ਪ੍ਰਚਾਰ ਵਾਸਤੇ ਰੱਖੀਆਂ ਸਭਾਵਾਂ
1. ਅਸੀਂ ਢੰਗ ਨਾਲ ਪ੍ਰਚਾਰ ਕਿਉਂ ਕਰਨਾ ਚਾਹੁੰਦੇ ਹਾਂ?
1 ਯਿਸੂ ਨੇ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਦੇ ਕੰਮ ਦੀ ਚੰਗੇ ਢੰਗ ਨਾਲ ਦੇਖ-ਰੇਖ ਕਰ ਕੇ ਵਧੀਆ ਮਿਸਾਲ ਕਾਇਮ ਕੀਤੀ। ਇਸੇ ਤਰ੍ਹਾਂ ਅੱਜ ਵੀ ਦੁਨੀਆਂ ਭਰ ਵਿਚ ਜ਼ਿੰਮੇਵਾਰ ਭਰਾ ਚੰਗੇ ਢੰਗ ਨਾਲ ਪ੍ਰਚਾਰ ਦੇ ਕੰਮ ਦੀ ਦੇਖ-ਰੇਖ ਕਰਨੀ ਚਾਹੁੰਦੇ ਹਨ। ਇਸ ਲਈ ਦੁਨੀਆਂ ਭਰ ਵਿਚ ਕਲੀਸਿਯਾਵਾਂ ਰਾਜ ਦੇ ਪ੍ਰਚਾਰਕਾਂ ਦੇ ਗਰੁੱਪਾਂ ਨੂੰ ਸੇਧ ਦੇਣ ਲਈ ਪ੍ਰਚਾਰ ਵਾਸਤੇ ਸਭਾਵਾਂ ਕਰਦੀਆਂ ਹਨ।—ਮੱਤੀ 24:45-47; 25:21; ਲੂਕਾ 10:1-7.
2. ਪ੍ਰਚਾਰ ਵਾਸਤੇ ਰੱਖੀਆਂ ਸਭਾਵਾਂ ਵਿਚ ਕੀ ਕੁਝ ਕੀਤਾ ਜਾ ਸਕਦਾ ਹੈ?
2 ਵਧੀਆ ਪ੍ਰਬੰਧ: ਪ੍ਰਚਾਰ ਵਾਸਤੇ ਰੱਖੀਆਂ ਸਭਾਵਾਂ ਵਿਚ ਸਾਨੂੰ ਹੌਸਲਾ ਅਤੇ ਪ੍ਰਚਾਰ ਕਰਨ ਸੰਬੰਧੀ ਵਧੀਆ ਸੁਝਾਅ ਤੇ ਸੇਧ ਮਿਲਦੀ ਹੈ। ਜੇ ਡੇਲੀ ਟੈਕਸਟ ਦਾ ਹਵਾਲਾ ਪ੍ਰਚਾਰ ਦੇ ਕੰਮ ʼਤੇ ਢੁਕਦਾ ਹੋਵੇ, ਤਾਂ ਇਸ ਉੱਤੇ ਸੰਖੇਪ ਵਿਚ ਚਰਚਾ ਕੀਤੀ ਜਾ ਸਕਦੀ ਹੈ। ਕਦੇ ਕਦਾਈਂ ਭਰਾ ਸਾਨੂੰ ਸਾਡੀ ਰਾਜ ਸੇਵਕਾਈ, ਚਰਚਾ ਲਈ ਬਾਈਬਲ ਵਿਸ਼ੇ ਪੁਸਤਿਕਾ ਜਾਂ ਸ਼ਾਇਦ ਸੇਵਾ ਸਕੂਲ (ਹਿੰਦੀ) ਕਿਤਾਬ ਤੋਂ ਢੁਕਵੀਆਂ ਗੱਲਾਂ ਯਾਦ ਕਰਾਉਂਦੇ ਹਨ ਤਾਂਕਿ ਅਸੀਂ ਉਸ ਦਿਨ ਪ੍ਰਚਾਰ ਲਈ ਤਿਆਰ ਹੋਈਏ। ਇਕ ਛੋਟਾ ਜਿਹਾ ਪ੍ਰਦਰਸ਼ਨ ਵੀ ਦਿਖਾਇਆ ਜਾ ਸਕਦਾ ਹੈ ਕਿ ਪ੍ਰਕਾਸ਼ਨ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ। ਸਮਾਪਤੀ ਪ੍ਰਾਰਥਨਾ ਤੋਂ ਪਹਿਲਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸ ਨਾਲ ਅਤੇ ਕਿੱਥੇ ਪ੍ਰਚਾਰ ਕਰਨ ਜਾ ਰਹੇ ਹਨ। 15 ਕੁ ਮਿੰਟਾਂ ਦੀ ਇਸ ਸਭਾ ਤੋਂ ਬਾਅਦ ਸਾਰਿਆਂ ਨੂੰ ਪ੍ਰਚਾਰ ਲਈ ਚਲੇ ਜਾਣਾ ਚਾਹੀਦਾ ਹੈ।
3. ਪ੍ਰਚਾਰ ਵਾਸਤੇ ਸਭਾਵਾਂ ਦਾ ਪ੍ਰਬੰਧ ਕੌਣ ਕਰਦਾ ਹੈ?
3 ਸਭਾਵਾਂ ਦਾ ਪ੍ਰਬੰਧ ਕਿਵੇਂ ਕੀਤਾ ਜਾਂਦਾ ਹੈ? ਸੇਵਾ ਨਿਗਾਹਬਾਨ ਪ੍ਰਚਾਰ ਵਾਸਤੇ ਸਭਾਵਾਂ ਦਾ ਇੰਤਜ਼ਾਮ ਕਰਦਾ ਹੈ। ਗਰੁੱਪ ਨਿਗਾਹਬਾਨ ਜਾਂ ਉਨ੍ਹਾਂ ਦੇ ਸਹਾਇਕ ਭਰਾ ਸ਼ਨੀਵਾਰ-ਐਤਵਾਰ ਨੂੰ ਆਪੋ-ਆਪਣੇ ਗਰੁੱਪਾਂ ਨਾਲ ਪ੍ਰਚਾਰ ਤੇ ਜਾਂਦੇ ਹਨ। ਕੁਝ ਨਿਗਾਹਬਾਨ ਜਾਂ ਸਹਾਇਕ ਸੇਵਕ ਸ਼ਾਇਦ ਹਫ਼ਤੇ ਦੌਰਾਨ ਆਪਣੇ ਗਰੁੱਪਾਂ ਨਾਲ ਪ੍ਰਚਾਰ ਤੇ ਜਾ ਸਕਣ। ਗਰੁੱਪਾਂ ਦੇ ਨਿਗਾਹਬਾਨ ਸੇਵਾ ਨਿਗਾਹਬਾਨ ਦੇ ਨਾਲ ਮਿਲ ਕੇ ਕੰਮ ਕਰਦੇ ਹਨ ਤਾਂਕਿ ਸ਼ਨੀਵਾਰ-ਐਤਵਾਰ ਨੂੰ ਉਨ੍ਹਾਂ ਦੇ ਗਰੁੱਪਾਂ ਲਈ ਘਰ-ਘਰ ਪ੍ਰਚਾਰ ਵਾਸਤੇ ਚੋਖਾ ਇਲਾਕਾ ਹੋਵੇ। ਹਫ਼ਤੇ ਦੌਰਾਨ, ਸੇਵਾ ਨਿਗਾਹਬਾਨ ਉਨ੍ਹਾਂ ਭਰਾਵਾਂ ਦਾ ਪ੍ਰਬੰਧ ਕਰੇਗਾ ਜੋ ਗਰੁੱਪਾਂ ਨਾਲ ਪ੍ਰਚਾਰ ਤੇ ਜਾਣਗੇ।
4-6. (ਉ) ਪ੍ਰਚਾਰ ਵਾਸਤੇ ਰੱਖੀਆਂ ਸਭਾਵਾਂ ਦਾ ਕਲੀਸਿਯਾ ਦੇ ਪ੍ਰਚਾਰ ਦੇ ਇਲਾਕੇ ਨਾਲ ਕੀ ਸੰਬੰਧ ਹੈ? (ਅ) ਪ੍ਰਚਾਰ ਲਈ ਸਭਾਵਾਂ ਕਰਨ ਬਾਰੇ ਕਿਹੜੇ ਸਵਾਲ ਪੁੱਛੇ ਜਾ ਸਕਦੇ ਹਨ?
4 ਇਹ ਸਭਾਵਾਂ ਕਿੱਥੇ ਤੇ ਕਦੋਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ? ਸਾਰੀ ਕਲੀਸਿਯਾ ਇੱਕੋ ਥਾਂ ਇਕੱਠੀ ਹੋਣ ਦੀ ਬਜਾਇ, ਚੰਗਾ ਹੋਵੇਗਾ ਕਿ ਇਲਾਕੇ ਵਿਚ ਢੁਕਵੀਆਂ ਥਾਵਾਂ ਯਾਨੀ ਭੈਣਾਂ-ਭਰਾਵਾਂ ਦੇ ਘਰਾਂ ਵਿਚ ਇਨ੍ਹਾਂ ਸਭਾਵਾਂ ਦਾ ਪ੍ਰਬੰਧ ਕੀਤਾ ਜਾਵੇ ਤਾਂਕਿ ਕਲੀਸਿਯਾ ਦੇ ਸਾਰੇ ਖੇਤਰ ਨੂੰ ਪੂਰਾ ਕੀਤਾ ਜਾ ਸਕੇ। ਇਸ ਮਕਸਦ ਲਈ ਕਿੰਗਡਮ ਹਾਲ ਵੀ ਵਰਤੇ ਜਾ ਸਕਦੇ ਹਨ। ਕਈ ਕਲੀਸਿਯਾਵਾਂ ਐਤਵਾਰ ਨੂੰ ਪਬਲਿਕ ਭਾਸ਼ਣ ਤੇ ਪਹਿਰਾਬੁਰਜ ਸਟੱਡੀ ਤੋਂ ਥੋੜ੍ਹੀ ਦੇਰ ਬਾਅਦ ਆਪਣੇ ਕਿੰਗਡਮ ਹਾਲ ਵਿਚ ਪ੍ਰਚਾਰ ਲਈ ਸਭਾ ਕਰਦੀਆਂ ਹਨ। ਜੇ ਹੋ ਸਕੇ, ਤਾਂ ਨੇੜੇ-ਤੇੜੇ ਦੇ ਇਲਾਕਿਆਂ ਵਿਚ ਪ੍ਰਚਾਰ ਕਰੋ ਤਾਂਕਿ ਜ਼ਿਆਦਾ ਸਫ਼ਰ ਨਾ ਕਰਨਾ ਪਵੇ। ਇਸ ਲਈ ਸਮੇਂ-ਸਮੇਂ ਤੇ ਦੇਖਣਾ ਚਾਹੀਦਾ ਹੈ ਕਿ ਮੌਜੂਦਾ ਥਾਵਾਂ ਹਾਲੇ ਵੀ ਪ੍ਰਚਾਰ ਵਾਸਤੇ ਢੁਕਵੀਆਂ ਹਨ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪ੍ਰਚਾਰ ਕਰ ਕੇ ਪੂਰਾ ਕੀਤਾ ਜਾ ਸਕਦਾ ਹੈ।
5 ਹਫ਼ਤੇ ਦੌਰਾਨ ਸਭਾਵਾਂ ਕਿੰਨੀ ਕੁ ਵਾਰੀ ਕੀਤੀਆਂ ਜਾਣਗੀਆਂ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਇਲਾਕਾ ਕਿਹੋ ਜਿਹਾ ਹੈ। ਹੇਠਲੇ ਕੁਝ ਸਵਾਲਾਂ ਦੀ ਮਦਦ ਨਾਲ ਦੇਖਿਆ ਜਾ ਸਕਦਾ ਹੈ ਕਿ ਪ੍ਰਚਾਰ ਲਈ ਇਹ ਸਭਾਵਾਂ ਕਿੱਥੇ ਤੇ ਕਦੋਂ ਕੀਤੀਆਂ ਜਾ ਸਕਦੀਆਂ ਹਨ।
6 ਕਿਹੜੇ ਇਲਾਕੇ ਵਿਚ ਹੋਰ ਗਵਾਹੀ ਦੇਣ ਦੀ ਲੋੜ ਹੈ? ਘਰ-ਘਰ ਜਾ ਕੇ ਪ੍ਰਚਾਰ ਕਰਨ ਲਈ ਢੁਕਵਾਂ ਸਮਾਂ ਕਿਹੜਾ ਹੈ? ਕੀ ਸ਼ਾਮ ਨੂੰ ਘਰ-ਘਰ ਪ੍ਰਚਾਰ ਕਰਨਾ ਚਾਹੀਦਾ ਹੈ ਜਾਂ ਰਿਟਰਨ ਵਿਜਿਟਾਂ? ਪ੍ਰਚਾਰ ਦੇ ਸਾਰੇ ਇੰਤਜ਼ਾਮਾਂ ਬਾਰੇ ਜਾਣਕਾਰੀ ਕਲੀਸਿਯਾ ਦੇ ਨੋਟਿਸ ਬੋਰਡ ʼਤੇ ਲਗਾਉਣੀ ਚਾਹੀਦੀ ਹੈ। ਸਾਰੇ ਪਬਲੀਸ਼ਰ ਆਪੋ-ਆਪਣੇ ਇਲਾਕਿਆਂ ਵਿਚ ਚੰਗੀ ਤਰ੍ਹਾਂ ਪ੍ਰਚਾਰ ਕਰਨ ਦੀ ਤਮੰਨਾ ਰੱਖਦੇ ਹਨ ਤਾਂਕਿ ਉਹ ਵੀ ਪੌਲੁਸ ਰਸੂਲ ਵਾਂਗ ਕਹਿ ਸਕਣ ਕਿ ਉਨ੍ਹਾਂ ਕੋਲ ਪ੍ਰਚਾਰ ਕਰਨ ਲਈ “ਹੋਰ ਥਾਂ ਨਹੀਂ ਰਿਹਾ।”—ਰੋਮੀ. 15:23.
7. ਪ੍ਰਚਾਰ ਵਾਸਤੇ ਗਰੁੱਪ ਲੈਣ ਵਾਲੇ ਭਰਾ ਦੀ ਕੀ ਜ਼ਿੰਮੇਵਾਰੀ ਹੈ?
7 ਪ੍ਰਚਾਰ ਵਾਸਤੇ ਸਭਾਵਾਂ ਕਿੱਦਾਂ ਕਰੀਏ: ਇਹ ਸਭਾ ਚਲਾਉਣ ਵਾਲਾ ਭਰਾ ਚੰਗੀ ਤਰ੍ਹਾਂ ਤਿਆਰੀ ਕਰ ਕੇ ਦਿਖਾਉਂਦਾ ਹੈ ਕਿ ਉਹ ਇਸ ਪ੍ਰਬੰਧ ਦੀ ਕਦਰ ਕਰਦਾ ਹੈ। ਇਹ 10-15 ਮਿੰਟਾਂ ਦੀਆਂ ਸਭਾਵਾਂ ਸਮੇਂ ਸਿਰ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਵਿਚ ਤੁਸੀਂ ਕੁਝ ਸਿੱਖ ਸਕਦੇ ਹੋ। ਸਭਾ ਸ਼ੁਰੂ ਹੋਣ ਤੋਂ ਪਹਿਲਾਂ ਭਰਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਚਾਰ ਕਰਨ ਲਈ ਗਰੁੱਪ ਵਾਸਤੇ ਖੇਤਰ ਹੈ। ਭਾਵੇਂ ਕਿ ਸਭਾ ਖ਼ਤਮ ਹੋਣ ਤੋਂ ਬਾਅਦ ਦੇਰ ਨਾਲ ਆਉਣ ਵਾਲੇ ਭੈਣਾਂ-ਭਰਾਵਾਂ ਦੀ ਉਡੀਕ ਕਰਨ ਦੀ ਲੋੜ ਨਹੀਂ, ਫਿਰ ਵੀ ਉਨ੍ਹਾਂ ਲਈ ਇਕ ਨੋਟ ਛੱਡਣਾ ਚੰਗਾ ਹੋਵੇਗਾ ਕਿ ਗਰੁੱਪ ਕਿੱਥੇ ਪ੍ਰਚਾਰ ਕਰਨ ਗਿਆ ਹੈ। ਸਭਾ ਖ਼ਤਮ ਹੋਣ ਤੋਂ ਛੇਤੀ ਹੀ ਬਾਅਦ ਸਾਰਿਆਂ ਨੂੰ ਪ੍ਰਚਾਰ ਲਈ ਚਲੇ ਜਾਣਾ ਚਾਹੀਦਾ ਹੈ। ਪ੍ਰਚਾਰ ਲਈ ਚੰਗੀ ਤਰ੍ਹਾਂ ਕੀਤੀਆਂ ਗਈਆਂ ਸਭਾਵਾਂ ਵਿਚ ਸਾਰਿਆਂ ਨੂੰ ਉਸ ਦਿਨ ਪ੍ਰਚਾਰ ਕਰਨ ਲਈ ਸੁਝਾਅ ਤੇ ਜ਼ਰੂਰੀ ਸੇਧ ਮਿਲੇਗੀ।—ਕਹਾ. 11:14.
8. ਪ੍ਰਚਾਰ ਵਾਸਤੇ ਸਭਾ ਕਰ ਰਹੇ ਭਰਾਵਾਂ ਨੂੰ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਆਪਣਾ ਸਹਿਯੋਗ ਦੇ ਸਕਦੇ ਹਾਂ?
8 ਪ੍ਰਚਾਰ ਲਈ ਸਭਾਵਾਂ ਵਿਚ ਹਾਜ਼ਰ ਹੋਣਾ: ਸਾਡਾ ਸਹਿਯੋਗ ਬਹੁਤ ਜ਼ਰੂਰੀ ਹੈ। (ਇਬ. 13:17) ਜੇ ਹੋ ਸਕੇ, ਤਾਂ ਗਰੁੱਪ ਲੈਣ ਵਾਲਾ ਭਰਾ ਉਸ ਭੈਣ ਜਾਂ ਭਰਾ ਨਾਲ ਪ੍ਰਚਾਰ ਕਰੇਗਾ ਜਿਸ ਨਾਲ ਕੋਈ ਨਹੀਂ ਹੈ। ਚੰਗਾ ਹੋਵੇਗਾ ਕਿ ਸਭਾਵਾਂ ਵਿਚ ਤਜਰਬੇਕਾਰ ਪਬਲੀਸ਼ਰ ਆਉਣ ਤਾਂਕਿ ਉਹ ਨਵੇਂ ਤੇ ਘੱਟ ਤਜਰਬੇਕਾਰ ਭੈਣਾਂ-ਭਰਾਵਾਂ ਦੀ ਮਦਦ ਕਰ ਸਕਣ। ਉਹ ਭੈਣ-ਭਰਾ ਕਾਫ਼ੀ ਮਦਦ ਕਰ ਸਕਦੇ ਹਨ ਜੋ ਵੱਖੋ-ਵੱਖਰੇ ਪਬਲੀਸ਼ਰਾਂ ਨਾਲ ਪ੍ਰਚਾਰ ਕਰਨ ਲਈ ਤਿਆਰ ਰਹਿੰਦੇ ਹਨ। (ਕਹਾ. 27:17; ਰੋਮੀ. 15:1, 2) ਸਾਰਿਆਂ ਨੂੰ ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਲਈ ਅਸੀਂ ਆਪਣੇ ਵਿਚ ਜ਼ਰੂਰੀ ਤਬਦੀਲੀਆਂ ਕਰਾਂਗੇ ਜੇ ਅਸੀਂ ਸਭਾਵਾਂ ਦੇ ਇੰਤਜ਼ਾਮ ਅਤੇ ਆਪਣੇ ਭੈਣਾਂ-ਭਰਾਵਾਂ ਦੀ ਦਿਲੋਂ ਕਦਰ ਕਰਦੇ ਹਾਂ।—2 ਕੁਰਿੰ. 6:3, 4; ਫ਼ਿਲਿ. 2:4.
9. ਪਾਇਨੀਅਰ ਕਿਨ੍ਹਾਂ ਤਰੀਕਿਆਂ ਨਾਲ ਇਸ ਇੰਤਜ਼ਾਮ ਦਾ ਸਮਰਥਨ ਕਰ ਸਕਦੇ ਹਨ?
9 ਪਾਇਨੀਅਰਾਂ ਦਾ ਸਹਿਯੋਗ: ਪ੍ਰਚਾਰ ਲਈ ਸਭਾਵਾਂ ਵਿਚ ਪਾਇਨੀਅਰਾਂ ਦਾ ਸਹਿਯੋਗ ਸਾਰਿਆਂ ਲਈ ਬਹੁਤ ਫ਼ਾਇਦੇਮੰਦ ਤੇ ਹੌਸਲਾਦਾਇਕ ਹੁੰਦਾ ਹੈ। ਇਹ ਸੱਚ ਹੈ ਕਿ ਪਾਇਨੀਅਰਾਂ ਦੀਆਂ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਹਨ। ਉਹ ਬਾਈਬਲ ਸਟੱਡੀਆਂ ਕਰਾਉਣ ਤੇ ਰਿਟਰਨ ਵਿਜਿਟਾਂ ਕਰਨ ਤੋਂ ਇਲਾਵਾ, ਆਪਣੇ ਪਰਿਵਾਰਾਂ ਦੀ ਦੇਖ-ਭਾਲ ਕਰਦੇ ਹਨ ਤੇ ਕੰਮ ਵੀ ਕਰਦੇ ਹਨ। ਇਸ ਕਰਕੇ ਪਾਇਨੀਅਰਾਂ ਨੂੰ ਇਸ ਤਰ੍ਹਾਂ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਉਨ੍ਹਾਂ ਨੂੰ ਪ੍ਰਚਾਰ ਵਾਸਤੇ ਰੱਖੀਆਂ ਸਾਰੀਆਂ ਸਭਾਵਾਂ ਵਿਚ ਹਾਜ਼ਰ ਹੋਣ ਦੀ ਲੋੜ ਹੈ, ਖ਼ਾਸ ਕਰਕੇ ਜੇ ਇਹ ਰੋਜ਼ ਕੀਤੀਆਂ ਜਾਂਦੀਆਂ ਹਨ। ਪਰ ਪਾਇਨੀਅਰ ਸ਼ਾਇਦ ਹਰ ਹਫ਼ਤੇ ਕੁਝ ਸਭਾਵਾਂ ਵਿਚ ਹਾਜ਼ਰ ਹੋ ਸਕਦੇ ਹਨ। ਪ੍ਰਚਾਰ ਲਈ ਸਭਾਵਾਂ ਕੁਝ ਹੱਦ ਤਕ ਸੇਵਕਾਈ ਕਰਨ ਦੀ ਸਿਖਲਾਈ ਦਿੰਦੀਆਂ ਹਨ ਤੇ ਪਾਇਨੀਅਰਾਂ ਦੇ ਗਿਆਨ ਤੇ ਸੇਵਕਾਈ ਵਿਚ ਉਨ੍ਹਾਂ ਦੇ ਤਜਰਬੇ ਤੋਂ ਦੂਸਰਿਆਂ ਨੂੰ ਕਾਫ਼ੀ ਫ਼ਾਇਦਾ ਹੋ ਸਕਦਾ ਹੈ। ਲਗਾਤਾਰ ਪ੍ਰਚਾਰ ਕਰਨ ਨਾਲ ਉਨ੍ਹਾਂ ਨੂੰ ਕਾਫ਼ੀ ਤਜਰਬਾ ਹੋ ਜਾਂਦਾ ਹੈ ਜੋ ਉਹ ਦੂਸਰਿਆਂ ਨਾਲ ਸਾਂਝਾ ਕਰ ਸਕਦੇ ਹਨ। ਉਹ ਪ੍ਰਚਾਰ ਅਤੇ ਪ੍ਰਚਾਰ ਵਾਸਤੇ ਰੱਖੀਆਂ ਸਭਾਵਾਂ ਵਿਚ ਜ਼ੋਰ-ਸ਼ੋਰ ਨਾਲ ਹਿੱਸਾ ਲੈ ਕੇ ਦੂਸਰਿਆਂ ਲਈ ਵਧੀਆ ਮਿਸਾਲ ਬਣਦੇ ਹਨ। ਇਨ੍ਹਾਂ ਸਭਾਵਾਂ ਵਿਚ ਉਨ੍ਹਾਂ ਦੇ ਸਹਿਯੋਗ ਦੀ ਬਹੁਤ ਕਦਰ ਕੀਤੀ ਜਾਂਦੀ ਹੈ।
10. ਇਹ ਢੁਕਵਾਂ ਕਿਉਂ ਹੈ ਕਿ ਰਾਜ ਦੇ ਸਾਰੇ ਪ੍ਰਚਾਰਕ ਇਸ ਪ੍ਰਬੰਧ ਦਾ ਦਿਲੋਂ ਸਮਰਥਨ ਕਰਨ?
10 ਯਿਸੂ ਅਤੇ ਉਸ ਦੇ ਚੇਲਿਆਂ ਦੀ ਤਰ੍ਹਾਂ ਅਸੀਂ ਵੀ ਜ਼ਿਆਦਾਤਰ ਪ੍ਰਚਾਰ ਦਾ ਕੰਮ ਘਰ-ਘਰ ਜਾ ਕੇ ਕਰਦੇ ਹਾਂ। ਪ੍ਰਚਾਰ ਲਈ ਕੀਤੀਆਂ ਜਾਂਦੀਆਂ ਸਭਾਵਾਂ ਤੋਂ ਸਾਰਿਆਂ ਨੂੰ ਉਤਸ਼ਾਹ ਮਿਲਦਾ ਹੈ ਤੇ ਅਸੀਂ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਪਾਉਂਦੇ ਹਾਂ। ਖ਼ੁਸ਼ ਖ਼ਬਰੀ ਦੇ ਸਾਰੇ ਪ੍ਰਚਾਰਕਾਂ ਨੂੰ ਇਨ੍ਹਾਂ ਪ੍ਰਬੰਧਾਂ ਵਿਚ ਸਹਿਯੋਗ ਦੇਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਰਸੂ. 5:42; 20:20) ਆਓ ਆਪਾਂ ਸਾਰੇ ਜਣੇ ਪ੍ਰਚਾਰ ਲਈ ਰੱਖੀਆਂ ਸਭਾਵਾਂ ਦਾ ਦਿਲੋਂ ਸਮਰਥਨ ਕਰੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਸਾਨੂੰ ਭਰਪੂਰ ਬਰਕਤਾਂ ਦੇਵੇਗਾ ਤੇ ਅਸੀਂ ਆਪਣੇ ਆਗੂ ਯਿਸੂ ਮਸੀਹ ਦਾ ਦਿਲ ਖ਼ੁਸ਼ ਕਰਾਂਗੇ ਜਿਉਂ-ਜਿਉਂ ਅਸੀਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਾਂ।—ਮੱਤੀ 25:34-40; 28:19, 20.