ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵਿੱਚੋਂ ਸਿਖਾਉਂਦਿਆਂ ਮਸੀਹ ਦੀ ਰੀਸ ਕਰੋ
1. ਯਿਸੂ ਲੋਕਾਂ ਨੂੰ ਕਿਵੇਂ ਸਿਖਾਉਂਦਾ ਸੀ?
1 ਮਹਾਨ ਗੁਰੂ ਯਿਸੂ ਹਰ ਗੱਲ ਹਮੇਸ਼ਾ ਸੌਖੇ ਤੇ ਸਰਲ ਤਰੀਕੇ ਨਾਲ ਸਮਝਾਉਂਦਾ ਸੀ। ਉਹ ਕਦੇ-ਕਦੇ ਲੋਕਾਂ ਨੂੰ ਸਵਾਲ ਪੁੱਛ ਕੇ ਸੋਚਣ ਲਈ ਮਜਬੂਰ ਕਰਦਾ ਹੁੰਦਾ ਸੀ। (ਮੱਤੀ 17:24-27) ਉਸ ਨੇ ਹਮੇਸ਼ਾ ਪਰਮੇਸ਼ੁਰ ਦੇ ਬਚਨ ਵੱਲ ਧਿਆਨ ਖਿੱਚਿਆ। (ਮੱਤੀ 26:31; ਮਰ. 7:6) ਉਸ ਨੇ ਕਦੇ ਵੀ ਚੇਲਿਆਂ ਨੂੰ ਇੱਕੋ ਵਾਰੀ ਵਿਚ ਸਾਰਾ ਕੁਝ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਹ ਜਾਣਦਾ ਸੀ ਕਿ ਉਹ ਹੌਲੀ-ਹੌਲੀ ਸਾਰੀਆਂ ਗੱਲਾਂ ਸਿੱਖ ਜਾਣਗੇ। (ਯੂਹੰ. 16:12) ਯਿਸੂ ਇਹ ਵੀ ਜਾਣਨ ਦੀ ਕੋਸ਼ਿਸ਼ ਕਰਦਾ ਸੀ ਕਿ ਉਸ ਦੇ ਚੇਲੇ ਉਸ ਦੀਆਂ ਸਿਖਾਈਆਂ ਗੱਲਾਂ ਨੂੰ ਸਮਝਦੇ ਤੇ ਮੰਨਦੇ ਵੀ ਸਨ ਕਿ ਨਹੀਂ। (ਮੱਤੀ 13:51) ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੀ ਮਦਦ ਨਾਲ ਅਸੀਂ ਵੀ ਯਿਸੂ ਵਾਂਗ ਸਰਲ ਤੇ ਸੌਖੇ ਤਰੀਕੇ ਨਾਲ ਸਿਖਾ ਸਕਦੇ ਹਾਂ।
2. ਹਰ ਅਧਿਆਇ ਦੇ ਸ਼ੁਰੂ ਵਿਚ ਦਿੱਤੇ ਸਵਾਲਾਂ ਨੂੰ ਅਸੀਂ ਕਿਵੇਂ ਵਰਤ ਸਕਦੇ ਹਾਂ?
2 ਸ਼ੁਰੂ ਵਿਚ ਦਿੱਤੇ ਸਵਾਲ: ਅਧਿਆਇ ਸ਼ੁਰੂ ਕਰਨ ਲੱਗਿਆਂ ਅਧਿਆਇ ਦੇ ਸ਼ੁਰੂ ਵਿਚ ਦਿੱਤੇ ਸਵਾਲਾਂ ਵੱਲ ਧਿਆਨ ਖਿੱਚੋ। ਸਵਾਲ ਪੁੱਛਣ ਦਾ ਮਕਸਦ ਵਿਦਿਆਰਥੀ ਦੀ ਰੁਚੀ ਨੂੰ ਜਗਾਉਣਾ ਹੈ, ਨਾ ਕਿ ਉਸ ਕੋਲੋਂ ਜਵਾਬ ਜਾਣਨਾ। ਜਾਂ ਫਿਰ ਸਵਾਲ ਪੁੱਛ ਕੇ ਉਸ ਨੂੰ ਥੋੜ੍ਹੇ ਸ਼ਬਦਾਂ ਵਿਚ ਟਿੱਪਣੀਆਂ ਕਰਨ ਲਈ ਕਹਿ ਸਕਦੇ ਹੋ। ਪਰ ਉਸ ਦੀਆਂ ਰਾਵਾਂ ਉੱਤੇ ਚਰਚਾ ਸ਼ੁਰੂ ਨਾ ਕਰ ਦਿਓ, ਨਾ ਹੀ ਉਸ ਦੇ ਹਰ ਗ਼ਲਤ ਵਿਚਾਰ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ। ਆਪਣੀ ਰਾਇ ਦੱਸਣ ਲਈ ਉਸ ਦਾ ਧੰਨਵਾਦ ਕਰ ਕੇ ਅਧਿਆਇ ਵਿੱਚੋਂ ਸਟੱਡੀ ਸ਼ੁਰੂ ਕਰ ਦਿਓ। ਸ਼ੁਰੂਆਤੀ ਸਵਾਲਾਂ ਉੱਤੇ ਕੀਤੀਆਂ ਉਸ ਦੀਆਂ ਟਿੱਪਣੀਆਂ ਤੋਂ ਤੁਸੀਂ ਜਾਣ ਜਾਓਗੇ ਕਿ ਤੁਹਾਨੂੰ ਅਧਿਆਇ ਵਿਚ ਕਿਨ੍ਹਾਂ ਗੱਲਾਂ ਵੱਲ ਜ਼ਿਆਦਾ ਧਿਆਨ ਦੇਣਾ ਪਵੇਗਾ।
3. ਅਸੀਂ ਕਿਵੇਂ ਸਰਲ ਤਰੀਕੇ ਨਾਲ ਸਟੱਡੀ ਕਰਾ ਸਕਦੇ ਹਾਂ?
3 ਬਾਈਬਲ ਦੇ ਹਵਾਲੇ: ਸਟੱਡੀ ਕਰਾਉਂਦੇ ਵੇਲੇ ਬਾਈਬਲ ਵੱਲ ਧਿਆਨ ਖਿੱਚੋ। (ਇਬ. 4:12) ਪਰ ਹਰ ਹਵਾਲੇ ਨੂੰ ਬਾਈਬਲ ਵਿੱਚੋਂ ਪੜ੍ਹਨ ਦੀ ਲੋੜ ਨਹੀਂ ਹੈ। ਸਿਰਫ਼ ਉਨ੍ਹਾਂ ਆਇਤਾਂ ਤੇ ਜ਼ੋਰ ਦਿਓ ਜੋ ਬੁਨਿਆਦੀ ਵਿਸ਼ਵਾਸਾਂ ਦੀ ਨੀਂਹ ਹਨ। ਜਿਹੜੀਆਂ ਆਇਤਾਂ ਵਾਧੂ ਜਾਣਕਾਰੀ ਦਿੰਦੀਆਂ ਹਨ, ਉਨ੍ਹਾਂ ਨੂੰ ਛੱਡਿਆ ਜਾ ਸਕਦਾ ਹੈ। ਇਸ ਨਵੀਂ ਕਿਤਾਬ ਵਿਚ ਗੱਲਾਂ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਮਝਾਇਆ ਗਿਆ ਹੈ। ਸੋ ਸਰਲ ਤਰੀਕੇ ਨਾਲ ਸਟੱਡੀ ਕਰਾਓ। ਮੁੱਖ ਗੱਲਾਂ ਤੇ ਹੀ ਜ਼ੋਰ ਦਿਓ ਤੇ ਵਾਧੂ ਜਾਣਕਾਰੀ ਜਾਂ ਵੇਰਵੇ ਦੇਣ ਤੋਂ ਪਰਹੇਜ਼ ਕਰੋ।
4. ਸਟੱਡੀ ਦੌਰਾਨ ਕਿਸੇ ਵਿਸ਼ੇ ਉੱਤੇ ਦਿੱਤੀ ਵਧੇਰੇ ਜਾਣਕਾਰੀ ਤੇ ਕਦੋਂ ਚਰਚਾ ਕੀਤੀ ਜਾ ਸਕਦੀ ਹੈ?
4 ਵਧੇਰੇ ਜਾਣਕਾਰੀ: ਕਿਤਾਬ ਦੇ ਅਖ਼ੀਰ ਵਿਚ 14 ਵਿਸ਼ਿਆਂ ਉੱਤੇ ਵਧੇਰੇ ਜਾਣਕਾਰੀ ਦਿੱਤੀ ਗਈ ਹੈ। ਇਹ ਤੁਸੀਂ ਆਪ ਫ਼ੈਸਲਾ ਕਰੋ ਕਿ ਸਟੱਡੀ ਦੌਰਾਨ ਇਸ ਜਾਣਕਾਰੀ ਤੇ ਚਰਚਾ ਕਰਨੀ ਹੈ ਜਾਂ ਨਹੀਂ। ਜੇ ਵਿਦਿਆਰਥੀ ਕਿਸੇ ਅਧਿਆਇ ਵਿਚ ਦਿੱਤੀ ਜਾਣਕਾਰੀ ਨੂੰ ਸਮਝਦਾ ਤੇ ਸਵੀਕਾਰ ਕਰਦਾ ਹੈ, ਤਾਂ ਉਸ ਵਿਸ਼ੇ ਉੱਤੇ ਦਿੱਤੀ ਵਧੇਰੇ ਜਾਣਕਾਰੀ ਨੂੰ ਤੁਸੀਂ ਉਸ ਨੂੰ ਖ਼ੁਦ ਪੜ੍ਹਨ ਦੀ ਹੱਲਾਸ਼ੇਰੀ ਦੇ ਸਕਦੇ ਹੋ। ਮਿਸਾਲ ਲਈ, ਜੇ ਵਿਦਿਆਰਥੀ ਪਹਿਲਾਂ ਹੀ ਮੰਨਦਾ ਹੈ ਕਿ ਯਿਸੂ ਹੀ ਮਸੀਹਾ ਹੈ, ਤਾਂ ਚੌਥਾ ਅਧਿਆਇ “ਯਿਸੂ ਮਸੀਹ ਕੌਣ ਹੈ?” ਪੜ੍ਹਦੇ ਸਮੇਂ ਸਫ਼ੇ 200-201 ਉੱਤੇ “ਯਿਸੂ ਮਸੀਹ—ਵਾਅਦਾ ਕੀਤਾ ਹੋਇਆ ਮਸੀਹਾ” ਨਾਮਕ ਲੇਖ ਪੜ੍ਹਨ ਦੀ ਲੋੜ ਨਹੀਂ ਹੈ। ਪਰ ਜੇ ਵਿਦਿਆਰਥੀ ਨੂੰ ਕੋਈ ਗੱਲ ਸਵੀਕਾਰ ਕਰਨੀ ਔਖੀ ਲੱਗਦੀ ਹੈ, ਤਾਂ ਤੁਸੀਂ ਉਸ ਵਿਸ਼ੇ ਤੇ ਦਿੱਤੀ ਵਧੇਰੇ ਜਾਣਕਾਰੀ ਉੱਤੇ ਚਰਚਾ ਕਰ ਸਕਦੇ ਹੋ।
5. ਵਧੇਰੇ ਜਾਣਕਾਰੀ ਉੱਤੇ ਚਰਚਾ ਕਿਵੇਂ ਕੀਤੀ ਜਾ ਸਕਦੀ ਹੈ?
5 ਜੇ ਤੁਸੀਂ ਵਧੇਰੇ ਜਾਣਕਾਰੀ ਉੱਤੇ ਚਰਚਾ ਕਰਨ ਦਾ ਫ਼ੈਸਲਾ ਕਰਦੇ ਹੋ, ਤਾਂ ਆਮ ਸਟੱਡੀ ਵਾਂਗ ਹੀ ਇਸ ਉੱਤੇ ਸਵਾਲ-ਜਵਾਬ ਦੁਆਰਾ ਚਰਚਾ ਕਰੋ। ਇਸ ਤਰ੍ਹਾਂ ਕਰਨ ਲਈ ਤੁਹਾਨੂੰ ਪਹਿਲਾਂ ਤੋਂ ਹੀ ਸਵਾਲ ਤਿਆਰ ਕਰਨੇ ਪੈਣਗੇ। ਜੇ ਉਹ ਆਪਣੇ ਸਮੇਂ ਵਿਚ ਉਸ ਜਾਣਕਾਰੀ ਨੂੰ ਪੜ੍ਹਦਾ ਹੈ, ਤਾਂ ਤੁਸੀਂ ਅਗਲੀ ਸਟੱਡੀ ਦੌਰਾਨ ਕੁਝ ਕੁ ਮਿੰਟਾਂ ਵਿਚ ਉਸ ਨੂੰ ਜਾਣਕਾਰੀ ਬਾਰੇ ਇਕ-ਅੱਧਾ ਸਵਾਲ ਪੁੱਛ ਸਕਦੇ ਹੋ। ਇਸ ਤਰ੍ਹਾਂ ਤੁਸੀਂ ਜਾਣ ਸਕੋਗੇ ਕਿ ਉਸ ਨੂੰ ਜਾਣਕਾਰੀ ਸਮਝ ਆਈ ਹੈ ਜਾਂ ਨਹੀਂ।
6. ਸਟੱਡੀ ਖ਼ਤਮ ਹੋਣ ਤੇ ਅਧਿਆਇ ਦੇ ਅੰਤ ਵਿਚ ਦਿੱਤੀ ਡੱਬੀ ਨੂੰ ਕਿਵੇਂ ਵਰਤਿਆ ਜਾ ਸਕਦਾ ਹੈ?
6 ਪੁਨਰ-ਵਿਚਾਰ ਲਈ ਡੱਬੀ: ਹਰ ਅਧਿਆਇ ਦੇ ਅੰਤ ਵਿਚ ਇਕ ਡੱਬੀ ਦਿੱਤੀ ਗਈ ਹੈ ਜਿਸ ਵਿਚ ਉਨ੍ਹਾਂ ਸਵਾਲਾਂ ਦੇ ਜਵਾਬ ਹਨ ਜੋ ਅਧਿਆਇ ਦੇ ਸ਼ੁਰੂ ਵਿਚ ਦਿੱਤੇ ਗਏ ਹਨ। ਤੁਸੀਂ ਇਸ ਡੱਬੀ ਦੀ ਮਦਦ ਨਾਲ ਅਧਿਆਇ ਦੇ ਖ਼ਾਸ ਮੁੱਦਿਆਂ ਤੇ ਪੁਨਰ-ਵਿਚਾਰ ਕਰ ਸਕਦੇ ਹੋ। ਕਈ ਪ੍ਰਕਾਸ਼ਕ ਡੱਬੀ ਵਿਚ ਦਿੱਤੇ ਨੁਕਤਿਆਂ ਅਤੇ ਆਇਤਾਂ ਨੂੰ ਵਿਦਿਆਰਥੀਆਂ ਨਾਲ ਪੜ੍ਹਦੇ ਹਨ। ਫਿਰ ਉਹ ਉਨ੍ਹਾਂ ਨੂੰ ਸਮਝਾਉਣ ਲਈ ਕਹਿੰਦੇ ਹਨ ਕਿ ਆਇਤਾਂ ਕਿਵੇਂ ਨੁਕਤਿਆਂ ਦੀ ਸੱਚਾਈ ਨੂੰ ਸਾਬਤ ਕਰਦੀਆਂ ਹਨ। ਉਨ੍ਹਾਂ ਦੇ ਜਵਾਬਾਂ ਤੋਂ ਪ੍ਰਕਾਸ਼ਕ ਭਾਂਪ ਸਕੇਗਾ ਕਿ ਉਨ੍ਹਾਂ ਨੂੰ ਸਾਰੀ ਗੱਲ ਸਮਝ ਆਈ ਹੈ ਜਾਂ ਨਹੀਂ ਅਤੇ ਉਹ ਬਾਈਬਲ ਵਿਚ ਲਿਖੀਆਂ ਗੱਲਾਂ ਨਾਲ ਸਹਿਮਤ ਹਨ ਜਾਂ ਨਹੀਂ। ਅਜਿਹੇ ਅਭਿਆਸ ਨਾਲ ਵਿਦਿਆਰਥੀ ਬਾਈਬਲ ਵਿੱਚੋਂ ਦੂਸਰਿਆਂ ਨੂੰ ਸਿਖਾਉਣ ਦੀ ਵੀ ਸਿਖਲਾਈ ਹਾਸਲ ਕਰੇਗਾ।
7. ਦੂਸਰਿਆਂ ਨੂੰ ਸਿਖਾਉਣ ਵਿਚ ਨਵੀਂ ਕਿਤਾਬ ਸਾਡੀ ਕਿਵੇਂ ਮਦਦ ਕਰੇਗੀ?
7 ਯਿਸੂ ਦੇ ਸਿਖਾਉਣ ਦੇ ਢੰਗ ਵਰਤ ਕੇ ਅਸੀਂ ਅਸਰਕਾਰੀ ਢੰਗ ਨਾਲ ਦੂਸਰਿਆਂ ਨੂੰ ਸਿਖਾ ਸਕਾਂਗੇ ਤੇ ਚੇਲੇ ਬਣਾਉਣ ਦੇ ਕੰਮ ਨੂੰ ਪੂਰਾ ਕਰ ਸਕਾਂਗੇ। (ਮੱਤੀ 28:19, 20) ਇਸ ਤਰ੍ਹਾਂ ਕਰਨ ਵਿਚ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਸਾਡੀ ਮਦਦ ਕਰੇਗੀ। ਸੋ ਦੂਸਰਿਆਂ ਨੂੰ ਸਰਲ, ਸਪੱਸ਼ਟ ਤੇ ਦਿਲਚਸਪ ਤਰੀਕੇ ਨਾਲ ਸਿਖਾਉਣ ਲਈ ਇਸ ਨਵੀਂ ਕਿਤਾਬ ਤੋਂ ਪੂਰਾ ਲਾਭ ਲਓ।