤੁਹਾਡੇ ਕੋਲ ਫਿਰ ਆਵਾਂਗਾ ਜਦੋਂ ਤੁਹਾਡੇ ਕੋਲ ਸਮਾਂ ਹੋਵੇਗਾ। ਮੈਂ ਇਸ ਟ੍ਰੈਕਟ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ।”
7. ਕਾਰੋਬਾਰੀ ਇਲਾਕੇ ਵਿਚ ਅਸੀਂ ਕਿਸੇ ਵਿਅਕਤੀ ਦੀ ਦਿਲਚਸਪੀ ਕਿਵੇਂ ਵਧਾ ਸਕਦੇ ਹਾਂ?
7 ਦਿਲਚਸਪੀ ਨੂੰ ਵਧਾਉਣਾ: ਤੁਹਾਨੂੰ ਸ਼ਾਇਦ ਕਾਰੋਬਾਰੀ ਇਲਾਕੇ ਵਿਚ ਬਾਈਬਲ ਸਟੱਡੀ ਵੀ ਮਿਲ ਜਾਵੇ। ਇਕ ਵਿਸ਼ੇਸ਼ ਪਾਇਨੀਅਰ ਬਾਕਾਇਦਾ ਇਕ ਬਿਜ਼ਨਿਸਮੈਨ ਨੂੰ ਰਸਾਲੇ ਦਿੰਦਾ ਸੀ। ਜਦੋਂ ਇਸ ਆਦਮੀ ਨੇ ਰਸਾਲਿਆਂ ਵਿੱਚੋਂ ਪੜ੍ਹੀਆਂ ਗੱਲਾਂ ਲਈ ਕਦਰਦਾਨੀ ਪ੍ਰਗਟਾਈ, ਤਾਂ ਪਾਇਨੀਅਰ ਨੇ ਮੰਗ ਬਰੋਸ਼ਰ ਵਰਤਦੇ ਹੋਏ ਦਿਖਾਇਆ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਉਸ ਆਦਮੀ ਨਾਲ ਉੱਥੇ ਹੀ ਸਟੱਡੀ ਸ਼ੁਰੂ ਹੋ ਗਈ। ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ, ਪਾਇਨੀਅਰ ਹਰ ਵਾਰ ਸਿਰਫ਼ 10 ਜਾਂ 15 ਮਿੰਟ ਸਟੱਡੀ ਕਰਾਉਂਦਾ ਸੀ। ਆਓ ਆਪਾਂ ਵੀ ਕਾਰੋਬਾਰੀ ਇਲਾਕੇ ਵਿਚ ਗਵਾਹੀ ਦੇ ਕੇ ਨੇਕ ਲੋਕਾਂ ਦੀ ਭਾਲ ਕਰਦੇ ਰਹੀਏ।