ਕੀ ਤੁਹਾਡੀ ਕਲੀਸਿਯਾ ਦਾ ਖੇਤਰ ਵੱਡਾ ਹੈ?
1 ਯਿਸੂ ਨੇ ਇਸਰਾਏਲ ਵਿਚ ਯਹੂਦਿਯਾ ਦੇ ਸ਼ਹਿਰਾਂ ਤੋਂ ਲੈ ਕੇ ਗਲੀਲ ਦੇ ਪੇਂਡੂ ਇਲਾਕਿਆਂ ਤਕ ਬਹੁਤ ਵੱਡੇ ਖੇਤਰ ਵਿਚ ਚੰਗੀ ਤਰ੍ਹਾਂ ਗਵਾਹੀ ਦਿੱਤੀ ਸੀ। (ਮਰ. 1:38, 39; ਲੂਕਾ 23:5) ਸਾਨੂੰ ਵੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣੀ ਚਾਹੀਦੀ ਹੈ। (ਮਰ. 13:10) ਪਰ ਭਾਰਤ ਵਿਚ ਕਲੀਸਿਯਾਵਾਂ ਨੂੰ ਪੂਰੇ ਖੇਤਰ ਦਾ ਛੋਟਾ ਜਿਹਾ ਹਿੱਸਾ ਹੀ ਸੌਂਪਿਆ ਗਿਆ ਹੈ ਅਤੇ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਇਨ੍ਹਾਂ ਖੇਤਰਾਂ ਵਿਚ ਅਜੇ ਵੀ ਚੰਗੀ ਤਰ੍ਹਾਂ ਅਤੇ ਢੰਗ ਸਿਰ ਕੰਮ ਕਰਨ ਦੀ ਲੋੜ ਹੈ। ਅਸੀਂ ਜ਼ਿਆਦਾ ਲੋਕਾਂ ਤਕ ਪਹੁੰਚਣ ਲਈ ਕੀ ਕਰ ਸਕਦੇ ਹਾਂ?
2 ਧਿਆਨ ਨਾਲ ਯੋਜਨਾ ਬਣਾਓ: ਸੇਵਾ ਨਿਗਾਹਬਾਨ ਅਤੇ ਖੇਤਰ ਸੰਭਾਲਣ ਵਾਲਾ ਭਰਾ ਨਿਸ਼ਚਿਤ ਕਰ ਸਕਦੇ ਹਨ ਕਿ ਕਲੀਸਿਯਾ ਦਾ ਖੇਤਰ ਅਲੱਗ-ਅਲੱਗ ਨਕਸ਼ਿਆਂ ਵਿਚ ਵੰਡਿਆ ਹੋਇਆ ਹੈ। ਹਰੇਕ ਨਕਸ਼ੇ ਵਿਚ 200-300 ਤੋਂ ਜ਼ਿਆਦਾ ਘਰ ਨਹੀਂ ਹੋਣੇ ਚਾਹੀਦੇ। ਉਨ੍ਹਾਂ ਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਉੱਨਾ ਹੀ ਖੇਤਰ ਲਿਆ ਹੈ ਜਿੰਨਾ ਉਹ ਇਕ ਸਾਲ ਵਿਚ ਚੰਗੀ ਤਰ੍ਹਾਂ ਪੂਰਾ ਕਰ ਸਕਣ। ਜੇ ਉਨ੍ਹਾਂ ਨੂੰ ਪਤਾ ਹੈ ਕਿ ਕੁਝ ਥਾਵਾਂ ਤੇ ਹਠਧਰਮੀ ਲੋਕ ਹਮੇਸ਼ਾ ਸਾਡੇ ਪ੍ਰਚਾਰ ਦਾ ਵਿਰੋਧ ਕਰਦੇ ਹਨ, ਤਾਂ ਸ਼ਾਇਦ ਉਨ੍ਹਾਂ ਖੇਤਰਾਂ ਦੇ ਬਦਲੇ ਵਿਚ ਉਹ ਕੋਈ ਦੂਸਰਾ ਖੇਤਰ ਮੰਗ ਸਕਦੇ ਹਨ ਜਿੱਥੇ ਅਜੇ ਤਕ ਕੰਮ ਨਹੀਂ ਕੀਤਾ ਗਿਆ ਅਤੇ ਜਿੱਥੇ ਲੋਕ ਸ਼ਾਇਦ ਸਾਡੀ ਗੱਲ ਖ਼ੁਸ਼ੀ ਨਾਲ ਸੁਣਨ। (ਲੂਕਾ 9:5, 6 ਦੀ ਤੁਲਨਾ ਕਰੋ।) ਪਰ ਉਨ੍ਹਾਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ ਕਿਉਂਕਿ ਕਈ ਵਾਰੀ ਖੇਤਰ ਵਿਚ ਸਿਰਫ਼ ਇਕ ਬੰਦਾ ਹੀ ਵਿਰੋਧ ਕਰਦਾ ਹੈ, ਇਸ ਲਈ ਨਕਸ਼ੇ ਉੱਤੇ ਉਸ ਆਦਮੀ ਦੇ ਘਰ ਜਾਂ ਗਲੀ ਬਾਰੇ ਇਹ ਲਿਖਿਆ ਜਾ ਸਕਦਾ ਸੀ ਕਿ “ਇੱਥੇ ਨਾ ਜਾਓ” ਅਤੇ ਬਾਕੀ ਦੇ ਖੇਤਰ ਵਿਚ ਬਿਨਾਂ ਕਿਸੇ ਰੋਕ-ਟੋਕ ਦੇ ਸਮਝਦਾਰੀ ਨਾਲ ਪ੍ਰਚਾਰ ਕੀਤਾ ਜਾ ਸਕਦਾ ਹੈ।
3 ਪੂਰੀ ਕਲੀਸਿਯਾ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਕਿ ਉਹ ਘਰ-ਘਰ ਦੀ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਏ। ਖੇਤਰ ਸੇਵਾ ਸਭਾ ਲਈ ਤਿਆਰ ਹੋਣ ਅਤੇ ਉੱਥੇ ਹਾਜ਼ਰ ਹੋਣ ਵਿਚ ਅਕਸਰ ਕਾਫ਼ੀ ਸਮਾਂ ਲੱਗ ਜਾਂਦਾ ਹੈ। ਪਰ ਕਿੰਨੇ ਦੁੱਖ ਦੀ ਗੱਲ ਹੋਵੇਗੀ ਜੇ ਅਸੀਂ ਇੰਨਾ ਜਤਨ ਕਰਨ ਤੋਂ ਬਾਅਦ ਵੀ ਆਪਣੇ ਗੁਆਂਢੀਆਂ ਨਾਲ ਗੱਲ ਕਰਨ ਵਿਚ ਸਿਰਫ਼ ਇਕ ਘੰਟਾ ਜਾਂ ਉਸ ਤੋਂ ਵੀ ਘੱਟ ਸਮਾਂ ਲਾਉਂਦੇ ਹਾਂ। ਸਾਡੇ ਕੋਲ ਸ਼ਾਇਦ ਬਾਈਬਲ ਸਟੱਡੀਆਂ ਹੋਣ ਜਾਂ ਪੁਨਰ-ਮੁਲਾਕਾਤਾਂ ਕਰਨ ਨੂੰ ਹੋਣ, ਪਰ ਅਸੀਂ ਇਹ ਆਪਣੇ ਖੇਤਰ ਵਿਚ ਦੋ ਜਾਂ ਤਿੰਨ ਘੰਟੇ ਕੰਮ ਕਰਨ ਤੋਂ ਬਾਅਦ ਵੀ ਕਰ ਸਕਦੇ ਹਾਂ। ਕੁਝ ਸੰਘਣੀ ਆਬਾਦੀ ਵਾਲੀਆਂ ਬਸਤੀਆਂ ਅਤੇ ਮੁਹੱਲਿਆਂ ਵਿਚ ਹਜ਼ਾਰਾਂ ਹੀ ਲੋਕ ਆਪਣੇ ਘਰਾਂ ਵਿਚ ਜਾਂ ਆਪਣੇ ਘਰਾਂ ਦੇ ਬਾਹਰ ਦਿਖਾਈ ਦਿੰਦੇ ਹਨ। ਜੇ ਇਹ ਖੇਤਰ ਸੁਰੱਖਿਅਤ ਹਨ, ਤਾਂ ਕੀ ਸਾਡੇ ਲਈ ਇਕੱਲੇ ਕੰਮ ਕਰਨਾ ਫ਼ਾਇਦੇਮੰਦ ਨਹੀਂ ਹੋਵੇਗਾ? ਅਜਿਹੇ ਖੇਤਰ ਵਿਚ ਅਸੀਂ ਆਸਾਨੀ ਨਾਲ ਦੇਖ ਸਕਦੇ ਹਾਂ ਕਿ ਕੌਣ ਕਿੱਥੇ ਕੰਮ ਕਰ ਰਿਹਾ ਹੈ। ਇਕੱਲੇ ਕੰਮ ਕਰਨ ਨਾਲ ਇਹ ਫ਼ਾਇਦਾ ਹੋਵੇਗਾ ਕਿ ਅਸੀਂ ਦੁਗੁਣਾ ਖੇਤਰ ਪੂਰਾ ਕਰ ਸਕਾਂਗੇ ਅਤੇ ਹਰ ਘਰ ਵਿਚ ਨਿੱਜੀ ਤੌਰ ਤੇ ਜਾ ਕੇ ਗਵਾਹੀ ਦੇ ਸਕਾਂਗੇ।
4 ਚੰਗੀ ਯੋਜਨਾ ਬਣਾਉਣ ਦਾ ਇਹ ਵੀ ਮਤਲਬ ਹੋਵੇਗਾ ਕਿ ਸਾਡੇ ਕੋਲ ਉਸ ਖੇਤਰ ਵਿਚ ਬੋਲੀ ਜਾਂਦੀ ਭਾਸ਼ਾ ਵਿਚ ਸਾਹਿੱਤ ਹੋਵੇ। ਮਹਾਂਨਗਰਾਂ ਵਿਚ ਸਾਨੂੰ ਸ਼ਾਇਦ ਵੱਖ-ਵੱਖ ਇਲਾਕਿਆਂ ਦੇ ਨਕਸ਼ਿਆਂ ਉੱਤੇ ਇਹ ਲਿਖਣਾ ਪਵੇ ਕਿ ਉੱਥੇ ਕਿਹੜੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਤਾਂਕਿ ਪੁਸਤਕ ਅਧਿਐਨ ਨਿਗਾਹਬਾਨ ਆਪਣੇ ਗਰੁੱਪਾਂ ਨੂੰ ਉਸ ਖੇਤਰ ਵਿਚ ਕੰਮ ਕਰਨ ਲਈ ਚੰਗੀ ਤਰ੍ਹਾਂ ਤਿਆਰ ਕਰ ਸਕਣ।
5 ਪੂਰਾ ਸਹਿਯੋਗ ਦਿਓ: ਵੱਡੇ ਖੇਤਰ ਵਿਚ ਕੰਮ ਕਰਨ ਲਈ ਕਲੀਸਿਯਾ ਦੇ ਸਾਰੇ ਭੈਣ-ਭਰਾਵਾਂ ਦੇ ਸਹਿਯੋਗ ਦੀ ਲੋੜ ਹੈ। ਚਰਚਾ ਕਰਨ ਲਈ ਤਿਆਰ ਲੋਕਾਂ ਨਾਲ ਗੱਲ ਕਰਦੇ ਸਮੇਂ ਸੂਝ-ਬੂਝ ਵਰਤਣੀ ਚਾਹੀਦੀ ਹੈ। ਹਮੇਸ਼ਾ ਯਾਦ ਰੱਖੋ ਕਿ ਤੁਸੀਂ ਅਜੇ ਖੇਤਰ ਵਿਚ ਬਾਕੀ ਲੋਕਾਂ ਨੂੰ ਵੀ ਮਿਲਣਾ ਹੈ। ਆਪਣੇ ਖੇਤਰ ਸੇਵਕਾਈ ਗਰੁੱਪ ਦੇ ਉਡੀਕ ਕਰ ਰਹੇ ਭੈਣ-ਭਰਾਵਾਂ ਦਾ ਵੀ ਖ਼ਿਆਲ ਰੱਖੋ। ਜੇ ਤੁਸੀਂ ਦਿਲਚਸਪੀ ਰੱਖਣ ਵਾਲੇ ਵਿਅਕਤੀ ਨਾਲ ਦੇਰ ਤਕ ਗੱਲਬਾਤ ਕਰਨੀ ਚਾਹੁੰਦੇ ਹੋ, ਤਾਂ ਬਾਕੀ ਦੇ ਗਰੁੱਪ ਨੂੰ ਇਸ ਬਾਰੇ ਦੱਸੋ ਤਾਂਕਿ ਉਹ ਤੁਹਾਡੀ ਉਡੀਕ ਨਾ ਕਰਨ।
6 ਦਿਲਚਸਪੀ ਰੱਖਣ ਵਾਲੇ ਲੋਕਾਂ ਕੋਲ ਦੁਬਾਰਾ ਜਾਣ ਦੇ ਪੱਕੇ ਇੰਤਜ਼ਾਮ ਕਰੋ। ਪਤਾ ਲੈਣ ਤੋਂ ਇਲਾਵਾ, ਦਿਲਚਸਪੀ ਰੱਖਣ ਵਾਲੇ ਵਿਅਕਤੀ ਦਾ ਫ਼ੋਨ ਨੰਬਰ ਲੈਣ ਦੀ ਵੀ ਕੋਸ਼ਿਸ਼ ਕਰੋ ਤਾਂਕਿ ਫ਼ੋਨ ਤੇ ਸੰਪਰਕ ਕਰ ਕੇ ਉਸ ਨਾਲ ਹੋਰ ਜ਼ਿਆਦਾ ਗੱਲਬਾਤ ਕੀਤੀ ਜਾ ਸਕੇ। ਜੇ ਸੜਕਾਂ ਦੇ ਨਾਂ ਨਹੀਂ ਹਨ ਜਾਂ ਘਰਾਂ ਦੇ ਨੰਬਰ ਨਹੀਂ ਹਨ, ਤਾਂ ਦਿਲਚਸਪੀ ਰੱਖਣ ਵਾਲੇ ਵਿਅਕਤੀ ਦੇ ਘਰ ਤਕ ਪਹੁੰਚਣ ਲਈ ਧਿਆਨ ਨਾਲ ਇਕ ਨਕਸ਼ਾ ਬਣਾ ਲਓ ਜਾਂ ਇਲਾਕੇ ਸੰਬੰਧੀ ਕੋਈ ਗੱਲ ਲਿਖ ਲਓ।
7 ਇਹ ਸਾਡੇ ਲਈ ਕਿੰਨਾ ਵੱਡਾ ਸਨਮਾਨ ਹੈ ਕਿ ਸਾਨੂੰ ਯਿਸੂ ਦੀਆਂ ਇਨ੍ਹਾਂ ਹਿਦਾਇਤਾਂ ਉੱਤੇ ਚੱਲਣ ਦਾ ਮੌਕਾ ਮਿਲਿਆ ਹੈ: “ਜਿਸ ਨਗਰ ਯਾ ਪਿੰਡ ਵਿੱਚ ਵੜੋ ਪੁੱਛੋ ਭਈ ਇੱਥੇ ਲਾਇਕ ਕੌਣ ਹੈ”! (ਮੱਤੀ 10:11) ਯਹੋਵਾਹ ਤੁਹਾਡੇ ਜਤਨਾਂ ਉੱਤੇ ਜ਼ਰੂਰ ਬਰਕਤ ਪਾਵੇਗਾ ਜੇ ਤੁਸੀਂ ਇਸ ਸਭ ਤੋਂ ਲਾਭਦਾਇਕ ਕੰਮ ਵਿਚ ਖ਼ੁਸ਼ੀ-ਖ਼ੁਸ਼ੀ ਮਿਹਨਤ ਕਰਦੇ ਰਹੋਗੇ!