ਦਰਵਾਜ਼ੇ ਤੇ ਖੜ੍ਹ ਕੇ ਜਾਂ ਫ਼ੋਨ ਤੇ ਬਾਈਬਲ ਸਟੱਡੀਆਂ ਸ਼ੁਰੂ ਕਰਨੀਆਂ
1, 2. ਕੰਮਾਂ-ਕਾਰਾਂ ਵਿਚ ਰੁੱਝੇ ਲੋਕਾਂ ਨਾਲ ਅਸੀਂ ਬਾਈਬਲ ਸਟੱਡੀ ਕਿਵੇਂ ਸ਼ੁਰੂ ਕਰ ਸਕਦੇ ਹਾਂ?
1 ਅੱਜ ਲੋਕ ਆਪਣੇ ਕੰਮਾਂ-ਕਾਰਾਂ ਵਿਚ ਬਹੁਤ ਰੁੱਝੇ ਹੋਏ ਹਨ। ਫਿਰ ਵੀ ਕਈ ਲੋਕ ਧਾਰਮਿਕ ਗੱਲਾਂ ਵਿਚ ਰੁਚੀ ਰੱਖਦੇ ਹਨ। ਅਸੀਂ ਉਨ੍ਹਾਂ ਦੀਆਂ ਅਧਿਆਤਮਿਕ ਲੋੜਾਂ ਪੂਰੀਆਂ ਕਰਨ ਲਈ ਕੀ ਕਰ ਸਕਦੇ ਹਾਂ? (ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ) ਕਈ ਪ੍ਰਕਾਸ਼ਕ ਦਰਵਾਜ਼ਿਆਂ ਤੇ ਖੜ੍ਹ ਕੇ ਜਾਂ ਫ਼ੋਨ ਤੇ ਬਾਈਬਲ ਸਟੱਡੀਆਂ ਕਰਾਉਂਦੇ ਹਨ। ਕੀ ਤੁਸੀਂ ਇੱਦਾਂ ਕਰ ਸਕਦੇ ਹੋ?
2 ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਹਰ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਲੋਕਾਂ ਨੂੰ ਦਿਖਾਈਏ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਇੱਦਾਂ ਅਸੀਂ ਕਿਵੇਂ ਤੇ ਕਿੱਥੇ ਕਰ ਸਕਦੇ ਹਾਂ?
3. ਪਹਿਲੀ ਹੀ ਮੁਲਾਕਾਤ ਤੇ ਲੋਕਾਂ ਨੂੰ ਇਹ ਦਿਖਾਉਣਾ ਚੰਗੀ ਗੱਲ ਕਿਉਂ ਹੋਵੇਗੀ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ ਤੇ ਇਹ ਅਸੀਂ ਕਿਵੇਂ ਦਿਖਾ ਸਕਦੇ ਹਾਂ?
3 ਦਰਵਾਜ਼ੇ ਤੇ ਖੜ੍ਹ ਕੇ: ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲਦੇ ਹੋ ਜੋ ਬਾਈਬਲ ਬਾਰੇ ਗੱਲਬਾਤ ਕਰਨ ਲਈ ਤਿਆਰ ਹੈ, ਤਾਂ ਕਿਤਾਬ ਖੋਲ੍ਹ ਕੇ ਉਸ ਪੈਰੇ ਤੇ ਚਰਚਾ ਕਰੋ ਜੋ ਤੁਸੀਂ ਤਿਆਰ ਕੀਤਾ ਹੈ, ਜਿਵੇਂ ਤੁਸੀਂ ਮੰਗ ਬਰੋਸ਼ਰ ਦੇ ਪਹਿਲੇ ਪਾਠ ਦੇ ਪਹਿਲੇ ਪੈਰੇ ਤੇ ਚਰਚਾ ਕਰ ਸਕਦੇ ਹੋ। ਪੈਰੇ ਨੂੰ ਪੜ੍ਹ ਕੇ ਸਵਾਲ ਉੱਤੇ ਚਰਚਾ ਕਰੋ ਤੇ ਫਿਰ ਇਕ ਜਾਂ ਦੋ ਹਵਾਲਿਆਂ ਤੇ ਵਿਚਾਰ ਕਰੋ। ਇਸ ਤਰ੍ਹਾਂ ਚਰਚਾ ਕਰਨ ਵਿਚ ਅਕਸਰ ਪੰਜ-ਦਸ ਮਿੰਟ ਲੱਗਦੇ ਹਨ। ਜੇ ਵਿਅਕਤੀ ਨੂੰ ਇਸ ਤਰ੍ਹਾਂ ਚਰਚਾ ਕਰ ਕੇ ਖ਼ੁਸ਼ੀ ਹੁੰਦੀ ਹੈ, ਤਾਂ ਉਸ ਨੂੰ ਕਹੋ ਕਿ ਤੁਸੀਂ ਅਗਲੀ ਵਾਰ ਆ ਕੇ ਅਗਲੇ ਇਕ ਜਾਂ ਦੋ ਪੈਰਿਆਂ ਤੇ ਚਰਚਾ ਕਰੋਗੇ।—ਬਾਈਬਲ ਸਟੱਡੀਆਂ ਪੇਸ਼ ਕਰਨ ਬਾਰੇ ਹੋਰ ਸੁਝਾਅ ਜਨਵਰੀ 2002 ਦੀ ਸਾਡੀ ਰਾਜ ਸੇਵਕਾਈ ਦੇ ਸਫ਼ਾ 6 ਤੇ ਦਿੱਤੇ ਗਏ ਹਨ।
4. ਪੁਨਰ-ਮੁਲਾਕਾਤਾਂ ਦੌਰਾਨ ਅਸੀਂ ਲੋਕਾਂ ਨਾਲ ਦਰਵਾਜ਼ੇ ਤੇ ਖੜ੍ਹ ਕੇ ਬਾਈਬਲ ਸਟੱਡੀ ਕਿਵੇਂ ਸ਼ੁਰੂ ਕਰ ਸਕਦੇ ਹਾਂ?
4 ਪੁਨਰ-ਮੁਲਾਕਾਤਾਂ ਦੌਰਾਨ ਵੀ ਦਰਵਾਜ਼ੇ ਤੇ ਖੜ੍ਹ ਕੇ ਲੋਕਾਂ ਨਾਲ ਬਾਈਬਲ ਸਟੱਡੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਮਿਸਾਲ ਲਈ, ਤੁਸੀਂ ਘਰ-ਸੁਆਮੀ ਨੂੰ ਮੰਗ ਬਰੋਸ਼ਰ ਦੇ ਕੇ ਦੂਜੇ ਪਾਠ ਦੇ ਪੈਰੇ 1-2 ਵਿੱਚੋਂ ਪਰਮੇਸ਼ੁਰ ਦੇ ਨਾਂ ਬਾਰੇ ਦੱਸ ਸਕਦੇ ਹੋ। ਅਗਲੀ ਵਾਰ ਤੁਸੀਂ ਪੈਰੇ 3-4 ਵਿੱਚੋਂ ਦੱਸ ਸਕਦੇ ਹੋ ਕਿ ਬਾਈਬਲ ਯਹੋਵਾਹ ਦੇ ਗੁਣਾਂ ਬਾਰੇ ਕੀ ਦੱਸਦੀ ਹੈ। ਉਸ ਤੋਂ ਅਗਲੀ ਮੁਲਾਕਾਤ ਦੌਰਾਨ ਤੁਸੀਂ ਪੈਰੇ 5-6 ਅਤੇ ਪੰਜਵੇਂ ਸਫ਼ੇ ਤੇ ਦਿੱਤੀ ਤਸਵੀਰ ਉੱਤੇ ਚਰਚਾ ਕਰ ਸਕਦੇ ਹੋ ਕਿ ਕਿਵੇਂ ਬਾਈਬਲ ਦੀ ਸਟੱਡੀ ਕਰਨ ਨਾਲ ਸਾਨੂੰ ਯਹੋਵਾਹ ਬਾਰੇ ਜਾਣਨ ਵਿਚ ਮਦਦ ਮਿਲਦੀ ਹੈ। ਇਹ ਚਰਚਾ ਦਰਵਾਜ਼ੇ ਤੇ ਖੜ੍ਹ ਕੇ ਹੀ ਕੀਤੀ ਜਾ ਸਕਦੀ ਹੈ।
5, 6. (ੳ) ਕੁਝ ਲੋਕ ਫ਼ੋਨ ਤੇ ਸਟੱਡੀ ਕਰਨੀ ਕਿਉਂ ਪਸੰਦ ਕਰਦੇ ਹਨ? (ਅ) ਅਸੀਂ ਕਿਸ ਤਰੀਕੇ ਨਾਲ ਫ਼ੋਨ ਤੇ ਸਟੱਡੀ ਪੇਸ਼ ਕਰ ਸਕਦੇ ਹਾਂ?
5 ਫ਼ੋਨ ਤੇ: ਕੁਝ ਲੋਕ ਸ਼ਾਇਦ ਫ਼ੋਨ ਤੇ ਸਟੱਡੀ ਕਰਨ ਲਈ ਰਾਜ਼ੀ ਹੋ ਜਾਣ। ਇਸ ਤਜਰਬੇ ਤੇ ਗੌਰ ਕਰੋ: ਘਰ-ਘਰ ਪ੍ਰਚਾਰ ਕਰਦੇ ਵੇਲੇ ਇਕ ਭੈਣ ਇਕ ਜਵਾਨ ਔਰਤ ਨੂੰ ਮਿਲੀ ਜੋ ਇਕ ਮਾਂ ਹੋਣ ਦੇ ਨਾਲ-ਨਾਲ ਨੌਕਰੀ ਵੀ ਕਰਦੀ ਸੀ। ਭੈਣ ਉਸ ਨੂੰ ਕਈ ਵਾਰ ਉਸ ਦੇ ਘਰ ਮਿਲਣ ਗਈ, ਪਰ ਉਹ ਔਰਤ ਨਹੀਂ ਮਿਲੀ। ਇਸ ਲਈ ਭੈਣ ਨੇ ਉਸ ਨੂੰ ਫ਼ੋਨ ਕੀਤਾ। ਉਸ ਔਰਤ ਨੇ ਕਿਹਾ ਕਿ ਬਾਈਬਲ ਬਾਰੇ ਚਰਚਾ ਕਰਨ ਲਈ ਉਸ ਕੋਲ ਬਿਲਕੁਲ ਵੀ ਸਮਾਂ ਨਹੀਂ ਹੈ। ਭੈਣ ਨੇ ਕਿਹਾ: “ਤੁਸੀਂ ਫ਼ੋਨ ਤੇ ਵੀ 10-15 ਮਿੰਟਾਂ ਵਿਚ ਕੋਈ ਨਾ ਕੋਈ ਨਵੀਂ ਗੱਲ ਸਿੱਖ ਸਕਦੇ ਹੋ।” “ਠੀਕ ਹੈ, ਫ਼ੋਨ ਤੇ ਤੁਸੀਂ ਮੇਰੇ ਨਾਲ ਚਰਚਾ ਕਰ ਸਕਦੇ ਹੋ!” ਔਰਤ ਨੇ ਜਵਾਬ ਦਿੱਤਾ। ਫ਼ੋਨ ਤੇ ਇਸ ਔਰਤ ਨਾਲ ਬਾਕਾਇਦਾ ਸਟੱਡੀ ਹੋਣ ਲੱਗ ਪਈ।
6 ਕੀ ਤੁਹਾਨੂੰ ਮਿਲਣ ਵਾਲੇ ਕੁਝ ਲੋਕ ਫ਼ੋਨ ਤੇ ਸਟੱਡੀ ਕਰਨ ਲਈ ਤਿਆਰ ਹੋਣਗੇ? ਤੁਸੀਂ ਉੱਪਰ ਦੱਸੇ ਤਰੀਕੇ ਅਨੁਸਾਰ ਬਾਈਬਲ ਸਟੱਡੀ ਪੇਸ਼ ਕਰ ਸਕਦੇ ਹੋ ਜਾਂ ਤੁਸੀਂ ਕਹਿ ਸਕਦੇ ਹੋ: “ਜੇ ਤੁਸੀਂ ਚਾਹੋ, ਤਾਂ ਆਪਾਂ ਫ਼ੋਨ ਤੇ ਬਾਈਬਲ ਬਾਰੇ ਚਰਚਾ ਕਰ ਸਕਦੇ ਹਾਂ। ਕੀ ਤੁਹਾਡੇ ਲਈ ਇਹ ਠੀਕ ਰਹੇਗਾ?” ਲੋਕਾਂ ਦੇ ਹਾਲਾਤਾਂ ਮੁਤਾਬਕ ਬਾਈਬਲ ਸਟੱਡੀ ਕਰਾਉਣ ਨਾਲ ਅਸੀਂ ‘ਪਰਮੇਸ਼ੁਰ ਦਾ ਗਿਆਨ’ ਹਾਸਲ ਕਰਨ ਵਿਚ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ।—ਕਹਾ. 2:5; 1 ਕੁਰਿੰ. 9:23.