ਜੇ ਲੋਕ ਘਰ ਨਹੀਂ ਮਿਲਦੇ
1. ਘਰ-ਘਰ ਪ੍ਰਚਾਰ ਕਰਦੇ ਸਮੇਂ ਸਾਨੂੰ ਕਿਹੜੀ ਮੁਸ਼ਕਲ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ?
1 ਬਹੁਤ ਥਾਵਾਂ ਤੇ ਲੋਕਾਂ ਨੂੰ ਘਰੇ ਮਿਲਣਾ ਔਖਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ‘ਭੈੜੇ ਸਮਿਆਂ’ ਵਿਚ ਲੋਕਾਂ ਨੂੰ ਗੁਜ਼ਾਰਾ ਤੋਰਨ ਵਾਸਤੇ ਸਾਰਾ-ਸਾਰਾ ਦਿਨ ਕੰਮ ਕਰਨਾ ਪੈਂਦਾ ਹੈ। (2 ਤਿਮੋ. 3:1) ਕਈ ਲੋਕ ਖ਼ਰੀਦਾਰੀ ਕਰਨ ਜਾਂ ਫਿਰ ਮਨ-ਬਹਿਲਾਵੇ ਲਈ ਘਰੋਂ ਬਾਹਰ ਹੁੰਦੇ ਹਨ। ਅਜਿਹੇ ਲੋਕਾਂ ਨੂੰ ਖ਼ੁਸ਼ ਖ਼ਬਰੀ ਕਿਵੇਂ ਸੁਣਾਈ ਜਾਵੇ?
2. ਅਸੀਂ ਇਹ ਕਿਵੇਂ ਪੱਕਾ ਕਰ ਸਕਦੇ ਹਾਂ ਕਿ ਘਰ ਨਾ ਮਿਲਣ ਵਾਲੇ ਲੋਕਾਂ ਨੂੰ ਮਿਲਿਆ ਜਾਵੇ?
2 ਸਹੀ ਰਿਕਾਰਡ ਰੱਖੋ: ਜਿਹੜੇ ਲੋਕ ਘਰ ਨਹੀਂ ਮਿਲਦੇ, ਉਨ੍ਹਾਂ ਦਾ ਰਿਕਾਰਡ ਰੱਖੋ। ਜੇ ਇਲਾਕੇ ਵਿਚ ਵਾਰ-ਵਾਰ ਪ੍ਰਚਾਰ ਹੁੰਦਾ ਹੈ, ਤਾਂ ਇਹ ਰਿਕਾਰਡ ਰੱਖਣਾ ਹੋਰ ਵੀ ਜ਼ਰੂਰੀ ਹੈ। ਕੀ ਤੁਸੀਂ ਫਾਰਮ ਉੱਤੇ ਗਲੀ ਦਾ ਨਾਂ, ਟੈਰੀਟਰੀ ਕਾਰਡ ਦਾ ਨੰਬਰ, ਆਪਣਾ ਨਾਂ ਅਤੇ ਤਾਰੀਖ਼ ਲਿਖਦੇ ਹੋ? ਫਾਰਮ ਉੱਤੇ ਕੁਝ ਜਗ੍ਹਾ ਛੱਡ ਦਿਓ ਤਾਂਕਿ ਜਦੋਂ ਤੁਸੀਂ ਜਾਂ ਕੋਈ ਹੋਰ ਇਨ੍ਹਾਂ ਘਰਾਂ ਵਿਚ ਜਾਵੇਗਾ, ਤਾਂ ਇਸ ਖਾਲੀ ਥਾਂ ਵਿਚ ਹੋਰ ਜਾਣਕਾਰੀ ਲਿਖੀ ਜਾ ਸਕੇ। ਪ੍ਰਚਾਰ ਕਰਨ ਤੋਂ ਬਾਅਦ ਇਹ ਸਾਰਾ ਰਿਕਾਰਡ ਉਸ ਭਰਾ ਨੂੰ ਦੇ ਦਿਓ ਜਿਸ ਕੋਲ ਉਸ ਟੈਰੀਟਰੀ ਦਾ ਕਾਰਡ ਹੈ। ਜਾਂ ਫਿਰ ਉਸ ਦੀ ਇਜਾਜ਼ਤ ਨਾਲ ਤੁਸੀਂ ਦੁਬਾਰਾ ਆ ਕੇ ਇਨ੍ਹਾਂ ਲੋਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਸਕਦੇ ਹੋ। ਦਿਲਚਸਪੀ ਰੱਖਣ ਵਾਲੇ ਲੋਕਾਂ ਦਾ ਰਿਕਾਰਡ ਰੱਖਣ ਲਈ ਵੱਖਰਾ ਫਾਰਮ ਇਸਤੇਮਾਲ ਕਰੋ।
3. ਘਰ ਨਾ ਮਿਲਣ ਵਾਲੇ ਲੋਕਾਂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ?
3 ਕਿਸੇ ਹੋਰ ਸਮੇਂ ਤੇ ਜਾਓ: ਜੋ ਲੋਕ ਹਫ਼ਤੇ ਦੌਰਾਨ ਦਿਨ ਵੇਲੇ ਘਰ ਨਹੀਂ ਮਿਲਦੇ, ਉਹ ਸ਼ਾਮ ਨੂੰ ਜਾਂ ਸ਼ਨੀਵਾਰ-ਐਤਵਾਰ ਘਰੇ ਮਿਲ ਸਕਦੇ ਹਨ। ਕੀ ਤੁਸੀਂ ਅਜਿਹੇ ਕਿਸੇ ਸਮੇਂ ਤੇ ਉਨ੍ਹਾਂ ਨੂੰ ਮਿਲਣ ਦਾ ਪ੍ਰਬੰਧ ਕਰ ਸਕਦੇ ਹੋ? (1 ਕੁਰਿੰ. 10:24) ਜੇ ਨਹੀਂ, ਤਾਂ ਤੁਸੀਂ ਇਨ੍ਹਾਂ ਸਾਰੇ ਲੋਕਾਂ ਦਾ ਰਿਕਾਰਡ ਕਿਸੇ ਹੋਰ ਪਬਲੀਸ਼ਰ ਨੂੰ ਦੇ ਸਕਦੇ ਹੋ ਜੋ ਹੋਰ ਸਮੇਂ ਤੇ ਇਨ੍ਹਾਂ ਨੂੰ ਮਿਲਣ ਜਾ ਸਕਦਾ ਹੈ। ਜਾਂ ਫਿਰ ਤੁਸੀਂ ਇਨ੍ਹਾਂ ਲੋਕਾਂ ਨੂੰ ਚਿੱਠੀਆਂ ਲਿਖ ਸਕਦੇ ਹੋ ਜਾਂ ਫ਼ੋਨ ਕਰ ਸਕਦੇ ਹੋ। ਇੱਦਾਂ ਕਰਨ ਵਿਚ ਤੁਸੀਂ ਉਨ੍ਹਾਂ ਭੈਣ-ਭਰਾਵਾਂ ਦੀ ਮਦਦ ਲੈ ਸਕਦੇ ਹੋ ਜੋ ਸਿਹਤ ਖ਼ਰਾਬ ਹੋਣ ਕਰਕੇ ਜ਼ਿਆਦਾ ਘਰ-ਘਰ ਪ੍ਰਚਾਰ ਨਹੀਂ ਕਰ ਸਕਦੇ।
4. ਹਰੇਕ ਘਰ ਦੇ ਲੋਕਾਂ ਨੂੰ ਮਿਲਣ ਦੀ ਅਹਿਮੀਅਤ ਉੱਤੇ ਜ਼ੋਰ ਦੇਣ ਵਾਲਾ ਇਕ ਤਜਰਬਾ ਦੱਸੋ।
4 ਇਕ ਤਜਰਬੇ ਉੱਤੇ ਗੌਰ ਕਰੋ ਜੋ ਹਰੇਕ ਘਰ ਦੇ ਲੋਕਾਂ ਨੂੰ ਮਿਲਣ ਦੀ ਅਹਿਮੀਅਤ ਬਾਰੇ ਦੱਸਦਾ ਹੈ। ਇਕ ਇਲਾਕੇ ਵਿਚ ਘਰ-ਘਰ ਪ੍ਰਚਾਰ ਕਰਦਿਆਂ ਪ੍ਰਕਾਸ਼ਕਾਂ ਨੂੰ ਇਕ ਘਰ ਵਿਚ ਤਿੰਨ ਸਾਲ ਤਕ ਕੋਈ ਨਹੀਂ ਮਿਲਿਆ। ਫਿਰ ਇਕ ਦਿਨ ਉਨ੍ਹਾਂ ਨੂੰ ਉਸ ਘਰ ਵਿਚ ਇਕ ਤੀਵੀਂ ਮਿਲੀ। ਉਸ ਤੀਵੀਂ ਨੇ ਦੱਸਿਆ ਕਿ ਉਹ ਇਸ ਇਲਾਕੇ ਵਿਚ ਆਉਣ ਤੋਂ ਪਹਿਲਾਂ ਗਵਾਹਾਂ ਨਾਲ ਸਟੱਡੀ ਕਰਦੀ ਸੀ। ਉਹ ਤਿੰਨ ਸਾਲ ਤੋਂ ਗਵਾਹਾਂ ਦੀ ਉਡੀਕ ਕਰ ਰਹੀ ਸੀ ਤਾਂਕਿ ਉਹ ਸਟੱਡੀ ਸ਼ੁਰੂ ਕਰ ਸਕੇ।
5. ਕਦੋਂ ਕਿਹਾ ਜਾ ਸਕਦਾ ਹੈ ਕਿ ਪੂਰੇ ਇਲਾਕੇ ਵਿਚ ਪ੍ਰਚਾਰ ਹੋ ਚੁੱਕਾ ਹੈ?
5 ਪੂਰੇ ਇਲਾਕੇ ਵਿਚ ਪ੍ਰਚਾਰ ਕਰੋ: ਅਸੀਂ ਕਦੋਂ ਕਹਿ ਸਕਦੇ ਹਾਂ ਕਿ ਅਸੀਂ ਪੂਰੇ ਇਲਾਕੇ ਵਿਚ ਪ੍ਰਚਾਰ ਕਰ ਲਿਆ ਹੈ? ਆਮ ਤੌਰ ਤੇ ਜਦੋਂ ਹਰ ਘਰ ਵਿਚ ਕਿਸੇ-ਨ-ਕਿਸੇ ਨੂੰ ਮਿਲਣ ਦੇ ਜਤਨ ਕਰ ਲਏ ਜਾਂਦੇ ਹਨ। ਘਰ ਨਾ ਮਿਲਣ ਵਾਲੇ ਲੋਕਾਂ ਦੇ ਘਰਾਂ ਵਿਚ ਟ੍ਰੈਕਟ ਜਾਂ ਪੁਰਾਣੇ ਰਸਾਲੇ ਛੱਡੇ ਜਾ ਸਕਦੇ ਹਨ, ਖ਼ਾਸ ਕਰਕੇ ਜਿਨ੍ਹਾਂ ਇਲਾਕਿਆਂ ਵਿਚ ਵਾਰ-ਵਾਰ ਪ੍ਰਚਾਰ ਹੁੰਦਾ ਹੈ। ਕਿਸੇ ਵੀ ਇਲਾਕੇ ਵਿਚ ਪ੍ਰਚਾਰ ਦਾ ਕੰਮ ਚਾਰ ਮਹੀਨਿਆਂ ਦੇ ਅੰਦਰ-ਅੰਦਰ ਪੂਰਾ ਕਰਨਾ ਚਾਹੀਦਾ ਹੈ। ਪੂਰੇ ਇਲਾਕੇ ਵਿਚ ਪ੍ਰਚਾਰ ਕਰਨ ਤੋਂ ਬਾਅਦ ਟੈਰੀਟਰੀ ਸਰਵੈਂਟ ਨੂੰ ਤੁਰੰਤ ਟੈਰੀਟਰੀ ਕਾਰਡ ਵਾਪਸ ਕਰ ਦਿਓ।
6. ਸਾਨੂੰ ਆਪਣੇ ਇਲਾਕੇ ਵਿਚ ਹਰੇਕ ਘਰ ਦੇ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਦਾ ਕਿਉਂ ਜਤਨ ਕਰਨਾ ਚਾਹੀਦਾ ਹੈ?
6 ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿੱਖਣ ਦਾ ਮੌਕਾ ਦੇਣਾ ਚਾਹੁੰਦੇ ਹਾਂ ਤਾਂਕਿ ਉਹ ਵੀ ਪਰਮੇਸ਼ੁਰ ਦਾ ਨਾਂ ਲੈਣ ਅਤੇ ਬਚਾਏ ਜਾਣ। (ਰੋਮੀ. 10:13, 14) ਇਨ੍ਹਾਂ ਵਿਚ ਉਹ ਲੋਕ ਵੀ ਹਨ ਜੋ ਘਰ-ਘਰ ਪ੍ਰਚਾਰ ਕਰਦਿਆਂ ਸਾਨੂੰ ਨਹੀਂ ਮਿਲਦੇ। ਆਓ ਆਪਾਂ ਪੌਲੁਸ ਰਸੂਲ ਵਾਂਗ “ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ ਖਬਰੀ ਉੱਤੇ ਸਾਖੀ” ਦੇਣ ਦਾ ਪੂਰਾ-ਪੂਰਾ ਜਤਨ ਕਰੀਏ।—ਰਸੂ. 20:24.