ਕੀ ਤੁਹਾਡੇ ਕੋਲ ਪ੍ਰਚਾਰ ਵਾਸਤੇ ਆਪਣਾ ਇਲਾਕਾ ਹੈ?
1. ਨਿੱਜੀ ਇਲਾਕੇ ਦਾ ਕੀ ਮਤਲਬ ਹੈ?
1 ਕਈ ਵਾਰੀ ਪ੍ਰਕਾਸ਼ਕਾਂ ਨੂੰ ਪ੍ਰਚਾਰ ਕਰਨ ਵਾਸਤੇ ਆਪਣਾ ਇਕ ਇਲਾਕਾ ਦਿੱਤਾ ਜਾਂਦਾ ਹੈ। ਇਹ ਇਲਾਕਾ ਸ਼ਾਇਦ ਤੁਹਾਡੇ ਘਰ ਤੋਂ ਜ਼ਿਆਦਾ ਦੂਰ ਨਾ ਹੋਵੇ ਜਿਸ ਕਰਕੇ ਤੁਸੀਂ ਉੱਥੇ ਜਲਦੀ ਪਹੁੰਚ ਸਕਦੇ ਹੋ ਤੇ ਇਕੱਲੇ ਜਾਂ ਕਿਸੇ ਪ੍ਰਕਾਸ਼ਕ ਨੂੰ ਨਾਲ ਲੈ ਕੇ ਪ੍ਰਚਾਰ ਕਰ ਸਕਦੇ ਹੋ। ਹਾਲਾਂਕਿ ਬਾਕਾਇਦਾ ਕਲੀਸਿਯਾ ਨਾਲ ਮਿਲ ਕੇ ਪ੍ਰਚਾਰ ਕਰਨਾ ਫ਼ਾਇਦੇਮੰਦ ਹੈ, ਪਰ ਪ੍ਰਚਾਰ ਵਾਸਤੇ ਆਪਣਾ ਇਲਾਕਾ ਹੋਣ ਨਾਲ ਤੁਸੀਂ ਹੋਰਨਾਂ ਮੌਕਿਆਂ ਤੇ ਪ੍ਰਚਾਰ ਕਰ ਕੇ ਜ਼ਿਆਦਾ ਲੋਕਾਂ ਨੂੰ ਗਵਾਹੀ ਦੇ ਸਕਦੇ ਹੋ। ਇਸ ਤਰ੍ਹਾਂ ਉਨ੍ਹਾਂ ਕਲੀਸਿਯਾਵਾਂ ਨੂੰ ਬਹੁਤ ਫ਼ਾਇਦਾ ਹੁੰਦਾ ਹੈ ਜਿਨ੍ਹਾਂ ਕੋਲ ਪ੍ਰਚਾਰ ਕਰਨ ਲਈ ਬਹੁਤ ਸਾਰਾ ਇਲਾਕਾ ਹੈ।—ਰਸੂ. 10:42.
2. ਪ੍ਰਚਾਰ ਵਾਸਤੇ ਖ਼ੁਦ ਦਾ ਇਲਾਕਾ ਹੋਣ ਦੇ ਕਿਹੜੇ ਕੁਝ ਫ਼ਾਇਦੇ ਹਨ?
2 ਫ਼ਾਇਦੇ: ਕੁਝ ਭੈਣਾਂ-ਭਰਾਵਾਂ ਦਾ ਇਲਾਕਾ ਉਨ੍ਹਾਂ ਦੀ ਕੰਮ ਦੀ ਥਾਂ ਦੇ ਨੇੜੇ ਹੋਣ ਕਰਕੇ ਉਨ੍ਹਾਂ ਲਈ ਲੰਚ ਦੇ ਸਮੇਂ ਜਾਂ ਕੰਮ ਤੋਂ ਫ਼ੌਰਨ ਬਾਅਦ ਪ੍ਰਚਾਰ ਕਰਨਾ ਸੌਖਾ ਹੁੰਦਾ ਹੈ। ਕੁਝ ਆਪਣੇ ਪਰਿਵਾਰ ਨਾਲ ਬੁੱਕ ਸਟੱਡੀ ਤੋਂ ਪਹਿਲਾਂ ਆਪਣੇ ਘਰ ਦੇ ਨੇੜੇ ਹੀ ਇਕ ਘੰਟਾ ਪ੍ਰਚਾਰ ਕਰਦੇ ਹਨ। ਨਤੀਜੇ ਵਜੋਂ, ਪੁਨਰ-ਮੁਲਾਕਾਤਾਂ ਤੇ ਬਾਈਬਲ ਸਟੱਡੀਆਂ ਨੇੜੇ ਹੋਣ ਨਾਲ ਉਨ੍ਹਾਂ ਦਾ ਤਾਕਤ, ਸਮਾਂ ਤੇ ਪੈਸਾ ਬਚਦਾ ਹੈ। ਆਪਣਾ ਖ਼ੁਦ ਦਾ ਇਲਾਕਾ ਹੋਣ ਕਰਕੇ ਘੱਟ ਸਮੇਂ ਵਿਚ ਜ਼ਿਆਦਾ ਪ੍ਰਚਾਰ ਕਰਨ ਨਾਲ ਕੁਝ ਸ਼ਾਇਦ ਸਮੇਂ-ਸਮੇਂ ਤੇ ਔਗਜ਼ੀਲਰੀ ਪਾਇਨੀਅਰੀ ਵੀ ਕਰ ਸਕਣ ਜਾਂ ਉਹ ਰੈਗੂਲਰ ਪਾਇਨੀਅਰੀ ਵੀ ਸ਼ੁਰੂ ਕਰ ਸਕਦੇ ਹਨ। ਇਸ ਤੋਂ ਇਲਾਵਾ, ਨਿੱਜੀ ਇਲਾਕੇ ਵਿਚ ਪ੍ਰਚਾਰ ਕਰ ਕੇ ਲੋਕਾਂ ਨਾਲ ਸਾਡੀ ਜਾਣ-ਪਛਾਣ ਵਧੇਗੀ ਤੇ ਉਹ ਸਾਡੇ ਨਾਲ ਗੱਲ ਕਰਨ ਲਈ ਜ਼ਿਆਦਾ ਤਿਆਰ ਹੋਣਗੇ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਦੀਆਂ ਰੁਚੀਆਂ ਮੁਤਾਬਕ ਉਨ੍ਹਾਂ ਨਾਲ ਗੱਲਬਾਤ ਕਰ ਸਕਾਂਗੇ ਤੇ ਸੇਵਕਾਈ ਵਿਚ ਹੋਰ ਕੁਸ਼ਲ ਬਣਾਂਗੇ।
3. ਆਪਣਾ ਖ਼ੁਦ ਦਾ ਇਲਾਕਾ ਲੈਣ ਤੇ ਭੈਣ ਨੂੰ ਕੀ ਤਜਰਬਾ ਹੋਇਆ?
3 ਇਕ ਪਾਇਨੀਅਰ ਭੈਣ ਨੂੰ ਸਰਕਟ ਨਿਗਾਹਬਾਨ ਨੇ ਪ੍ਰਚਾਰ ਵਾਸਤੇ ਖ਼ੁਦ ਦਾ ਇਲਾਕਾ ਲੈਣ ਲਈ ਕਿਹਾ। ਉਹ ਕਹਿੰਦੀ ਹੈ: “ਮੈਂ ਇਹ ਸਲਾਹ ਮੰਨ ਲਈ ਤੇ ਜਲਦੀ ਹੀ ਇਲਾਕੇ ਦੇ ਲੋਕਾਂ ਨਾਲ ਮੇਰੀ ਚੰਗੀ ਵਾਕਫ਼ੀ ਤੇ ਦੋਸਤੀ ਹੋ ਗਈ। ਉਨ੍ਹਾਂ ਦੀ ਸਹੂਲੀਅਤ ਦੇ ਮੁਤਾਬਕ ਮੈਂ ਉਨ੍ਹਾਂ ਨੂੰ ਦੁਬਾਰਾ ਮਿਲਣ ਜਾਂਦੀ ਸੀ। ਨਤੀਜੇ ਵਜੋਂ, ਹਰ ਮਹੀਨੇ ਪੁਨਰ-ਮੁਲਾਕਾਤਾਂ ਦੀ ਗਿਣਤੀ 35 ਤੋਂ ਵਧ ਕੇ 80 ਤੋਂ ਵੀ ਜ਼ਿਆਦਾ ਹੋ ਗਈ ਤੇ ਹੁਣ ਮੇਰੇ ਕੋਲ ਸੱਤ ਬਾਈਬਲ ਸਟੱਡੀਆਂ ਹਨ।”
4. ਤੁਸੀਂ ਨਿੱਜੀ ਇਲਾਕਾ ਕਿਵੇਂ ਹਾਸਲ ਕਰ ਸਕਦੇ ਹਾਂ ਤੇ ਇਸ ਵਿਚ ਪ੍ਰਚਾਰ ਕਰਨ ਸੰਬੰਧੀ ਤੁਸੀਂ ਕੀ ਕਰ ਸਕਦੇ ਹਾਂ?
4 ਆਪਣਾ ਇਲਾਕਾ ਕਿਵੇਂ ਲਈਏ: ਜੇ ਤੁਸੀਂ ਨਿੱਜੀ ਇਲਾਕਾ ਚਾਹੁੰਦੇ ਹੋ, ਤਾਂ ਇਸ ਵਾਸਤੇ ਪ੍ਰਚਾਰ ਦੇ ਇਲਾਕਿਆਂ ਦੀ ਦੇਖ-ਰੇਖ ਕਰਨ ਵਾਲੇ ਭਰਾ ਨਾਲ ਗੱਲ ਕਰੋ। ਤੁਸੀਂ ਕਿਸੇ ਵੀ ਪ੍ਰਕਾਸ਼ਕ ਨੂੰ ਪ੍ਰਚਾਰ ਤੇ ਲੈ ਜਾ ਸਕਦੇ ਹੋ। ਉਨ੍ਹਾਂ ਘਰਾਂ ਦਾ ਰਿਕਾਰਡ ਰੱਖੋ ਜਿਨ੍ਹਾਂ ਵਿਚ ਲੋਕ ਨਹੀਂ ਮਿਲਦੇ। ਤੁਹਾਨੂੰ ਚਾਰ ਮਹੀਨਿਆਂ ਦੇ ਅੰਦਰ-ਅੰਦਰ ਆਪਣਾ ਇਲਾਕਾ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਇਸ ਤਰ੍ਹਾਂ ਕਰਨਾ ਤੁਹਾਡੇ ਲਈ ਔਖਾ ਹੈ, ਤਾਂ ਇਲਾਕਾ ਪੂਰਾ ਕਰਨ ਵਾਸਤੇ ਆਪਣੇ ਬੁੱਕ ਸਟੱਡੀ ਨਿਗਾਹਬਾਨ ਜਾਂ ਹੋਰਨਾਂ ਦੀ ਮਦਦ ਲਓ। ਚਾਰ ਮਹੀਨੇ ਖ਼ਤਮ ਹੋਣ ਤੇ ਤੁਸੀਂ ਜਾਂ ਤਾਂ ਪੂਰਾ ਕੀਤਾ ਹੋਇਆ ਇਹ ਇਲਾਕਾ ਵਾਪਸ ਕਰ ਸਕਦੇ ਹੋ ਜਾਂ ਦੁਬਾਰਾ ਇਸੇ ਇਲਾਕੇ ਵਿਚ ਪ੍ਰਚਾਰ ਕਰਨ ਬਾਰੇ ਪੁੱਛ ਸਕਦੇ ਹੋ। ਪਰ ਤੁਸੀਂ ਇਹ ਇਲਾਕਾ ਹਮੇਸ਼ਾ ਲਈ ਨਹੀਂ ਲੈ ਸਕਦੇ। ਤੁਹਾਨੂੰ ਇਸ ਨੂੰ ਵਾਪਸ ਕਰਨਾ ਪਵੇਗਾ ਤਾਂਕਿ ਦੂਸਰੇ ਪ੍ਰਕਾਸ਼ਕ ਇਹ ਇਲਾਕਾ ਲੈ ਸਕਣ। ਜੇ ਤੁਹਾਡੀ ਕਲੀਸਿਯਾ ਕੋਲ ਪ੍ਰਚਾਰ ਵਾਸਤੇ ਜ਼ਿਆਦਾ ਇਲਾਕਾ ਨਹੀਂ ਹੈ ਤੇ ਤੁਹਾਨੂੰ ਨਿੱਜੀ ਇਲਾਕਾ ਨਹੀਂ ਦਿੱਤਾ ਜਾ ਸਕਦਾ, ਤਾਂ ਤੁਸੀਂ ਸ਼ਾਇਦ ਬੁੱਕ ਸਟੱਡੀ ਨਿਗਾਹਬਾਨ ਤੋਂ ਇਲਾਕੇ ਦਾ ਇਕ ਹਿੱਸਾ ਮੰਗ ਸਕਦੇ ਹੋ।
5. ਪ੍ਰਚਾਰ ਦਾ ਕੰਮ ਪੂਰਾ ਕਰਨ ਲਈ ਕੀ ਕਰਨ ਦੀ ਲੋੜ ਹੈ?
5 “ਸਾਰੀ ਦੁਨੀਆ ਵਿੱਚ” ਪ੍ਰਚਾਰ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ। (ਮੱਤੀ 24:14) ਇਸ ਦੇ ਲਈ ਤਰਤੀਬ ਨਾਲ ਕੰਮ ਕਰਨ ਦੀ ਲੋੜ ਹੈ। ਆਪਣੇ ਗਰੁੱਪ ਨਾਲ ਪ੍ਰਚਾਰ ਕਰਨ ਤੋਂ ਇਲਾਵਾ ਆਪਣੇ ਨਿੱਜੀ ਇਲਾਕੇ ਵਿਚ ਪ੍ਰਚਾਰ ਕਰ ਕੇ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਦੇ ਹੋ।