ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 2/01 ਸਫ਼ੇ 5-6
  • ਟੈਲੀਫ਼ੋਨ ਰਾਹੀਂ ਕਾਮਯਾਬ ਗਵਾਹੀ ਦੇਣੀ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਟੈਲੀਫ਼ੋਨ ਰਾਹੀਂ ਕਾਮਯਾਬ ਗਵਾਹੀ ਦੇਣੀ
  • ਸਾਡੀ ਰਾਜ ਸੇਵਕਾਈ—2001
  • ਮਿਲਦੀ-ਜੁਲਦੀ ਜਾਣਕਾਰੀ
  • ਟੈਲੀਫ਼ੋਨ ਰਾਹੀਂ ਗਵਾਹੀ ਦੇਣੀ ਅਸਰਕਾਰੀ ਹੋ ਸਕਦੀ ਹੈ
    ਸਾਡੀ ਰਾਜ ਸੇਵਕਾਈ—2009
  • ਟੈਲੀਫ਼ੋਨ ਰਾਹੀਂ ਗਵਾਹੀ—ਬਹੁਤੇ ਲੋਕਾਂ ਨਾਲ ਗੱਲ ਕਰਨ ਦਾ ਜ਼ਰੀਆ
    ਸਾਡੀ ਰਾਜ ਸੇਵਕਾਈ—2000
  • ਦਰਵਾਜ਼ੇ ਤੇ ਖੜ੍ਹ ਕੇ ਜਾਂ ਫ਼ੋਨ ਤੇ ਬਾਈਬਲ ਸਟੱਡੀਆਂ ਸ਼ੁਰੂ ਕਰਨੀਆਂ
    ਸਾਡੀ ਰਾਜ ਸੇਵਕਾਈ—2005
  • “ਦਿਨ ਭਰ” ਯਹੋਵਾਹ ਨੂੰ ਮੁਬਾਰਕ ਆਖੋ
    ਸਾਡੀ ਰਾਜ ਸੇਵਕਾਈ—1996
ਹੋਰ ਦੇਖੋ
ਸਾਡੀ ਰਾਜ ਸੇਵਕਾਈ—2001
km 2/01 ਸਫ਼ੇ 5-6

ਟੈਲੀਫ਼ੋਨ ਰਾਹੀਂ ਕਾਮਯਾਬ ਗਵਾਹੀ ਦੇਣੀ

1 ਯਹੋਵਾਹ ਦੇ ਗਵਾਹਾਂ ਦਾ ਮਕਸਦ ਸਿਰਫ਼ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਹੀ ਨਹੀਂ, ਸਗੋਂ ਰਾਜ ਸੰਦੇਸ਼ ਜਿੱਥੋਂ ਤਕ ਹੋ ਸਕੇ ਹਰੇਕ ਵਿਅਕਤੀ ਤਕ ਪਹੁੰਚਾਉਣਾ ਵੀ ਹੈ। (ਰਸੂ. 10:42; 20:24) ਹਾਲਾਂਕਿ ਲੋਕਾਂ ਤਕ ਪਹੁੰਚਣ ਦਾ ਮੁੱਖ ਤਰੀਕਾ ਘਰ-ਘਰ ਜਾ ਕੇ ਪ੍ਰਚਾਰ ਕਰਨਾ ਹੈ, ਪਰ ਅਸੀਂ ਜਾਣਦੇ ਹਾਂ ਕਿ ਇਸ ਯੋਜਨਾਬੱਧ ਤਰੀਕੇ ਦੁਆਰਾ ਅਸੀਂ ਸਾਰਿਆਂ ਨੂੰ ਨਹੀਂ ਮਿਲ ਸਕਦੇ। ਇਸ ਲਈ, “ਆਪਣੀ ਸੇਵਕਾਈ ਨੂੰ ਪੂਰਿਆਂ” ਕਰਨ ਲਈ ਅਸੀਂ ਹੋਰ ਤਰੀਕੇ ਵੀ ਆਪਣਾ ਰਹੇ ਹਾਂ ਜਿਸ ਵਿਚ ਟੈਲੀਫ਼ੋਨ ਗਵਾਹੀ ਦੇਣੀ ਵੀ ਸ਼ਾਮਲ ਹੈ ਤਾਂਕਿ ਭੇਡ-ਸਮਾਨ ਲੋਕਾਂ ਨੂੰ ਲੱਭਿਆ ਜਾ ਸਕੇ।​—2 ਤਿਮੋ. 4:5.

2 ਕਈ ਥਾਵਾਂ ਤੇ ਲੋਕ ਸਖ਼ਤ ਸੁਰੱਖਿਆ ਵਾਲੇ ਅਪਾਰਟਮੈਂਟਾਂ, ਰਿਹਾਇਸ਼ੀ ਬਿਲਡਿੰਗਾਂ ਜਾਂ ਉਨ੍ਹਾਂ ਕਲੋਨੀਆਂ ਵਿਚ ਰਹਿੰਦੇ ਹਨ ਜਿੱਥੇ ਸੁਰੱਖਿਆ ਕਰਕੇ ਘਰ-ਘਰ ਦੀ ਸੇਵਕਾਈ ਵਾਲੇ ਤਰੀਕੇ ਨਾਲ ਲੋਕਾਂ ਤਕ ਪਹੁੰਚਣਾ ਮੁਮਕਿਨ ਨਹੀਂ ਹੁੰਦਾ। ਇੱਥੋਂ ਤਕ ਕਿ ਜਿਨ੍ਹਾਂ ਇਲਾਕਿਆਂ ਵਿਚ ਅਸੀਂ ਘਰ-ਘਰ ਜਾ ਕੇ ਪ੍ਰਚਾਰ ਕਰ ਸਕਦੇ ਹਾਂ ਉੱਥੇ ਵੀ ਕਾਫ਼ੀ ਸਾਰੇ ਲੋਕ ਘਰਾਂ ਵਿਚ ਨਹੀਂ ਮਿਲਦੇ। ਪਰ ਕਈ ਪ੍ਰਕਾਸ਼ਕਾਂ ਨੂੰ ਇੱਥੋਂ ਦੇ ਰਹਿਣ ਵਾਲਿਆਂ ਨੂੰ ਟੈਲੀਫ਼ੋਨ ਰਾਹੀਂ ਗਵਾਹੀ ਦੇ ਕੇ ਬੇਹੱਦ ਕਾਮਯਾਬੀ ਮਿਲੀ ਹੈ। ਇਕ ਦਿਨ ਜਦੋਂ ਸਵੇਰੇ-ਸਵੇਰੇ ਇਕ ਪਤੀ-ਪਤਨੀ ਪ੍ਰਚਾਰ ਕਰਨ ਗਏ, ਤਾਂ ਉਨ੍ਹਾਂ ਨੂੰ ਨੌਂ ਲੋਕ ਘਰਾਂ ਵਿਚ ਨਹੀਂ ਮਿਲੇ। ਕਿੰਗਡਮ ਹਾਲ ਵਾਪਸ ਆ ਕੇ ਉਨ੍ਹਾਂ ਨੇ ਟੈਲੀਫ਼ੋਨ ਡਾਇਰੈਕਟਰੀ ਵਿੱਚੋਂ ਇਨ੍ਹਾਂ ਲੋਕਾਂ ਦੇ ਨਾਂ ਲੱਭੇ ਜਿਸ ਵਿਚ ਫ਼ੋਨ ਨੰਬਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਤੇ ਵੀ ਦਿੱਤੇ ਹੋਏ ਸਨ। ਫ਼ੋਨ ਕਰਨ ਤੇ ਉਨ੍ਹਾਂ ਨੂੰ ਅੱਠ ਲੋਕ ਘਰਾਂ ਵਿਚ ਮਿਲੇ!

3 ਕੀ ਤੁਸੀਂ ਟੈਲੀਫ਼ੋਨ ਗਵਾਹੀ ਦੇਣ ਤੋਂ ਹਿਚਕਿਚਾਉਂਦੇ ਹੋ? ਇਕ ਭਰਾ ਮੰਨਦਾ ਹੈ: “ਮੈਨੂੰ ਸ਼ੁਰੂ ਤੋਂ ਹੀ ਇਹ ਪਸੰਦ ਨਹੀਂ ਕਿ ਕੋਈ ਮੈਨੂੰ ਫ਼ੋਨ ਕਰ ਕੇ ਚੀਜ਼ਾਂ ਵੇਚੇ, ਇਸੇ ਲਈ ਮੈਨੂੰ ਪਹਿਲਾਂ ਤੋਂ ਹੀ ਫ਼ੋਨ ਰਾਹੀਂ ਗਵਾਹੀ ਦੇਣੀ ਚੰਗੀ ਨਹੀਂ ਲੱਗਦੀ।” ਪਰ ਸਿਰਫ਼ ਦੋ ਹੀ ਵਾਰ ਟੈਲੀਫ਼ੋਨ ਗਵਾਹੀ ਦੇਣ ਤੋਂ ਬਾਅਦ ਇਸ ਭਰਾ ਨੇ ਕਿਹਾ: “ਹੁਣ ਇਹ ਤਰੀਕਾ ਮੈਨੂੰ ਬੇਹੱਦ ਪਸੰਦ ਹੈ! ਮੈਂ ਤਾਂ ਸੋਚਿਆ ਵੀ ਨਹੀਂ ਸੀ ਕਿ ਇੰਜ ਹੋ ਸਕਦਾ ਹੈ, ਪਰ ਹੁਣ ਇਹ ਮੈਨੂੰ ਬੇਹੱਦ ਪਸੰਦ ਹੈ! ਟੈਲੀਫ਼ੋਨ ਤੇ ਲੋਕ ਆਰਾਮ ਨਾਲ ਗੱਲ ਕਰਦੇ ਹਨ ਤੇ ਤੁਹਾਡੇ ਕੋਲ ਪ੍ਰਚਾਰ ਕਰਨ ਦੀਆਂ ਸਾਰੀਆਂ ਕਿਤਾਬਾਂ ਹੁੰਦੀਆਂ ਹਨ। ਇਹ ਤਰੀਕਾ ਸੱਚੀਂ ਬੜਾ ਅਸਰਦਾਰ ਹੈ!” ਇਕ ਭੈਣ ਨੇ ਵੀ ਇੰਜ ਹੀ ਕਿਹਾ ਸੀ: “ਮੈਨੂੰ ਵੀ ਟੈਲੀਫ਼ੋਨ ਗਵਾਹੀ ਐਨੀ ਚੰਗੀ ਨਹੀਂ ਲੱਗਦੀ ਸੀ। ਸੱਚ ਤਾਂ ਇਹ ਹੈ ਕਿ ਮੈਂ ਕਰਨਾ ਹੀ ਨਹੀਂ ਚਾਹੁੰਦੀ ਸੀ। ਪਰ ਜਦੋਂ ਮੈਂ ਕੋਸ਼ਿਸ਼ ਕੀਤੀ, ਤਾਂ ਮੈਂ ਪਾਇਆ ਕਿ ਇਹ ਤਰੀਕਾ ਤਾਂ ਬੜਾ ਫ਼ਾਇਦੇਮੰਦ ਹੈ। ਟੈਲੀਫ਼ੋਨ ਗਵਾਹੀ ਕਾਰਨ ਅੱਜ ਮੇਰੇ ਕੋਲ 37 ਪੁਨਰ-ਮੁਲਾਕਾਤਾਂ ਹਨ ਤੇ ਐਨੀਆਂ ਸਟੱਡੀਆਂ ਹਨ ਕਿ ਮੈਂ ਇਕੱਲੀ ਨਹੀਂ ਕਰਾ ਸਕਦੀ!” ਜੇ ਤੁਸੀਂ ਵੀ ਟੈਲੀਫ਼ੋਨ ਗਵਾਹੀ ਦੇਣੀ ਚਾਹੁੰਦੇ ਹੋ, ਤਾਂ ਤੁਸੀਂ ਵੀ ਕਾਮਯਾਬ ਹੋ ਸਕਦੇ ਹੋ।

4 ਟੈਲੀਫ਼ੋਨ ਗਵਾਹੀ ਦਾ ਇੰਤਜ਼ਾਮ: ਕਲੀਸਿਯਾ ਦਾ ਪ੍ਰਚਾਰ ਕਰਨ ਦਾ ਕੰਮ ਸੇਵਾ ਨਿਗਾਹਬਾਨ ਦੀ ਦੇਖ-ਰੇਖ ਹੇਠ ਆਉਂਦਾ ਹੈ। ਲੋੜ ਨੂੰ ਦੇਖਦੇ ਹੋਏ, ਟੈਲੀਫ਼ੋਨ ਗਵਾਹੀ ਦੇਣ ਦੇ ਇੰਤਜ਼ਾਮ ਕਰਨ ਲਈ ਬਜ਼ੁਰਗਾਂ ਦਾ ਸਮੂਹ, ਸੇਵਾ ਨਿਗਾਹਬਾਨ ਦੀ ਮਦਦ ਲਈ ਕਿਸੇ ਹੋਰ ਬਜ਼ੁਰਗ ਨੂੰ ਜਾਂ ਇਕ ਕਾਬਲ ਸਹਾਇਕ ਸੇਵਕ ਨੂੰ ਉਸ ਨਾਲ ਲਗਾ ਸਕਦਾ ਹੈ। ਇਲਾਕਿਆਂ ਦੀ ਦੇਖ-ਭਾਲ ਕਰਨ ਵਾਲੇ ਭਰਾ ਨੂੰ ਵੀ ਨਾਲ ਲਾਉਣਾ ਚਾਹੀਦਾ ਹੈ ਕਿਉਂਕਿ ਉਹ ਇਲਾਕੇ ਵੰਡੇਗਾ ਤੇ ਉਸ ਦਾ ਪੂਰਾ ਰਿਕਾਰਡ ਰੱਖੇਗਾ। ਸਰਕਟ ਨਿਗਾਹਬਾਨ ਵੀ ਇਸ ਵਿਚ ਦਿਲਚਸਪੀ ਲਵੇਗਾ ਕਿ ਟੈਲੀਫ਼ੋਨ ਗਵਾਹੀ ਦਾ ਕੰਮ ਕਿਵੇਂ ਚਲ ਰਿਹਾ ਹੈ।

5 ਤੁਹਾਡੇ ਇਲਾਕੇ ਦੇ ਜਿਨ੍ਹਾਂ ਖੇਤਰਾਂ ਵਿਚ ਘਰ-ਘਰ ਦੀ ਸੇਵਕਾਈ ਨਹੀਂ ਕੀਤੀ ਜਾ ਸਕਦੀ ਉੱਥੇ ਟੈਲੀਫ਼ੋਨ ਰਾਹੀਂ ਗਵਾਹੀ ਦੇਣ ਦੇ ਖੇਤਰ ਤਿਆਰ ਕੀਤੇ ਜਾਣੇ ਚਾਹੀਦੇ ਹਨ। ਇਸ ਕੰਮ ਲਈ ਥਾਪਿਆ ਗਿਆ ਭਰਾ ਉਨ੍ਹਾਂ ਸਾਰੇ ਪਤਿਆਂ ਦੀ ਧਿਆਨ ਨਾਲ ਇਕ ਲਿਸਟ ਬਣਾਵੇਗਾ ਜਿਨ੍ਹਾਂ ਨੂੰ ਟੈਲੀਫ਼ੋਨ ਖੇਤਰ ਬਣਾਇਆ ਜਾਣਾ ਹੈ। ਇਨ੍ਹਾਂ ਖੇਤਰਾਂ ਨੂੰ ਛੋਟਾ ਰੱਖਿਆ ਜਾਣਾ ਚਾਹੀਦਾ ਹੈ ਤਾਂਕਿ ਇੱਥੇ ਵਾਰ-ਵਾਰ ਪ੍ਰਚਾਰ ਕੀਤਾ ਜਾ ਸਕੇ। ਸਾਰੇ ਇਲਾਕੇ ਦੇ ਨਕਸ਼ਿਆਂ ਵਿਚ ਉਨ੍ਹਾਂ ਖੇਤਰਾਂ ਤੇ ਨਿਸ਼ਾਨ ਲਾ ਦੇਣੇ ਚਾਹੀਦੇ ਹਨ ਜਿਨ੍ਹਾਂ ਨੂੰ ਟੈਲੀਫ਼ੋਨ ਗਵਾਹੀ ਲਈ ਚੁਣਿਆ ਗਿਆ ਹੈ।

6 ਤੁਹਾਨੂੰ ਟੈਲੀਫ਼ੋਨ ਨੰਬਰ ਕਿੱਥੋਂ ਮਿਲ ਸਕਦੇ ਹਨ? ਟੈਲੀਫ਼ੋਨ ਡਾਇਰੈਕਟਰੀ ਵਿੱਚੋਂ ਜੋ ਕਿਸੇ ਵੀ ਟੈਲੀਫ਼ੋਨ ਬੂਥ ਤੋਂ ਮਿਲ ਸਕਦੀ ਹੈ। ਇਸ ਵਿਚ ਅੱਖਰਕ੍ਰਮ ਮੁਤਾਬਕ ਨਾਵਾਂ ਦੇ ਨਾਲ-ਨਾਲ ਟੈਲੀਫ਼ੋਨ ਨੰਬਰ ਤੇ ਪਤੇ ਦਿੱਤੇ ਗਏ ਹੁੰਦੇ ਹਨ। ਜੇ ਸੁਰੱਖਿਆ ਵਾਲੀ ਬਿਲਡਿੰਗ ਦੀ ਆਪਣੀ ਟੈਲੀਫ਼ੋਨ ਲਿਸਟ ਹੈ, ਤਾਂ ਸ਼ਾਇਦ ਤੁਸੀਂ ਨੰਬਰ ਉੱਥੋਂ ਲੈ ਸਕਦੇ ਹੋ। ਨਹੀਂ ਤਾਂ, ਤੁਸੀਂ ਬਿਲਡਿੰਗ ਦੇ ਮੇਨ ਗੇਟ ਤੇ ਲਗਾਈ ਲਿਸਟ ਜਾਂ ਰਜਿਸਟਰ ਤੋਂ ਉਨ੍ਹਾਂ ਦੇ ਨਾਂ ਲੈ ਸਕਦੇ ਹੋ ਅਤੇ ਉਨ੍ਹਾਂ ਨਾਵਾਂ ਨੂੰ ਡਾਇਰੈਕਟਰੀ ਵਿੱਚੋਂ ਦੇਖ ਕੇ ਉਨ੍ਹਾਂ ਦੇ ਫ਼ੋਨ ਨੰਬਰ ਪਤਾ ਕਰ ਸਕਦੇ ਹੋ।

7 “ਪਾਇਨੀਅਰ ਦੂਜਿਆਂ ਦੀ ਮਦਦ ਕਰਦੇ ਹਨ” ਪ੍ਰੋਗ੍ਰਾਮ ਤਹਿਤ ਕਲੀਸਿਯਾ ਦੇ ਬਜ਼ੁਰਗ ਦੂਜਿਆਂ ਨੂੰ ਸਿਖਾਉਣ ਲਈ ਤਜਰਬੇਕਾਰ ਭੈਣ-ਭਰਾਵਾਂ ਦਾ ਇੰਤਜ਼ਾਮ ਕਰ ਕੇ ਸਰਗਰਮੀ ਨਾਲ ਇਸ ਕੰਮ ਵਿਚ ਹਿੱਸਾ ਲੈ ਸਕਦੇ ਹਨ। ਟੈਲੀਫ਼ੋਨ ਗਵਾਹੀ ਨੂੰ ਹੋਰ ਵੀ ਕਾਮਯਾਬ ਕਿਵੇਂ ਬਣਾਇਆ ਜਾ ਸਕਦਾ ਹੈ ਇਸ ਬਾਰੇ ਸਮੇਂ-ਸਮੇਂ ਤੇ ਸੇਵਾ ਸਭਾ ਵਿਚ ਕਲੀਸਿਯਾ ਦੀਆਂ ਲੋੜਾਂ ਦੇ ਭਾਗ ਵਿਚ ਦੱਸਿਆ ਜਾ ਸਕਦਾ ਹੈ।

8 ਬਿਰਧ ਜਾਂ ਸਰੀਰਕ ਪੱਖੋਂ ਕਮਜ਼ੋਰ ਪ੍ਰਕਾਸ਼ਕਾਂ ਨੂੰ ਜਦੋਂ ਬਜ਼ੁਰਗ ਮਿਲਣ ਜਾਂਦੇ ਹਨ, ਤਾਂ ਉਹ ਉਨ੍ਹਾਂ ਨੂੰ ਟੈਲੀਫ਼ੋਨ ਗਵਾਹੀ ਦੇ ਕੰਮ ਵਿਚ ਹਿੱਸਾ ਲੈਣ ਦੀ ਹੱਲਾ-ਸ਼ੇਰੀ ਦੇ ਸਕਦੇ ਹਨ। ਸ਼ਾਇਦ ਇਕ ਬਜ਼ੁਰਗ ਪ੍ਰਕਾਸ਼ਕ ਦੀ ਮਦਦ ਲਈ ਖ਼ੁਦ ਫ਼ੋਨ ਤੇ ਇਕ ਦੋ ਵਾਰ ਗਵਾਹੀ ਦੇ ਕੇ ਦਿਖਾ ਸਕਦਾ ਹੈ। ਫਿਰ ਪ੍ਰਕਾਸ਼ਕ ਖ਼ੁਦ ਟੈਲੀਫ਼ੋਨ ਗਵਾਹੀ ਦਾ ਆਨੰਦ ਮਾਣ ਸਕਦਾ ਹੈ। ਜਿਨ੍ਹਾਂ ਭੈਣ-ਭਰਾਵਾਂ ਨੇ ਇੰਜ ਗਵਾਹੀ ਦੇਣੀ ਸ਼ੁਰੂ ਕੀਤੀ ਹੈ ਉਨ੍ਹਾਂ ਨੇ ਰੋਜ਼ਾਨਾ ਕੁਝ ਹੀ ਮਿੰਟ ਇਸ ਕੰਮ ਵਿਚ ਬਿਤਾਏ ਹਨ ਜਿਸ ਨਾਲ ਉਨ੍ਹਾਂ ਨੂੰ ਬੜੀ ਖ਼ੁਸ਼ੀ ਮਿਲੀ ਹੈ।

9 ਕਾਮਯਾਬੀ ਲਈ ਸੁਝਾਅ: ਜਦੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਨ ਭੇਜਿਆ, ਤਾਂ ਉਸ ਨੇ ਉਨ੍ਹਾਂ ਨੂੰ “ਦੋ ਦੋ ਕਰਕੇ” ਘੱਲਿਆ। (ਲੂਕਾ 10:1) ਕਿਉਂ? ਉਸ ਨੂੰ ਪਤਾ ਸੀ ਕਿ ਮਿਲ ਕੇ ਕੰਮ ਕਰਨ ਨਾਲ ਉਹ ਇਕ ਦੂਏ ਕੋਲੋਂ ਸਿੱਖਣਗੇ ਤੇ ਇਕ-ਦੂਏ ਦੀ ਹੌਸਲਾ-ਅਫ਼ਜ਼ਾਈ ਕਰਨਗੇ। ਇਹ ਗੱਲ ਟੈਲੀਫ਼ੋਨ ਗਵਾਹੀ ਬਾਰੇ ਵੀ ਸੱਚ ਹੈ। ਇਕ-ਦੂਏ ਨਾਲ ਕੰਮ ਕਰ ਕੇ ਤੁਸੀਂ ਆਪੋ ਵਿਚ ਸਿੱਖ ਸਕਦੇ ਹੋ, ਟੈਲੀਫ਼ੋਨ ਗਵਾਹੀ ਦੇ ਮਿਲੇ ਨਤੀਜਿਆਂ ਉੱਤੇ ਚਰਚਾ ਕਰ ਸਕਦੇ ਹੋ ਤੇ ਅਗਲੀ ਗੱਲਬਾਤ ਲਈ ਆਪਣੇ ਸੁਝਾਅ ਦੇ ਸਕਦੇ ਹੋ। ਨਾਲੇ ਟੈਲੀਫ਼ੋਨ ਕਰਦੇ ਵੇਲੇ ਤੁਸੀਂ ਇਕ-ਦੂਏ ਦੀ ਢੁਕਵੀਂ ਜਾਣਕਾਰੀ ਲੱਭਣ ਵਿਚ ਮਦਦ ਕਰ ਸਕਦੇ ਹੋ।

10 ਚੰਗੀ ਤਰ੍ਹਾਂ ਸੋਚਣ ਤੇ ਪੂਰਾ ਧਿਆਨ ਲਾਉਣ ਲਈ ਤੁਸੀਂ ਉੱਥੇ ਬੈਠੋ ਜਿੱਥੇ ਤੁਸੀਂ ਗਵਾਹੀ ਦੇਣ ਵਾਲਾ ਸਾਮਾਨ ਜਿਵੇਂ ਬਾਈਬਲ, ਤਰਕ ਕਰਨਾ (ਅੰਗ੍ਰੇਜ਼ੀ) ਕਿਤਾਬ, ਮੰਗ ਬਰੋਸ਼ਰ, ਰਸਾਲੇ ਤੇ ਹੋਰ ਚੀਜ਼ਾਂ ਆਪਣੇ ਸਾਮ੍ਹਣੇ ਰੱਖ ਸਕੋ। ਕੁਝ ਪੇਸ਼ਕਾਰੀਆਂ ਲਿਖ ਲਓ ਤੇ ਉੱਥੇ ਰੱਖੋ ਜਿੱਥੋਂ ਤੁਸੀਂ ਉਨ੍ਹਾਂ ਨੂੰ ਸੌਖਿਆਂ ਹੀ ਦੇਖ ਸਕੋ। ਸਹੀ-ਸਹੀ ਤੇ ਪੂਰੇ ਰਿਕਾਰਡ ਰੱਖੋ ਜਿਸ ਵਿਚ ਉਸ ਦਿਨ ਦੀ ਤਾਰੀਖ਼ ਤੇ ਸਮਾਂ ਵੀ ਲਿਖਿਆ ਹੋਵੇ ਜਿਸ ਤੋਂ ਤੁਹਾਨੂੰ ਪਤਾ ਲੱਗ ਸਕੇ ਕਿ ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਦੁਬਾਰਾ ਫ਼ੋਨ ਕਦੋਂ ਕਰਨਾ ਹੈ।

11 ਅਕਸਰ ਲੋਕ ਫ਼ੋਨ ਤੇ ਓਪਰੀ ਆਵਾਜ਼ ਸੁਣ ਕੇ ਚੁਕੰਨੇ ਹੋ ਜਾਂਦੇ ਹਨ। ਇਸ ਲਈ, ਬੜੇ ਪਿਆਰ ਨਾਲ ਤੇ ਦੋਸਤਾਨਾ ਲਹਿਜ਼ੇ ਵਿਚ ਅਤੇ ਬੜੀ ਸੂਝ-ਬੂਝ ਨਾਲ ਗੱਲ ਕਰੋ। ਕਿਉਂਕਿ ਵਿਅਕਤੀ ਤੁਹਾਡੀ ਸਿਰਫ਼ ਆਵਾਜ਼ ਹੀ ਸੁਣ ਸਕਦਾ ਹੈ ਜਿਸ ਤੋਂ ਉਹ ਅੰਦਾਜ਼ਾ ਲਾਉਂਦਾ ਹੈ ਕਿ ਤੁਸੀਂ ਕਿਹੋ ਜਿਹੇ ਬੰਦੇ ਹੋ। ਆਰਾਮ ਨਾਲ ਤੇ ਦਿਲੋਂ ਬੋਲੋ। ਹੌਲੀ-ਹੌਲੀ ਤੇ ਸਾਫ਼ ਅਤੇ ਉੱਚੀ ਆਵਾਜ਼ ਵਿਚ ਬੋਲੋ। ਵਿਅਕਤੀ ਨੂੰ ਵੀ ਬੋਲਣ ਦਾ ਮੌਕਾ ਦਿਓ। ਆਪਣਾ ਪੂਰਾ ਨਾਂ ਦੱਸੋ ਤੇ ਇਹ ਵੀ ਦੱਸੋ ਕਿ ਤੁਸੀਂ ਇਸੇ ਇਲਾਕੇ ਵਿਚ ਰਹਿੰਦੇ ਹੋ। ਅਸੀਂ ਨਹੀਂ ਚਾਹੁੰਦੇ ਕਿ ਲੋਕ ਇਹ ਸੋਚਣ ਕਿ ਅਸੀਂ ਚੀਜ਼ਾਂ ਵੇਚਦੇ ਹਾਂ। ਇਸ ਲਈ, ਇਹ ਕਹਿਣ ਦੀ ਬਜਾਇ ਕਿ ਤੁਸੀਂ ਉਨ੍ਹਾਂ ਦੀ ਬਿਲਡਿੰਗ ਦੇ ਸਾਰੇ ਵਸਨੀਕਾਂ ਨਾਲ ਫ਼ੋਨ ਤੇ ਗੱਲਬਾਤ ਕਰ ਰਹੇ ਹੋ, ਇਹ ਕਹੋ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹਾਂ।

12 ਟੈਲੀਫ਼ੋਨ ਪੇਸ਼ਕਾਰੀਆਂ: ਕਿਵੇਂ ਬਾਈਬਲ ਚਰਚੇ ਆਰੰਭ ਕਰਨਾ ਅਤੇ ਜਾਰੀ ਰੱਖਣਾ ਪੁਸਤਿਕਾ ਦੇ ਸਫ਼ੇ 2-7 ਉੱਤੇ ਬਹੁਤ ਸਾਰੀਆਂ ਪ੍ਰਸਤਾਵਨਾਵਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਟੈਲੀਫ਼ੋਨ ਗਵਾਹੀ ਲਈ ਵਰਤਿਆ ਜਾ ਸਕਦਾ ਹੈ। ਤੁਸੀਂ ਕਹਿ ਸਕਦੇ ਹੋ: “ਮੈਂ ਤੁਹਾਨੂੰ ਇਸ ਲਈ ਫ਼ੋਨ ਕੀਤਾ ਕਿਉਂਕਿ ਮੈਂ ਤੁਹਾਨੂੰ ਖ਼ੁਦ ਆ ਕੇ ਨਹੀਂ ਮਿਲ ਸਕਦਾ। ਦਰਅਸਲ ਮੈਂ ਇਕ ਦਿਲਚਸਪ ਸਵਾਲ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਹਾਂ।” ਫਿਰ ਸਵਾਲ ਪੁੱਛੋ।

13 ਸਿਰਲੇਖ “ਅਪਰਾਧ/ਸੁਰੱਖਿਆ” ਹੇਠ ਦਿੱਤੀ ਪਹਿਲੀ ਪ੍ਰਸਤਾਵਨਾ ਨੂੰ ਤੁਸੀਂ ਇੰਜ ਇਸਤੇਮਾਲ ਕਰ ਸਕਦੇ ਹੋ: “ਹੈਲੋ। ਮੇਰਾ ਨਾਂ _____ ਹੈ। ਮੈਂ ਇਸੇ ਇਲਾਕੇ ਵਿਚ ਹੀ ਰਹਿੰਦਾ ਹਾਂ। ਯਕੀਨ ਰੱਖੋ ਕਿ ਮੈਂ ਕੋਈ ਚੀਜ਼ ਨਹੀਂ ਵੇਚ ਰਿਹਾ ਜਾਂ ਕੋਈ ਸਰਵੇਖਣ ਨਹੀਂ ਕਰ ਰਿਹਾ ਹਾਂ। ਅਸੀਂ ਲੋਕਾਂ ਨਾਲ ਨਿੱਜੀ ਸੁਰੱਖਿਆ ਦੇ ਮਾਮਲੇ ਬਾਰੇ ਗੱਲਬਾਤ ਕਰ ਰਹੇ ਹਾਂ। ਸਾਡੇ ਚਾਰੇ ਪਾਸੇ ਬਹੁਤ ਅਪਰਾਧ ਹੈ, ਅਤੇ ਇਹ ਸਾਡੇ ਜੀਵਨ ਉੱਤੇ ਅਸਰ ਪਾਉਂਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਤੁਹਾਡੇ ਅਤੇ ਮੇਰੇ ਵਰਗੇ ਲੋਕ ਰਾਤ ਨੂੰ ਸੜਕਾਂ ਉੱਤੇ ਸੁਰੱਖਿਅਤ ਮਹਿਸੂਸ ਕਰਦੇ ਹੋਏ ਤੁਰ-ਫਿਰ ਸਕਣਗੇ? [ਜਵਾਬ ਲਈ ਸਮਾਂ ਦਿਓ।] ਆਓ ਮੈਂ ਤੁਹਾਨੂੰ ਪੜ੍ਹ ਕੇ ਦੱਸਾਂ ਕਿ ਪਰਮੇਸ਼ੁਰ ਨੇ ਕੀ ਕਰਨ ਦਾ ਵਾਅਦਾ ਕੀਤਾ ਹੈ।”

14 ਫ਼ੋਨ ਤੇ ਬਾਈਬਲ ਸਟੱਡੀਆਂ ਦੀ ਪੇਸ਼ਕਸ਼ ਕਰਨ ਨਾਲ ਵਧੀਆ ਨਤੀਜੇ ਨਿਕਲੇ ਹਨ। ਸਟੱਡੀ ਕਿਵੇਂ ਕੀਤੀ ਜਾਂਦੀ ਹੈ ਇਸ ਨੂੰ ਫ਼ੋਨ ਤੇ ਕੁਝ ਹੀ ਮਿੰਟਾਂ ਵਿਚ ਸਮਝਾਇਆ ਜਾ ਸਕਦਾ ਹੈ। ਸਟੱਡੀ ਚਾਲੂ ਰੱਖਣ ਲਈ ਉਸ ਨੂੰ ਪੁੱਛੋ ਕਿ ਕੀ ਤੁਸੀਂ ਉਸ ਦੇ ਘਰ ਆ ਸਕਦੇ ਹੋ, ਪਰ ਜੇ ਵਿਅਕਤੀ ਥੋੜ੍ਹਾ ਹਿਚਕਿਚਾਉਂਦਾ ਹੈ, ਤਾਂ ਫ਼ੋਨ ਤੇ ਹੀ ਕਿਸੇ ਹੋਰ ਦਿਨ ਸਟੱਡੀ ਜਾਰੀ ਰੱਖਣ ਦੀ ਪੇਸ਼ਕਸ਼ ਕਰੋ।

15 ਗੱਲਬਾਤ ਖ਼ਤਮ ਕਰਨ ਤੋਂ ਬਾਅਦ, ਕੁਝ ਅਜਿਹੀ ਗੱਲ ਕਹੋ ਕਿ ਤੁਸੀਂ ਉਸ ਵਿਅਕਤੀ ਨੂੰ ਉਸ ਦੇ ਘਰ ਜਾ ਕੇ ਮਿਲ ਸਕੋ ਜਾਂ ਡਾਕ ਰਾਹੀਂ ਸਾਹਿੱਤ ਭੇਜ ਸਕੋ। ਜੇ ਵਿਅਕਤੀ ਆਪਣਾ ਪਤਾ ਦੇਣ ਤੋਂ ਹਿਚਕਿਚਾਉਂਦਾ ਹੈ, ਤਾਂ ਕਹੋ ਕਿ ਮੈਂ ਤੁਹਾਨੂੰ ਦੁਬਾਰਾ ਫ਼ੋਨ ਕਰ ਸਕਦਾ ਹਾਂ। ਸ਼ਾਇਦ ਤੁਹਾਨੂੰ ਜਾਣ-ਪਛਾਣ ਵਧਾਉਣ ਲਈ ਕਈ ਵਾਰ ਫ਼ੋਨ ਕਰਨਾ ਪਵੇ ਤਾਂਕਿ ਉਹ ਤੁਹਾਨੂੰ ਆਪਣੇ ਘਰ ਬੁਲਾਏ।

16 ਪਹਿਲ ਕਰੋ: ਇਕ 15 ਸਾਲ ਦੀ ਭੈਣ ਨੇ ਆਪਣੀ ਸਵੇਰ ਦੀ ਸੇਵਕਾਈ ਇਕ ਫ਼ੋਨ ਗਵਾਹੀ ਦੇਣ ਨਾਲ ਸ਼ੁਰੂ ਕੀਤੀ। ਉਸ ਨੇ ਤੀਵੀਂ ਨਾਲ ਗੱਲ ਕੀਤੀ ਜਿਸ ਨੇ ਗਿਆਨ ਕਿਤਾਬ ਲੈਣੀ ਸਵੀਕਾਰ ਕੀਤੀ। ਜਦੋਂ ਭੈਣ ਨੇ ਉਸ ਨੂੰ ਘਰ ਜਾ ਕੇ ਕਿਤਾਬ ਦਿੱਤੀ, ਤਾਂ ਤੀਵੀਂ ਨੇ ਜਾਣਨਾ ਚਾਹਿਆ ਕਿ ਭੈਣ ਨੂੰ ਉਸ ਦਾ ਨੰਬਰ ਕਿਵੇਂ ਮਿਲਿਆ ਕਿਉਂਕਿ ਉਸ ਦਾ ਨੰਬਰ ਤਾਂ ਡਾਇਰੈਕਟਰੀ ਵਿਚ ਨਹੀਂ ਸੀ। ਭੈਣ ਕੋਲੋਂ ਇਹ ਨੰਬਰ ਗ਼ਲਤੀ ਨਾਲ ਡਾਇਲ ਹੋ ਗਿਆ ਸੀ! ਤੀਵੀਂ ਸਟੱਡੀ ਕਰਨ ਲਈ ਮੰਨ ਗਈ ਤੇ ਹੁਣ ਉਹ ਇਕ ਬਪਤਿਸਮਾ-ਰਹਿਤ ਪ੍ਰਕਾਸ਼ਕ ਹੈ।

17 ਇਕ ਭੈਣ ਨੂੰ ਟੈਲੀਫ਼ੋਨ ਗਵਾਹੀ ਲਈ ਇਕ ਖੇਤਰ ਦਿੱਤਾ ਗਿਆ, ਪਰ ਡਰਦੀ ਮਾਰੀ ਉਹ ਤਿੰਨ ਹਫ਼ਤਿਆਂ ਤਕ ਪ੍ਰਚਾਰ ਕਰਨ ਤੋਂ ਰੁਕੀ ਰਹੀ। ਗਵਾਹੀ ਦੇਣੀ ਸ਼ੁਰੂ ਕਰਨ ਵਿਚ ਕਿਹੜੀ ਗੱਲ ਨੇ ਉਸ ਨੂੰ ਹਿੰਮਤ ਦਿੱਤੀ? ਉਸ ਨੂੰ 22 ਜਨਵਰੀ 1997 ਦਾ ਜਾਗਰੂਕ ਬਣੋ! (ਅੰਗ੍ਰੇਜ਼ੀ) ਦਾ ਲੇਖ ‘ਜਦੋਂ ਮੈਂ ਨਿਰਬਲ ਹੁੰਦੀ ਹਾਂ ਤਦੋਂ ਹੀ ਸਮਰਥੀ ਹੁੰਦੀ ਹਾਂ’ ਚੇਤੇ ਆਇਆ। ਇਹ ਲੇਖ ਇਕ ਅਜਿਹੀ ਭੈਣ ਬਾਰੇ ਸੀ ਜੋ ਤੁਰ-ਫਿਰ ਨਹੀਂ ਸਕਦੀ ਪਰ ਫਿਰ ਵੀ ਉਹ ਟੈਲੀਫ਼ੋਨ ਰਾਹੀਂ ਪ੍ਰਚਾਰ ਕਰਦੀ ਹੈ। ਉਸ ਭੈਣ ਨੇ ਕਿਹਾ: “ਮੈਂ ਵੀ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਤੇ ਉਸ ਕੋਲੋਂ ਤਾਕਤ ਮੰਗੀ। ਮੈਂ ਕਿਹਾ ਕਿ ਉਹ ਮੈਨੂੰ ਗੱਲ ਕਰਨ ਲਈ ਸਹੀ ਲਫ਼ਜ਼ ਦੇਵੇ।” ਪਹਿਲੇ ਦਿਨ ਟੈਲੀਫ਼ੋਨ ਗਵਾਹੀ ਦੇਣ ਦਾ ਸਿੱਟਾ ਕੀ ਨਿਕਲਿਆ? ਉਸ ਨੇ ਕਿਹਾ: “ਯਹੋਵਾਹ ਨੇ ਮੇਰੀ ਪ੍ਰਾਰਥਨਾ ਸੁਣੀ। ਲੋਕਾਂ ਨੇ ਮੇਰੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਮੈਂ ਉਨ੍ਹਾਂ ਕੋਲ ਦੁਬਾਰਾ ਜਾਣ ਦਾ ਇੰਤਜ਼ਾਮ ਕੀਤਾ। ਬਾਅਦ ਵਿਚ ਟੈਲੀਫ਼ੋਨ ਗਵਾਹੀ ਰਾਹੀਂ ਇਕ ਬਾਈਬਲ ਸਟੱਡੀ ਚਾਲੂ ਹੋ ਗਈ।” ਅਖ਼ੀਰ ਵਿਚ ਉਹ ਕਹਿੰਦੀ ਹੈ: “ਇਕ ਵਾਰ ਫੇਰ ਯਹੋਵਾਹ ਨੇ ਮੈਨੂੰ ਸਿਖਾਇਆ ਕਿ ਮੈਂ ਆਪਣੇ ਤੇ ਭਰੋਸਾ ਕਰਨ ਦੀ ਬਜਾਇ ਉਸ ਤੇ ਭਰੋਸਾ ਰੱਖਾਂ।”​—ਕਹਾ. 3:5.

18 ਖ਼ੁਸ਼ ਖ਼ਬਰੀ ਨੂੰ ਪ੍ਰਚਾਰ ਕਰਨ ਦਾ ਕਾਮਯਾਬ ਤਰੀਕਾ ਹੈ​—ਟੈਲੀਫ਼ੋਨ ਰਾਹੀਂ ਸੱਚਾਈ ਦੱਸਣੀ। ਪਹਿਲਾਂ ਤੋਂ ਹੀ ਚੰਗੀ ਤਿਆਰੀ ਕਰੋ ਤੇ ਪੂਰੇ ਦਿਲੋਂ ਹਿੱਸਾ ਲਓ। ਸ਼ੁਰੂ-ਸ਼ੁਰੂ ਵਿਚ ਫ਼ੋਨ ਕਰਨ ਤੇ ਜੇ ਲੋਕ ਨਹੀਂ ਸੁਣਦੇ, ਤਾਂ ਹਿੰਮਤ ਨਾ ਹਾਰੋ। ਯਹੋਵਾਹ ਕੋਲੋਂ ਅਗਵਾਈ ਲੈਣ ਲਈ ਪ੍ਰਾਰਥਨਾ ਕਰੋ ਅਤੇ ਜਿਹੜੇ ਭੈਣ-ਭਰਾ ਜੋਸ਼ ਨਾਲ ਗਵਾਹੀ ਦੇ ਰਹੇ ਹਨ ਉਨ੍ਹਾਂ ਨਾਲ ਆਪਣੇ ਨੋਟ ਸਾਂਝੇ ਕਰੋ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਇਲਾਕੇ ਦੇ ਹਰੇਕ ਵਿਅਕਤੀ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਮਿਲੇ, ਤਾਂ ਆਓ ਆਪਾਂ ਸਮੇਂ ਦੀ ਲੋੜ ਨੂੰ ਪਛਾਣਦੇ ਹੋਏ ਚੰਗੀ ਤਰ੍ਹਾਂ ਨਾਲ ਆਪਣੀ ਸੇਵਕਾਈ ਪੂਰੀ ਕਰੀਏ।​—ਰੋਮੀ. 10:3, 4.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ