ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਆਪਣਾ ਮਕਸਦ ਪੂਰਾ ਕਰਦੀਆਂ ਹਨ
1. ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਦਾ ਕੀ ਮਕਸਦ ਹੈ?
1 ਇਕ ਮੌਕੇ ʼਤੇ ਆਪਣੇ 70 ਚੇਲਿਆਂ ਦੇ ਪ੍ਰਚਾਰ ʼਤੇ ਜਾਣ ਤੋਂ ਪਹਿਲਾਂ ਯਿਸੂ ਉਨ੍ਹਾਂ ਨੂੰ ਮਿਲਿਆ। (ਲੂਕਾ 10:1-11) ਉਸ ਨੇ ਉਨ੍ਹਾਂ ਨੂੰ ਇਹ ਯਾਦ ਕਰਾ ਕੇ ਹੱਲਾਸ਼ੇਰੀ ਦਿੱਤੀ ਕਿ ਉਹ ਇਕੱਲੇ ਨਹੀਂ ਸਨ। ਨਾਲੇ ਉਸ ਨੇ ਕਿਹਾ ਕਿ ‘ਖੇਤ ਦਾ ਮਾਲਕ’ ਯਹੋਵਾਹ ਉਨ੍ਹਾਂ ਨੂੰ ਸੇਧ ਦੇ ਰਿਹਾ ਸੀ। ਉਸ ਨੇ ਉਨ੍ਹਾਂ ਨੂੰ ਹਿਦਾਇਤਾਂ ਵੀ ਦਿੱਤੀਆਂ ਜਿਨ੍ਹਾਂ ਨਾਲ ਉਹ ਪ੍ਰਚਾਰ ਕਰਨ ਲਈ ਤਿਆਰ ਹੋਏ ਅਤੇ ਉਸ ਨੇ ਉਨ੍ਹਾਂ ਨੂੰ “ਦੋ-ਦੋ” ਕਰ ਕੇ ਭੇਜਿਆ। ਅੱਜ ਵੀ ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਦਾ ਮਕਸਦ ਹੈ ਕਿ ਇਹ ਸਾਨੂੰ ਹੱਲਾਸ਼ੇਰੀ ਦੇਣ, ਸਾਨੂੰ ਤਿਆਰ ਕਰਨ ਅਤੇ ਸਾਰਾ ਕੁਝ ਸਹੀ ਢੰਗ ਨਾਲ ਕਰਨਾ ਸਿਖਾਉਣ।
2. ਪ੍ਰਚਾਰ ਲਈ ਰੱਖੀ ਮੀਟਿੰਗ ਕਿੰਨੀ ਕੁ ਲੰਬੀ ਹੋਣੀ ਚਾਹੀਦੀ ਹੈ?
2 ਹੁਣ ਤਕ ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਦਾ ਸਮਾਂ 10-15 ਮਿੰਟ ਸੀ ਜਿਸ ਵਿਚ ਗਰੁੱਪ ਬਣਾਉਣੇ, ਪ੍ਰਚਾਰ ਲਈ ਇਲਾਕਾ ਦੇਣਾ ਅਤੇ ਪ੍ਰਾਰਥਨਾ ਕਰਨੀ ਸ਼ਾਮਲ ਸੀ। ਹੁਣ ਇਸ ਵਿਚ ਤਬਦੀਲੀ ਕੀਤੀ ਗਈ ਹੈ। ਅਪ੍ਰੈਲ ਤੋਂ ਪ੍ਰਚਾਰ ਦੀ ਮੀਟਿੰਗ ਦਾ ਸਮਾਂ 5-7 ਮਿੰਟ ਹੀ ਹੋਵੇਗਾ। ਪਰ ਜਦ ਇਹ ਮੀਟਿੰਗ ਮੰਡਲੀ ਦੀਆਂ ਦੂਜੀਆਂ ਮੀਟਿੰਗਾਂ ਤੋਂ ਬਾਅਦ ਰੱਖੀ ਜਾਂਦੀ ਹੈ, ਤਾਂ ਇਸ ਦਾ ਸਮਾਂ ਹੋਰ ਵੀ ਘੱਟ ਹੋਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਹਾਜ਼ਰ ਭੈਣਾਂ-ਭਰਾਵਾਂ ਨੇ ਪਹਿਲਾਂ ਹੀ ਬਾਈਬਲ ਬਾਰੇ ਵਧੀਆ ਚਰਚਾ ਦਾ ਆਨੰਦ ਮਾਣਿਆ ਹੈ। ਪ੍ਰਚਾਰ ਦੀਆਂ ਮੀਟਿੰਗਾਂ ਛੋਟੀਆਂ ਹੋਣ ਕਾਰਨ ਸਾਰੇ ਜਣੇ ਪ੍ਰਚਾਰ ਵਿਚ ਜ਼ਿਆਦਾ ਸਮਾਂ ਲਗਾ ਪਾਉਣਗੇ। ਨਾਲੇ ਜੇ ਪਾਇਨੀਅਰਾਂ ਅਤੇ ਹੋਰ ਪ੍ਰਚਾਰਕਾਂ ਨੇ ਪ੍ਰਚਾਰ ਦੀ ਮੀਟਿੰਗ ਤੋਂ ਪਹਿਲਾਂ ਹੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਉਨ੍ਹਾਂ ਨੂੰ ਜ਼ਿਆਦਾ ਦੇਰ ਆਪਣਾ ਪ੍ਰਚਾਰ ਦਾ ਕੰਮ ਨਹੀਂ ਰੋਕਣਾ ਪਵੇਗਾ।
3. ਪ੍ਰਚਾਰ ਦੀਆਂ ਮੀਟਿੰਗਾਂ ਦਾ ਪ੍ਰਬੰਧ ਕਿਵੇਂ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਪਬਲੀਸ਼ਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਹੋਵੇ?
3 ਪ੍ਰਚਾਰ ਦੀਆਂ ਮੀਟਿੰਗਾਂ ਦਾ ਪ੍ਰਬੰਧ ਸਹੀ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂਕਿ ਉਨ੍ਹਾਂ ਤੋਂ ਪਬਲੀਸ਼ਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫ਼ਾਇਦਾ ਹੋਵੇ। ਬਹੁਤ ਸਾਰੀਆਂ ਮੰਡਲੀਆਂ ਵਿਚ ਪ੍ਰਚਾਰ ਦੀ ਮੀਟਿੰਗ ਵਾਸਤੇ ਇਕ ਹੀ ਜਗ੍ਹਾ ਮਿਲਣ ਦੀ ਬਜਾਇ ਗਰੁੱਪਾਂ ਲਈ ਵੱਖੋ-ਵੱਖਰੀਆਂ ਥਾਵਾਂ ʼਤੇ ਇਕੱਠੇ ਹੋਣਾ ਫ਼ਾਇਦੇਮੰਦ ਹੈ। ਇਸ ਨਾਲ ਸ਼ਾਇਦ ਪਬਲੀਸ਼ਰਾਂ ਲਈ ਪ੍ਰਚਾਰ ਦੀ ਮੀਟਿੰਗ ਅਤੇ ਇਲਾਕੇ ਵਿਚ ਜਾਣਾ ਸੌਖਾ ਹੋਵੇ। ਇਸ ਦੇ ਨਾਲ-ਨਾਲ ਪਬਲੀਸ਼ਰਾਂ ਦੇ ਜੋੜੇ ਬਣਾ ਕੇ ਫਟਾਫਟ ਪ੍ਰਚਾਰ ਲਈ ਭੇਜਿਆ ਜਾ ਸਕਦਾ ਹੈ। ਨਾਲੇ ਸ਼ਾਇਦ ਗਰੁੱਪ ਓਵਰਸੀਅਰ ਲਈ ਆਪਣੇ ਗਰੁੱਪ ਦੇ ਭੈਣਾਂ-ਭਰਾਵਾਂ ਵੱਲ ਧਿਆਨ ਦੇਣਾ ਆਸਾਨ ਹੋਵੇਗਾ। ਮੰਡਲੀ ਦੇ ਬਜ਼ੁਰਗ ਆਪਣੇ ਇਲਾਕੇ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਦੇਖ ਸਕਦੇ ਹਨ ਕਿ ਕੀ ਕਰਨਾ ਵਧੀਆ ਹੋਵੇਗਾ। ਛੋਟੀ ਜਿਹੀ ਪ੍ਰਾਰਥਨਾ ਨਾਲ ਮੀਟਿੰਗ ਖ਼ਤਮ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿਸ ਨਾਲ ਅਤੇ ਕਿੱਥੇ ਪ੍ਰਚਾਰ ਕਰਨ ਜਾਣਾ ਹੈ।
4. ਪ੍ਰਚਾਰ ਦੀਆਂ ਮੀਟਿੰਗਾਂ ਨੂੰ ਮੰਡਲੀ ਦੀਆਂ ਬਾਕੀ ਮੀਟਿੰਗਾਂ ਨਾਲੋਂ ਘੱਟ ਅਹਿਮੀਅਤ ਕਿਉਂ ਨਹੀਂ ਦਿੱਤੀ ਜਾਣੀ ਚਾਹੀਦੀ?
4 ਉੱਨੀ ਜ਼ਰੂਰੀ ਜਿੰਨੀਆਂ ਬਾਕੀ ਮੀਟਿੰਗਾਂ: ਪ੍ਰਚਾਰ ਦੀਆਂ ਮੀਟਿੰਗਾਂ ਉਨ੍ਹਾਂ ਦੇ ਫ਼ਾਇਦੇ ਲਈ ਹਨ ਜਿਨ੍ਹਾਂ ਨੇ ਪ੍ਰਚਾਰ ʼਤੇ ਜਾਣਾ ਹੈ। ਇਸ ਲਈ ਸ਼ਾਇਦ ਮੰਡਲੀ ਦੇ ਸਾਰੇ ਭੈਣ-ਭਰਾ ਇਸ ਵਿਚ ਹਾਜ਼ਰ ਨਾ ਹੋਣ। ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਇਨ੍ਹਾਂ ਮੀਟਿੰਗਾਂ ਨੂੰ ਐਵੇਂ ਸਮਝੀਏ ਜਾਂ ਇਨ੍ਹਾਂ ਨੂੰ ਮੰਡਲੀ ਦੀਆਂ ਬਾਕੀ ਮੀਟਿੰਗਾਂ ਨਾਲੋਂ ਘੱਟ ਅਹਿਮੀਅਤ ਦੇਈਏ। ਬਾਕੀ ਮੀਟਿੰਗਾਂ ਵਾਂਗ ਪ੍ਰਚਾਰ ਦੀਆਂ ਮੀਟਿੰਗਾਂ ਵੀ ਯਹੋਵਾਹ ਦਾ ਪ੍ਰਬੰਧ ਹਨ ਜਿਨ੍ਹਾਂ ਦੀ ਮਦਦ ਨਾਲ ਅਸੀਂ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦਿੰਦੇ ਹਾਂ। (ਇਬ. 10:24, 25) ਇਸ ਲਈ ਬਹੁਤ ਜ਼ਰੂਰੀ ਹੈ ਕਿ ਪ੍ਰਚਾਰ ਦੀ ਮੀਟਿੰਗ ਲੈਣ ਵਾਲਾ ਭਰਾ ਵਧੀਆ ਤਿਆਰੀ ਕਰ ਕੇ ਆਵੇ ਜਿਸ ਨਾਲ ਯਹੋਵਾਹ ਦੀ ਮਹਿਮਾ ਹੋਵੇ ਅਤੇ ਮੀਟਿੰਗ ਵਿਚ ਹਾਜ਼ਰ ਸਾਰਿਆਂ ਨੂੰ ਫ਼ਾਇਦਾ ਹੋਵੇ। ਜੇ ਹੋ ਸਕੇ, ਤਾਂ ਪ੍ਰਚਾਰ ʼਤੇ ਜਾਣ ਵਾਲੇ ਭੈਣਾਂ-ਭਰਾਵਾਂ ਨੂੰ ਇਸ ਮੀਟਿੰਗ ਵਿਚ ਹਾਜ਼ਰ ਹੋਣ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਨੂੰ ਐਵੇਂ ਨਹੀਂ ਸਮਝਿਆ ਜਾਣਾ ਚਾਹੀਦਾ ਜਾਂ ਇਨ੍ਹਾਂ ਨੂੰ ਮੰਡਲੀ ਦੀਆਂ ਬਾਕੀ ਮੀਟਿੰਗਾਂ ਨਾਲੋਂ ਘੱਟ ਅਹਿਮੀਅਤ ਨਹੀਂ ਦਿੱਤੀ ਜਾਣੀ ਚਾਹੀਦੀ
5. (ੳ) ਪ੍ਰਚਾਰ ਦੀਆਂ ਮੀਟਿੰਗਾਂ ਦਾ ਪ੍ਰਬੰਧ ਕਰਨ ਵਿਚ ਸਰਵਿਸ ਓਵਰਸੀਅਰ ਦੀ ਕੀ ਭੂਮਿਕਾ ਹੈ? (ਅ) ਇਕ ਭੈਣ ਨੂੰ ਪ੍ਰਚਾਰ ਦੀ ਮੀਟਿੰਗ ਕਿਵੇਂ ਚਲਾਉਣੀ ਚਾਹੀਦੀ ਹੈ?
5 ਮੀਟਿੰਗ ਲੈਣ ਵਾਲੇ ਭਰਾ ਵੱਲੋਂ ਤਿਆਰੀ: ਜੇ ਕਿਸੇ ਨੇ ਮੀਟਿੰਗ ਦਾ ਕੋਈ ਭਾਗ ਚੰਗੀ ਤਰ੍ਹਾਂ ਤਿਆਰ ਕਰ ਕੇ ਪੇਸ਼ ਕਰਨਾ ਹੈ, ਤਾਂ ਉਸ ਨੂੰ ਆਪਣੇ ਭਾਗ ਬਾਰੇ ਕਾਫ਼ੀ ਸਮਾਂ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਹੈ। ਇਹੀ ਗੱਲ ਪ੍ਰਚਾਰ ਦੀਆਂ ਮੀਟਿੰਗਾਂ ਬਾਰੇ ਵੀ ਸੱਚ ਹੈ। ਜਦੋਂ ਪ੍ਰਚਾਰ ਲਈ ਗਰੁੱਪ ਵੱਖੋ-ਵੱਖਰੀਆਂ ਥਾਵਾਂ ʼਤੇ ਮਿਲਦੇ ਹਨ, ਤਾਂ ਗਰੁੱਪ ਓਵਰਸੀਅਰ ਜਾਂ ਉਨ੍ਹਾਂ ਦੀ ਮਦਦ ਕਰਨ ਵਾਲੇ ਭਰਾ ਆਪੋ-ਆਪਣੇ ਗਰੁੱਪ ਦੀ ਮੀਟਿੰਗ ਚਲਾਉਂਦੇ ਹਨ। ਪਰ ਜਦੋਂ ਸਾਰੀ ਮੰਡਲੀ ਪ੍ਰਚਾਰ ਲਈ ਇੱਕੋ ਜਗ੍ਹਾ ਇਕੱਠੀ ਹੁੰਦੀ ਹੈ, ਤਾਂ ਸਰਵਿਸ ਓਵਰਸੀਅਰ ਕਿਸੇ ਭਰਾ ਨੂੰ ਪ੍ਰਚਾਰ ਲਈ ਰੱਖੀ ਮੀਟਿੰਗ ਲੈਣ ਲਈ ਕਹੇਗਾ। ਕੁਝ ਸਰਵਿਸ ਓਵਰਸੀਅਰ ਇਹ ਮੀਟਿੰਗ ਚਲਾਉਣ ਵਾਲੇ ਸਾਰੇ ਭਰਾਵਾਂ ਨੂੰ ਪ੍ਰਚਾਰ ਦਾ ਸ਼ਡਿਉਲ ਦਿੰਦੇ ਹਨ ਅਤੇ ਇਸ ਸ਼ਡਿਉਲ ਨੂੰ ਨੋਟਿਸ ਬੋਰਡ ʼਤੇ ਲਗਾਉਂਦੇ ਹਨ। ਭਰਾਵਾਂ ਨੂੰ ਇਹ ਜ਼ਿੰਮੇਵਾਰੀ ਦੇਣ ਤੋਂ ਪਹਿਲਾਂ ਸਰਵਿਸ ਓਵਰਸੀਅਰ ਨੂੰ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਉਸ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਮੀਟਿੰਗਾਂ ਤਾਂ ਹੀ ਵਧੀਆਂ ਹੋਣਗੀਆਂ ਜੇ ਇਨ੍ਹਾਂ ਨੂੰ ਚਲਾਉਣ ਵਾਲੇ ਭਰਾ ਚੰਗੀ ਤਰ੍ਹਾਂ ਸਿਖਾਉਣ ਅਤੇ ਵਧੀਆ ਢੰਗ ਨਾਲ ਪ੍ਰਬੰਧ ਕਰਨ ਦੇ ਕਾਬਲ ਹੋਣ। ਜੇ ਕਿਸੇ ਦਿਨ ਬਜ਼ੁਰਗ, ਸਹਾਇਕ ਸੇਵਕ ਜਾਂ ਕੋਈ ਕਾਬਲ ਬਪਤਿਸਮਾ-ਪ੍ਰਾਪਤ ਭਰਾ ਇਹ ਮੀਟਿੰਗ ਲੈਣ ਲਈ ਮੌਜੂਦ ਨਹੀਂ ਹੈ, ਤਾਂ ਸਰਵਿਸ ਓਵਰਸੀਅਰ ਕਿਸੇ ਬਪਤਿਸਮਾ-ਪ੍ਰਾਪਤ ਭੈਣ ਨੂੰ ਮੀਟਿੰਗ ਲੈਣ ਲਈ ਕਹਿ ਸਕਦਾ ਹੈ।—“ਇਕ ਭੈਣ ਨੂੰ ਕਦੋਂ ਮੀਟਿੰਗ ਚਲਾਉਣੀ ਚਾਹੀਦੀ ਹੈ?” ਨਾਂ ਦਾ ਲੇਖ ਦੇਖੋ।
6. ਪ੍ਰਚਾਰ ਦੀ ਮੀਟਿੰਗ ਲੈਣ ਵਾਲੇ ਭਰਾ ਲਈ ਚੰਗੀ ਤਰ੍ਹਾਂ ਤਿਆਰੀ ਕਰਨੀ ਕਿਉਂ ਜ਼ਰੂਰੀ ਹੈ?
6 ਜਦੋਂ ਸਾਨੂੰ ਬਾਈਬਲ ਸਿਖਲਾਈ ਸਕੂਲ ਜਾਂ ਸੇਵਾ ਸਭਾ ਵਿਚ ਕੋਈ ਭਾਗ ਪੇਸ਼ ਕਰਨ ਲਈ ਦਿੱਤਾ ਜਾਂਦਾ ਹੈ, ਤਾਂ ਅਸੀਂ ਇਸ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਮਨ ਲਾ ਕੇ ਤਿਆਰੀ ਕਰਦੇ ਹਾਂ। ਅਸੀਂ ਮੀਟਿੰਗ ʼਤੇ ਜਾਂਦੇ ਸਮੇਂ ਉਸ ਭਾਗ ਦੀ ਤਿਆਰੀ ਨਹੀਂ ਕਰਦੇ ਕਿ ਅਸੀਂ ਕੀ ਕਹਿਣਾ ਹੈ। ਇਸ ਲਈ ਜਿਹੜਾ ਭਰਾ ਪ੍ਰਚਾਰ ਦੀ ਮੀਟਿੰਗ ਲੈਂਦਾ ਹੈ, ਉਸ ਨੂੰ ਇਸ ਦੀ ਵੀ ਚੰਗੀ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਹੈ। ਹੁਣ ਪ੍ਰਚਾਰ ਦੀ ਮੀਟਿੰਗ ਦਾ ਸਮਾਂ ਘਟਾਇਆ ਜਾਵੇਗਾ। ਇਸ ਕਰਕੇ ਇਸ ਦੀ ਤਿਆਰੀ ਕਰਨੀ ਹੋਰ ਵੀ ਜ਼ਰੂਰੀ ਹੈ ਤਾਂਕਿ ਸਾਰਿਆਂ ਨੂੰ ਇਸ ਤੋਂ ਫ਼ਾਇਦਾ ਹੋਵੇ ਅਤੇ ਇਹ ਸਮੇਂ ਸਿਰ ਖ਼ਤਮ ਹੋਵੇ। ਚੰਗੀ ਤਰ੍ਹਾਂ ਤਿਆਰੀ ਕਰਨ ਵਿਚ ਇਹ ਵੀ ਸ਼ਾਮਲ ਹੈ ਕਿ ਤੁਸੀਂ ਕਾਫ਼ੀ ਸਮਾਂ ਪਹਿਲਾਂ ਪ੍ਰਚਾਰ ਲਈ ਇਲਾਕਾ ਲੈ ਲਓ।
7. ਭਰਾ ਕਿਹੜੀਆਂ ਕੁਝ ਗੱਲਾਂ ʼਤੇ ਚਰਚਾ ਕਰ ਸਕਦਾ ਹੈ?
7 ਕੀ ਚਰਚਾ ਕਰੀਏ: ਹਰ ਇਲਾਕੇ ਦੇ ਹਾਲਾਤ ਵੱਖੋ-ਵੱਖਰੇ ਹੁੰਦੇ ਹਨ, ਇਸ ਲਈ ਵਫ਼ਾਦਾਰ ਨੌਕਰ ਨੇ ਹਰ ਇਲਾਕੇ ਦੇ ਹਿਸਾਬ ਨਾਲ ਜਾਣਕਾਰੀ ਨਹੀਂ ਦਿੱਤੀ ਹੈ ਕਿ ਪ੍ਰਚਾਰ ਦੀ ਹਰ ਮੀਟਿੰਗ ਵਿਚ ਕੀ ਦੱਸਿਆ ਜਾਣਾ ਚਾਹੀਦਾ ਹੈ। “ਪ੍ਰਚਾਰ ਲਈ ਮੀਟਿੰਗ ਦੌਰਾਨ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ” ਨਾਂ ਦੀ ਡੱਬੀ ਵਿਚ ਕੁਝ ਸੁਝਾਅ ਦਿੱਤੇ ਗਏ ਹਨ ਜੋ ਤੁਸੀਂ ਵਰਤ ਸਕਦੇ ਹੋ। ਆਮ ਤੌਰ ਤੇ ਮੀਟਿੰਗ ਵਿਚ ਚਰਚਾ ਕੀਤੀ ਜਾਣੀ ਚਾਹੀਦੀ ਹੈ। ਪਰ ਕਦੇ-ਕਦੇ ਇਸ ਵਿਚ ਕੋਈ ਚੰਗੀ ਤਰ੍ਹਾਂ ਤਿਆਰ ਕੀਤਾ ਹੋਇਆ ਪ੍ਰਦਰਸ਼ਨ ਜਾਂ jw.org ਤੋਂ ਕੋਈ ਢੁਕਵਾਂ ਵੀਡੀਓ ਦਿਖਾਇਆ ਜਾ ਸਕਦਾ ਹੈ। ਮੀਟਿੰਗ ਲਈ ਤਿਆਰੀ ਕਰਦੇ ਸਮੇਂ ਭਰਾ ਨੂੰ ਸੋਚਣਾ ਚਾਹੀਦਾ ਹੈ ਕਿ ਪ੍ਰਚਾਰ ʼਤੇ ਜਾਣ ਵਾਲਿਆਂ ਨੂੰ ਕਿਹੜੀ ਗੱਲ ਤੋਂ ਹੱਲਾਸ਼ੇਰੀ ਮਿਲੇਗੀ ਅਤੇ ਉਨ੍ਹਾਂ ਨੂੰ ਤਿਆਰ ਕਰੇਗੀ।
ਮੀਟਿੰਗ ਲਈ ਤਿਆਰੀ ਕਰਦੇ ਸਮੇਂ ਭਰਾ ਨੂੰ ਸੋਚਣਾ ਚਾਹੀਦਾ ਹੈ ਕਿ ਪ੍ਰਚਾਰ ʼਤੇ ਜਾਣ ਵਾਲਿਆਂ ਨੂੰ ਕਿਹੜੀ ਗੱਲ ਤੋਂ ਹੱਲਾਸ਼ੇਰੀ ਮਿਲੇਗੀ ਅਤੇ ਉਨ੍ਹਾਂ ਨੂੰ ਤਿਆਰ ਕਰੇਗੀ
8. ਸ਼ਨੀਵਾਰ ਅਤੇ ਐਤਵਾਰ ਨੂੰ ਪ੍ਰਚਾਰ ਦੀ ਮੀਟਿੰਗ ਵਿਚ ਭਰਾ ਲਈ ਕਿਨ੍ਹਾਂ ਗੱਲਾਂ ʼਤੇ ਚਰਚਾ ਕਰਨੀ ਵਧੀਆ ਹੋਵੇਗੀ?
8 ਮਿਸਾਲ ਲਈ, ਸ਼ਨੀਵਾਰ ਨੂੰ ਜ਼ਿਆਦਾਤਰ ਭੈਣ-ਭਰਾ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦਿੰਦੇ ਹਨ। ਸ਼ਨੀਵਾਰ ਨੂੰ ਪ੍ਰਚਾਰ ʼਤੇ ਜਾਣ ਵਾਲੇ ਕਈ ਭੈਣ-ਭਰਾ ਹਫ਼ਤੇ ਦੌਰਾਨ ਪ੍ਰਚਾਰ ʼਤੇ ਨਹੀਂ ਜਾਂਦੇ। ਇਸ ਲਈ ਉਨ੍ਹਾਂ ਨੂੰ ਸ਼ਾਇਦ ਯਾਦ ਨਾ ਰਹੇ ਕਿ ਉਨ੍ਹਾਂ ਨੇ ਪਰਿਵਾਰਕ ਸਟੱਡੀ ਦੌਰਾਨ ਕਿਹੜੀ ਪੇਸ਼ਕਾਰੀ ਦੀ ਪ੍ਰੈਕਟਿਸ ਕੀਤੀ ਸੀ। ਇਸ ਕਰਕੇ ਭਰਾ ਲਈ ਸ਼ਾਇਦ ਵਧੀਆ ਹੋਵੇਗਾ ਕਿ ਉਹ ਸਾਡੀ ਰਾਜ ਸੇਵਕਾਈ ਦੇ ਪਿੱਛੇ ਦਿੱਤੀ ਕਿਸੇ ਪੇਸ਼ਕਾਰੀ ਉੱਤੇ ਗੌਰ ਕਰੇ। ਉਹ ਇਹ ਵੀ ਚਰਚਾ ਕਰ ਸਕਦਾ ਹੈ ਕਿ ਕਿਸੇ ਸਥਾਨਕ ਖ਼ਬਰ, ਘਟਨਾ ਜਾਂ ਦਿਨ-ਤਿਉਹਾਰ ਬਾਰੇ ਗੱਲ ਕਰ ਕੇ ਰਸਾਲੇ ਕਿਵੇਂ ਪੇਸ਼ ਕੀਤੇ ਜਾ ਸਕਦੇ ਹਨ। ਜਾਂ ਉਹ ਦੱਸ ਸਕਦਾ ਹੈ ਕਿ ਜੇ ਕੋਈ ਰਸਾਲਾ ਲੈ ਲੈਂਦਾ ਹੈ, ਤਾਂ ਉਸ ਨੂੰ ਕੀ ਕਹਿਣਾ ਹੈ ਤਾਂਕਿ ਉਹ ਦੁਬਾਰਾ ਮਿਲਣ ਲਈ ਰਾਜ਼ੀ ਹੋਵੇ। ਜੇ ਮੀਟਿੰਗ ਵਿਚ ਹਾਜ਼ਰ ਭੈਣ-ਭਰਾ ਪਹਿਲਾਂ ਹੀ ਮਹੀਨੇ ਦੌਰਾਨ ਵੰਡੇ ਜਾਣ ਵਾਲੇ ਰਸਾਲੇ ਲੋਕਾਂ ਨੂੰ ਦੇ ਰਹੇ ਹਨ, ਤਾਂ ਭਰਾ ਉਨ੍ਹਾਂ ਕੋਲੋਂ ਕੁਝ ਛੋਟੇ-ਛੋਟੇ ਸੁਝਾਅ ਪੁੱਛ ਸਕਦਾ ਹੈ ਜਾਂ ਉਨ੍ਹਾਂ ਨੂੰ ਹੌਸਲਾ ਦੇਣ ਵਾਲੇ ਤਜਰਬੇ ਦੱਸਣ ਲਈ ਕਹਿ ਸਕਦਾ ਹੈ। ਐਤਵਾਰ ਨੂੰ ਵੀ ਭਰਾ ਮਹੀਨੇ ਦੌਰਾਨ ਵੰਡੇ ਜਾਣ ਵਾਲੇ ਪ੍ਰਕਾਸ਼ਨਾਂ ਸੰਬੰਧੀ ਇਸ ਤਰ੍ਹਾਂ ਕਰ ਸਕਦਾ ਹੈ। ਖ਼ੁਸ਼ ਖ਼ਬਰੀ ਅਤੇ ਰੱਬ ਦੀ ਸੁਣੋ ਬਰੋਸ਼ਰ ਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਕਿਸੇ ਵੀ ਦਿਨ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ, ਇਸ ਲਈ ਮੀਟਿੰਗ ਲੈਣ ਵਾਲਾ ਭਰਾ ਥੋੜ੍ਹੇ ਸ਼ਬਦਾਂ ਵਿਚ ਦੱਸੇ ਕਿ ਇਹ ਪ੍ਰਕਾਸ਼ਨ ਲੋਕਾਂ ਨੂੰ ਕਿਵੇਂ ਦਿੱਤੇ ਜਾ ਸਕਦੇ ਹਨ।
9. ਖ਼ਾਸ ਮੁਹਿੰਮ ਦੌਰਾਨ ਸ਼ਨੀਵਾਰ-ਐਤਵਾਰ ਨੂੰ ਕੀ ਗੱਲਬਾਤ ਕੀਤੀ ਜਾ ਸਕਦੀ ਹੈ?
9 ਜੇ ਸ਼ਨੀ-ਐਤਵਾਰ ਨੂੰ ਮੰਡਲੀ ਕਿਸੇ ਖ਼ਾਸ ਮੁਹਿੰਮ ਵਿਚ ਹਿੱਸਾ ਲੈ ਰਹੀ ਹੈ, ਤਾਂ ਭਰਾ ਗੱਲ ਕਰ ਸਕਦਾ ਕਿ ਸੱਦਾ-ਪੱਤਰ ਜਾਂ ਟ੍ਰੈਕਟ ਦੇ ਨਾਲ ਨਵੇਂ ਰਸਾਲੇ ਕਿਵੇਂ ਦਿੱਤੇ ਜਾ ਸਕਦੇ ਹਨ ਜਾਂ ਉਹ ਦੱਸ ਸਕਦਾ ਹੈ ਕਿ ਜੇ ਕੋਈ ਦਿਲਚਸਪੀ ਦਿਖਾਉਂਦਾ ਹੈ, ਤਾਂ ਕੀ ਕੀਤਾ ਜਾ ਸਕਦਾ ਹੈ। ਭਰਾ ਅਜਿਹੇ ਤਜਰਬੇ ਵੀ ਦੱਸ ਸਕਦਾ ਹੈ ਜਿਨ੍ਹਾਂ ਤੋਂ ਪਤਾ ਲੱਗੇ ਕਿ ਅਜਿਹੀਆਂ ਮੁਹਿੰਮਾਂ ਚਲਾਉਣੀਆਂ ਕਿੰਨੀਆਂ ਫ਼ਾਇਦੇਮੰਦ ਹਨ।
10, 11. ਪ੍ਰਚਾਰ ਲਈ ਰੱਖੀ ਮੀਟਿੰਗ ਨੂੰ ਵਧੀਆ ਬਣਾਉਣ ਲਈ ਭੈਣਾਂ-ਭਰਾਵਾਂ ਵੱਲੋਂ ਤਿਆਰੀ ਕਰਨੀ ਕਿਉਂ ਜ਼ਰੂਰੀ ਹੈ?
10 ਭੈਣਾਂ-ਭਰਾਵਾਂ ਵੱਲੋਂ ਤਿਆਰੀ: ਪਬਲੀਸ਼ਰ ਵੀ ਇਸ ਮੀਟਿੰਗ ਨੂੰ ਵਧੀਆ ਬਣਾਉਣ ਵਿਚ ਯੋਗਦਾਨ ਪਾ ਸਕਦੇ ਹਨ। ਕਿਸੇ ਵੇਲੇ ਜਾਂ ਸ਼ਾਇਦ ਪਰਿਵਾਰਕ ਸਟੱਡੀ ਵਿਚ ਪਹਿਲਾਂ ਤੋਂ ਪ੍ਰਚਾਰ ਲਈ ਤਿਆਰੀ ਕਰਨ ਨਾਲ ਉਹ ਹੋਰ ਪਬਲੀਸ਼ਰਾਂ ਨਾਲ ਵੀ ਗੱਲਾਂ ਸਾਂਝੀਆਂ ਕਰ ਸਕਣਗੇ। ਚੰਗੀ ਤਿਆਰੀ ਕਰਨ ਵਿਚ ਇਹ ਵੀ ਸ਼ਾਮਲ ਹੈ ਕਿ ਤੁਸੀਂ ਮੀਟਿੰਗ ʼਤੇ ਆਉਣ ਤੋਂ ਪਹਿਲਾਂ ਰਸਾਲੇ ਤੇ ਹੋਰ ਪ੍ਰਕਾਸ਼ਨ ਲੈ ਲਓ ਤਾਂਕਿ ਸਾਰੇ ਜਣੇ ਬਿਨਾਂ ਦੇਰ ਕੀਤਿਆਂ ਪ੍ਰਚਾਰ ʼਤੇ ਜਾ ਸਕਣ।
11 ਇਹ ਵੀ ਜ਼ਰੂਰੀ ਹੈ ਕਿ ਤੁਸੀਂ ਮੀਟਿੰਗ ਸ਼ੁਰੂ ਹੋਣ ਤੋਂ ਕੁਝ ਮਿੰਟ ਪਹਿਲਾਂ ਆਓ। ਹਾਲਾਂਕਿ ਅਸੀਂ ਮੰਡਲੀ ਦੀਆਂ ਸਾਰੀਆਂ ਮੀਟਿੰਗਾਂ ʼਤੇ ਸਮੇਂ ਸਿਰ ਆਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਸਾਡੇ ਕਾਰਨ ਦੂਜਿਆਂ ਦਾ ਖ਼ਾਸ ਕਰਕੇ ਧਿਆਨ ਉਦੋਂ ਭਟਕ ਸਕਦਾ ਹੈ ਜਦੋਂ ਅਸੀਂ ਪ੍ਰਚਾਰ ਦੀ ਮੀਟਿੰਗ ʼਤੇ ਲੇਟ ਪਹੁੰਚਦੇ ਹਾਂ। ਉਹ ਕਿਵੇਂ? ਅਗਵਾਈ ਕਰਨ ਵਾਲਾ ਭਰਾ ਗਰੁੱਪ ਲਈ ਇੰਤਜ਼ਾਮ ਕਰਨ ਤੋਂ ਪਹਿਲਾਂ ਕਈ ਗੱਲਾਂ ʼਤੇ ਸੋਚ-ਵਿਚਾਰ ਕਰਦਾ ਹੈ। ਜੇ ਥੋੜ੍ਹੇ ਜਿਹੇ ਭੈਣ-ਭਰਾ ਮੀਟਿੰਗ ਵਿਚ ਹਾਜ਼ਰ ਹਨ, ਤਾਂ ਉਹ ਸ਼ਾਇਦ ਸਾਰਿਆਂ ਨੂੰ ਅਜਿਹੇ ਇਲਾਕੇ ਵਿਚ ਭੇਜਣਾ ਚਾਹੇ ਜਿੱਥੇ ਮਾੜਾ-ਮੋਟਾ ਹੀ ਪ੍ਰਚਾਰ ਹੋਇਆ ਹੈ। ਜੇ ਕੁਝ ਭੈਣ-ਭਰਾ ਮੀਟਿੰਗ ʼਤੇ ਤੁਰ ਕੇ ਆਏ ਹਨ ਅਤੇ ਪ੍ਰਚਾਰ ਕਰਨ ਦਾ ਇਲਾਕਾ ਦੂਰ ਹੈ, ਤਾਂ ਉਹ ਸ਼ਾਇਦ ਇਨ੍ਹਾਂ ਭੈਣਾਂ-ਭਰਾਵਾਂ ਨੂੰ ਉਨ੍ਹਾਂ ਭਰਾਵਾਂ ਨਾਲ ਪ੍ਰਚਾਰ ʼਤੇ ਭੇਜਣ ਜਿਨ੍ਹਾਂ ਕੋਲ ਗੱਡੀ ਹੈ। ਜੇ ਕਿਸੇ ਇਲਾਕੇ ਵਿਚ ਅਪਰਾਧ ਜ਼ਿਆਦਾ ਹੁੰਦੇ ਹਨ, ਤਾਂ ਉਹ ਸ਼ਾਇਦ ਭਰਾਵਾਂ ਨੂੰ ਭੈਣਾਂ ਨਾਲ ਜਾਂ ਭੈਣਾਂ ਦੇ ਨੇੜੇ-ਤੇੜੇ ਪ੍ਰਚਾਰ ਕਰਨ ਲਈ ਭੇਜ ਸਕਦਾ ਹੈ। ਬੀਮਾਰ ਭੈਣਾਂ-ਭਰਾਵਾਂ ਨੂੰ ਅਜਿਹੀ ਗਲੀ ਵਿਚ ਪ੍ਰਚਾਰ ਕਰਨ ਲਈ ਭੇਜਿਆ ਜਾ ਸਕਦਾ ਹੈ ਜੋ ਉੱਚੀ-ਨੀਵੀਂ ਨਾ ਹੋਵੇ ਜਾਂ ਜਿਸ ਵਿਚ ਘਰਾਂ ਦੀਆਂ ਪੌੜੀਆਂ ਘੱਟ ਚੜ੍ਹਨੀਆਂ ਪੈਣ। ਨਵੇਂ ਪਬਲੀਸ਼ਰਾਂ ਨੂੰ ਜ਼ਿਆਦਾ ਤਜਰਬੇਕਾਰ ਭੈਣਾਂ-ਭਰਾਵਾਂ ਨਾਲ ਪ੍ਰਚਾਰ ਕਰਨ ਭੇਜਿਆ ਜਾ ਸਕਦਾ ਹੈ। ਪਰ ਜੇ ਭੈਣ-ਭਰਾ ਲੇਟ ਆਉਂਦੇ ਹਨ, ਤਾਂ ਦੁਬਾਰਾ ਇੰਤਜ਼ਾਮ ਕਰਨੇ ਪੈਂਦੇ ਹਨ ਤਾਂਕਿ ਲੇਟ ਆਉਣ ਵਾਲਿਆਂ ਨੂੰ ਕਿਸੇ ਨਾਲ ਭੇਜਿਆ ਜਾ ਸਕੇ। ਕਦੇ-ਕਦੇ ਅਸੀਂ ਕਿਸੇ ਜਾਇਜ਼ ਕਾਰਨ ਕਰਕੇ ਲੇਟ ਹੋ ਜਾਂਦੇ ਹਾਂ। ਪਰ ਜੇ ਲੇਟ ਆਉਣ ਦੀ ਸਾਡੀ ਆਦਤ ਬਣ ਗਈ ਹੈ, ਤਾਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ ਕਿ ਅਸੀਂ ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ʼਤੇ ਇਸ ਲਈ ਲੇਟ ਆਉਂਦੇ ਹਾਂ ਕਿਉਂਕਿ ਅਸੀਂ ਇਨ੍ਹਾਂ ਨੂੰ ਅਹਿਮ ਨਹੀਂ ਸਮਝਦੇ ਜਾਂ ਫਿਰ ਅਸੀਂ ਪਹਿਲਾਂ ਤੋਂ ਆਪਣੇ ਕੰਮਾਂ-ਕਾਰਾਂ ਵਿਚ ਕੋਈ ਫੇਰ-ਬਦਲ ਨਹੀਂ ਕਰਦੇ।
12. ਜੇ ਤੁਸੀਂ ਪ੍ਰਚਾਰ ਲਈ ਆਪਣੇ ਇੰਤਜ਼ਾਮ ਕਰਦੇ ਹੋ, ਤਾਂ ਤੁਸੀਂ ਕੀ ਧਿਆਨ ਵਿਚ ਰੱਖ ਸਕਦੇ ਹੋ?
12 ਪ੍ਰਚਾਰ ਲਈ ਆਏ ਭੈਣ-ਭਰਾ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਨਾਲ ਕਿਸੇ ਨੂੰ ਪ੍ਰਚਾਰ ਕਰਨ ਲਈ ਚੁਣ ਸਕਦੇ ਹਨ ਜਾਂ ਭਰਾ ਦੱਸ ਸਕਦਾ ਹੈ ਕਿ ਕੌਣ ਕਿਸ ਨਾਲ ਪ੍ਰਚਾਰ ਕਰੇਗਾ। ਜੇ ਤੁਸੀਂ ਖ਼ੁਦ ਕਿਸੇ ਨੂੰ ਆਪਣੇ ਨਾਲ ਪ੍ਰਚਾਰ ʼਤੇ ਜਾਣ ਲਈ ਕਹਿੰਦੇ ਹੋ, ਤਾਂ ਕੀ ਤੁਸੀਂ ਹਰ ਵਾਰ ਆਪਣੇ ਦੋਸਤ-ਮਿੱਤਰਾਂ ਨੂੰ ਲਿਜਾਣ ਦੀ ਬਜਾਇ ਹੋਰ ਭੈਣਾਂ-ਭਰਾਵਾਂ ਨੂੰ ਲਿਜਾ ਕੇ “ਆਪਣੇ ਦਿਲਾਂ ਦੇ ਦਰਵਾਜ਼ੇ” ਖੋਲ੍ਹ ਸਕਦੇ ਹੋ? (2 ਕੁਰਿੰ. 6:11-13) ਕੀ ਤੁਸੀਂ ਕਦੇ-ਕਦੇ ਨਵੇਂ ਪਬਲੀਸ਼ਰਾਂ ਨਾਲ ਪ੍ਰਚਾਰ ਕਰ ਸਕਦੇ ਹੋ ਜਿਨ੍ਹਾਂ ਦੀ ਸਿਖਾਉਣ ਦੀ ਕਾਬਲੀਅਤ ਸੁਧਾਰਨ ਵਿਚ ਤੁਸੀਂ ਉਸ ਦੀ ਮਦਦ ਕਰ ਸਕਦੇ ਹੋ? (1 ਕੁਰਿੰ. 10:24; 1 ਤਿਮੋ. 4:13, 15) ਸਾਰੀਆਂ ਹਿਦਾਇਤਾਂ ਨੂੰ ਧਿਆਨ ਨਾਲ ਸੁਣੋ, ਜਿਵੇਂ ਤੁਸੀਂ ਪ੍ਰਚਾਰ ਕਿੱਥੋਂ ਸ਼ੁਰੂ ਕਰਨਾ ਹੈ। ਮੀਟਿੰਗ ਖ਼ਤਮ ਹੋਣ ਤੇ ਇੰਤਜ਼ਾਮਾਂ ਨੂੰ ਬਦਲੋ ਨਾ, ਸਗੋਂ ਫਟਾਫਟ ਪ੍ਰਚਾਰ ਕਰਨ ਲਈ ਚਲੇ ਜਾਓ।
13. ਜੇ ਸਾਰੇ ਭੈਣ-ਭਰਾ ਹਿਦਾਇਤਾਂ ਵੱਲ ਧਿਆਨ ਦੇਣ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨ, ਤਾਂ ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਤੋਂ ਸਾਨੂੰ ਕੀ ਫ਼ਾਇਦਾ ਹੋਵੇਗਾ?
13 ਯਿਸੂ ਵੱਲੋਂ ਭੇਜੇ ਗਏ 70 ਚੇਲੇ ਪ੍ਰਚਾਰ ਕਰਨ ਤੋਂ ਬਾਅਦ “ਖ਼ੁਸ਼ੀ-ਖ਼ੁਸ਼ੀ ਮੁੜੇ।” (ਲੂਕਾ 10:17) ਉਨ੍ਹਾਂ ਦੇ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਯਿਸੂ ਨੇ ਉਨ੍ਹਾਂ ਨਾਲ ਗੱਲ ਕੀਤੀ ਜਿਸ ਕਰਕੇ ਉਨ੍ਹਾਂ ਨੂੰ ਪ੍ਰਚਾਰ ਕਰਨ ਵਿਚ ਸਫ਼ਲਤਾ ਮਿਲੀ। ਅੱਜ ਵੀ ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਤੋਂ ਇਹੀ ਫ਼ਾਇਦਾ ਹੋ ਸਕਦਾ ਹੈ। ਜੇ ਸਾਰੇ ਭੈਣ-ਭਰਾ ਹਿਦਾਇਤਾਂ ਵੱਲ ਧਿਆਨ ਦੇਣ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨ, ਤਾਂ ਪ੍ਰਚਾਰ ਲਈ ਰੱਖੀਆਂ ਮੀਟਿੰਗਾਂ ਤੋਂ ਸਾਨੂੰ ਹੱਲਾਸ਼ੇਰੀ ਮਿਲੇਗੀ, ਅਸੀਂ “ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ” ਤਿਆਰ ਹੋਵਾਂਗੇ ਅਤੇ ਸਾਰਾ ਕੁਝ ਢੰਗ ਨਾਲ ਕਰਾਂਗੇ।—ਮੱਤੀ 24:14.