ਖੇਤਰ ਸੇਵਕਾਈ ਲਈ ਰੱਖੀਆਂ ਸਭਾਵਾਂ ਤੋਂ ਪੂਰਾ ਫ਼ਾਇਦਾ ਲਓ
1. ਖੇਤਰ ਸੇਵਕਾਈ ਲਈ ਰੱਖੀਆਂ ਸਭਾਵਾਂ ਸਾਡੀ ਕਿਵੇਂ ਮਦਦ ਕਰਦੀਆਂ ਹਨ?
1 ਪ੍ਰਚਾਰ ਤੇ ਜਾਣ ਤੋਂ ਪਹਿਲਾਂ ਕੀਤੀਆਂ ਜਾਂਦੀਆਂ ਸਭਾਵਾਂ ਵਿਚ ਸਾਨੂੰ ਹੌਸਲਾ ਅਤੇ ਵਧੀਆ ਸਿਖਲਾਈ ਮਿਲਦੀ ਹੈ। ਇਨ੍ਹਾਂ ਸਭਾਵਾਂ ਵਿਚ ਹਾਜ਼ਰ ਰਹਿ ਕੇ ਸਾਨੂੰ ਹੋਰਨਾਂ ਪ੍ਰਕਾਸ਼ਕਾਂ ਨਾਲ ਪ੍ਰਚਾਰ ਕਰਨ ਦਾ ਮੌਕਾ ਮਿਲਦਾ ਹੈ ਤਾਂਕਿ ਅਸੀਂ ਇਕ-ਦੂਜੇ ਦਾ ਹੌਸਲਾ ਵਧਾ ਸਕੀਏ ਤੇ ਇਕ-ਦੂਜੇ ਤੋਂ ਸਿੱਖੀਏ। (ਕਹਾ. 27:17; ਉਪ. 4:9, 10) ਇਨ੍ਹਾਂ ਸਭਾਵਾਂ ਤੋਂ ਪੂਰਾ-ਪੂਰਾ ਫ਼ਾਇਦਾ ਲੈਣ ਲਈ ਅਸੀਂ ਕੀ ਕਰ ਸਕਦੇ ਹਾਂ?
2. ਖੇਤਰ ਸੇਵਕਾਈ ਦੀ ਸਭਾ ਚਲਾਉਣ ਵਾਲਾ ਭਰਾ ਕਿਹੜੀਆਂ ਗੱਲਾਂ ਤੇ ਚਰਚਾ ਕਰ ਸਕਦਾ ਹੈ?
2 ਸਭਾ ਨੂੰ ਚਲਾਉਣ ਵਾਲਾ ਭਰਾ: ਇਸ ਸਭਾ ਵਿਚ ਚਰਚਾ ਕਰਨ ਵਾਸਤੇ ਪਹਿਲਾਂ ਤੋਂ ਕਿਸੇ ਜਾਣਕਾਰੀ ਦੀ ਰੂਪ-ਰੇਖਾ ਨਹੀਂ ਦਿੱਤੀ ਜਾਂਦੀ। ਇਸ ਲਈ ਜੇ ਤੁਸੀਂ ਇਹ ਸਭਾ ਚਲਾ ਰਹੇ ਹੋ, ਤਾਂ ਤੁਹਾਨੂੰ ਚੰਗੀ ਤਿਆਰੀ ਕਰਨ ਦੀ ਲੋੜ ਹੈ। ਹਰ ਵਾਰੀ ਦੈਨਿਕ ਪਾਠ ਤੇ ਚਰਚਾ ਨਾ ਕਰੋ। ਪਰ ਜੇ ਦਿਨ ਦਾ ਪਾਠ ਪ੍ਰਚਾਰ ਨਾਲ ਸੰਬੰਧਿਤ ਹੈ, ਤਾਂ ਤੁਸੀਂ ਇਸ ਤੇ ਚਰਚਾ ਕਰ ਸਕਦੇ ਹੋ। ਸੋਚੋ ਕਿ ਕਿਹੜੀ ਗੱਲ ਉਸ ਦਿਨ ਪ੍ਰਚਾਰ ਤੇ ਆਏ ਭੈਣਾਂ-ਭਰਾਵਾਂ ਦੀ ਮਦਦ ਕਰੇਗੀ। ਮਿਸਾਲ ਲਈ, ਤੁਸੀਂ ਕਿਸੇ ਪੇਸ਼ਕਾਰੀ ਤੇ ਚਰਚਾ ਕਰ ਸਕਦੇ ਹੋ ਜਾਂ ਫਿਰ ਇਸ ਦਾ ਪ੍ਰਦਰਸ਼ਨ ਕਰ ਸਕਦੇ ਹੋ। ਤੁਸੀਂ ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ, ਸੇਵਾ ਸਕੂਲ (ਹਿੰਦੀ) ਕਿਤਾਬ ਜਾਂ ਹਾਲ ਹੀ ਵਿਚ ਸੇਵਾ ਸਭਾ ਵਿਚ ਪੇਸ਼ ਕੀਤੇ ਗਏ ਕਿਸੇ ਭਾਗ ਵਿੱਚੋਂ ਕਿਸੇ ਗੱਲ ਤੇ ਚਰਚਾ ਕਰ ਸਕਦੇ ਹੋ। ਕਦੇ-ਕਦੇ ਤੁਸੀਂ ਕਿਸੇ ਸਮੱਸਿਆ ਨਾਲ ਸਿੱਝਣ ਬਾਰੇ ਗੱਲ ਕਰ ਸਕਦੇ ਹੋ ਜੋ ਤੁਹਾਡੇ ਇਲਾਕੇ ਵਿਚ ਖੜ੍ਹੀ ਹੋ ਸਕਦੀ ਹੈ। ਜੇ ਜ਼ਿਆਦਾਤਰ ਪ੍ਰਕਾਸ਼ਕ ਪੁਨਰ-ਮੁਲਾਕਾਤਾਂ ਕਰਨ ਜਾ ਰਹੇ ਹਨ, ਤਾਂ ਤੁਸੀਂ ਗੱਲ ਕਰ ਸਕਦੇ ਹੋ ਕਿ ਲੋਕਾਂ ਦੀ ਦਿਲਚਸਪੀ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਜਾਂ ਬਾਈਬਲ ਸਟੱਡੀਆਂ ਕਿਵੇਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਤੁਸੀਂ ਜਿਸ ਵਿਸ਼ੇ ਤੇ ਵੀ ਗੱਲ ਕਰਦੇ ਹੋ ਜੋਸ਼ ਨਾਲ ਕਰੋ ਤੇ ਹੋਰਨਾਂ ਨੂੰ ਉਤਸ਼ਾਹ ਦਿਓ।
3. ਸਭਾ ਕਿੰਨੀ ਲੰਬੀ ਹੋਣੀ ਚਾਹੀਦੀ ਹੈ ਤੇ ਇਸ ਸਮੇਂ ਵਿਚ ਕੀ ਕੁਝ ਕੀਤਾ ਜਾਣਾ ਚਾਹੀਦਾ ਹੈ?
3 ਸਭਾ ਸਮੇਂ ਸਿਰ ਸ਼ੁਰੂ ਕਰੋ ਭਾਵੇਂ ਕਿ ਤੁਹਾਨੂੰ ਪਤਾ ਹੈ ਕਿ ਕੁਝ ਲੋਕ ਦੇਰ ਨਾਲ ਆਉਣਗੇ। ਸਮਝਦਾਰੀ ਨਾਲ ਗਰੁੱਪ ਬਣਾਓ ਤੇ ਜਿਨ੍ਹਾਂ ਕੋਲ ਪ੍ਰਚਾਰ ਕਰਨ ਲਈ ਖੇਤਰ ਨਹੀਂ ਹੈ, ਉਨ੍ਹਾਂ ਨੂੰ ਖੇਤਰ ਦਿਓ। ਸਭਾ 10-15 ਮਿੰਟਾਂ ਨਾਲੋਂ ਲੰਬੀ ਨਹੀਂ ਹੋਣੀ ਚਾਹੀਦੀ। ਇਹ ਸਭਾ ਹੋਰ ਵੀ ਛੋਟੀ ਹੋਣੀ ਚਾਹੀਦੀ ਹੈ ਜੇ ਇਹ ਕਲੀਸਿਯਾ ਦੀ ਕਿਸੇ ਸਭਾ ਤੋਂ ਬਾਅਦ ਕੀਤੀ ਜਾਂਦੀ ਹੈ। ਸਭਾ ਖ਼ਤਮ ਹੋਣ ਤੋਂ ਪਹਿਲਾਂ ਸਭ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੌਣ ਕਿਸ ਨਾਲ ਕਿੱਥੇ ਪ੍ਰਚਾਰ ਕਰਨ ਜਾ ਰਿਹਾ ਹੈ। ਸਭਾ ਨੂੰ ਪ੍ਰਾਰਥਨਾ ਨਾਲ ਸਮਾਪਤ ਕਰੋ।
4. ਖੇਤਰ ਸੇਵਕਾਈ ਦੀਆਂ ਸਭਾਵਾਂ ਤੋਂ ਪੂਰੀ ਤਰ੍ਹਾਂ ਫ਼ਾਇਦਾ ਲੈਣ ਵਿਚ ਕਿਹੜੀ ਗੱਲ ਸਾਰਿਆਂ ਦੀ ਮਦਦ ਕਰੇਗੀ?
4 ਤੁਸੀਂ ਮਦਦ ਕਰ ਸਕਦੇ ਹੋ: ਹੋਰਨਾਂ ਸਭਾਵਾਂ ਦੀ ਤਰ੍ਹਾਂ ਇਸ ਸਭਾ ਵਿਚ ਸਮੇਂ ਸਿਰ ਪਹੁੰਚ ਕੇ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਯਹੋਵਾਹ ਦਾ ਆਦਰ ਕਰਦੇ ਹਾਂ ਤੇ ਦੂਜਿਆਂ ਦੀ ਪਰਵਾਹ ਕਰਦੇ ਹਾਂ। ਚਰਚਾ ਵਿਚ ਹਿੱਸਾ ਲਓ। ਸਭਾ ਚਲਾਉਣ ਵਾਲਾ ਭਰਾ ਤੁਹਾਨੂੰ ਦੱਸੇਗਾ ਕਿ ਤੁਸੀਂ ਕਿਸ ਨਾਲ ਕੰਮ ਕਰੋਗੇ ਜਾਂ ਫਿਰ ਤੁਸੀਂ ਸਭਾ ਤੋਂ ਪਹਿਲਾਂ ਹੀ ਕਿਸੇ ਨਾਲ ਕੰਮ ਕਰਨ ਦਾ ਇੰਤਜ਼ਾਮ ਕਰ ਸਕਦੇ ਹੋ। ਜੇ ਤੁਸੀਂ ਆਪਣੇ ਨਾਲ ਕੰਮ ਕਰਨ ਲਈ ਖ਼ੁਦ ਕਿਸੇ ਨੂੰ ਚੁਣਨਾ ਪਸੰਦ ਕਰਦੇ ਹੋ, ਤਾਂ “ਖੁਲ੍ਹੇ ਦਿਲ” ਵਾਲੇ ਬਣਨ ਦੀ ਕੋਸ਼ਿਸ਼ ਕਰੋ। ਹਰ ਵਾਰ ਆਪਣੇ ਨਜ਼ਦੀਕੀ ਦੋਸਤਾਂ ਨਾਲ ਕੰਮ ਕਰਨ ਦੀ ਬਜਾਇ ਵੱਖੋ-ਵੱਖਰੇ ਪ੍ਰਕਾਸ਼ਕਾਂ ਨਾਲ ਕੰਮ ਕਰੋ। (2 ਕੁਰਿੰ. 6:11-13) ਸਭਾ ਖ਼ਤਮ ਹੋਣ ਤੇ ਸਭਾ ਵਿਚ ਕੀਤੇ ਗਏ ਇੰਤਜ਼ਾਮਾਂ ਨੂੰ ਬਦਲੋ ਨਾ ਤੇ ਜਲਦੀ ਆਪਣੇ ਇਲਾਕੇ ਵਿਚ ਚਲੇ ਜਾਓ।
5. ਖੇਤਰ ਸੇਵਕਾਈ ਲਈ ਰੱਖੀਆਂ ਸਭਾਵਾਂ ਦਾ ਕੀ ਮਕਸਦ ਹੈ?
5 ਖੇਤਰ ਸੇਵਕਾਈ ਦੀਆਂ ਸਭਾਵਾਂ ਅਤੇ ਹੋਰਨਾਂ ਕਲੀਸਿਯਾ ਸਭਾਵਾਂ ਦਾ ਇੱਕੋ ਮਕਸਦ ਹੈ। ਇਹ ਸਭਾਵਾਂ ਇਕ-ਦੂਜੇ ਨੂੰ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ” ਵਾਸਤੇ ਕੀਤੀਆਂ ਜਾਂਦੀਆਂ ਹਨ। (ਇਬ. 10:24, 25) ਜੇ ਅਸੀਂ ਇਨ੍ਹਾਂ ਸਭਾਵਾਂ ਤੋਂ ਫ਼ਾਇਦਾ ਲੈਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਨੂੰ ਆਪਣੀ ਸੇਵਕਾਈ ਚੰਗੀ ਤਰ੍ਹਾਂ ਕਰਨ ਵਿਚ ਮਦਦ ਮਿਲੇਗੀ ਜੋ ਕਿ ਵਾਕਈ ਇਕ ‘ਸ਼ੁਭ ਕਰਮ’ ਹੈ!