ਹੁਨਰਮੰਦੀ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੀਆਂ ਖ਼ਾਸੀਅਤਾਂ ਵਰਤੋ
ਜਿੱਦਾਂ-ਜਿੱਦਾਂ ਵਿਦਿਆਰਥੀ ਬਾਈਬਲ ਬਾਰੇ ਸਿੱਖਦਾ ਹੈ ਅਤੇ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਦਾ ਹੈ, ਉੱਦਾਂ-ਉੱਦਾਂ ਉਹ ਸੱਚਾਈ ਵਿਚ ਤਰੱਕੀ ਕਰੇਗਾ ਅਤੇ ਆਪਣੇ ਵਿਚ ਪਰਮੇਸ਼ੁਰੀ ਗੁਣ ਪੈਦਾ ਕਰੇਗਾ। (ਜ਼ਬੂ. 1:1-3) ਆਪਣੇ ਵਿਦਿਆਰਥੀ ਦੀ ਤਰੱਕੀ ਕਰਨ ਵਿਚ ਮਦਦ ਕਰਨ ਲਈ ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੀਆਂ ਕੁਝ ਖ਼ਾਸੀਅਤਾਂ ਨੂੰ ਚੰਗੀ ਤਰ੍ਹਾਂ ਵਰਤ ਸਕਦੇ ਹਾਂ।
ਸ਼ੁਰੂ ਵਿਚ ਦਿੱਤੇ ਸਵਾਲ: ਹਰ ਪਾਠ ਦੇ ਸ਼ੁਰੂ ਵਿਚ ਸਵਾਲ ਦਿੱਤੇ ਹਨ ਜਿਨ੍ਹਾਂ ਦੇ ਜਵਾਬ ਪਾਠ ਵਿਚ ਮਿਲਦੇ ਹਨ। ਤੁਸੀਂ ਇਨ੍ਹਾਂ ਸਵਾਲਾਂ ਨੂੰ ਵਰਤ ਸਕਦੇ ਹੋ। ਇਹ ਸਵਾਲ ਪੁੱਛਣ ਦਾ ਮਕਸਦ ਉਸ ਕੋਲੋਂ ਜਵਾਬ ਜਾਣਨਾ ਨਹੀਂ, ਬਲਕਿ ਪਾਠ ਵਿਚਲੀ ਜਾਣਕਾਰੀ ʼਤੇ ਚਰਚਾ ਕਰਨ ਲਈ ਵਿਦਿਆਰਥੀ ਦੀ ਰੁਚੀ ਨੂੰ ਜਗਾਉਣਾ ਹੈ। ਜਾਂ ਫਿਰ ਤੁਸੀਂ ਸਵਾਲ ਪੁੱਛ ਕੇ ਉਸ ਨੂੰ ਥੋੜ੍ਹੇ ਸ਼ਬਦਾਂ ਵਿਚ ਜਵਾਬ ਦੇਣ ਲਈ ਕਹਿ ਸਕਦੇ ਹੋ। ਜੇ ਉਹ ਗ਼ਲਤ ਜਵਾਬ ਦਿੰਦਾ ਹੈ, ਤਾਂ ਇਸ ਵੇਲੇ ਉਸ ਨੂੰ ਸੁਧਾਰਨ ਦੀ ਲੋੜ ਨਹੀਂ ਹੈ। ਉਸ ਦੇ ਜਵਾਬਾਂ ਤੋਂ ਤੁਹਾਨੂੰ ਪਤਾ ਲੱਗੇਗਾ ਕਿ ਕਿਹੜੀਆਂ ਗੱਲਾਂ ʼਤੇ ਜ਼ਿਆਦਾ ਧਿਆਨ ਅਤੇ ਜ਼ੋਰ ਦੇਣ ਦੀ ਲੋੜ ਹੈ।—ਕਹਾ. 16:23; 18:13.
ਵਧੇਰੇ ਜਾਣਕਾਰੀ: ਜੇ ਵਿਦਿਆਰਥੀ ਪਾਠ ਵਿਚਲੀ ਜਾਣਕਾਰੀ ਸਮਝਦਾ ਹੈ ਤੇ ਇਸ ਨੂੰ ਮੰਨਦਾ ਹੈ, ਤਾਂ ਤੁਸੀਂ ਉਸ ਨੂੰ ਵਧੇਰੇ ਜਾਣਕਾਰੀ ਆਪ ਪੜ੍ਹਨ ਲਈ ਕਹਿ ਸਕਦੇ ਹੋ। ਅਗਲੀ ਵਾਰ ਅਧਿਐਨ ਵੇਲੇ ਤੁਸੀਂ ਕੁਝ ਮਿੰਟਾਂ ਲਈ ਦੇਖ ਸਕਦੇ ਹੋ ਕਿ ਉਹ ਜਾਣਕਾਰੀ ਸਮਝਿਆ ਹੈ ਕਿ ਨਹੀਂ। ਪਰ ਜੇ ਉਸ ਲਈ ਫ਼ਾਇਦੇਮੰਦ ਹੈ, ਤਾਂ ਤੁਸੀਂ ਅਧਿਐਨ ਕਰਾਉਂਦੇ ਵੇਲੇ ਵਧੇਰੇ ਜਾਣਕਾਰੀ ਪੂਰੀ ਜਾਂ ਕੁਝ ਪੈਰਿਆਂ ਨੂੰ ਪੜ੍ਹ ਕੇ ਸਵਾਲ ਪੁੱਛ ਸਕਦੇ ਹੋ ਜੋ ਤੁਸੀਂ ਪਹਿਲਾਂ ਹੀ ਤਿਆਰ ਕੀਤੇ ਹਨ।
ਡੱਬੀ: ਹਰ ਪਾਠ ਦੇ ਅਖ਼ੀਰ ਵਿਚ ਡੱਬੀ ਵਿਚ ਕੁਝ ਵਾਕ ਹੁੰਦੇ ਹਨ ਜਿਨ੍ਹਾਂ ਤੋਂ ਪਾਠ ਦੇ ਸ਼ੁਰੂਆਤੀ ਸਵਾਲਾਂ ਦੇ ਜਵਾਬ ਮਿਲਦੇ ਹਨ। ਤੁਸੀਂ ਇਸ ਡੱਬੀ ਨੂੰ ਵਰਤ ਕੇ ਦੇਖ ਸਕਦੇ ਹੋ ਕਿ ਵਿਦਿਆਰਥੀ ਗੱਲਾਂ ਨੂੰ ਸਮਝ ਗਿਆ ਹੈ ਅਤੇ ਖ਼ਾਸ ਗੱਲਾਂ ਸਮਝਾ ਸਕਦਾ ਹੈ। ਉਸ ਨਾਲ ਹਰ ਵਾਕ ਅਤੇ ਵਾਕ ਨਾਲ ਦਿੱਤੇ ਹਵਾਲੇ ਉੱਚੀ ਆਵਾਜ਼ ਵਿਚ ਪੜ੍ਹੋ। ਫਿਰ ਵਿਦਿਆਰਥੀ ਨੂੰ ਕਹੋ ਕਿ ਉਹ ਹਵਾਲਿਆਂ ਨੂੰ ਵਰਤ ਕੇ ਸਮਝਾਵੇ ਕਿ ਜਾਣਕਾਰੀ ਕਿਉਂ ਸਹੀ ਹੈ।—ਰਸੂ. 17:2, 3.