ਕੀ ਪ੍ਰਚਾਰ ਲਈ ਆਪਣਾ ਇਲਾਕਾ ਲੈ ਕੇ ਤੁਹਾਨੂੰ ਫ਼ਾਇਦਾ ਹੋਵੇਗਾ?
1. ਜਿਸ ਮੰਡਲੀ ਕੋਲ ਪ੍ਰਚਾਰ ਕਰਨ ਲਈ ਵੱਡਾ ਇਲਾਕਾ ਹੈ, ਉੱਥੇ ਤੁਸੀਂ ਕੀ ਕਰਨਾ ਚਾਹੋਗੇ?
1 ਜਿਨ੍ਹਾਂ ਮੰਡਲੀਆਂ ਕੋਲ ਪ੍ਰਚਾਰ ਕਰਨ ਲਈ ਵੱਡਾ ਇਲਾਕਾ ਹੈ, ਉੱਥੇ ਤੁਸੀਂ ਆਪਣਾ ਇਲਾਕਾ ਲੈ ਕੇ ਪ੍ਰਚਾਰ ਕਰ ਸਕਦੇ ਹੋ ਜੋ ਸ਼ਾਇਦ ਤੁਹਾਡੇ ਘਰ ਦੇ ਨੇੜੇ ਹੋਵੇ। ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸੰਗਠਿਤ (ਹਿੰਦੀ) ਕਿਤਾਬ ਦੇ ਸਫ਼ਾ 103 ʼਤੇ ਦੱਸਿਆ ਹੈ: ‘ਜੇ ਤੁਹਾਡੇ ਕੋਲ ਪ੍ਰਚਾਰ ਕਰਨ ਲਈ ਆਪਣਾ ਇਲਾਕਾ ਹੋਵੇਗਾ ਜਿੱਥੇ ਤੁਸੀਂ ਆਸਾਨੀ ਨਾਲ ਆ-ਜਾ ਸਕਦੇ ਹੋ, ਤਾਂ ਤੁਸੀਂ ਸਮੇਂ ਦਾ ਬਿਹਤਰੀਨ ਇਸਤੇਮਾਲ ਕਰ ਸਕੋਗੇ। ਅਤੇ ਜੇ ਤੁਸੀਂ ਚਾਹੋ, ਤਾਂ ਤੁਸੀਂ ਕਿਸੇ ਹੋਰ ਪਬਲੀਸ਼ਰ ਨੂੰ ਆਪਣੇ ਨਾਲ ਕੰਮ ਕਰਨ ਲਈ ਬੁਲਾ ਸਕਦੇ ਹੋ।’
2. ਤੁਹਾਨੂੰ ਆਪਣੇ ਇਲਾਕੇ ਵਿਚ ਪ੍ਰਚਾਰ ਕਰਨ ਦੇ ਨਾਲ-ਨਾਲ ਗਰੁੱਪ ਨਾਲ ਵੀ ਕਿਉਂ ਪ੍ਰਚਾਰ ਕਰਨਾ ਚਾਹੀਦਾ ਹੈ?
2 ਗਰੁੱਪ ਨਾਲ ਵੀ ਕੰਮ ਕਰੋ: ਜੇ ਤੁਹਾਨੂੰ ਆਪਣੇ ਕੰਮ ਦੀ ਜਗ੍ਹਾ ਨੇੜੇ ਇਲਾਕਾ ਮਿਲਦਾ ਹੈ, ਤਾਂ ਤੁਸੀਂ ਲੰਚ ਦੌਰਾਨ ਜਾਂ ਘਰ ਵਾਪਸ ਜਾਣ ਤੋਂ ਪਹਿਲਾਂ ਸ਼ਾਇਦ ਕਿਸੇ ਹੋਰ ਪਬਲੀਸ਼ਰ ਨਾਲ ਪ੍ਰਚਾਰ ਕਰ ਸਕਦੇ ਹੋ ਜੋ ਤੁਹਾਡੇ ਨੇੜੇ ਕੰਮ ਕਰਦਾ ਹੈ। ਘਰ ਦੇ ਨੇੜੇ ਇਲਾਕਾ ਮਿਲਣ ਤੇ ਤੁਸੀਂ ਤੇ ਤੁਹਾਡਾ ਪਰਿਵਾਰ ਇਕੱਠੇ ਸ਼ਾਮ ਨੂੰ ਪ੍ਰਚਾਰ ਕਰ ਸਕਦੇ ਹੋ। ਜੇ ਤੁਸੀਂ ਪ੍ਰਚਾਰ ਲਈ ਰੱਖੀ ਮੀਟਿੰਗ ʼਤੇ ਨਹੀਂ ਜਾਣਾ, ਤਾਂ ਢੁਕਵਾਂ ਹੈ ਕਿ ਤੁਸੀਂ ਪ੍ਰਚਾਰ ਤੋਂ ਪਹਿਲਾਂ ਸੇਧ ਲਈ ਯਹੋਵਾਹ ਨੂੰ ਪ੍ਰਾਰਥਨਾ ਕਰੋ। (ਫ਼ਿਲਿ. 4:6) ਨਾਲੇ ਆਪਣੇ ਇਲਾਕੇ ਵਿਚ ਪ੍ਰਚਾਰ ਕਰਨ ਦੇ ਨਾਲ-ਨਾਲ ਆਪਣੀ ਮੰਡਲੀ ਦੇ ਨਾਲ ਵੀ ਪ੍ਰਚਾਰ ਕਰੋ। ਸਾਨੂੰ ਖ਼ਾਸ ਕਰਕੇ ਸ਼ਨੀਵਾਰ-ਐਤਵਾਰ ਨੂੰ ਆਪਣੇ ਗਰੁੱਪ ਨਾਲ ਪ੍ਰਚਾਰ ਕਰਨਾ ਚਾਹੀਦਾ ਹੈ ਜਦੋਂ ਜ਼ਿਆਦਾ ਭੈਣ-ਭਰਾ ਪ੍ਰਚਾਰ ਲਈ ਇਕੱਠੇ ਹੁੰਦੇ ਹਨ।
3. ਪ੍ਰਚਾਰ ਲਈ ਆਪਣਾ ਇਲਾਕਾ ਹੋਣ ਦੇ ਕੀ ਫ਼ਾਇਦੇ ਹਨ?
3 ਫ਼ਾਇਦੇ: ਜੇ ਤੁਹਾਡੇ ਕੋਲ ਪ੍ਰਚਾਰ ਕਰਨ ਲਈ ਆਪਣਾ ਇਲਾਕਾ ਹੈ, ਤਾਂ ਤੁਸੀਂ ਕਿਸੇ ਵੀ ਸਮੇਂ ਉੱਥੇ ਪ੍ਰਚਾਰ ਕਰ ਸਕਦੇ ਹੋ। ਇਸ ਤਰ੍ਹਾਂ ਤੁਸੀਂ ਪ੍ਰਚਾਰ ਵਿਚ ਜ਼ਿਆਦਾ ਸਮਾਂ ਗੁਜ਼ਾਰ ਸਕਦੇ ਹੋ ਤੇ ਸਫ਼ਰ ਕਰਨ ਵਿਚ ਘੱਟ। ਇਸ ਕਾਰਨ ਕੁਝ ਔਗਜ਼ੀਲਰੀ ਜਾਂ ਰੈਗੂਲਰ ਪਾਇਨੀਅਰਿੰਗ ਕਰ ਪਾਉਂਦੇ ਹਨ। ਦਿਲਚਸਪੀ ਦਿਖਾਉਣ ਵਾਲੇ ਲੋਕ ਤੁਹਾਡੇ ਇਲਾਕੇ ਵਿਚ ਹੀ ਹਨ, ਇਸ ਲਈ ਉਨ੍ਹਾਂ ਨੂੰ ਦੁਬਾਰਾ ਮਿਲਣਾ ਅਤੇ ਬਾਈਬਲ ਸਟੱਡੀਆਂ ਕਰਾਉਣੀਆਂ ਆਸਾਨ ਹਨ। ਕਈ ਭੈਣ-ਭਰਾ ਦੇਖਦੇ ਹਨ ਕਿ ਆਪਣੇ ਇਲਾਕੇ ਵਿਚ ਪ੍ਰਚਾਰ ਕਰਨ ਨਾਲ ਲੋਕਾਂ ਨਾਲ ਜਾਣ-ਪਛਾਣ ਵਧਦੀ ਹੈ ਅਤੇ ਉਹ ਉਨ੍ਹਾਂ ਉੱਤੇ ਭਰੋਸਾ ਕਰਨ ਲੱਗਦੇ ਹਨ, ਖ਼ਾਸਕਰ ਜੇ ਇਲਾਕੇ ਵਿਚ ਜ਼ਿਆਦਾ ਵਾਰ ਪ੍ਰਚਾਰ ਕੀਤਾ ਜਾਵੇ। ਫਿਰ ਇਸ ਇਲਾਕੇ ਨੂੰ ਵਾਪਸ ਕੀਤਾ ਜਾ ਸਕਦਾ ਹੈ ਤਾਂਕਿ ਦੂਸਰੇ ਇਹ ਇਲਾਕਾ ਲੈ ਸਕਣ। ਕੀ ਆਪਣੇ ਇਲਾਕੇ ਵਿਚ ਪ੍ਰਚਾਰ ਕਰਨ ਨਾਲ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਚੰਗੀ ਤਰ੍ਹਾਂ ਗਵਾਹੀ ਦੇਣ ਵਿਚ ਮਦਦ ਮਿਲੇਗੀ?—2 ਤਿਮੋ. 4:5.