ਪ੍ਰਸ਼ਨ ਡੱਬੀ
◼ ਖੇਤਰ ਸੇਵਾ ਸਭਾਵਾਂ ਵਿਚ ਕਿਹੜੀ ਜਾਣਕਾਰੀ ਪੇਸ਼ ਕੀਤੀ ਜਾਣੀ ਚਾਹੀਦੀ ਹੈ?
ਖੇਤਰ ਸੇਵਾ ਸਭਾ ਦਾ ਮਕਸਦ ਪ੍ਰਚਾਰ ਕੰਮ ਉੱਤੇ ਧਿਆਨ ਲਾਉਣ ਵਿਚ ਸਾਡੀ ਮਦਦ ਕਰਨਾ ਹੈ। ਇਸ ਲਈ ਸਭਾ ਕਰਾਉਣ ਵਾਲੇ ਭਰਾ ਨੂੰ ਚੰਗੀ ਤਰ੍ਹਾਂ ਤਿਆਰੀ ਕਰਨੀ ਚਾਹੀਦੀ ਹੈ ਤਾਂਕਿ ਉਹ ਕੁਝ ਖ਼ਾਸ ਹੌਸਲਾਦਾਇਕ ਅਤੇ ਫ਼ਾਇਦੇਮੰਦ ਗੱਲਾਂ ਦੱਸ ਸਕੇ। ਜੇ ਦਿਨ ਦਾ ਪਾਠ ਪ੍ਰਚਾਰ ਦੇ ਕੰਮ ਬਾਰੇ ਚਰਚਾ ਕਰਦਾ ਹੈ, ਤਾਂ ਇਸ ਨੂੰ ਪੜ੍ਹਿਆ ਜਾ ਸਕਦਾ ਹੈ ਤੇ ਸੰਖੇਪ ਵਿਚ ਚਰਚਾ ਕੀਤੀ ਜਾ ਸਕਦੀ ਹੈ। ਪਰ ਸਭਾ ਖ਼ਾਸ ਕਰਕੇ ਪ੍ਰਚਾਰ ਉੱਤੇ ਕੇਂਦ੍ਰਿਤ ਹੋਣੀ ਚਾਹੀਦੀ ਹੈ ਤਾਂਕਿ ਉਸ ਦਿਨ ਜਿਹੜੇ ਪ੍ਰਚਾਰ ਕਰਨ ਲਈ ਜਾ ਰਹੇ ਹਨ, ਉਨ੍ਹਾਂ ਨੂੰ ਸੇਵਕਾਈ ਪੂਰਿਆਂ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੋਣ ਵਿਚ ਮਦਦ ਮਿਲ ਸਕੇ।—2 ਤਿਮੋ. 4:5.
ਪੇਸ਼ ਕੀਤੇ ਜਾਣ ਵਾਲੇ ਪ੍ਰਕਾਸ਼ਨਾਂ ਬਾਰੇ ਤੇ ਉਨ੍ਹਾਂ ਨੂੰ ਕਿੱਦਾਂ ਪੇਸ਼ ਕਰਨਾ ਹੈ, ਇਸ ਬਾਰੇ ਦੱਸਣ ਲਈ ਸਾਡੀ ਰਾਜ ਸੇਵਕਾਈ ਵਿੱਚੋਂ ਢੁਕਵੇਂ ਮੁੱਦਿਆਂ ਉੱਤੇ ਚਰਚਾ ਕੀਤੀ ਜਾ ਸਕਦੀ ਹੈ। ਰਸਾਲਾ ਵੰਡਾਈ ਵਾਲੇ ਦਿਨ “ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ” ਵਿੱਚੋਂ ਇਕ ਪੇਸ਼ਕਾਰੀ ਪ੍ਰਦਰਸ਼ਿਤ ਕੀਤੀ ਜਾ ਸਕਦੀ ਹੈ। ਹੋਰ ਸਾਹਿੱਤ ਪੇਸ਼ ਕਰਨ ਲਈ ਆਪਣੇ ਇਲਾਕੇ ਦੇ ਮੁਤਾਬਕ ਪੁਸਤਿਕਾ ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਵਿੱਚੋਂ ਇਕ ਜਾਂ ਦੋ ਪੇਸ਼ਕਾਰੀਆਂ ਬਾਰੇ ਦੱਸਿਆ ਜਾ ਸਕਦਾ ਹੈ। ਪ੍ਰਚਾਰ ਦੇ ਕਿਸੇ ਇਕ ਪਹਿਲੂ ਤੇ ਚਰਚਾ ਕੀਤੀ ਜਾ ਸਕਦੀ ਹੈ ਜਾਂ ਉਸ ਨੂੰ ਕਰ ਕੇ ਦਿਖਾਇਆ ਜਾ ਸਕਦਾ ਹੈ, ਜਿਵੇਂ ਕਿ ਘਰ-ਘਰ ਪ੍ਰਚਾਰ ਕਰਦੇ ਸਮੇਂ ਬਾਈਬਲ ਕਿੱਦਾਂ ਵਰਤਣੀ ਹੈ, ਇਤਰਾਜ਼ ਕਰਨ ਵਾਲੇ ਲੋਕਾਂ ਨੂੰ ਕਿੱਦਾਂ ਜਵਾਬ ਦੇਣਾ ਹੈ, ਬਾਈਬਲ ਅਧਿਐਨ ਕਿੱਦਾਂ ਪੇਸ਼ ਕਰਨਾ ਹੈ ਜਾਂ ਪੁਨਰ-ਮੁਲਾਕਾਤਾਂ ਕਿੱਦਾਂ ਕਰਨੀਆਂ ਹਨ।
ਖੇਤਰ ਸੇਵਾ ਸਭਾਵਾਂ 10-15 ਮਿੰਟਾਂ ਤੋਂ ਜ਼ਿਆਦਾ ਲੰਬੀਆਂ ਨਹੀਂ ਹੋਣੀਆਂ ਚਾਹੀਦੀਆਂ ਅਤੇ ਇਸ ਵਿਚ ਗਰੁੱਪ ਬਣਾਉਣੇ, ਉਨ੍ਹਾਂ ਨੂੰ ਖੇਤਰ ਦੇਣਾ ਅਤੇ ਪ੍ਰਾਰਥਨਾ ਕਰਨੀ ਵੀ ਸ਼ਾਮਲ ਹੈ। ਸਭਾ ਖ਼ਤਮ ਹੋਣ ਤੇ ਉੱਥੇ ਹਾਜ਼ਰ ਸਾਰੇ ਵਿਅਕਤੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿੱਥੇ ਤੇ ਕਿਸ ਨਾਲ ਕੰਮ ਕਰਨਗੇ। ਪ੍ਰਕਾਸ਼ਕਾਂ ਦੇ ਹਰੇਕ ਜੋੜੇ ਨੂੰ ਖੇਤਰ ਦੇ ਨਕਸ਼ਾ ਕਾਰਡ (S-12) ਵਿੱਚੋਂ ਦਿਖਾਇਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕਿੱਥੇ ਪ੍ਰਚਾਰ ਕਰਨਾ ਹੈ ਤਾਂਕਿ ਉਹ ਜਲਦੀ ਆਪਣੇ-ਆਪਣੇ ਖੇਤਰ ਵਿਚ ਜਾ ਸਕਣ। ਇਸ ਤਰ੍ਹਾਂ ਉਹ ਵੱਡੇ ਗਰੁੱਪਾਂ ਵਿਚ ਖੇਤਰ ਵਿਚ ਨਹੀਂ ਜਾਣਗੇ ਤੇ ਨਾ ਹੀ ਉਨ੍ਹਾਂ ਨੂੰ ਸਾਰੇ ਲੋਕਾਂ ਦੀਆਂ ਨਜ਼ਰਾਂ ਦੇ ਸਾਮ੍ਹਣੇ ਖੇਤਰ ਦੇਣ ਦੀ ਲੋੜ ਪਵੇਗੀ। ਸਭਾ ਛੋਟੀ ਹੋਣ ਕਰਕੇ ਸਾਰਿਆਂ ਲਈ ਸਮੇਂ ਸਿਰ ਪਹੁੰਚਣਾ ਬਹੁਤ ਜ਼ਰੂਰੀ ਹੈ। ਜੇ ਖੇਤਰ ਸੇਵਾ ਸਭਾ ਕਿਸੇ ਹੋਰ ਕਲੀਸਿਯਾ ਸਭਾ, ਜਿਵੇਂ ਪਹਿਰਾਬੁਰਜ ਅਧਿਐਨ ਤੋਂ ਬਾਅਦ ਕੀਤੀ ਜਾਂਦੀ ਹੈ, ਤਾਂ ਇਹ ਸਭਾ ਹੋਰ ਵੀ ਛੋਟੀ ਹੋਣੀ ਚਾਹੀਦੀ ਹੈ। ਉਦੋਂ ਦਿਨ ਦੇ ਪਾਠ ਦੀ ਚਰਚਾ ਕਰਨੀ ਜ਼ਰੂਰੀ ਨਹੀਂ ਹੈ ਕਿਉਂਕਿ ਸਾਰਿਆਂ ਨੇ ਪਹਿਲਾਂ ਹੀ ਬਾਈਬਲ ਦੀ ਵਧੀਆ ਚਰਚਾ ਦਾ ਆਨੰਦ ਮਾਣਿਆ ਹੁੰਦਾ ਹੈ।
ਹਰ ਖੇਤਰ ਸੇਵਾ ਸਭਾ ਕਰਨ ਲਈ ਪਹਿਲਾਂ ਤੋਂ ਹੀ ਇਕ ਕਾਬਲ ਬਪਤਿਸਮਾ-ਪ੍ਰਾਪਤ ਭਰਾ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਜੇ ਕਿਸੇ ਦਿਨ ਕੋਈ ਵੀ ਭਰਾ ਅਗਵਾਈ ਕਰਨ ਲਈ ਮੌਜੂਦ ਨਹੀਂ ਹੈ, ਤਾਂ ਬਜ਼ੁਰਗ ਕਿਸੇ ਬਪਤਿਸਮਾ-ਪ੍ਰਾਪਤ ਭੈਣ ਨੂੰ ਜ਼ਿੰਮੇਵਾਰੀ ਸੌਂਪ ਸਕਦੇ ਹਨ ਤਾਂਕਿ ਲੋੜ ਪੈਣ ਤੇ ਉਹ ਭੈਣ ਅਗਵਾਈ ਕਰ ਸਕੇ। ਭੈਣ ਬੈਠ ਕੇ ਹੀ ਦਿਨ ਦੇ ਪਾਠ ਦੀ ਜਾਂ ਖੇਤਰ ਸੇਵਕਾਈ ਸੰਬੰਧੀ ਹੋਰ ਮੁੱਦਿਆਂ ਦੀ ਸੰਖੇਪ ਵਿਚ ਗਰੁੱਪ ਨਾਲ ਚਰਚਾ ਕਰ ਸਕਦੀ ਹੈ। ਸਭਾ ਚਲਾਉਂਦੇ ਸਮੇਂ ਉਸ ਨੂੰ ਆਪਣਾ ਸਿਰ ਢਕਣਾ ਚਾਹੀਦਾ ਹੈ।
ਖੇਤਰ ਸੇਵਾ ਸਭਾਵਾਂ ਸਾਨੂੰ ਉਤਸ਼ਾਹਿਤ ਕਰਨ ਅਤੇ ਸੇਵਕਾਈ ਵਿਚ ਹਿੱਸਾ ਲੈਣ ਲਈ ਤਿਆਰ ਕਰਨ ਦੇ ਬਹੁਤ ਹੀ ਵਧੀਆ ਮੌਕੇ ਹਨ। ਸਭਾ ਕਰਾਉਣ ਵਾਲੇ ਭਰਾ ਜਾਂ ਭੈਣ ਨੇ ਜਿੰਨੀ ਚੰਗੀ ਤਰ੍ਹਾਂ ਤਿਆਰੀ ਕੀਤੀ ਹੋਵੇਗੀ, ਉੱਨਾ ਹੀ ਸਾਰਿਆਂ ਨੂੰ ਫ਼ਾਇਦਾ ਹੋਵੇਗਾ।