ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 11/98 ਸਫ਼ੇ 3-6
  • ਆਪਣੀ ਸੇਵਕਾਈ ਵਿਚ ਪ੍ਰਭਾਵਕਾਰੀ ਹੋਵੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੀ ਸੇਵਕਾਈ ਵਿਚ ਪ੍ਰਭਾਵਕਾਰੀ ਹੋਵੋ
  • ਸਾਡੀ ਰਾਜ ਸੇਵਕਾਈ—1998
  • ਮਿਲਦੀ-ਜੁਲਦੀ ਜਾਣਕਾਰੀ
  • ਕੀ ਪ੍ਰਚਾਰ ਲਈ ਆਪਣਾ ਇਲਾਕਾ ਲੈ ਕੇ ਤੁਹਾਨੂੰ ਫ਼ਾਇਦਾ ਹੋਵੇਗਾ?
    ਸਾਡੀ ਰਾਜ ਸੇਵਕਾਈ—2013
  • ਆਪਣੇ ਸਮੇਂ ਨੂੰ ਪ੍ਰਭਾਵਕਾਰੀ ਤਰੀਕੇ ਨਾਲ ਇਸਤੇਮਾਲ ਕਰੋ
    ਸਾਡੀ ਰਾਜ ਸੇਵਕਾਈ—1999
  • ਪ੍ਰਚਾਰ ਵਿਚ ਇਕ ਉੱਤਮ ਅਸੂਲ ʼਤੇ ਚੱਲੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2014
  • ਕੀ ਤੁਹਾਡੇ ਕੋਲ ਪ੍ਰਚਾਰ ਵਾਸਤੇ ਆਪਣਾ ਇਲਾਕਾ ਹੈ?
    ਸਾਡੀ ਰਾਜ ਸੇਵਕਾਈ—2006
ਹੋਰ ਦੇਖੋ
ਸਾਡੀ ਰਾਜ ਸੇਵਕਾਈ—1998
km 11/98 ਸਫ਼ੇ 3-6

ਆਪਣੀ ਸੇਵਕਾਈ ਵਿਚ ਪ੍ਰਭਾਵਕਾਰੀ ਹੋਵੋ

1 ਆਸਮਾਨ ਕਾਲਾ ਹੋ ਜਾਂਦਾ ਹੈ, ਅਤੇ ਇਕ ਡਰਾਉਣੀ ਗੂੰਜ ਵੱਧ ਕੇ ਬੋਲ਼ਿਆਂ ਕਰ ਦੇਣ ਵਾਲੀ ਵੱਡੀ ਗਰਜ ਬਣ ਜਾਂਦੀ ਹੈ। ਇਕ ਧੂੰਏਂ ਵਰਗਾ ਬੱਦਲ ਹੇਠਾਂ ਉਤਰਦਾ ਹੈ। ਇਹ ਕੀ ਹੈ? ਲੱਖਾਂ ਹੀ ਟਿੱਡੀਆਂ ਦੀ ਫ਼ੌਜ ਦੇਸ਼ ਦਾ ਪੂਰੀ ਤਰ੍ਹਾਂ ਨਾਲ ਨਾਸ਼ ਕਰਨ ਲਈ ਆ ਰਹੀ ਹੈ! ਯੋਏਲ ਨਬੀ ਦੁਆਰਾ ਬਿਆਨ ਕੀਤੇ ਗਏ ਇਸ ਦ੍ਰਿਸ਼ ਦੀ ਪੂਰਤੀ, ਅੱਜ ਪਰਮੇਸ਼ੁਰ ਦੇ ਮਸਹ ਕੀਤੇ ਹੋਏ ਸੇਵਕਾਂ ਅਤੇ ਉਨ੍ਹਾਂ ਦੇ ਸਾਥੀ, ਅਰਥਾਤ ਵੱਡੀ ਭੀੜ ਦੇ ਪ੍ਰਚਾਰ ਕੰਮ ਦੁਆਰਾ ਹੋ ਰਹੀ ਹੈ।

2 ਮਈ 1, 1998, ਦੇ ਪਹਿਰਾਬੁਰਜ, ਸਫ਼ਾ 10, ਪੈਰਾ 19, ਨੇ ਬਿਆਨ ਕੀਤਾ: “ਪਰਮੇਸ਼ੁਰ ਦੀ ਆਧੁਨਿਕ ਦਿਨ ਦੀ ਟਿੱਡੀਆਂ ਦੀ ਫ਼ੌਜ ਨੇ ਈਸਾਈ-ਜਗਤ ਦੇ ‘ਸ਼ਹਿਰ’ ਵਿਚ ਮੁਕੰਮਲ ਗਵਾਹੀ ਦਿੱਤੀ ਹੈ। (ਯੋਏਲ 2:9) . . . ਜਿਉਂ-ਜਿਉਂ ਉਹ ਯਹੋਵਾਹ ਦੇ ਸੰਦੇਸ਼ ਦਾ ਐਲਾਨ ਕਰਦੇ ਹਨ ਉਹ ਅਜੇ ਵੀ ਸਾਰੀਆਂ ਔਕੜਾਂ ਪਾਰ ਕਰ ਰਹੇ ਹਨ, ਕਰੋੜਾਂ ਘਰਾਂ ਵਿਚ ਜਾ ਰਹੇ ਹਨ, ਸੜਕਾਂ ਤੇ ਲੋਕਾਂ ਨੂੰ ਗਵਾਹੀ ਦੇ ਰਹੇ ਹਨ, ਫ਼ੋਨ ਉੱਤੇ ਉਨ੍ਹਾਂ ਨਾਲ ਗੱਲ ਕਰ ਰਹੇ ਹਨ, ਅਤੇ ਉਨ੍ਹਾਂ ਨੂੰ ਹਰ ਸੰਭਵ ਤਰੀਕੇ ਨਾਲ ਮਿਲ ਰਹੇ ਹਨ।” ਕੀ ਪਰਮੇਸ਼ੁਰ ਦੁਆਰਾ ਦਿੱਤੇ ਗਏ ਇਸ ਕੰਮ ਵਿਚ ਹਿੱਸਾ ਲੈਣਾ, ਸਾਡੇ ਲਈ ਇਕ ਮਹਾਨ ਵਿਸ਼ੇਸ਼-ਸਨਮਾਨ ਨਹੀਂ ਹੈ?

3 ਅਸਲ ਟਿੱਡੀਆਂ ਤੋਂ ਬਿਲਕੁਲ ਉਲਟ, ਜਿਨ੍ਹਾਂ ਦਾ ਇੱਕੋ-ਇਕ ਮਕਸਦ ਸਿਰਫ਼ ਆਪਣਾ ਹੀ ਢਿੱਡ ਭਰਨਾ ਹੁੰਦਾ ਹੈ, ਅਸੀਂ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ, ਉਨ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਲਈ ਬਹੁਤ ਜ਼ਿਆਦਾ ਫ਼ਿਕਰ ਵਿਖਾਉਂਦੇ ਹਾਂ ਜਿਨ੍ਹਾਂ ਨੂੰ ਅਸੀਂ ਪ੍ਰਚਾਰ ਕਰਦੇ ਹਾਂ। ਅਸੀਂ ਪਰਮੇਸ਼ੁਰ ਦੇ ਬਚਨ ਵਿਚ ਦਿੱਤੀ ਗਈ ਸ਼ਾਨਦਾਰ ਸੱਚਾਈ ਨੂੰ ਸਿੱਖਣ ਵਿਚ ਲੋਕਾਂ ਦੀ ਮਦਦ ਕਰਨੀ ਚਾਹੁੰਦੇ ਹਾਂ ਤਾਂਕਿ ਉਹ ਅਜਿਹੇ ਕਦਮ ਚੁੱਕਣ ਲਈ ਪ੍ਰੇਰਿਤ ਹੋਣ ਜੋ ਉਨ੍ਹਾਂ ਨੂੰ ਸਦੀਪਕ ਮੁਕਤੀ ਵੱਲ ਲੈ ਜਾਣਗੇ। (ਯੂਹੰ. 17:3; 1 ਤਿਮੋ. 4:16) ਇਸ ਲਈ, ਅਸੀਂ ਆਪਣੀ ਸੇਵਕਾਈ ਵਿਚ ਪ੍ਰਭਾਵਕਾਰੀ ਹੋਣਾ ਚਾਹੁੰਦੇ ਹਾਂ। ਅਸੀਂ ਸੇਵਕਾਈ ਵਿਚ ਭਾਵੇਂ ਜਿਹੜਾ ਵੀ ਤਰੀਕਾ ਅਪਣਾਈਏ, ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਅਸੀਂ ਸੇਵਕਾਈ ਨੂੰ ਅਜਿਹੇ ਢੰਗ ਨਾਲ ਅਤੇ ਅਜਿਹੇ ਸਮੇਂ ਤੇ ਕਰ ਰਹੇ ਹਾਂ ਜਿਸ ਦੇ ਸਭ ਤੋਂ ਵਧੀਆ ਨਤੀਜੇ ਨਿਕਲਣਗੇ। ਕਿਉਂਕਿ “ਇਸ ਸੰਸਾਰ ਦਾ ਰੰਗ ਢੰਗ ਬੀਤਦਾ ਜਾਂਦਾ ਹੈ,” ਇਹ ਨਿਸ਼ਚਿਤ ਕਰਨ ਲਈ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਫਲਦਾਇਕ ਬਣਨ ਵਿਚ ਸਫ਼ਲ ਹੋ ਰਹੇ ਹਾਂ ਜਾਂ ਨਹੀਂ, ਸਾਨੂੰ ਆਪਣੇ ਪ੍ਰਚਾਰ ਕਰਨ ਦੇ ਤਰੀਕਿਆਂ ਦੀ ਅਤੇ ਪੇਸ਼ਕਾਰੀਆਂ ਦੀ ਜਾਂਚ ਕਰਨੀ ਚਾਹੀਦੀ ਹੈ।—1 ਕੁਰਿੰ. 7:31.

4 ਚਾਹੇ ਅਸੀਂ ਵੱਖ-ਵੱਖ ਤਰੀਕਿਆਂ ਨਾਲ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਫਿਰ ਵੀ ਘਰ-ਘਰ ਜਾ ਕੇ ਪ੍ਰਚਾਰ ਕਰਨ ਦਾ ਕੰਮ ਅਜੇ ਵੀ ਸਾਡੀ ਸੇਵਕਾਈ ਦਾ ਮੁੱਖ ਭਾਗ ਹੈ। ਕੀ ਤੁਸੀਂ ਪਾਉਂਦੇ ਹੋ ਕਿ ਜਦੋਂ ਤੁਸੀਂ ਘਰ-ਘਰ ਜਾਂਦੇ ਹੋ, ਤਾਂ ਲੋਕ ਆਮ ਤੌਰ ਤੇ ਘਰ ਨਹੀਂ ਹੁੰਦੇ ਹਨ ਜਾਂ ਫਿਰ ਸੁੱਤੇ ਪਏ ਹੁੰਦੇ ਹਨ? ਤੁਹਾਨੂੰ ਕਿੰਨੀ ਨਿਰਾਸ਼ਾ ਹੁੰਦੀ ਹੈ, ਕਿਉਂਕਿ ਤੁਸੀਂ ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਨਹੀਂ ਸੁਣਾ ਪਾਉਂਦੇ ਹੋ! ਤੁਸੀਂ ਇਸ ਚੁਣੌਤੀ ਦਾ ਕਿਵੇਂ ਸਾਮ੍ਹਣਾ ਕਰ ਸਕਦੇ ਹੋ?

5 ਪਰਿਵਰਤਨਸ਼ੀਲ ਅਤੇ ਤਰਕਸ਼ੀਲ ਹੋਵੋ: ਪਹਿਲੀ ਸਦੀ ਦੇ ਇਸਰਾਏਲ ਵਿਚ ਮਛੇਰੇ ਰਾਤ ਨੂੰ ਮੱਛੀਆਂ ਫੜਦੇ ਹੁੰਦੇ ਸਨ। ਰਾਤ ਨੂੰ ਕਿਉਂ? ਚਾਹੇ ਇਹ ਉਨ੍ਹਾਂ ਲਈ ਬਹੁਤਾ ਸੁਖਾਲਾ ਸਮਾਂ ਨਹੀਂ ਸੀ, ਪਰ ਜ਼ਿਆਦਾ ਤੋਂ ਜ਼ਿਆਦਾ ਮੱਛੀਆਂ ਫੜਨ ਦਾ ਇਹੀ ਸਭ ਤੋਂ ਚੰਗਾ ਸਮਾਂ ਸੀ। ਇਹ ਸਭ ਤੋਂ ਜ਼ਿਆਦਾ ਫਲਦਾਇਕ ਸਮਾਂ ਸੀ। ਇਸ ਤੇ ਟਿੱਪਣੀ ਕਰਦਿਆਂ, ਜੂਨ 15, 1992, ਦੇ ਪਹਿਰਾਬੁਰਜ (ਅੰਗ੍ਰੇਜ਼ੀ) ਨੇ ਕਿਹਾ: “ਸਾਨੂੰ ਵੀ ਆਪਣੇ ਖੇਤਰ ਨੂੰ ਧਿਆਨ ਨਾਲ ਜਾਂਚਣਾ ਚਾਹੀਦਾ ਹੈ ਤਾਂਕਿ ਅਸੀਂ ਮਾਨੋ ਉਸ ਸਮੇਂ ਮੱਛੀਆਂ ਫੜਨ ਜਾਈਏ ਜਦੋਂ ਜ਼ਿਆਦਾਤਰ ਲੋਕ ਘਰ ਹੋਣ ਅਤੇ ਸੁਣਨ ਨੂੰ ਵੀ ਤਿਆਰ ਹੋਣ।” ਲੋਕਾਂ ਦੀਆਂ ਸਮਾਜਕ ਆਦਤਾਂ ਨੂੰ ਧਿਆਨ ਨਾਲ ਦੇਖਣ ਤੇ ਇਹ ਪਤਾ ਲੱਗਾ ਹੈ ਕਿ ਬਹੁਤ ਸਾਰੇ ਰਿਹਾਇਸ਼ੀ ਇਲਾਕਿਆਂ ਵਿਚ ਲੋਕ ਉਦੋਂ ਸ਼ਾਇਦ ਘਰ ਵਿਚ ਹੋਣ ਜਦੋਂ ਅਸੀਂ ਸਿਨੱਚਰਵਾਰ ਅਤੇ ਐਤਵਾਰ ਨੂੰ ਸਵੇਰੇ-ਸਵੇਰੇ ਉਨ੍ਹਾਂ ਕੋਲ ਜਾਂਦੇ ਹਾਂ, ਪਰ ਉਹ ਆਮ ਤੌਰ ਤੇ ਉਸ ਵੇਲੇ ਸਾਡਾ ਆਉਣਾ ਪਸੰਦ ਨਹੀਂ ਕਰਦੇ ਹਨ। ਜੇਕਰ ਤੁਹਾਡੇ ਇਲਾਕੇ ਵਿਚ ਇਹ ਸਮੱਸਿਆ ਹੈ, ਤਾਂ ਕੀ ਤੁਸੀਂ ਆਪਣਾ ਸਮਾਂ ਬਦਲ ਕੇ ਸਵੇਰੇ ਦੇਰ ਨਾਲ ਜਾਂ ਦੁਪਹਿਰ ਨੂੰ ਘਰ-ਘਰ ਦੀ ਸੇਵਕਾਈ ਕਰ ਸਕਦੇ ਹੋ? ਇਹ ਸਾਡੀ ਸੇਵਕਾਈ ਦੀ ਪ੍ਰਭਾਵਕਤਾ ਨੂੰ ਵਧਾਉਣ ਦਾ ਇਕ ਵਧੀਆ ਤਰੀਕਾ ਹੈ, ਅਤੇ ਆਪਣੇ ਗੁਆਂਢੀ ਲਈ ਪਰਵਾਹ ਵਿਖਾਉਣ ਦਾ ਵੀ, ਜੋ ਕਿ ਸੱਚੇ ਮਸੀਹੀ ਪ੍ਰੇਮ ਦਾ ਸਬੂਤ ਹੈ।—ਮੱਤੀ 7:12.

6 ਫ਼ਿਲਿੱਪੀਆਂ 4:5 ਵਿਚ, ਪ੍ਰੇਰਿਤ ਪੌਲੁਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਅਸੀਂ ‘ਆਪਣੀ ਤਰਕਸ਼ੀਲਤਾ ਨੂੰ ਸਭਨਾਂ ਮਨੁੱਖਾਂ ਉੱਤੇ ਪ੍ਰਗਟ ਹੋਣ’ (ਨਿ ਵ) ਦੇਈਏ। ਇਸ ਪ੍ਰੇਰਿਤ ਨਿਰਦੇਸ਼ਨ ਦੀ ਇਕਸਾਰਤਾ ਵਿਚ, ਅਸੀਂ ਆਪਣੀ ਸੇਵਕਾਈ ਨੂੰ ਜੋਸ਼ ਅਤੇ ਉਤਸ਼ਾਹ ਨਾਲ ਕਰਦਿਆਂ ਹੋਇਆਂ ਆਪਣੇ ਪ੍ਰਚਾਰ ਕਰਨ ਦੇ ਤਰੀਕਿਆਂ ਵਿਚ ਸੰਤੁਲਿਤ ਅਤੇ ਤਰਕਸ਼ੀਲ ਹੋਣਾ ਚਾਹੁੰਦੇ ਹਾਂ। ਅਸੀਂ ‘ਖੁਲ੍ਹੇ ਆਮ ਅਤੇ ਘਰ ਘਰ ਜਾ ਕੇ ਸਿਖਿਆ ਦੇਣ ਤੋਂ ਪਿੱਛੇ ਨਹੀਂ ਹੱਟਣਾ’ ਚਾਹੁੰਦੇ ਹਾਂ, ਬਲਕਿ ਅਸੀਂ ਇਸ ਗੱਲੋਂ ਯਕੀਨੀ ਹੋਣਾ ਚਾਹੁੰਦੇ ਹਾਂ ਕਿ ਅਸੀਂ ਆਪਣੀ ਘਰ-ਘਰ ਦੀ ਸੇਵਕਾਈ ਨੂੰ ਉਨ੍ਹਾਂ ਸਮਿਆਂ ਤੇ ਕਰੀਏ ਜਿਹੜੇ ਤਰਕਸ਼ੀਲ ਅਤੇ ਫਲਦਾਇਕ ਹੋਣ। (ਰਸੂ. 20:20, ਪਵਿੱਤਰ ਬਾਈਬਲ ਨਵਾਂ ਅਨੁਵਾਦ) ਪਹਿਲੀ ਸਦੀ ਦੇ ਇਸਰਾਏਲ ਦੇ ਮਛੇਰਿਆਂ ਵਾਂਗ, ਅਸੀਂ ਉਸ ਸਮੇਂ ਤੇ ‘ਮੱਛੀ ਫੜਨਾ’ ਚਾਹੁੰਦੇ ਹਾਂ ਜਦੋਂ ਅਸੀਂ ਸਭ ਤੋਂ ਜ਼ਿਆਦਾ ਫਲਦਾਇਕ ਹੋ ਸਕਦੇ ਹਾਂ, ਨਾ ਕਿ ਉਸ ਸਮੇਂ ਤੇ ਜੋ ਸਾਡੇ ਲਈ ਸਭ ਤੋਂ ਸੁਖਾਲਾ ਹੈ।

7 ਕਿਹੜੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ? ਆਮ ਤੌਰ ਤੇ ਖੇਤਰ ਸੇਵਾ ਲਈ ਸਭਾਵਾਂ ਸਿਨੱਚਰਵਾਰ ਅਤੇ ਐਤਵਾਰ ਨੂੰ ਸਵੇਰੇ 9 ਵਜੇ ਜਾਂ 9:30 ਵਜੇ ਹੁੰਦੀਆਂ ਹਨ, ਜਿਸ ਤੋਂ ਇਕਦਮ ਬਾਅਦ ਗਰੁੱਪ ਘਰ-ਘਰ ਦੀ ਸੇਵਕਾਈ ਲਈ ਖੇਤਰ ਵਿਚ ਚਲਾ ਜਾਂਦਾ ਹੈ। ਪਰੰਤੂ, ਕੁਝ ਬਜ਼ੁਰਗਾਂ ਦੇ ਸਮੂਹ ਇਹ ਪ੍ਰਬੰਧ ਕਰਦੇ ਹਨ ਕਿ ਪ੍ਰਕਾਸ਼ਕ ਰਿਹਾਇਸ਼ੀ ਇਲਾਕਿਆਂ ਵਿਚ ਘਰ-ਘਰ ਦੀ ਸੇਵਕਾਈ ਕਰਨ ਤੋਂ ਪਹਿਲਾਂ ਸੇਵਕਾਈ ਦੇ ਦੂਜੇ ਪਹਿਲੂਆਂ ਵਿਚ ਭਾਗ ਲੈਣ, ਜਿਵੇਂ ਕਿ ਸੜਕ ਗਵਾਹੀ, ਵਪਾਰਕ ਖੇਤਰ ਵਿਚ ਸੇਵਕਾਈ, ਜਾਂ ਪੁਨਰ-ਮੁਲਾਕਾਤ। ਦੂਸਰੀਆਂ ਕਲੀਸਿਯਾਵਾਂ ਨੇ ਖੇਤਰ ਸੇਵਾ ਲਈ ਸਭਾ ਦਾ ਸਮਾਂ ਸਵੇਰੇ 10 ਵਜੇ, 11 ਵਜੇ, ਜਾਂ ਦੁਪਹਿਰ 12 ਵਜੇ ਰੱਖਿਆ ਹੈ। ਇਸ ਤੋਂ ਬਾਅਦ, ਗਰੁੱਪ ਸਿੱਧਾ ਘਰ-ਘਰ ਦੀ ਸੇਵਕਾਈ ਲਈ ਚਲਾ ਜਾਂਦਾ ਹੈ ਅਤੇ ਦੁਪਹਿਰ ਦੇ 2-3 ਵਜੇ ਤਕ ਸੇਵਕਾਈ ਕਰਦਾ ਹੈ। ਕੁਝ ਖੇਤਰਾਂ ਵਿਚ, ਸਵੇਰ ਦੀ ਬਜਾਇ ਦੁਪਹਿਰ ਨੂੰ ਖੇਤਰ ਸੇਵਾ ਲਈ ਮਿਲਣਾ ਸ਼ਾਇਦ ਸਭ ਤੋਂ ਵਧੀਆ ਹੋਵੇ। ਇਸ ਤਰ੍ਹਾਂ ਦੀਆਂ ਤਬਦੀਲੀਆਂ ਘਰ-ਘਰ ਦੀ ਸੇਵਕਾਈ ਨੂੰ ਹੋਰ ਜ਼ਿਆਦਾ ਫਲਦਾਇਕ ਬਣਾਉਣ ਵਿਚ ਕਾਫ਼ੀ ਯੋਗਦਾਨ ਪਾ ਸਕਦੀਆਂ ਹਨ।

8 ਸੂਝਵਾਨ ਅਤੇ ਸਿਆਣੇ ਹੋਵੋ: ਜਦੋਂ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਮਿਲਦੇ ਹਾਂ, ਤਾਂ ਲੋਕ ਸਾਡੇ ਸੰਦੇਸ਼ ਪ੍ਰਤੀ ਵੱਖੋ-ਵੱਖਰੀਆਂ ਪ੍ਰਤਿਕ੍ਰਿਆਵਾਂ ਦਿਖਾਉਂਦੇ ਹਨ। ਕੁਝ ਘਰ-ਸੁਆਮੀ ਸੁਣਨ ਵਾਲੇ ਹੁੰਦੇ ਹਨ, ਦੂਜੇ ਉਦਾਸੀਨ ਹੁੰਦੇ ਹਨ, ਅਤੇ ਕੁਝ ਸ਼ਾਇਦ ਬਹਿਸ ਕਰਨ ਵਾਲੇ ਜਾਂ ਝਗੜਾ ਕਰਨ ਵਾਲੇ ਹੁੰਦੇ ਹਨ। ਬਹਿਸੀ ਜਾਂ ਝਗੜਾਲੂ ਘਰ-ਸੁਆਮੀ ਦੇ ਮਾਮਲੇ ਵਿਚ ਸ਼ਾਸਤਰ ਵਿੱਚੋਂ ਤਰਕ ਕਰਨਾ (ਅੰਗ੍ਰੇਜ਼ੀ) ਦਾ ਸਫ਼ਾ 7 ਸਾਨੂੰ ਯਾਦ ਦਿਲਾਉਂਦਾ ਹੈ ਕਿ ਅਸੀਂ “ਉਨ੍ਹਾਂ ਨਾਲ ਜੋ ਸੱਚਾਈ ਲਈ ਕੋਈ ਕਦਰ ਨਹੀਂ ਵਿਖਾਉਂਦੇ ਹਨ ‘ਬਹਿਸ ਜਿੱਤਣ’” ਦੀ ਕੋਸ਼ਿਸ਼ ਨਹੀਂ ਕਰ ਰਹੇ ਹਾਂ। ਜੇਕਰ ਘਰ-ਸੁਆਮੀ ਵਿਰੋਧ ਕਰਨ ਵਾਲਾ ਹੋਵੇ, ਤਾਂ ਇਹ ਸਾਡੇ ਲਈ ਬਿਹਤਰ ਹੋਵੇਗਾ ਕਿ ਅਸੀਂ ਉੱਥੋਂ ਚਲੇ ਜਾਈਏ। ਸਾਨੂੰ ਕਦੇ ਵੀ ਲੋਕਾਂ ਨੂੰ ਜ਼ਬਰਦਸਤੀ ਆਪਣਾ ਸੰਦੇਸ਼ ਸੁਣਾਉਣ ਜਾਂ ਉਨ੍ਹਾਂ ਉੱਤੇ ਆਪਣੇ ਵਿਚਾਰ ਥੋਪਣ ਦੁਆਰਾ ਗੁੱਸਾ ਨਹੀਂ ਦਿਵਾਉਣਾ ਚਾਹੀਦਾ ਹੈ। ਅਸੀਂ ਆਪਣਾ ਸੰਦੇਸ਼ ਦੂਜਿਆਂ ਉੱਤੇ ਨਹੀਂ ਥੋਪਦੇ ਹਾਂ। ਇਸ ਤਰ੍ਹਾਂ ਜ਼ਬਰਦਸਤੀ ਕਰਨਾ ਤਰਕਸ਼ੀਲ ਨਹੀਂ ਹੋਵੇਗਾ ਅਤੇ ਇਹ ਦੂਸਰੇ ਗਵਾਹਾਂ ਲਈ ਅਤੇ ਸੇਵਕਾਈ ਦੇ ਕੰਮ ਲਈ ਮੁਸੀਬਤ ਖੜ੍ਹੀ ਕਰ ਸਕਦਾ ਹੈ।

9 ਖੇਤਰ ਵਿਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਇਹ ਦੇਖਣ ਲਈ ਖੇਤਰ ਕਾਰਡ ਦੀ ਜਾਂਚ ਕਰਨੀ ਸਮਝਦਾਰੀ ਹੋਵੇਗੀ ਕਿ ਕਿਹੜੇ ਘਰਾਂ ਵਿਚ ਲੋਕਾਂ ਨੇ ਸਾਨੂੰ ਦੁਬਾਰਾ ਨਾ ਆਉਣ ਲਈ ਕਿਹਾ ਸੀ। ਜੇਕਰ ਇਹੋ ਜਿਹੇ ਪਤੇ ਹਨ, ਤਾਂ ਉਸ ਗਲੀ ਵਿਚ ਕੰਮ ਕਰਨ ਵਾਲੇ ਹਰੇਕ ਪ੍ਰਕਾਸ਼ਕ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਉਹ ਕਿਹੜੇ ਘਰਾਂ ਤੇ ਨਾ ਜਾਣ। ਕਿਸੇ ਵੀ ਪ੍ਰਕਾਸ਼ਕ ਨੂੰ ਸੇਵਾ ਨਿਗਾਹਬਾਨ ਦੇ ਨਿਰਦੇਸ਼ਨ ਤੋਂ ਬਗੈਰ ਉਨ੍ਹਾਂ ਘਰਾਂ ਵਿਚ ਜਾਣ ਦਾ ਖ਼ੁਦ ਨਿਰਣਾ ਨਹੀਂ ਲੈਣਾ ਚਾਹੀਦਾ ਹੈ।—ਮਈ 1998 ਦੀ ਸਾਡੀ ਰਾਜ ਸੇਵਕਾਈ ਦੀ ਪ੍ਰਸ਼ਨ ਡੱਬੀ ਵੇਖੋ।

10 ਅਸੀਂ ਘਰ-ਘਰ ਦੀ ਸੇਵਕਾਈ ਕਰਦੇ ਸਮੇਂ ਸੂਝਵਾਨ ਹੋਣ ਦੁਆਰਾ ਆਪਣੀ ਪ੍ਰਭਾਵਕਤਾ ਨੂੰ ਵਧਾ ਸਕਦੇ ਹਾਂ। ਜਦੋਂ ਤੁਸੀਂ ਕਿਸੇ ਘਰ ਦੇ ਨੇੜੇ ਜਾਂਦੇ ਹੋ ਤਾਂ ਚੌਕਸ ਹੋਵੋ। ਕੀ ਸਾਰੇ ਪਰਦੇ ਬੰਦ ਹਨ? ਕੀ ਘਰ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ? ਇਹ ਸ਼ਾਇਦ ਸੰਕੇਤ ਕਰੇ ਕਿ ਘਰ ਦੇ ਮੈਂਬਰ ਸੌਂ ਰਹੇ ਹਨ। ਸੰਭਵ ਹੈ ਕਿ ਜੇਕਰ ਅਸੀਂ ਬਾਅਦ ਵਿਚ ਵਾਪਸ ਜਾਵਾਂਗੇ, ਤਾਂ ਅਸੀਂ ਘਰ-ਸੁਆਮੀ ਨਾਲ ਜ਼ਿਆਦਾ ਫਲਦਾਇਕ ਗੱਲ-ਬਾਤ ਕਰ ਸਕਾਂਗੇ। ਸ਼ਾਇਦ ਉਸ ਵੇਲੇ ਉਸ ਘਰ ਦੇ ਦਰਵਾਜ਼ੇ ਤੇ ਨਾ ਖਟਖਟਾਉਣਾ ਅਤੇ ਘਰ ਦਾ ਨੰਬਰ ਨੋਟ ਕਰ ਲੈਣਾ ਚੰਗਾ ਹੋਵੇਗਾ। ਉਸ ਇਲਾਕੇ ਨੂੰ ਛੱਡਣ ਤੋਂ ਪਹਿਲਾਂ, ਤੁਸੀਂ ਉਸ ਘਰ ਤੇ ਦੁਬਾਰਾ ਜਾ ਸਕਦੇ ਹੋ ਜਾਂ ਫਿਰ ਕਿਸੇ ਦੂਸਰੇ ਸਮੇਂ ਤੇ ਵਾਪਸ ਜਾਣ ਲਈ ਪਤਾ ਲਿਖ ਸਕਦੇ ਹੋ।

11 ਫਿਰ ਵੀ, ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ, ਜਦੋਂ ਅਸੀਂ ਅਣਜਾਣੇ ਵਿਚ ਕਿਸੇ ਨੂੰ ਨੀਂਦ ਤੋਂ ਜਗਾ ਦਿੰਦੇ ਹਾਂ ਜਾਂ ਉਸ ਦੇ ਕਿਸੇ ਕੰਮ ਵਿਚ ਵਿਘਨ ਪਾਉਂਦੇ ਹਾਂ। ਉਹ ਸ਼ਾਇਦ ਖਿਝਿਆ ਹੋਇਆ ਜਾਂ ਫਿਰ ਗੁੱਸੇ ਵਿਚ ਨਜ਼ਰ ਆਵੇ। ਸਾਨੂੰ ਕਿਵੇਂ ਪ੍ਰਤਿਕ੍ਰਿਆ ਦਿਖਾਉਣੀ ਚਾਹੀਦੀ ਹੈ? ਕਹਾਉਤਾਂ 17:27 ਸਲਾਹ ਦਿੰਦਾ ਹੈ: “ਸਮਝ ਵਾਲਾ ਸ਼ੀਲ ਸੁਭਾਉ ਹੁੰਦਾ ਹੈ।” ਜਦ ਕਿ ਅਸੀਂ ਆਪਣੀ ਸੇਵਕਾਈ ਲਈ ਮਾਫ਼ੀ ਨਹੀਂ ਮੰਗਦੇ ਹਾਂ, ਅਸੀਂ ਨਿਸ਼ਚੇ ਹੀ ਉਸ ਨੂੰ ਕਹਿ ਸਕਦੇ ਹਾਂ ਕਿ ਗ਼ਲਤ ਸਮੇਂ ਤੇ ਆਉਣ ਤੇ ਸਾਨੂੰ ਬਹੁਤ ਅਫ਼ਸੋਸ ਹੈ। ਅਸੀਂ ਉਸ ਨੂੰ ਨਿਮਰਤਾ ਸਹਿਤ ਕਹਿ ਸਕਦੇ ਹਾਂ ਕਿ ਜੇਕਰ ਇਹ ਸਮਾਂ ਉਸ ਲਈ ਸੁਖਾਲਾ ਨਹੀਂ, ਤਾਂ ਅਸੀਂ ਕਿਸੇ ਦੂਸਰੇ ਸਮੇਂ ਤੇ ਦੁਬਾਰਾ ਆ ਸਕਦੇ ਹਾਂ। ਜਦੋਂ ਅਸੀਂ ਨਰਮ ਆਵਾਜ਼ ਵਿਚ ਦਿਲੀ ਪਰਵਾਹ ਦਿਖਾਉਂਦੇ ਹਾਂ, ਤਾਂ ਅਕਸਰ ਅਜਿਹਾ ਵਿਅਕਤੀ ਸ਼ਾਂਤ ਹੋ ਜਾਂਦਾ ਹੈ। (ਕਹਾ. 15:1) ਜੇਕਰ ਘਰ-ਸੁਆਮੀ ਸਾਨੂੰ ਦੱਸਦਾ ਹੈ ਕਿ ਉਹ ਲਗਾਤਾਰ ਰਾਤ ਦੀ ਸ਼ਿਫ਼ਟ ਵਿਚ ਕੰਮ ਕਰਦਾ ਹੈ, ਤਾਂ ਖੇਤਰ ਕਾਰਡ ਵਿਚ ਇਸ ਨੂੰ ਨੋਟ ਕੀਤਾ ਜਾ ਸਕਦਾ ਹੈ ਤਾਂਕਿ ਭਵਿੱਖ ਵਿਚ ਕਿਸੇ ਢੁਕਵੇਂ ਸਮੇਂ ਤੇ ਮੁਲਾਕਾਤ ਕੀਤੀ ਜਾ ਸਕੇ।

12 ਆਪਣੇ ਖੇਤਰ ਨੂੰ ਮੁਕੰਮਲ ਤੌਰ ਤੇ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਵੀ ਸਾਨੂੰ ਸੂਝ ਦਿਖਾਉਣੀ ਚਾਹੀਦੀ ਹੈ। ਜਦੋਂ ਅਸੀਂ ਪਹਿਲੀ ਵਾਰੀ ਲੋਕਾਂ ਕੋਲ ਜਾਂਦੇ ਹਾਂ, ਤਾਂ ਬਹੁਤ ਸਾਰੇ ਲੋਕ ਘਰ ਨਹੀਂ ਹੁੰਦੇ ਹਨ। ਇਸ ਲਈ ਸਾਨੂੰ ਉਨ੍ਹਾਂ ਨੂੰ ਮਿਲਣ ਲਈ ਹੋਰ ਜ਼ਿਆਦਾ ਜਤਨ ਕਰਨ ਦੀ ਲੋੜ ਹੈ ਤਾਂਕਿ ਮੁਕਤੀ ਦਾ ਸੰਦੇਸ਼ ਉਨ੍ਹਾਂ ਨੂੰ ਦਿੱਤਾ ਜਾ ਸਕੇ। (ਰੋਮੀ. 10:13) ਰਿਪੋਰਟਾਂ ਦਿਖਾਉਂਦੀਆਂ ਹਨ ਕਿ ਕਈ ਵਾਰ ਘਰ-ਸੁਆਮੀ ਨੂੰ ਮਿਲਣ ਦੀ ਕੋਸ਼ਿਸ਼ ਵਿਚ ਪ੍ਰਕਾਸ਼ਕ ਇਕ ਦਿਨ ਵਿਚ ਕਈ-ਕਈ ਵਾਰ ਉਸੇ ਘਰ ਤੇ ਜਾਂਦੇ ਹਨ। ਇਹ ਗੁਆਂਢੀਆਂ ਦੀਆਂ ਨਜ਼ਰਾਂ ਤੋਂ ਛਿਪਦਾ ਨਹੀਂ ਹੈ, ਅਤੇ ਉਨ੍ਹਾਂ ਉੱਤੇ ਇਕ ਬੁਰਾ ਪ੍ਰਭਾਵ ਪੈ ਸਕਦਾ ਹੈ ਕਿ ਯਹੋਵਾਹ ਦੇ ਗਵਾਹ ‘ਹਰ ਵੇਲੇ’ ਉਨ੍ਹਾਂ ਦੀਆਂ ਗਲੀਆਂ ਵਿਚ ਆਉਂਦੇ ਹਨ। ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ?

13 ਸੂਝਵਾਨ ਹੋਵੋ। ਜਦੋਂ ਤੁਸੀਂ ਘਰ-ਵਿਖੇ-ਨਹੀਂ ਘਰ ਤੇ ਦੁਬਾਰਾ ਜਾਂਦੇ ਹੋ, ਤਾਂ ਕੀ ਤੁਹਾਨੂੰ ਕੋਈ ਸੰਕੇਤ ਮਿਲਦਾ ਹੈ ਕਿ ਹੁਣ ਕੋਈ ਘਰ ਵਿਚ ਹੈ? ਜੇਕਰ ਉਸ ਘਰ ਦੇ ਲੈੱਟਰ-ਬਾਕਸ ਵਿਚ ਕੋਈ ਚਿੱਠੀ ਜਾਂ ਪਰਚਾ ਨਜ਼ਰ ਆਉਂਦਾ ਹੈ, ਤਾਂ ਸੰਭਵ ਹੈ ਕਿ ਅਜੇ ਵੀ ਘਰ ਵਿਚ ਕੋਈ ਨਹੀਂ ਹੈ ਅਤੇ ਦੁਬਾਰਾ ਉਸ ਸਮੇਂ ਤੇ ਜਾਣਾ ਫਜ਼ੂਲ ਹੋਵੇਗਾ। ਜੇਕਰ ਦਿਨ ਵਿਚ ਕਈ ਵਾਰ ਅਲੱਗ-ਅਲੱਗ ਸਮੇਂ ਤੇ, ਜਿਵੇਂ ਕਿ ਸ਼ਾਮ ਦੇ ਸਮੇਂ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਉਹ ਵਿਅਕਤੀ ਨਹੀਂ ਮਿਲਦਾ ਹੈ, ਤਾਂ ਸ਼ਾਇਦ ਉਸ ਘਰ-ਸੁਆਮੀ ਨੂੰ ਟੈਲੀਫ਼ੋਨ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਇਹ ਸੰਭਵ ਨਹੀਂ, ਤਾਂ ਇਕ ਟ੍ਰੈਕਟ ਜਾਂ ਨਿਮੰਤ੍ਰਣ ਪਰਚਾ ਦਰਵਾਜ਼ੇ ਥੱਲਿਓਂ ਪਾਇਆ ਜਾ ਸਕਦਾ ਹੈ, ਖ਼ਾਸ ਤੌਰ ਤੇ ਜੇਕਰ ਉਹ ਖੇਤਰ ਅਕਸਰ ਪੂਰਾ ਕੀਤਾ ਜਾਂਦਾ ਹੈ। ਹੋ ਸਕਦਾ ਹੈ ਕਿ ਜਦੋਂ ਉਸ ਖੇਤਰ ਵਿਚ ਅਗਲੀ ਵਾਰ ਕੰਮ ਕੀਤਾ ਜਾਵੇਗਾ, ਤਾਂ ਉਸ ਵਿਅਕਤੀ ਨਾਲ ਸੰਪਰਕ ਕੀਤਾ ਜਾਵੇਗਾ।

14 ਬਹੁਤ ਜ਼ਿਆਦਾ ਖ਼ਰਾਬ ਮੌਸਮ ਵਿਚ ਸਾਨੂੰ ਘਰ-ਸੁਆਮੀ ਨੂੰ ਦਰਵਾਜ਼ੇ ਤੇ ਖੜ੍ਹੇ ਰੱਖ ਕੇ ਲੰਮੀ-ਚੌੜੀ ਗੱਲ-ਬਾਤ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅੰਦਰ ਬੁਲਾਏ ਜਾਣ ਤੇ, ਧਿਆਨ ਰੱਖੋ ਕਿ ਤੁਹਾਡੀਆਂ ਜੁੱਤੀਆਂ ਨਾਲ ਫ਼ਰਸ਼ ਗੰਦਾ ਨਾ ਹੋਵੇ। ਉਦੋਂ ਸੂਝਵਾਨ ਬਣੋ ਜਦੋਂ ਕੁੱਤਾ ਭੌਂਕਦਾ ਹੋਇਆ ਤੁਹਾਡੇ ਸਾਮ੍ਹਣੇ ਆਉਂਦਾ ਹੈ। ਰਿਹਾਇਸ਼ੀ ਇਮਾਰਤਾਂ ਵਿਚ ਜਾਣ ਤੇ ਹੌਲੀ ਆਵਾਜ਼ ਵਿਚ ਬੋਲੋ ਅਤੇ ਰੌਲਾ ਪਾ ਕੇ ਉੱਥੋਂ ਦੇ ਰਹਿਣ ਵਾਲਿਆਂ ਨੂੰ ਪਰੇਸ਼ਾਨ ਕਰਨ ਤੋਂ ਅਤੇ ਆਪਣੀ ਮੌਜੂਦਗੀ ਬਾਰੇ ਜਾਣੂ ਕਰਵਾਉਣ ਤੋਂ ਪਰਹੇਜ਼ ਕਰੋ।

15 ਵਿਵਸਥਿਤ ਅਤੇ ਆਦਰਯੋਗ ਹੋਵੋ: ਚੰਗੀ ਵਿਵਸਥਾ ਕਰਨ ਦੁਆਰਾ ਅਸੀਂ ਖੇਤਰ ਵਿਚ ਵੱਡੇ-ਵੱਡੇ ਗਰੁੱਪਾਂ ਵਿਚ ਇਕੱਠੇ ਹੋਣ ਤੋਂ ਪਰਹੇਜ਼ ਕਰ ਸਕਦੇ ਹਾਂ, ਜੋ ਕਿ ਲੋਕਾਂ ਦਾ ਧਿਆਨ ਖਿੱਚਦਾ ਹੈ। ਕੁਝ ਲੋਕ ਆਪਣੇ ਘਰਾਂ ਦੇ ਸਾਮ੍ਹਣੇ, ਪ੍ਰਕਾਸ਼ਕਾਂ ਦੇ ਇਕ ਵੱਡੇ ਸਮੂਹ ਨੂੰ ਕਈ ਕਾਰਾਂ, ਮੋਟਰ ਸਾਈਕਲਾਂ, ਸਕੂਟਰਾਂ, ਜਾਂ ਵੈਨਾਂ ਵਿਚ ਆਉਂਦਿਆਂ ਵੇਖ ਕੇ ਡਰ ਸਕਦੇ ਹਨ। ਅਸੀਂ ਇਹ ਪ੍ਰਭਾਵ ਨਹੀਂ ਪਾਉਣਾ ਚਾਹੁੰਦੇ ਕਿ ਅਸੀਂ ਰਿਹਾਇਸ਼ੀ ਇਲਾਕਿਆਂ ਉੱਤੇ “ਹਮਲਾ” ਕਰਨ ਜਾ ਰਹੇ ਹਾਂ। ਜੇਕਰ ਖੇਤਰ ਵਿਚ ਕੰਮ ਕਰਨ ਦੇ ਪ੍ਰਬੰਧ ਖੇਤਰ ਸੇਵਾ ਲਈ ਸਭਾ ਵਿਚ ਹੀ ਕੀਤੇ ਜਾਣ, ਤਾਂ ਇਹ ਸਭ ਤੋਂ ਵਧੀਆ ਹੋਵੇਗਾ। ਪ੍ਰਕਾਸ਼ਕਾਂ ਦੇ ਛੋਟੇ-ਛੋਟੇ ਗਰੁੱਪਾਂ, ਜਿਵੇਂ ਕਿ ਇਕ ਪਰਿਵਾਰ, ਤੋਂ ਘਰ-ਸੁਆਮੀਆਂ ਨੂੰ ਘੱਟ ਡਰ ਲੱਗਦਾ ਹੈ ਅਤੇ ਖੇਤਰ ਵਿਚ ਕੰਮ ਕਰਦਿਆਂ ਇਨ੍ਹਾਂ ਨੂੰ ਮੁੜ ਵਿਵਸਥਿਤ ਕਰਨ ਦੀ ਘੱਟ ਜ਼ਰੂਰਤ ਪੈਂਦੀ ਹੈ।

16 ਸੁਵਿਵਸਥਾ ਇਹ ਮੰਗ ਕਰਦੀ ਹੈ ਕਿ ਖੇਤਰ ਵਿਚ ਕੰਮ ਕਰਦੇ ਸਮੇਂ ਮਾਤਾ-ਪਿਤਾ ਆਪਣੇ ਬੱਚਿਆਂ ਦੇ ਆਚਰਣ ਉੱਤੇ ਪੂਰਾ ਧਿਆਨ ਰੱਖਣ। ਜਦੋਂ ਬੱਚੇ ਵੱਡਿਆਂ ਨਾਲ ਕਿਸੇ ਘਰ ਤੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਵਧੀਆ ਤਰੀਕੇ ਨਾਲ ਵਰਤਾਉ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਖੇਡਣ ਜਾਂ ਇੱਧਰ-ਉੱਧਰ ਘੁੰਮਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਹੈ, ਜੋ ਕਿ ਉੱਥੋਂ ਦੇ ਰਹਿਣ ਵਾਲਿਆਂ ਦਾ ਜਾਂ ਆਉਂਦੇ ਜਾਂਦੇ ਲੋਕਾਂ ਦਾ ਧਿਆਨ ਖਿੱਚੇਗਾ।

17 ਚਾਹ ਜਾਂ ਕੋਲਡ ਡ੍ਰਿੰਕ ਪੀਣ ਲਈ ਜਦੋਂ ਅਸੀਂ ਥੋੜ੍ਹੇ ਸਮੇਂ ਲਈ ਰੁਕਦੇ ਹਾਂ, ਤਾਂ ਉਸ ਵਿਚ ਵੀ ਸੰਤੁਲਨ ਦੀ ਜ਼ਰੂਰਤ ਹੈ। ਜੂਨ 1995 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ), ਸਫ਼ਾ 3, ਨੇ ਕਿਹਾ ਸੀ: “ਜਦੋਂ ਅਸੀਂ ਖੇਤਰ ਸੇਵਾ ਵਿਚ ਹੁੰਦੇ ਹਾਂ, ਤਾਂ ਅਸੀਂ ਚਾਹ [ਜਾਂ ਕੋਲਡ ਡ੍ਰਿੰਕ] ਪੀਣ ਵਿਚ ਆਪਣਾ ਕੀਮਤੀ ਸਮਾਂ ਗੁਆ ਸਕਦੇ ਹਾਂ। ਪਰੰਤੂ, ਜਦੋਂ ਬਹੁਤ ਠੰਢ ਜਾਂ ਗਰਮੀ ਹੁੰਦੀ ਹੈ, ਤਾਂ ਚਾਹ ਜਾਂ ਕੋਲਡ ਡ੍ਰਿੰਕ ਪੀਣ ਲਈ ਥੋੜ੍ਹਾ ਸਮਾਂ ਰੁਕਣਾ ਸਾਨੂੰ ਤਰੋਤਾਜ਼ਾ ਕਰੇਗਾ ਅਤੇ ਹੋਰ ਜ਼ਿਆਦਾ ਸਮੇਂ ਲਈ ਸੇਵਕਾਈ ਕਰਦੇ ਰਹਿਣ ਵਿਚ ਮਦਦ ਕਰੇਗਾ। ਫਿਰ ਵੀ ਬਹੁਤ ਸਾਰੇ ਭੈਣ-ਭਰਾ ਸੇਵਕਾਈ ਲਈ ਅਲੱਗ ਰੱਖੇ ਗਏ ਸਮੇਂ ਦੇ ਦੌਰਾਨ ਚਾਹ ਜਾਂ ਕੋਲਡ ਡ੍ਰਿੰਕ ਪੀਣ ਲਈ ਰੁਕ ਕੇ ਭਰਾਵਾਂ ਨਾਲ ਗੱਲ-ਬਾਤ ਕਰਨ ਦੀ ਬਜਾਇ, ਲੋਕਾਂ ਨੂੰ ਗਵਾਹੀ ਦਿੰਦੇ ਰਹਿਣਾ ਪਸੰਦ ਕਰਦੇ ਹਨ।” ਚਾਹੇ ਜਲਪਾਨ ਲਈ ਰੁਕਣਾ ਇਕ ਨਿੱਜੀ ਫ਼ੈਸਲਾ ਹੈ, ਪਰ ਇਹ ਵੇਖਿਆ ਗਿਆ ਹੈ ਕਿ ਕਈ ਵਾਰ ਭੈਣ-ਭਰਾਵਾਂ ਦੇ ਵੱਡੇ-ਵੱਡੇ ਗਰੁੱਪ ਚਾਹ ਦੀ ਹੱਟੀ ਜਾਂ ਰੈਸਤੋਰਾਂ ਵਿਚ ਇਕੱਠੇ ਮਿਲਦੇ ਹਨ। ਚਾਹ ਵਗੈਰਾ ਲਿਆਉਣ ਵਿਚ ਕਾਫ਼ੀ ਸਮਾਂ ਤਾਂ ਲੱਗਦਾ ਹੀ ਹੈ, ਪਰ ਇਸ ਤੋਂ ਇਲਾਵਾ, ਭੀੜ ਦੀ ਮੌਜੂਦਗੀ ਦੂਸਰੇ ਗਾਹਕਾਂ ਨੂੰ ਡਰਾ ਵੀ ਸਕਦੀ ਹੈ। ਕਈ ਵਾਰ ਭੈਣ-ਭਰਾ ਸਵੇਰ ਦੀ ਖੇਤਰ ਸੇਵਾ ਦੇ ਅਨੁਭਵ ਇਕ ਦੂਜੇ ਨੂੰ ਉੱਚੀ-ਉੱਚੀ ਦੱਸਦੇ ਹਨ, ਜੋ ਕਿ ਸਾਡੀ ਸੇਵਕਾਈ ਦੀ ਸ਼ਾਨ ਨੂੰ ਘਟਾ ਸਕਦਾ ਹੈ ਅਤੇ ਇਸ ਦੀ ਪ੍ਰਭਾਵਕਤਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸੂਝ ਨਾਲ ਪ੍ਰਕਾਸ਼ਕ ਕਿਸੇ ਵੀ ਜਗ੍ਹਾ ਤੇ ਬਹੁਤਾ ਭੀੜ-ਭੜੱਕਾ ਪਾਉਣ ਅਤੇ ਸੇਵਕਾਈ ਦਾ ਬਹੁਤਾ ਸਮਾਂ ਬਰਬਾਦ ਕਰਨ ਤੋਂ ਪਰਹੇਜ਼ ਕਰ ਸਕਦੇ ਹਨ।

18 ਬਹੁਤ ਸਾਰੇ ਭੈਣ-ਭਰਾਵਾਂ ਨੇ ਉਨ੍ਹਾਂ ਥਾਵਾਂ ਵਿਚ ਜਿੱਥੇ ਲੋਕ ਹੁੰਦੇ ਹਨ, ਜਿਵੇਂ ਕਿ ਸੜਕਾਂ ਤੇ, ਪਾਰਕਿੰਗ ਥਾਵਾਂ ਵਿਚ, ਅਤੇ ਦੂਸਰੀਆਂ ਹੋਰ ਜਨਤਕ ਥਾਵਾਂ ਵਿਚ, ਲੋਕਾਂ ਨਾਲ ਗੱਲ-ਬਾਤ ਕਰ ਕੇ ਬਹੁਤ ਹੀ ਵਧੀਆ ਨਤੀਜੇ ਪ੍ਰਾਪਤ ਕੀਤੇ ਹਨ। ਇੱਥੇ ਵੀ ਅਸੀਂ ਇਕ ਚੰਗੀ ਗਵਾਹੀ ਦੇਣੀ ਚਾਹੁੰਦੇ ਹਾਂ, ਨਾ ਸਿਰਫ਼ ਆਪਣੇ ਸ਼ਬਦਾਂ ਦੁਆਰਾ ਬਲਕਿ ਆਪਣੀ ਤਰਕਸ਼ੀਲਤਾ ਦੁਆਰਾ ਵੀ। ਹਰ ਕਲੀਸਿਯਾ ਦੇ ਪ੍ਰਕਾਸ਼ਕਾਂ ਨੂੰ ਆਪਣੇ ਇਲਾਕੇ ਦੀਆਂ ਸੀਮਾਵਾਂ ਦੀ ਜ਼ਰੂਰ ਕਦਰ ਕਰਨੀ ਚਾਹੀਦੀ ਹੈ ਤਾਂਕਿ ਉਹ ਵਪਾਰਕ ਖੇਤਰਾਂ ਵਿਚ ਅਤੇ ਬੱਸ ਅੱਡਿਆਂ ਜਾਂ ਰੇਲਵੇ ਸਟੇਸ਼ਨਾਂ ਦੇ ਪ੍ਰਵੇਸ਼-ਦੁਆਰਾਂ ਤੇ ਆਉਂਦੇ ਜਾਂਦੇ ਲੋਕਾਂ ਦੇ ਜਾਂ ਪਟਰੋਲ ਪੰਪਾਂ ਵਰਗੀਆਂ ਵਪਾਰਕ ਥਾਵਾਂ, ਜੋ 24 ਘੰਟੇ ਖੁੱਲ੍ਹੀਆਂ ਰਹਿੰਦੀਆਂ ਹਨ, ਦੇ ਕਰਮਚਾਰੀਆਂ ਦੇ ਨੱਕ ਵਿਚ ਦਮ ਨਾ ਕਰਨ। ਇਹ ਨਿਸ਼ਚਿਤ ਕਰਨ ਲਈ ਕਿ ਅਸੀਂ ਆਪਣੀ ਸੇਵਕਾਈ ਨੂੰ ਵਿਵਸਥਿਤ ਅਤੇ ਆਦਰਯੋਗ ਤਰੀਕੇ ਨਾਲ ਕਰੀਏ, ਅਸੀਂ ਆਪਣੇ ਨਿਰਧਾਰਿਤ ਖੇਤਰ ਦੇ ਵਿਚ ਹੀ ਕੰਮ ਕਰਾਂਗੇ, ਜਦ ਤਕ ਕਿ ਕਿਸੇ ਦੂਸਰੀ ਕਲੀਸਿਯਾ ਦੀ ਕਲੀਸਿਯਾ ਸੇਵਾ ਸਮਿਤੀ ਸਾਡੀ ਮਦਦ ਲੈਣ ਲਈ ਕੋਈ ਖ਼ਾਸ ਪ੍ਰਬੰਧ ਨਹੀਂ ਕਰਦੀ ਹੈ।—2 ਕੁਰਿੰਥੀਆਂ 10:13-15 ਦੀ ਤੁਲਨਾ ਕਰੋ।

19 ਕੁਝ ਕਲੀਸਿਯਾਵਾਂ, ਜਿਨ੍ਹਾਂ ਕੋਲ ਅਜਿਹੇ ਕਾਫ਼ੀ ਇਲਾਕੇ ਹਨ ਜਿੱਥੇ ਜਨਤਕ ਗਵਾਹੀ ਦਿੱਤੀ ਜਾ ਸਕਦੀ ਹੈ, ਨੇ ਇਨ੍ਹਾਂ ਇਲਾਕਿਆਂ ਨੂੰ ਵੱਖ-ਵੱਖ ਖੇਤਰਾਂ ਵਿਚ ਵੰਡਿਆ ਹੈ। ਫਿਰ ਇਕ ਪ੍ਰਕਾਸ਼ਕ ਨੂੰ ਜਾਂ ਫਿਰ ਇਕ ਗਰੁੱਪ ਨੂੰ ਇਕ ਖੇਤਰ ਕਾਰਡ ਜਾਰੀ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ, ਖੇਤਰ ਨੂੰ ਹੋਰ ਵਧੀਆ ਤਰੀਕੇ ਨਾਲ ਪੂਰਾ ਕਰਨਾ ਆਸਾਨ ਹੋ ਜਾਂਦਾ ਹੈ ਅਤੇ ਬਹੁਤ ਸਾਰੇ ਪ੍ਰਕਾਸ਼ਕਾਂ ਨੂੰ ਇੱਕੋ ਹੀ ਸਮੇਂ ਤੇ ਇੱਕੋ ਹੀ ਖੇਤਰ ਵਿਚ ਕੰਮ ਕਰਨ ਤੋਂ ਰੋਕਦਾ ਹੈ, ਜੋ ਕਿ 1 ਕੁਰਿੰਥੀਆਂ 14:40 ਦੇ ਇਸ ਸਿਧਾਂਤ ਦੇ ਮੁਤਾਬਕ ਹੈ: “ਸਾਰੀਆਂ ਗੱਲਾਂ ਢਬ ਸਿਰ ਅਤੇ ਜੁਗਤੀ ਨਾਲ ਹੋਣ।”

20 ਸਾਡੀ ਵਿਅਕਤੀਗਤ ਦਿੱਖ ਹਮੇਸ਼ਾ ਆਦਰਯੋਗ ਹੋਣੀ ਚਾਹੀਦੀ ਹੈ ਅਤੇ ਯਹੋਵਾਹ ਦੇ ਨਾਂ ਨੂੰ ਧਾਰਨ ਕਰਨ ਵਾਲੇ ਸੇਵਕਾਂ ਦੇ ਯੋਗ ਹੋਣੀ ਚਾਹੀਦੀ ਹੈ। ਜਿਹੜਾ ਸਾਮਾਨ ਅਸੀਂ ਵਰਤਦੇ ਹਾਂ, ਉਸ ਉੱਤੇ ਵੀ ਇਹ ਗੱਲ ਲਾਗੂ ਹੁੰਦੀ ਹੈ। ਫਟੇ-ਪੁਰਾਣੇ ਬੈਗ ਅਤੇ ਘਸੀਆਂ ਜਾਂ ਗੰਦੀਆਂ ਬਾਈਬਲਾਂ ਰਾਜ ਸੰਦੇਸ਼ ਦੀ ਮਹੱਤਤਾ ਨੂੰ ਘਟਾਉਂਦੀਆਂ ਹਨ। ਇਹ ਕਿਹਾ ਗਿਆ ਹੈ ਕਿ ਪਹਿਰਾਵਾ ਅਤੇ ਸ਼ਿੰਗਾਰ “ਸਮਾਜ ਵਿਚ ਝਟਪਟ ਸੰਚਾਰ ਕਰਨ ਦਾ ਉਹ ਤਰੀਕਾ ਹੈ ਜੋ ਆਲੇ-ਦੁਆਲੇ ਦੇ ਲੋਕਾਂ ਨੂੰ ਤੁਹਾਡੇ ਬਾਰੇ ਜਾਣਕਾਰੀ ਦਿੰਦਾ ਹੈ ਕਿ ਤੁਸੀਂ ਕੌਣ ਹੋ, ਕੀ ਹੋ, ਅਤੇ ਕਿਸ ਤਰ੍ਹਾਂ ਦੇ ਵਿਅਕਤੀ ਹੋ।” ਇਸ ਲਈ, ਸਾਡੀ ਦਿੱਖ ਨਾ ਦਲਿੱਦਰੀ, ਨਾ ਬੇਤਰਤੀਬੀ, ਨਾ ਭੜਕੀਲੀ ਅਤੇ ਨਾ ਹੀ ਮਰਯਾਦਾਹੀਣ ਹੋਣੀ ਚਾਹੀਦੀ ਹੈ, ਬਲਕਿ ਹਮੇਸ਼ਾ “ਖੁਸ਼ ਖਬਰੀ ਦੇ ਜੋਗ” ਹੋਣੀ ਚਾਹੀਦੀ ਹੈ।—ਫ਼ਿਲਿ. 1:27. 1 ਤਿਮੋਥਿਉਸ 2:9, 10 ਦੀ ਤੁਲਨਾ ਕਰੋ।

21 ਪਹਿਲਾ ਕੁਰਿੰਥੀਆਂ 9:26 ਵਿਚ ਪੌਲੁਸ ਰਸੂਲ ਕਹਿੰਦਾ ਹੈ: “ਮੈਂ ਇਉਂ ਦੌੜਦਾ ਹਾਂ ਪਰ ਬੇਥੌਹਾ ਨਹੀਂ। ਮੈਂ ਇਉਂ ਹੂਰੀਂ ਲੜਦਾ ਹਾਂ ਪਰ ਉਸ ਵਾਂਙੁ ਨਹੀਂ ਜੋ ਪੌਣ ਨੂੰ ਮਾਰਦਾ ਹੈ।” ਪੌਲੁਸ ਦੀ ਰੀਸ ਕਰਦੇ ਹੋਏ ਅਸੀਂ ਵੀ ਪ੍ਰਭਾਵਕਾਰੀ ਅਤੇ ਫਲਦਾਇਕ ਸੇਵਕਾਈ ਕਰਨ ਲਈ ਦ੍ਰਿੜ੍ਹ ਹਾਂ। ਯਹੋਵਾਹ ਦੀ “ਟਿੱਡੀਆਂ ਦੀ ਫ਼ੌਜ” ਦਾ ਭਾਗ ਹੋਣ ਦੇ ਨਾਤੇ, ਜਿਉਂ-ਜਿਉਂ ਅਸੀਂ ਅੱਜ ਗਵਾਹੀ ਕਾਰਜ ਵਿਚ ਜੋਸ਼ੀਲਾ ਹਿੱਸਾ ਲੈਂਦੇ ਹਾਂ, ਆਓ ਅਸੀਂ ਆਪਣੇ ਖੇਤਰ ਵਿਚ ਸਾਰਿਆਂ ਲੋਕਾਂ ਤਕ ਮੁਕਤੀ ਦਾ ਸੰਦੇਸ਼ ਪਹੁੰਚਾਉਣ ਲਈ ਮਸੀਹੀ ਤਰਕਸ਼ੀਲਤਾ ਅਤੇ ਸੂਝ ਦੀ ਵਰਤੋਂ ਕਰੀਏ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ