ਅਸੀਂ ਯਹੋਵਾਹ ਦੀ ਸੇਵਾ ਦਿਲੋ-ਜਾਨ ਨਾਲ ਕਰਦੇ ਹਾਂ!
1 ਪੌਲੁਸ ਰਸੂਲ ਆਪਣੀ ਮਸੀਹੀ ਸੇਵਕਾਈ ਪੂਰੀ ਕਰਨ ਲਈ ਖ਼ੁਸ਼ੀ-ਖ਼ੁਸ਼ੀ ਆਪਣੇ ਆਪ ਨੂੰ “ਖਰਚ” ਕਰਨ ਲਈ ਤਿਆਰ ਸੀ। (2 ਕੁਰਿੰ. 12:15) ਉਸ ਵਾਂਗ ਅੱਜ ਬਹੁਤ ਸਾਰੇ ਪਾਇਨੀਅਰ ਬੜੀ ਮਿਹਨਤ ਨਾਲ ਸੇਵਾ ਕਰਦੇ ਹਨ। ਹੋਰ ਕਈ ਮਸੀਹੀਆਂ ਦੇ ਸਿਰਾਂ ਤੇ ਪਰਿਵਾਰਕ ਜ਼ਿੰਮੇਵਾਰੀਆਂ ਹਨ, ਫਿਰ ਵੀ ਉਹ ਹਰ ਹਫ਼ਤੇ ਆਪਣੇ ਰੁਝੇਵਿਆਂ ਵਿੱਚੋਂ ਕੁਝ ਸਮਾਂ ਕੱਢ ਕੇ ਪ੍ਰਚਾਰ ਦੇ ਕੰਮ ਵਿਚ ਹਿੱਸਾ ਲੈਂਦੇ ਹਨ। ਸਿਹਤ ਖ਼ਰਾਬ ਹੋਣ ਕਰਕੇ ਕੁਝ ਮਸੀਹੀ ਬਹੁਤ ਕਮਜ਼ੋਰ ਹਨ, ਪਰ ਉਨ੍ਹਾਂ ਵਿਚ ਜੋ ਵੀ ਥੋੜ੍ਹੀ-ਬਹੁਤੀ ਤਾਕਤ ਹੈ, ਉਸ ਨੂੰ ਉਹ ਰਾਜ ਦਾ ਪ੍ਰਚਾਰ ਕਰਨ ਵਿਚ ਲਾਉਂਦੇ ਹਨ। ਕਿੰਨਾ ਹੌਸਲਾ ਮਿਲਦਾ ਹੈ ਯਹੋਵਾਹ ਦੇ ਇਨ੍ਹਾਂ ਸੇਵਕਾਂ ਨੂੰ ਦੇਖ ਕੇ ਜੋ ਆਪਣੀ ਉਮਰ ਤੇ ਔਖੇ ਹਾਲਾਤਾਂ ਦੇ ਬਾਵਜੂਦ ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿੰਦੇ ਹਨ!
2 ਗੁਆਂਢੀ ਲਈ ਪਿਆਰ: ਪਰਮੇਸ਼ੁਰ ਤੇ ਗੁਆਂਢੀ ਨਾਲ ਪ੍ਰੇਮ ਹੋਣ ਕਰਕੇ ਜਦੋਂ ਅਸੀਂ ਯਹੋਵਾਹ ਦੀ ਸੇਵਾ ਜੀ-ਜਾਨ ਨਾਲ ਕਰਦੇ ਹਾਂ, ਤਾਂ ਸਾਡਾ ਅੰਤਹਕਰਣ ਸ਼ੁੱਧ ਰਹਿੰਦਾ ਹੈ। ਪੌਲੁਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਕੁਝ ਵੀ ਕਰਨ ਵਾਸਤੇ ਤਿਆਰ ਸੀ, ਇਸ ਲਈ ਉਹ ਖ਼ੁਸ਼ੀ-ਖ਼ੁਸ਼ੀ ਕਹਿ ਸਕਿਆ: “ਮੈਂ ਅੱਜ ਦੇ ਦਿਨ ਤੁਹਾਡੇ ਅੱਗੇ ਸਾਖੀ ਦਿੰਦਾ ਹਾਂ ਭਈ ਮੈਂ ਸਭਨਾਂ ਦੇ ਲਹੂ ਤੋਂ ਬੇਦੋਸ਼ ਹਾਂ।” (ਰਸੂ. 20:24, 26; 1 ਥੱਸ. 2:8) ਆਪਣੇ ਹਾਲਾਤਾਂ ਮੁਤਾਬਕ ਪ੍ਰਚਾਰ ਦੇ ਕੰਮ ਵਿਚ ਜ਼ਿਆਦਾ ਤੋਂ ਜ਼ਿਆਦਾ ਹਿੱਸਾ ਲੈਣ ਨਾਲ ਅਸੀਂ ਦੂਜਿਆਂ ਦੇ ਲਹੂ ਦੇ ਦੋਸ਼ੀ ਨਹੀਂ ਬਣਾਂਗੇ।—ਹਿਜ਼. 3:18-21.
3 ਦੂਸਰਿਆਂ ਦੀ ਮਦਦ ਕਰਨ ਲਈ ਆਪਾ ਵਾਰਨ ਤੇ ਖ਼ੁਸ਼ੀ ਮਿਲਦੀ ਹੈ। (ਰਸੂ. 20:35) ਇਕ ਭਰਾ ਨੇ ਕਿਹਾ: “ਇਹ ਠੀਕ ਹੈ ਕਿ ਯਹੋਵਾਹ ਦੀ ਸੇਵਾ ਵਿਚ ਪੂਰਾ ਦਿਨ ਬਿਤਾ ਕੇ ਸ਼ਾਮ ਨੂੰ ਜਦੋਂ ਮੈਂ ਘਰ ਵਾਪਸ ਆਉਂਦਾ ਹਾਂ, ਤਾਂ ਮੈਂ ਥੱਕਿਆ ਹੁੰਦਾ ਹਾਂ। ਪਰ ਮੈਂ ਬਹੁਤ ਖ਼ੁਸ਼ ਹੁੰਦਾ ਹਾਂ ਅਤੇ ਯਹੋਵਾਹ ਦਾ ਸ਼ੁਕਰੀਆ ਅਦਾ ਕਰਦਾ ਹਾਂ ਕਿ ਉਸ ਨੇ ਮੈਨੂੰ ਉਹ ਖ਼ੁਸ਼ੀ ਦਿੱਤੀ ਹੈ ਜਿਸ ਨੂੰ ਕੋਈ ਵੀ ਮੈਥੋਂ ਖੋਹ ਨਹੀਂ ਸਕਦਾ।”
4 ਪਰਮੇਸ਼ੁਰ ਲਈ ਪਿਆਰ: ਯਹੋਵਾਹ ਦੀ ਸੇਵਾ ਵਿਚ ਮਿਹਨਤ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਤੋਂ ਸਾਡੇ ਸਵਰਗੀ ਪਿਤਾ ਨੂੰ ਖ਼ੁਸ਼ੀ ਹੁੰਦੀ ਹੈ। ਪਰਮੇਸ਼ੁਰ ਲਈ ਪਿਆਰ ਸਾਨੂੰ ਉਸ ਦੇ ਹੁਕਮਾਂ ਨੂੰ ਮੰਨਣ ਲਈ ਪ੍ਰੇਰਿਤ ਕਰਦਾ ਹੈ। ਉਸ ਦਾ ਇਕ ਹੁਕਮ ਹੈ ਪ੍ਰਚਾਰ ਕਰਨਾ ਤੇ ਚੇਲੇ ਬਣਾਉਣੇ। (1 ਯੂਹੰ. 5:3) ਕਈ ਲੋਕ ਸਾਡੀ ਗੱਲ ਨਹੀਂ ਸੁਣਦੇ ਜਾਂ ਸਾਡਾ ਵਿਰੋਧ ਕਰਦੇ ਹਨ, ਫਿਰ ਵੀ ਅਸੀਂ ਯਹੋਵਾਹ ਦੀ ਸੇਵਾ ਵਿਚ ਖ਼ੁਸ਼ੀ-ਖ਼ੁਸ਼ੀ ਲੱਗੇ ਰਹਿੰਦੇ ਹਾਂ।
5 ਹੁਣ ਵਾਢੀ ਦਾ ਸਮਾਂ ਚੱਲ ਰਿਹਾ ਹੈ, ਇਸ ਲਈ ਇਹ ਹੱਥ ਢਿੱਲੇ ਕਰਨ ਦਾ ਸਮਾਂ ਨਹੀਂ ਹੈ। (ਮੱਤੀ 9:37) ਕਿਸਾਨ ਵਾਢੀਆਂ ਦੌਰਾਨ ਦਿਨ-ਰਾਤ ਕੰਮ ਕਰਦਾ ਹੈ ਕਿਉਂਕਿ ਫ਼ਸਲ ਸਾਂਭਣ ਦਾ ਸਮਾਂ ਥੋੜ੍ਹਾ ਹੁੰਦਾ ਹੈ। ਸਮੇਂ ਸਿਰ ਸਾਂਭੇ ਨਾ ਜਾਣ ਤੇ ਫ਼ਸਲ ਖ਼ਰਾਬ ਹੋ ਸਕਦੀ ਹੈ। ਅਧਿਆਤਮਿਕ ਵਾਢੀ ਦਾ ਸਮਾਂ ਵੀ ਥੋੜ੍ਹਾ ਰਹਿ ਗਿਆ ਹੈ। ਇਸ ਗੱਲ ਨੂੰ ਯਾਦ ਰੱਖਦਿਆਂ ਆਓ ਆਪਾਂ ਪੂਰੀ ਮਿਹਨਤ ਨਾਲ ਪ੍ਰਚਾਰ ਦਾ ਕੰਮ ਕਰੀਏ।—ਲੂਕਾ 13:24; 1 ਕੁਰਿੰ. 7:29-31.