ਦਰਵਾਜ਼ੇ ਤੇ ਅਤੇ ਫ਼ੋਨ ਰਾਹੀਂ ਬਾਈਬਲ ਸਟੱਡੀਆਂ ਕਰਾਓ
1. ਅਸੀਂ ਕਿਸ ਮਕਸਦ ਨਾਲ ਬਾਈਬਲ ਸਟੱਡੀਆਂ ਕਰਾਉਂਦੇ ਹਾਂ?
1 ਬਾਈਬਲ ਸਟੱਡੀ ਸ਼ੁਰੂ ਕਰ ਕੇ ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ! ਪਰ ਬਾਈਬਲ ਸਟੱਡੀ ਕਰਨ ਵਿਚ ਰੁਚੀ ਲੈਣ ਵਾਲੇ ਕਿਸੇ ਵਿਅਕਤੀ ਨੂੰ ਲੱਭਣਾ ਤਾਂ ਬਸ ਸ਼ੁਰੂਆਤ ਹੈ। ਅਜਿਹੇ ਵਿਅਕਤੀ ਨੂੰ ਸਟੱਡੀ ਕਰਾਉਣ ਦਾ ਮਕਸਦ ਹੈ ਯਿਸੂ ਦਾ ਸੱਚਾ ਚੇਲਾ ਬਣਨ ਵਿਚ ਉਸ ਦੀ ਮਦਦ ਕਰਨੀ। (ਮੱਤੀ 28:19, 20) ਇਸ ਟੀਚੇ ਨੂੰ ਪਾਉਣ ਵਿਚ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
2. ਦਰਵਾਜ਼ੇ ਤੇ ਜਾਂ ਫ਼ੋਨ ਰਾਹੀਂ ਬਾਈਬਲ ਸਟੱਡੀ ਕਿਸ ਤਰ੍ਹਾਂ ਕਰਾਈ ਜਾਂਦੀ ਹੈ ਤੇ ਇਹ ਪ੍ਰਭਾਵਕਾਰੀ ਕਿਉਂ ਹੈ?
2 ਰੁੱਝੇ ਹੋਏ ਲੋਕ: ਅੱਜ ਲੋਕਾਂ ਦੀ ਜ਼ਿੰਦਗੀ ਬਹੁਤ ਰੁਝੇਵਿਆਂ ਭਰੀ ਹੈ। ਕੁਝ ਥਾਵਾਂ ਦੇ ਲੋਕ ਸ਼ੁਰੂ-ਸ਼ੁਰੂ ਵਿਚ ਸ਼ਾਇਦ ਇਕ ਘੰਟੇ ਲਈ ਬਾਈਬਲ ਸਟੱਡੀ ਕਰਨ ਲਈ ਤਿਆਰ ਨਾ ਹੋਣ। ਸਾਨੂੰ ਉਤਸ਼ਾਹ ਦਿੱਤਾ ਗਿਆ ਹੈ ਕਿ ਅਸੀਂ ਦਰਵਾਜ਼ੇ ਤੇ ਖੜ੍ਹ ਕੇ ਜਾਂ ਟੈਲੀਫ਼ੋਨ ਰਾਹੀਂ ਅਜਿਹੇ ਲੋਕਾਂ ਨਾਲ ਬਾਈਬਲ ਸਟੱਡੀਆਂ ਕਰੀਏ। ਪਹਿਲਾਂ-ਪਹਿਲ ਇਹ ਸਟੱਡੀਆਂ ਥੋੜ੍ਹੇ ਜਿਹੇ ਸਮੇਂ ਵਿਚ ਕਰਾਈਆਂ ਜਾ ਸਕਦੀਆਂ ਹਨ। ਸਟੱਡੀ ਦੌਰਾਨ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਇਕ-ਦੋ ਪੈਰਿਆਂ ਅਤੇ ਬਾਈਬਲ ਦੇ ਕੁਝ ਹਵਾਲਿਆਂ ਤੇ ਚਰਚਾ ਕੀਤੀ ਜਾ ਸਕਦੀ ਹੈ। ਇਹ ਵਾਕਈ ਕਾਬਲੇ-ਤਾਰੀਫ਼ ਹੈ ਕਿ ਕਈ ਪ੍ਰਕਾਸ਼ਕ ਹੁਣ ਦਰਵਾਜ਼ਿਆਂ ਤੇ ਖੜ੍ਹ ਕੇ ਜਾਂ ਫ਼ੋਨ ਰਾਹੀਂ ਬਾਈਬਲ ਸਟੱਡੀਆਂ ਕਰਾ ਰਹੇ ਹਨ!
3. ਸਾਨੂੰ ਦਰਵਾਜ਼ੇ ਤੇ ਖੜ੍ਹ ਕੇ ਜ਼ਿਆਦਾ ਸਮਾਂ ਸਟੱਡੀ ਕਿਉਂ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
3 ਪਰ ਕੀ ਸਾਨੂੰ ਦਰਵਾਜ਼ੇ ਤੇ ਖੜ੍ਹ ਕੇ ਹੀ ਬਾਈਬਲ ਸਟੱਡੀ ਕਰਾਉਂਦੇ ਰਹਿਣਾ ਚਾਹੀਦਾ ਹੈ? ਨਹੀਂ। ਜਦੋਂ ਅਸੀਂ ਸਟੱਡੀ ਸ਼ੁਰੂ ਕਰਦੇ ਹਾਂ, ਉਸ ਵੇਲੇ ਚੰਗੀ ਗੱਲ ਹੋਵੇਗੀ ਕਿ ਅਸੀਂ ਘਰ-ਸੁਆਮੀ ਦਾ ਜ਼ਿਆਦਾ ਸਮਾਂ ਨਾ ਲਈਏ। ਪਰ ਜੂਨ 1990 ਦੀ ਸਾਡੀ ਰਾਜ ਸੇਵਕਾਈ (ਅੰਗ੍ਰੇਜ਼ੀ) ਦੇ ਸਫ਼ਾ 4 ਉੱਤੇ ਦੱਸਿਆ ਹੈ: “ਇਕ ਵਾਰ ਜਦੋਂ ਸਟੱਡੀ ਸ਼ੁਰੂ ਹੋ ਜਾਂਦੀ ਹੈ ਅਤੇ ਘਰ-ਸੁਆਮੀ ਵਿਚ ਹੋਰ ਜਾਣਨ ਦੀ ਰੁਚੀ ਪੈਦਾ ਹੋ ਜਾਂਦੀ ਹੈ, ਤਾਂ ਸਟੱਡੀ ਕਰਾਉਣ ਵਿਚ ਜ਼ਿਆਦਾ ਸਮਾਂ ਲਾਇਆ ਜਾ ਸਕਦਾ ਹੈ।” ਇਸ ਤਰ੍ਹਾਂ ਕਰਨਾ ਜ਼ਰੂਰੀ ਹੈ। ਮਿਸਾਲ ਲਈ: ਭੁੱਖਮਰੀ ਦੇ ਸ਼ਿਕਾਰ ਬੱਚੇ ਨੂੰ ਅਸੀਂ ਇਕਦਮ ਜ਼ਿਆਦਾ ਭੋਜਨ ਨਹੀਂ ਖਿਲਾਵਾਂਗੇ, ਬਲਕਿ ਥੋੜ੍ਹਾ-ਥੋੜ੍ਹਾ ਕਰ ਕੇ ਖਿਲਾਵਾਂਗੇ ਤਾਂਕਿ ਉਸ ਦੀ ਭੁੱਖ ਵਧੇ। ਪਰ ਜੇ ਅਸੀਂ ਮਹੀਨਿਆਂ ਤਾਈਂ ਬੱਚੇ ਨੂੰ ਥੋੜ੍ਹਾ-ਥੋੜ੍ਹਾ ਖਾਣਾ ਦੇਵਾਂਗੇ, ਤਾਂ ਉਸ ਵਿਚ ਤਾਕਤ ਨਹੀਂ ਆਵੇਗੀ ਤੇ ਨਾ ਹੀ ਉਸ ਦਾ ਸਹੀ ਤਰੀਕੇ ਨਾਲ ਵਿਕਾਸ ਹੋਵੇਗਾ। ਇਸੇ ਤਰ੍ਹਾਂ ਪਰਮੇਸ਼ੁਰ ਦਾ ਪੱਕਾ ਸੇਵਕ ਬਣਨ ਲਈ ਵਿਦਿਆਰਥੀ ਨੂੰ ਜ਼ਿਆਦਾ ਸਮਾਂ ਕੱਢ ਕੇ ਬਾਕਾਇਦਾ ਸਟੱਡੀ ਕਰਨ ਦੀ ਲੋੜ ਹੈ।—ਇਬ. 5:13, 14.
4. ਘਰ ਦੇ ਅੰਦਰ ਬਾਈਬਲ ਸਟੱਡੀ ਕਰਾਉਣ ਦੇ ਕੀ ਫ਼ਾਇਦੇ ਹਨ?
4 ਘਰ ਦੇ ਅੰਦਰ ਬਾਈਬਲ ਸਟੱਡੀਆਂ ਕਰਾਉਣੀਆਂ: ਚੰਗਾ ਹੋਵੇਗਾ ਜੇ ਸਟੱਡੀ ਕਿਸੇ ਅਜਿਹੀ ਥਾਂ ਤੇ ਕਰਵਾਈ ਜਾਵੇ ਜਿੱਥੇ ਜ਼ਿਆਦਾ ਲੋਕਾਂ ਦਾ ਆਉਣਾ-ਜਾਣਾ ਨਾ ਹੋਵੇ ਜਿਵੇਂ ਕਿ ਘਰ ਦੇ ਅੰਦਰ। ਇਸ ਤਰ੍ਹਾਂ ਵਿਦਿਆਰਥੀ ਜ਼ਿਆਦਾ ਆਸਾਨੀ ਨਾਲ ਸਿੱਖ ਸਕੇਗਾ ਅਤੇ ਉਸ ਨੂੰ ਪਰਮੇਸ਼ੁਰ ਦੇ ਬਚਨ ਦੀ ਸਮਝ ਹਾਸਲ ਕਰਨ ਵਿਚ ਮਦਦ ਮਿਲੇਗੀ। (ਮੱਤੀ 13:23) ਨਾਲੇ ਸਿਖਾਉਣ ਵਾਲਾ ਵੀ ਵਿਦਿਆਰਥੀ ਦੀਆਂ ਲੋੜਾਂ ਮੁਤਾਬਕ ਸਟੱਡੀ ਕੀਤੀ ਜਾਣ ਵਾਲੀ ਸਾਮੱਗਰੀ ਨੂੰ ਢਾਲ਼ ਸਕੇਗਾ। ਇਸ ਤੋਂ ਇਲਾਵਾ, ਜ਼ਿਆਦਾ ਸਮਾਂ ਸਟੱਡੀ ਕਰਨ ਨਾਲ ਪਰਮੇਸ਼ੁਰ ਦੇ ਬਚਨ ਉੱਤੇ ਚੰਗੀ ਤਰ੍ਹਾਂ ਧਿਆਨ ਦਿੱਤਾ ਜਾ ਸਕਦਾ ਹੈ ਜਿਸ ਨਾਲ ਨਿਹਚਾ ਵਿਚ ਵਾਧਾ ਹੋਵੇਗਾ।—ਰੋਮੀ. 10:17.
5. ਦਰਵਾਜ਼ੇ ਤੇ ਖੜ੍ਹ ਕੇ ਕਰਾਈ ਜਾਂਦੀ ਸਟੱਡੀ ਨੂੰ ਅਸੀਂ ਘਰ ਦੇ ਅੰਦਰ ਕਰਾਉਣ ਦੀ ਕੋਸ਼ਿਸ਼ ਕਿਵੇਂ ਕਰ ਸਕਦੇ ਹਾਂ?
5 ਦਰਵਾਜ਼ੇ ਤੇ ਖੜ੍ਹ ਕੇ ਕਰਾਈ ਜਾਂਦੀ ਸਟੱਡੀ ਨੂੰ ਤੁਸੀਂ ਘਰ ਦੇ ਅੰਦਰ ਕਿਵੇਂ ਕਰਵਾ ਸਕਦੇ ਹੋ? ਘਰ-ਸੁਆਮੀ ਨੂੰ ਕਈ ਵਾਰ ਸਟੱਡੀ ਕਰਾਉਣ ਤੋਂ ਬਾਅਦ ਕਿਉਂ ਨਾ ਤੁਸੀਂ ਉਸ ਨੂੰ ਜ਼ਿਆਦਾ ਸਮੇਂ ਲਈ ਸਟੱਡੀ ਕਰਨ ਵਾਸਤੇ ਪੁੱਛੋ? ਜਾਂ ਤੁਸੀਂ ਉਸ ਨੂੰ ਪੁੱਛ ਸਕਦੇ ਹੋ, “ਕੀ ਅੱਜ ਬੈਠ ਕੇ ਇਸ ਗੱਲ ਤੇ ਚਰਚਾ ਕਰਨ ਲਈ ਤੁਹਾਡੇ ਕੋਲ ਜ਼ਿਆਦਾ ਸਮਾਂ ਹੈ?” ਜਾਂ “ਇਸ ਵਿਸ਼ੇ ਤੇ ਚਰਚਾ ਕਰਨ ਲਈ ਤੁਸੀਂ ਅੱਜ ਕਿੰਨਾ ਕੁ ਸਮਾਂ ਦੇ ਸਕਦੇ ਹੋ?” ਜੇ ਤੁਹਾਡੇ ਜਤਨਾਂ ਦੇ ਬਾਵਜੂਦ ਘਰ-ਸੁਆਮੀ ਘਰ ਦੇ ਅੰਦਰ ਸਟੱਡੀ ਕਰਨ ਲਈ ਰਾਜ਼ੀ ਨਹੀਂ ਹੁੰਦਾ ਹੈ, ਤਾਂ ਦਰਵਾਜ਼ੇ ਤੇ ਖੜ੍ਹ ਕੇ ਸਟੱਡੀ ਕਰਾਉਣੀ ਜਾਰੀ ਰੱਖੋ। ਕਿਸੇ ਹੋਰ ਢੁਕਵੇਂ ਸਮੇਂ ਤੇ ਫਿਰ ਤੋਂ ਘਰ-ਸੁਆਮੀ ਦੇ ਨਾਲ ਘਰ ਦੇ ਅੰਦਰ ਸਟੱਡੀ ਕਰਨ ਬਾਰੇ ਪੁੱਛੋ।
6. ਸਾਨੂੰ ਕਿਸ ਮਕਸਦ ਨਾਲ ਆਪਣੀ ਸੇਵਕਾਈ ਕਰਨੀ ਚਾਹੀਦੀ ਹੈ ਅਤੇ ਇਸ ਲੇਖ ਵਿਚ ਦਿੱਤੇ ਸੁਝਾਅ ਇਹ ਮਕਸਦ ਪੂਰਾ ਕਰਨ ਵਿਚ ਸਾਡੀ ਕਿਵੇਂ ਮਦਦ ਕਰਦੇ ਹਨ?
6 ਨੇਕਦਿਲ ਲੋਕਾਂ ਦੀ ਖੋਜ ਕਰਦਿਆਂ, ਆਓ ਆਪਾਂ ਬਾਈਬਲ ਸਟੱਡੀਆਂ ਕਰਾਉਣ ਦੇ ਆਪਣੇ ਅਸਲੀ ਮਕਸਦ ਨੂੰ ਨਾ ਭੁੱਲੀਏ। ਸਾਡਾ ਮਕਸਦ ਨੇਕਦਿਲ ਲੋਕਾਂ ਦੀ ਯਹੋਵਾਹ ਦੇ ਸਮਰਪਿਤ ਤੇ ਬਪਤਿਸਮਾ-ਪ੍ਰਾਪਤ ਸੇਵਕ ਬਣਨ ਵਿਚ ਮਦਦ ਕਰਨਾ ਹੈ। ਸਾਨੂੰ ਉਮੀਦ ਹੈ ਕਿ ਯਹੋਵਾਹ ਸਾਡੇ ਇਨ੍ਹਾਂ ਜਤਨਾਂ ਤੇ ਬਰਕਤ ਪਾਵੇਗਾ।—2 ਤਿਮੋ. 4:5.