ਨਵੇਂ ਵਿਅਕਤੀ ਦੀ ਮਸੀਹ ਦਾ ਚੇਲਾ ਬਣਨ ਵਿਚ ਸਾਰੇ ਜਣੇ ਮਦਦ ਕਰ ਸਕਦੇ ਹਨ
1 ਕੋਈ ਵੀ ਬੰਦਾ ਕਿਸੇ ਇਕ ਮਸੀਹੀ ਦੀ ਮਿਹਨਤ ਸਦਕਾ ਚੇਲਾ ਨਹੀਂ ਬਣਦਾ। ਕੰਮ ਕਰਨ ਵਿਚ ਅਸੀਂ “ਪਰਮੇਸ਼ੁਰ ਦੇ ਸਾਂਝੀ” ਹਾਂ, ਇਸ ਲਈ ਉਹ ਚੇਲੇ ਬਣਾਉਣ ਦੇ ਕੰਮ ਵਿਚ ਸਾਨੂੰ ਸਾਰਿਆਂ ਨੂੰ ਵਰਤ ਸਕਦਾ ਹੈ। (1 ਕੁਰਿੰ. 3:6-9) ਸਭਾਵਾਂ ਵਿਚ ਟਿੱਪਣੀਆਂ ਕਰ ਕੇ ਅਤੇ ਆਪਣੇ ਚੰਗੇ ਚਾਲ-ਚਲਣ ਰਾਹੀਂ ਅਸੀਂ ਨਵੇਂ ਲੋਕਾਂ ਦੀ ਮਦਦ ਕਰਦੇ ਹਾਂ। ਆਪਣੇ ਚੰਗੇ ਚਾਲ-ਚਲਣ ਰਾਹੀਂ ਅਸੀਂ ਉਨ੍ਹਾਂ ਨੂੰ ਦਿਖਾਉਂਦੇ ਹਾਂ ਕਿ ਪਰਮੇਸ਼ੁਰ ਦੀ ਪਵਿੱਤਰ ਆਤਮਾ ਸਾਡੀਆਂ ਜ਼ਿੰਦਗੀਆਂ ਉੱਤੇ ਅਸਰ ਪਾ ਰਹੀ ਹੈ। (ਯੂਹੰ. 13:35; ਗਲਾ. 5:22, 23; ਅਫ਼. 4:22, 23) ਉਨ੍ਹਾਂ ਦੀ ਹੋਰ ਕਿਵੇਂ ਮਦਦ ਕੀਤੀ ਜਾ ਸਕਦੀ ਹੈ?
2 ਕਲੀਸਿਯਾ ਦੇ ਤੌਰ ਤੇ: ਅਸੀਂ ਸਾਰੇ ਨਵੇਂ ਲੋਕਾਂ ਵਿਚ ਦਿਲਚਸਪੀ ਲੈ ਸਕਦੇ ਹਾਂ। ਸਾਨੂੰ ਉਨ੍ਹਾਂ ਦਾ ਸੁਆਗਤ ਕਰਨਾ ਚਾਹੀਦਾ ਹੈ ਅਤੇ ਸਭਾ ਤੋਂ ਪਹਿਲਾਂ ਤੇ ਬਾਅਦ ਵਿਚ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ। ਪਹਿਲੀ ਵਾਰ ਸਭਾ ਵਿਚ ਆਉਣ ਵਾਲੇ ਇਕ ਆਦਮੀ ਨੇ ਕਿਹਾ: “ਮੈਂ ਇੱਕੋ ਦਿਨ ਵਿਚ ਬਹੁਤ ਸਾਰੇ ਅਜਨਬੀਆਂ ਨੂੰ ਮਿਲਿਆ ਜਿਨ੍ਹਾਂ ਦੇ ਦਿਲਾਂ ਵਿਚ ਸੱਚਾ ਪਿਆਰ ਸੀ। ਇੱਦਾਂ ਦਾ ਤਜਰਬਾ ਮੈਨੂੰ ਚਰਚ ਵਿਚ ਕਦੇ ਨਹੀਂ ਹੋਇਆ। ਇਹ ਦੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਮੈਨੂੰ ਸੱਚਾਈ ਮਿਲ ਗਈ ਸੀ।” ਪਹਿਲੀ ਸਭਾ ਵਿਚ ਆਉਣ ਤੋਂ ਸੱਤਾਂ ਮਹੀਨਿਆਂ ਬਾਅਦ ਉਸ ਆਦਮੀ ਨੇ ਬਪਤਿਸਮਾ ਲੈ ਲਿਆ।
3 ਬਾਈਬਲ ਵਿਦਿਆਰਥੀ ਨੂੰ ਤਰੱਕੀ ਕਰਦਾ ਦੇਖ ਕੇ ਉਸ ਦੀ ਸ਼ਲਾਘਾ ਕਰੋ। ਕੀ ਉਹ ਵਿਰੋਧ ਦਾ ਸਾਮ੍ਹਣਾ ਕਰ ਰਿਹਾ ਹੈ? ਕੀ ਉਹ ਸਭਾਵਾਂ ਵਿਚ ਬਾਕਾਇਦਾ ਆਉਂਦਾ ਹੈ? ਕੀ ਉਸ ਨੇ ਸਭਾ ਵਿਚ ਹੌਸਲਾ ਕਰ ਕੇ ਟਿੱਪਣੀ ਕੀਤੀ ਸੀ? ਕੀ ਉਸ ਨੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਆਪਣਾ ਨਾਂ ਲਿਖਾ ਲਿਆ ਹੈ ਜਾਂ ਉਸ ਨੇ ਪ੍ਰਚਾਰ ਵਿਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਹੈ? ਇਨ੍ਹਾਂ ਸਭ ਗੱਲਾਂ ਲਈ ਉਸ ਦੀ ਤਾਰੀਫ਼ ਕਰੋ। ਆਪਣੀ ਤਾਰੀਫ਼ ਸੁਣ ਕੇ ਉਸ ਨੂੰ ਚੰਗਾ ਲੱਗੇਗਾ ਅਤੇ ਉਸ ਨੂੰ ਹੋਰ ਜ਼ਿਆਦਾ ਤਰੱਕੀ ਕਰਨ ਦੀ ਹੱਲਾਸ਼ੇਰੀ ਮਿਲੇਗੀ।—ਕਹਾ. 25:11.
4 ਬਾਈਬਲ ਸਟੱਡੀ ਕੰਡਕਟਰ ਦੇ ਤੌਰ ਤੇ: ਕਈ ਪ੍ਰਕਾਸ਼ਕ ਵੱਖੋ-ਵੱਖਰੇ ਭੈਣ-ਭਰਾਵਾਂ ਨੂੰ ਆਪਣੇ ਨਾਲ ਸਟੱਡੀਆਂ ਤੇ ਲੈ ਜਾਂਦੇ ਹਨ। ਇਸ ਨਾਲ ਵਿਦਿਆਰਥੀ ਨੂੰ ਕਲੀਸਿਯਾ ਦੇ ਮੈਂਬਰਾਂ ਨੂੰ ਜਾਣਨ ਦਾ ਮੌਕਾ ਮਿਲਦਾ ਹੈ। ਵਿਦਿਆਰਥੀ ਨੂੰ ਵੀ ਸਭਾਵਾਂ ਵਿਚ ਜਲਦੀ ਤੋਂ ਜਲਦੀ ਬੁਲਾਓ। ਜਦੋਂ ਉਹ ਆਉਣਾ ਸ਼ੁਰੂ ਕਰ ਦਿੰਦਾ ਹੈ, ਤਾਂ ਉਸ ਨੂੰ ਦੂਸਰਿਆਂ ਨਾਲ ਮਿਲਾਓ। ਕੀ ਉਹ ਸਿਗਰਟਾਂ ਪੀਣੀਆਂ ਛੱਡਣ ਜਾਂ ਹੋਰ ਕੋਈ ਮਾੜੀ ਆਦਤ ਛੱਡਣ ਦੀ ਕੋਸ਼ਿਸ਼ ਕਰ ਰਿਹਾ ਹੈ? ਕੀ ਬਾਈਬਲ ਸਟੱਡੀ ਕਰਨ ਕਰਕੇ ਉਸ ਦੇ ਘਰ ਦੇ ਉਸ ਦਾ ਵਿਰੋਧ ਕਰ ਰਹੇ ਹਨ? ਉਸ ਨੂੰ ਅਜਿਹੇ ਪ੍ਰਕਾਸ਼ਕਾਂ ਨਾਲ ਮਿਲਾਓ ਜੋ ਵਿਰੋਧ ਦਾ ਸਾਮ੍ਹਣਾ ਕਰਨ ਦੇ ਬਾਵਜੂਦ ਡਟੇ ਰਹੇ ਹਨ। ਉਨ੍ਹਾਂ ਦੀ ਚੰਗੀ ਮਿਸਾਲ ਤੋਂ ਵਿਦਿਆਰਥੀ ਨੂੰ ਹੌਸਲਾ ਮਿਲੇਗਾ।—1 ਪਤ. 5:9.
5 ਨਵੇਂ ਲੋਕਾਂ ਨੂੰ ਕਲੀਸਿਯਾ ਦੀ ਮਦਦ ਦੀ ਲੋੜ ਹੈ। ਸਾਰੇ ਜਣੇ ਉਸ ਵਿਚ ਦਿਲਚਸਪੀ ਲੈ ਕੇ ਉਸ ਦੀ ਤਰੱਕੀ ਕਰਨ ਵਿਚ ਮਦਦ ਕਰ ਸਕਦੇ ਹਨ।