ਅਧਿਆਤਮਿਕ ਟੀਚੇ ਕਿਵੇਂ ਹਾਸਲ ਕਰੀਏ
1. ਬਹੁਤ ਸਾਰੇ ਨੌਜਵਾਨ ਮਸੀਹੀ ਕਿਹੜੇ ਟੀਚੇ ਰੱਖਦੇ ਹਨ?
1 ਕਈ ਨੌਜਵਾਨ ਮਸੀਹੀ ਯਹੋਵਾਹ ਨੂੰ ਦਿਲੋਂ ਪਿਆਰ ਕਰਨ ਕਰਕੇ ਅਤੇ ਯਿਸੂ ਦੇ ਹੁਕਮ ਨੂੰ ਮੰਨਦੇ ਹੋਏ ‘ਰਾਜ ਨੂੰ ਪਹਿਲਾਂ ਭਾਲਣ’ ਦਾ ਟੀਚਾ ਰੱਖਦੇ ਹਨ। (ਮੱਤੀ 6:33) ਉਨ੍ਹਾਂ ਨੇ ਸ਼ਾਇਦ ਵਧ-ਚੜ੍ਹ ਕੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਪਾਇਨੀਅਰ ਬਣਨ ਜਾਂ ਉਸ ਥਾਂ ਤੇ ਜਾ ਕੇ ਸੇਵਾ ਕਰਨ ਦਾ ਟੀਚਾ ਰੱਖਿਆ ਹੋਣਾ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਕੁਝ ਸ਼ਾਇਦ ਕਿੰਗਡਮ ਹਾਲਾਂ ਦੀ ਉਸਾਰੀ ਵਿਚ ਹਿੱਸਾ ਲੈਣ, ਬ੍ਰਾਂਚ ਵਿਚ ਸੇਵਾ ਕਰਨ ਜਾਂ ਮਿਸ਼ਨਰੀਆਂ ਵਜੋਂ ਸੇਵਾ ਕਰਨ ਬਾਰੇ ਸੋਚ ਰਹੇ ਹੋਣ। ਅਜਿਹੇ ਟੀਚੇ ਸ਼ਲਾਘਾਯੋਗ ਹਨ ਜਿਨ੍ਹਾਂ ਨੂੰ ਹਾਸਲ ਕਰਨ ਨਾਲ ਸੱਚ-ਮੁੱਚ ਖ਼ੁਸ਼ੀ ਮਿਲਦੀ ਹੈ!
2. ਅਸੀਂ ਆਪਣੇ ਅਧਿਆਤਮਿਕ ਟੀਚੇ ਹਾਸਲ ਕਰਨ ਲਈ ਕੀ ਕਰ ਸਕਦੇ ਹਾਂ?
2 ਅਧਿਆਤਮਿਕ ਟੀਚੇ ਹਾਸਲ ਕਰਨ ਲਈ ਇਨ੍ਹਾਂ ਦੀ ਲਿਸਟ ਬਣਾਓ। ਇਸ ਸੰਬੰਧੀ 15 ਜੁਲਾਈ 2004 ਦੇ ਪਹਿਰਾਬੁਰਜ ਵਿਚ ਲਿਖਿਆ ਹੈ: ‘ਮਨ ਵਿਚ ਆਇਆ ਕੋਈ ਅਸਪੱਸ਼ਟ ਵਿਚਾਰ ਸਪੱਸ਼ਟ ਹੋ ਸਕਦਾ ਹੈ ਜਦੋਂ ਤੁਸੀਂ ਸ਼ਬਦਾਂ ਵਿਚ ਉਸ ਨੂੰ ਬਿਆਨ ਕਰਦੇ ਹੋ। ਤੁਸੀਂ ਆਪਣੇ ਟੀਚੇ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਤਰੀਕੇ ਲਿਖ ਸਕਦੇ ਹੋ।’ ਇਸ ਤੋਂ ਇਲਾਵਾ, ਵੱਡੇ ਟੀਚੇ ਨੂੰ ਹਾਸਲ ਕਰਨ ਲਈ ਛੋਟੇ-ਛੋਟੇ ਟੀਚੇ ਰੱਖਣੇ ਵਧੀਆ ਗੱਲ ਹੋਵੇਗੀ। ਜਿਉਂ-ਜਿਉਂ ਤੁਸੀਂ ਇਨ੍ਹਾਂ ਛੋਟੇ ਟੀਚਿਆਂ ਨੂੰ ਹਾਸਲ ਕਰਦੇ ਜਾਓਗੇ, ਤਿਉਂ-ਤਿਉਂ ਆਪਣੀ ਤਰੱਕੀ ਨੂੰ ਦੇਖ ਕੇ ਤੁਹਾਡਾ ਵੱਡੇ ਟੀਚੇ ਤਕ ਪਹੁੰਚਣ ਦਾ ਹੌਸਲਾ ਵਧੇਗਾ।
3. ਕੁਝ ਛੋਟੇ-ਛੋਟੇ ਟੀਚੇ ਦੱਸੋ ਜੋ ਬਪਤਿਸਮਾ ਲੈਣ ਦੇ ਕਾਬਲ ਬਣਨ ਵਿਚ ਮਦਦ ਕਰ ਸਕਦੇ ਹਨ?
3 ਛੋਟੇ-ਛੋਟੇ ਟੀਚੇ: ਜੇ ਤੁਸੀਂ ਅਜੇ ਬਪਤਿਸਮਾ ਨਹੀਂ ਲਿਆ ਹੈ, ਤਾਂ ਸੋਚੋ ਕਿ ਇਹ ਟੀਚਾ ਹਾਸਲ ਕਰਨ ਲਈ ਤੁਹਾਨੂੰ ਕੀ ਕਰਨ ਦੀ ਲੋੜ ਹੈ। ਤੁਹਾਨੂੰ ਸ਼ਾਇਦ ਬਾਈਬਲ ਦੀਆਂ ਬੁਨਿਆਦੀ ਸੱਚਾਈਆਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੋਵੇ। ਜੇ ਇਸ ਤਰ੍ਹਾਂ ਹੈ, ਤਾਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਚੰਗੀ ਤਰ੍ਹਾਂ ਅਧਿਐਨ ਕਰਨ ਦਾ ਟੀਚਾ ਰੱਖੋ ਤੇ ਇਸ ਵਿਚ ਦਿੱਤੇ ਸਾਰੇ ਹਵਾਲੇ ਪੜ੍ਹੋ। (1 ਤਿਮੋ. 4:15) ਉਤਪਤ ਤੋਂ ਲੈ ਕੇ ਪਰਕਾਸ਼ ਦੀ ਪੋਥੀ ਤਕ ਪੂਰੀ ਬਾਈਬਲ ਪੜ੍ਹਨ ਦਾ ਟੀਚਾ ਵੀ ਰੱਖੋ। ਬੈਥਲ ਵਿਚ ਸੇਵਾ ਕਰਨ ਵਾਲੇ ਭੈਣਾਂ-ਭਰਾਵਾਂ ਅਤੇ ਗਿਲਿਅਡ ਦੇ ਵਿਦਿਆਰਥੀਆਂ ਲਈ ਪੂਰੀ ਬਾਈਬਲ ਪੜ੍ਹਨੀ ਜ਼ਰੂਰੀ ਹੁੰਦੀ ਹੈ। ਇਸ ਤੋਂ ਬਾਅਦ ਰੋਜ਼ਾਨਾ ਬਾਈਬਲ ਪੜ੍ਹਨ ਦਾ ਪ੍ਰੋਗ੍ਰਾਮ ਬਣਾਓ। (ਜ਼ਬੂ. 1:2, 3) ਇਸ ਤਰ੍ਹਾਂ ਤੁਹਾਨੂੰ ਅਧਿਆਤਮਿਕ ਤਰੱਕੀ ਕਰਨ ਵਿਚ ਬਹੁਤ ਮਦਦ ਮਿਲੇਗੀ। ਹਰ ਵਾਰ ਬਾਈਬਲ ਪੜ੍ਹਨ ਜਾਂ ਅਧਿਐਨ ਕਰਨ ਤੋਂ ਪਹਿਲਾਂ ਅਤੇ ਬਾਅਦ ਵਿਚ ਪ੍ਰਾਰਥਨਾ ਕਰੋ ਅਤੇ ਸਿੱਖੀਆਂ ਗੱਲਾਂ ਨੂੰ ਲਾਗੂ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰੋ।—ਯਾਕੂ. 1:25.
4. ਬੈਥਲ ਜਾਣ ਜਾਂ ਮਿਸ਼ਨਰੀ ਬਣਨ ਦਾ ਟੀਚਾ ਰੱਖਣ ਵਾਲਾ ਮਸੀਹੀ ਕਿਹੜੇ ਛੋਟੇ-ਛੋਟੇ ਟੀਚੇ ਰੱਖ ਸਕਦਾ ਹੈ?
4 ਜੇ ਤੁਸੀਂ ਬਪਤਿਸਮਾ ਲਿਆ ਹੋਇਆ ਹੈ, ਤਾਂ ਤੁਸੀਂ ਹੋਰ ਕਿਹੜੇ ਟੀਚੇ ਰੱਖ ਸਕਦੇ ਹੋ? ਕੀ ਤੁਹਾਨੂੰ ਆਪਣੇ ਪ੍ਰਚਾਰ ਕਰਨ ਦੇ ਤਰੀਕੇ ਨੂੰ ਸੁਧਾਰਨ ਦੀ ਲੋੜ ਹੈ? ਮਿਸਾਲ ਲਈ, ਕੀ ਤੁਸੀਂ ਸੇਵਕਾਈ ਵਿਚ ਪਰਮੇਸ਼ੁਰ ਦੇ ਬਚਨ ਨੂੰ ਹੋਰ ਕੁਸ਼ਲਤਾ ਨਾਲ ਵਰਤਣ ਦਾ ਟੀਚਾ ਰੱਖ ਸਕਦੇ ਹੋ? (2 ਤਿਮੋ. 2:15) ਤੁਸੀਂ ਸੇਵਕਾਈ ਵਿਚ ਹੋਰ ਵਧ-ਚੜ੍ਹ ਕੇ ਹਿੱਸਾ ਕਿਵੇਂ ਲੈ ਸਕਦੇ ਹੋ? ਆਪਣੀ ਉਮਰ ਅਤੇ ਹਾਲਾਤਾਂ ਦੇ ਹਿਸਾਬ ਨਾਲ ਛੋਟੇ-ਛੋਟੇ ਟੀਚੇ ਰੱਖੋ ਜੋ ਵੱਡੇ ਟੀਚੇ ਹਾਸਲ ਕਰਨ ਵਿਚ ਤੁਹਾਡੀ ਮਦਦ ਕਰਨਗੇ।
5. ਛੋਟੇ-ਛੋਟੇ ਟੀਚੇ ਰੱਖਣ ਨਾਲ ਇਕ ਭਰਾ ਨੂੰ ਬੈਥਲ ਵਿਚ ਸੇਵਾ ਕਰਨ ਦਾ ਟੀਚਾ ਹਾਸਲ ਕਰਨ ਵਿਚ ਕਿਵੇਂ ਮਦਦ ਮਿਲੀ?
5 ਸਫ਼ਲਤਾ ਦੀ ਇਕ ਸੱਚੀ ਕਹਾਣੀ: 19 ਸਾਲਾਂ ਦਾ ਟੋਨੀ ਜਦ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫਿਸ ਨੂੰ ਦੇਖਣ ਗਿਆ, ਤਾਂ ਉਸ ਅੰਦਰ ਬੈਥਲ ਵਿਚ ਸੇਵਾ ਕਰਨ ਦੀ ਖ਼ਾਹਸ਼ ਪੈਦਾ ਹੋ ਗਈ। ਪਰ ਉਸ ਦਾ ਚਾਲ-ਚਲਣ ਠੀਕ ਨਹੀਂ ਸੀ ਤੇ ਨਾ ਹੀ ਉਸ ਨੇ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸਮਰਪਿਤ ਕੀਤੀ ਸੀ। ਟੋਨੀ ਨੇ ਯਹੋਵਾਹ ਦੇ ਰਾਹਾਂ ਅਨੁਸਾਰ ਆਪਣੀ ਜ਼ਿੰਦਗੀ ਜੀਣ ਦਾ ਫ਼ੈਸਲਾ ਕੀਤਾ ਅਤੇ ਬਪਤਿਸਮਾ ਲੈਣ ਦੇ ਕਾਬਲ ਬਣਨ ਦਾ ਟੀਚਾ ਰੱਖਿਆ। ਇਹ ਟੀਚਾ ਹਾਸਲ ਕਰਨ ਤੋਂ ਬਾਅਦ ਉਸ ਨੇ ਸਹਿਯੋਗੀ ਤੇ ਫਿਰ ਨਿਯਮਿਤ ਪਾਇਨੀਅਰੀ ਕਰਨ ਦਾ ਟੀਚਾ ਰੱਖਿਆ ਤੇ ਕਲੰਡਰ ਉੱਤੇ ਉਹ ਤਾਰੀਖ਼ਾਂ ਲਿਖ ਲਈਆਂ ਜਿਨ੍ਹਾਂ ਤਾਰੀਖ਼ਾਂ ਤੇ ਉਹ ਪਾਇਨੀਅਰੀ ਸ਼ੁਰੂ ਕਰਨੀ ਚਾਹੁੰਦਾ ਸੀ। ਤੁਸੀਂ ਉਸ ਦੀ ਖ਼ੁਸ਼ੀ ਦਾ ਅੰਦਾਜ਼ਾ ਨਹੀਂ ਲਾ ਸਕਦੇ ਜਦੋਂ ਕੁਝ ਸਮਾਂ ਪਾਇਨੀਅਰੀ ਕਰਨ ਤੋਂ ਬਾਅਦ ਉਸ ਨੂੰ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ!
6. ਅਧਿਆਤਮਿਕ ਟੀਚੇ ਹਾਸਲ ਕਰਨ ਵਿਚ ਕਿਹੜੀ ਗੱਲ ਮਦਦ ਕਰ ਸਕਦੀ ਹੈ?
6 ਪਰਮੇਸ਼ੁਰ ਦੀ ਸੇਵਾ ਨੂੰ ਪਹਿਲ ਦੇ ਕੇ ਤੁਸੀਂ ਵੀ ਆਪਣੇ ਅਧਿਆਤਮਿਕ ਟੀਚੇ ਹਾਸਲ ਕਰ ਸਕਦੇ ਹੋ। “ਆਪਣੇ ਕੰਮਾਂ” ਯਾਨੀ ਟੀਚਿਆਂ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕਰੋ ਅਤੇ ਫਿਰ ਉਨ੍ਹਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰੋ।—ਕਹਾ. 16:3; 21:5.