“ਉਹ ਹੁੱਸੇ ਹੋਏ ਨੂੰ ਬਲ ਦਿੰਦਾ ਹੈ”
1 ਸਮੇਂ-ਸਮੇਂ ਤੇ ਅਸੀਂ ਸਾਰੇ ਥੱਕ ਜਾਂਦੇ ਹਾਂ। ਥਕਾਵਟ ਦਾ ਕਾਰਨ ਨਾ ਸਿਰਫ਼ ਸਾਡੀ ਨੌਕਰੀ ਜਾਂ ਹੋਰ ਕੋਈ ਸਰੀਰਕ ਕੰਮ ਹੁੰਦਾ ਹੈ, ਸਗੋਂ ਇਨ੍ਹਾਂ ‘ਭੈੜੇ ਸਮਿਆਂ’ ਵਿਚ ਆਉਂਦੀਆਂ ਸਮੱਸਿਆਵਾਂ ਕਰਕੇ ਵੀ ਅਸੀਂ ਥੱਕ ਜਾਂਦੇ ਹਾਂ। (2 ਤਿਮੋ. 3:1) ਯਹੋਵਾਹ ਦੇ ਸੇਵਕ ਅਧਿਆਤਮਿਕ ਤਾਕਤ ਕਿੱਥੋਂ ਪਾਉਂਦੇ ਹਨ ਜਿਸ ਕਾਰਨ ਉਹ ਆਪਣੀ ਸੇਵਕਾਈ ਵਿਚ ਢਿੱਲੇ ਨਹੀਂ ਪੈਂਦੇ? ਇਹ ਤਾਕਤ ਸਾਨੂੰ ਯਹੋਵਾਹ ਦਿੰਦਾ ਹੈ ਜਿਸ ਵਿਚ ‘ਡਾਢਾ ਬਲ’ ਹੈ। (ਯਸਾ. 40:26) ਉਹ ਸਾਡੀਆਂ ਲੋੜਾਂ ਜਾਣਦਾ ਹੈ ਤੇ ਸਾਡੀ ਮਦਦ ਕਰਨੀ ਚਾਹੁੰਦਾ ਹੈ।—1 ਪਤ. 5:7.
2 ਯਹੋਵਾਹ ਦੇ ਇੰਤਜ਼ਾਮ: ਯਹੋਵਾਹ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ ਸਾਨੂੰ ਤਾਕਤ ਬਖ਼ਸ਼ਦਾ ਹੈ। ਇਹ ਉਹੀ ਤਾਕਤ ਹੈ ਜਿਸ ਨਾਲ ਯਹੋਵਾਹ ਨੇ ਸਾਰਾ ਬ੍ਰਹਿਮੰਡ ਰਚਿਆ ਸੀ। ਜਦ ਅਸੀਂ ਥੱਕ ਜਾਂਦੇ ਹਾਂ, ਤਾਂ ਯਹੋਵਾਹ ਦੀ ਆਤਮਾ ‘ਨਵੇਂ ਸਿਰਿਓਂ ਬਲ ਪਾਉਣ’ ਵਿਚ ਸਾਡੀ ਮਦਦ ਕਰਦੀ ਹੈ। (ਯਸਾ. 40:31) ਆਪਣੇ ਆਪ ਤੋਂ ਪੁੱਛੋ: ‘ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਮੈਂ ਪਿਛਲੀ ਵਾਰ ਕਦੋਂ ਪਵਿੱਤਰ ਆਤਮਾ ਲਈ ਪ੍ਰਾਰਥਨਾ ਕੀਤੀ ਸੀ?’—ਲੂਕਾ 11:11-13.
3 ਜੇ ਅਸੀਂ ਹਰ ਰੋਜ਼ ਪਰਮੇਸ਼ੁਰ ਦੇ ਬਚਨ ਨੂੰ ਪੜ੍ਹ ਕੇ ਉਸ ਉੱਤੇ ਮਨਨ ਕਰੀਏ ਅਤੇ ਮਸੀਹੀ ਪ੍ਰਕਾਸ਼ਨਾਂ ਨੂੰ ਬਾਕਾਇਦਾ ਪੜ੍ਹ ਕੇ ਅਧਿਆਤਮਿਕ ਤੌਰ ਤੇ ਮਜ਼ਬੂਤ ਹੋਈਏ, ਤਾਂ ਅਸੀਂ ਉਸ ਫਲਦਾਰ ‘ਬਿਰਛ ਵਰਗੇ ਹੋਵਾਂਗੇ, ਜੋ ਪਾਣੀ ਦੀਆਂ ਨਦੀਆਂ ਉੱਤੇ ਲਾਇਆ ਹੋਇਆ ਹੈ, ਜਿਹੜਾ ਰੁਤ ਸਿਰ ਆਪਣਾ ਫਲ ਦਿੰਦਾ ਹੈ, ਜਿਹ ਦੇ ਪੱਤੇ ਨਹੀਂ ਕੁਮਲਾਉਂਦੇ।’—ਜ਼ਬੂ. 1:2, 3.
4 ਸਾਨੂੰ “ਤਸੱਲੀ” ਦੇਣ ਲਈ ਯਹੋਵਾਹ ਸਾਡੇ ਸੰਗੀ ਭੈਣਾਂ-ਭਰਾਵਾਂ ਨੂੰ ਵੀ ਵਰਤਦਾ ਹੈ। (ਕੁਲੁ. 4:10, 11) ਇਹ ਭੈਣ-ਭਰਾ ਹੌਸਲਾ-ਅਫ਼ਜ਼ਾਈ ਦੀਆਂ ਗੱਲਾਂ ਕਰ ਕੇ ਅਤੇ ਸਭਾਵਾਂ ਵਿਚ ਟਿੱਪਣੀਆਂ ਅਤੇ ਭਾਸ਼ਣ ਦੇ ਕੇ ਸਾਨੂੰ ਤਕੜੇ ਕਰਦੇ ਹਨ। (ਰਸੂ. 15:32) ਕਲੀਸਿਯਾ ਦੇ ਬਜ਼ੁਰਗ ਸਾਡੀ ਅਧਿਆਤਮਿਕ ਤੌਰ ਤੇ ਮਦਦ ਕਰ ਕੇ ਸਾਨੂੰ ਤਰੋਤਾਜ਼ਾ ਕਰਦੇ ਹਨ।—ਯਸਾ. 32:1, 2.
5 ਸੇਵਕਾਈ: ਭਾਵੇਂ ਤੁਸੀਂ ਜ਼ਿਆਦਾ ਥੱਕੇ ਹੋਏ ਮਹਿਸੂਸ ਕਰਦੇ ਹੋ, ਪਰ ਪ੍ਰਚਾਰ ਤੇ ਜਾਣਾ ਨਾ ਛੱਡੋ। ਹੋਰਨਾਂ ਕੰਮਾਂ ਦੇ ਉਲਟ, ਬਾਕਾਇਦਾ ਪ੍ਰਚਾਰ ਤੇ ਜਾਣ ਨਾਲ ਅਸੀਂ ਤਰੋਤਾਜ਼ਾ ਹੋ ਜਾਂਦੇ ਹਾਂ। (ਮੱਤੀ 11:28-30) ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਨਾਲ ਸਾਡਾ ਪੂਰਾ ਧਿਆਨ ਸਦੀਪਕ ਜੀਵਨ, ਪਰਮੇਸ਼ੁਰ ਦੇ ਰਾਜ ਅਤੇ ਉਸ ਵਿਚ ਮਿਲਣ ਵਾਲੀਆਂ ਬਰਕਤਾਂ ਉੱਤੇ ਲਗਾ ਰਹਿੰਦਾ ਹੈ।
6 ਇਹ ਦੁਸ਼ਟ ਦੁਨੀਆਂ ਖ਼ਤਮ ਹੋਣ ਤੋਂ ਪਹਿਲਾਂ ਕਾਫ਼ੀ ਕੰਮ ਕਰਨ ਨੂੰ ਪਿਆ ਹੈ। ਇਸ ਲਈ ਸਾਨੂੰ ਆਪਣੀ ਸੇਵਕਾਈ ਵਿਚ ਦ੍ਰਿੜ੍ਹਤਾ ਨਾਲ ਲੱਗੇ ਰਹਿਣ ਦੀ ਲੋੜ ਹੈ। ਸਾਨੂੰ ਉਸ “ਸਮਰੱਥਾ” ਤੇ ਨਿਰਭਰ ਰਹਿਣਾ ਚਾਹੀਦਾ ਹੈ “ਜੋ ਪਰਮੇਸ਼ੁਰ ਦਿੰਦਾ ਹੈ।” (1 ਪਤ. 4:11) ਯਹੋਵਾਹ ਦੀ ਮਦਦ ਨਾਲ ਅਸੀਂ ਆਪਣਾ ਕੰਮ ਪੂਰਾ ਕਰ ਸਕਾਂਗੇ ਕਿਉਂਕਿ ਉਹ “ਹੁੱਸੇ ਹੋਏ ਨੂੰ ਬਲ ਦਿੰਦਾ ਹੈ।”—ਯਸਾ. 40:29.