ਪਹਿਰਾਬੁਰਜ ਦਾ ਨਵਾਂ ਰੂਪ!
1 ਇਸ ਸਾਲ ਦੇ ਸ਼ੁਰੂ ਵਿਚ ਕਲੀਸਿਯਾਵਾਂ ਨੂੰ ਇਕ ਖ਼ੁਸ਼ ਖ਼ਬਰੀ ਸੁਣਾਈ ਗਈ ਸੀ: ਜਨਵਰੀ 2008 ਤੋਂ ਅੰਗ੍ਰੇਜ਼ੀ ਵਿਚ ਪਹਿਰਾਬੁਰਜ ਰਸਾਲੇ ਦੇ ਦੋ ਵੱਖੋ-ਵੱਖਰੇ ਐਡੀਸ਼ਨ ਛਾਪੇ ਜਾਣਗੇ, ਇਕ ਪਬਲਿਕ ਲਈ ਤੇ ਦੂਸਰਾ ਯਹੋਵਾਹ ਦੇ ਗਵਾਹਾਂ ਲਈ! ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ: ‘ਇਨ੍ਹਾਂ ਦੋਨਾਂ ਐਡੀਸ਼ਨਾਂ ਵਿਚ ਕੀ ਫ਼ਰਕ ਹੋਵੇਗਾ? ਦੋ ਵੱਖ-ਵੱਖ ਐਡੀਸ਼ਨ ਛਾਪਣ ਦੇ ਕੀ ਫ਼ਾਇਦੇ ਹੋਣਗੇ? ਕੀ ਇਨ੍ਹਾਂ ਵਿਚ ਨਵੀਆਂ ਵਿਸ਼ੇਸ਼ਤਾਵਾਂ ਹੋਣਗੀਆਂ? ਭਾਰਤੀ ਭਾਸ਼ਾਵਾਂ ਦੇ ਪਹਿਰਾਬੁਰਜ ਰਸਾਲਿਆਂ ਉੱਤੇ ਇਸ ਤਬਦੀਲੀ ਦਾ ਕੀ ਅਸਰ ਪਵੇਗਾ?’
2 ਫ਼ਰਕ: ਅੰਗ੍ਰੇਜ਼ੀ ਵਿਚ ਮਹੀਨੇ ਦੀ ਪਹਿਲੀ ਤਾਰੀਖ਼ ਦਾ ਪਹਿਰਾਬੁਰਜ ਪਬਲਿਕ ਐਡੀਸ਼ਨ ਹੋਵੇਗਾ। ਇਸ ਅੰਕ ਦੇ ਸਾਰੇ ਲੇਖ ਆਮ ਜਨਤਾ ਲਈ ਲਿਖੇ ਜਾਣਗੇ। ਮਹੀਨੇ ਦੀ 15 ਤਾਰੀਖ਼ ਦਾ ਪਹਿਰਾਬੁਰਜ ਸਟੱਡੀ ਐਡੀਸ਼ਨ ਹੋਵੇਗਾ ਅਤੇ ਇਹ ਅੰਕ ਆਮ ਜਨਤਾ ਨੂੰ ਨਹੀਂ ਦਿੱਤਾ ਜਾਵੇਗਾ। ਇਸ ਐਡੀਸ਼ਨ ਵਿਚ ਮਹੀਨੇ ਦੇ ਸਾਰੇ ਅਧਿਐਨ ਲੇਖ ਹੋਣਗੇ। ਨਾਲੇ ਸਮਰਪਿਤ ਮਸੀਹੀਆਂ ਦੀ ਜਾਣਕਾਰੀ ਲਈ ਕੁਝ ਹੋਰ ਲੇਖ ਵੀ ਹੋਣਗੇ। ਪਬਲਿਕ ਐਡੀਸ਼ਨ ਦੇ ਲੇਖ ਗਵਾਹਾਂ ਲਈ ਫ਼ਾਇਦੇਮੰਦ ਤਾਂ ਹੋਣਗੇ ਹੀ, ਪਰ ਨਾਲ ਹੀ ਨਾਲ ਇਹ ਉਨ੍ਹਾਂ ਲੋਕਾਂ ਨੂੰ ਖ਼ਾਸਕਰ ਦਿਲਚਸਪ ਲੱਗਣਗੇ ਜੋ ਬਾਈਬਲ ਦਾ ਆਦਰ ਕਰਦੇ ਹਨ। ਦੂਜੇ ਪਾਸੇ, ਜਾਗਰੂਕ ਬਣੋ! ਰਸਾਲਾ ਆਮ ਲੋਕਾਂ ਲਈ ਹੋਵੇਗਾ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ ਜਾਂ ਫਿਰ ਨਾਸਤਿਕ ਹੋਣ।
3 ਫ਼ਾਇਦੇ: ਸਟੱਡੀ ਐਡੀਸ਼ਨ ਵਿਚ ਹੁਣ ਸਾਨੂੰ “ਪਾਇਨੀਅਰ” ਜਾਂ ਹੋਰ ਇਹੋ ਜਿਹੇ ਸ਼ਬਦ ਖੋਲ੍ਹ ਕੇ ਸਮਝਾਉਣੇ ਨਹੀਂ ਪੈਣਗੇ। ਇਸ ਐਡੀਸ਼ਨ ਵਿਚਲੀ ਜਾਣਕਾਰੀ ਖ਼ਾਸਕਰ ਯਹੋਵਾਹ ਦੇ ਗਵਾਹਾਂ ਅਤੇ ਤਰੱਕੀ ਕਰ ਰਹੇ ਬਾਈਬਲ ਵਿਦਿਆਰਥੀਆਂ ਲਈ ਹੋਵੇਗੀ। ਆਮ ਲੋਕਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਪਬਲਿਕ ਐਡੀਸ਼ਨ ਵਿਚ ਲੇਖ ਛਾਪੇ ਜਾਣਗੇ। ਲੇਖ ਬਹੁਤ ਸਰਲ ਤਰੀਕੇ ਨਾਲ ਲਿਖੇ ਜਾਣਗੇ ਤਾਂਕਿ ਹਰ ਕੋਈ ਇਨ੍ਹਾਂ ਨੂੰ ਆਸਾਨੀ ਨਾਲ ਸਮਝ ਸਕੇ। ਯਹੋਵਾਹ ਦੇ ਗਵਾਹਾਂ ਨੂੰ ਵੀ ਇਸ ਐਡੀਸ਼ਨ ਦਾ ਹਰੇਕ ਅੰਕ ਪੜ੍ਹ ਕੇ ਲਾਭ ਹੋਵੇਗਾ।
4 ਵਿਸ਼ੇਸ਼ਤਾਵਾਂ: ਪਹਿਰਾਬੁਰਜ ਦੇ ਪਬਲਿਕ ਐਡੀਸ਼ਨ ਵਿਚ ਕੁਝ ਨਵੀਆਂ ਗੱਲਾਂ ਹੋਣਗੀਆਂ। ਇਸ ਐਡੀਸ਼ਨ ਦੇ ਹਰ ਅੰਕ ਵਿਚ ਇਕ ਲੇਖ ਬੁਨਿਆਦੀ ਬਾਈਬਲ ਸਿੱਖਿਆਵਾਂ ਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾਏਗਾ। ਇਕ ਹੋਰ ਲੇਖ ਵਿਚ ਦੱਸਿਆ ਜਾਵੇਗਾ ਕਿ ਬਾਈਬਲ ਦੇ ਅਸੂਲ ਕਿੱਦਾਂ ਪਰਿਵਾਰਾਂ ਦੀ ਮਦਦ ਕਰ ਸਕਦੇ ਹਨ। ਨੌਜਵਾਨਾਂ ਲਈ ਵੀ ਇਕ ਲੇਖ ਹੋਵੇਗਾ ਜਿਸ ਤੋਂ ਉਨ੍ਹਾਂ ਨੂੰ ਰਿਸਰਚ ਕਰਨ ਦੀ ਪ੍ਰੇਰਣਾ ਮਿਲੇਗੀ। ਇਕ ਹੋਰ ਲੇਖ ਵਿਚ ਬਾਈਬਲ ਦੇ ਕਿਸੇ ਬਿਰਤਾਂਤ ਨੂੰ ਲੈ ਕੇ ਸਮਝਾਇਆ ਜਾਵੇਗਾ ਕਿ ਇਸ ਬਿਰਤਾਂਤ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ।
5 ਭਾਰਤੀ ਭਾਸ਼ਾਵਾਂ: ਅੱਗੇ ਦੱਸੀਆਂ ਭਾਸ਼ਾਵਾਂ ਵਿਚ ਸਟੱਡੀ ਐਡੀਸ਼ਨ ਮਾਸਿਕ ਹੋਵੇਗਾ ਅਤੇ ਪਬਲਿਕ ਐਡੀਸ਼ਨ ਤਿੰਨ ਮਹੀਨਿਆਂ ਵਿਚ ਇਕ ਵਾਰ ਛਪੇਗਾ: ਹਿੰਦੀ, ਕੰਨੜ, ਤਾਮਿਲ, ਤੇਲਗੂ, ਪੰਜਾਬੀ, ਬੰਗਲਾ, ਮਰਾਠੀ ਅਤੇ ਮਲਿਆਲਮ। ਪਰੰਤੂ ਗੁਜਰਾਤੀ, ਨੇਪਾਲੀ ਅਤੇ ਮੀਜ਼ੋ ਭਾਸ਼ਾਵਾਂ ਵਿਚ ਇੱਕੋ ਮਾਸਿਕ ਐਡੀਸ਼ਨ ਛਪਿਆ ਕਰੇਗਾ ਜਿਸ ਵਿਚ ਸਟੱਡੀ ਐਡੀਸ਼ਨ ਦੇ ਸਾਰੇ ਅਧਿਐਨ ਲੇਖਾਂ ਤੋਂ ਇਲਾਵਾ ਪਬਲਿਕ ਐਡੀਸ਼ਨ ਦੇ ਕੁਝ ਇਕ ਲੇਖ ਹੋਣਗੇ। ਇਸ ਫੇਰ-ਬਦਲ ਕਰਕੇ ਕੁਝ ਭਾਸ਼ਾਵਾਂ ਵਿਚ 15 ਦਸੰਬਰ 2007 ਦੇ ਅੰਕ ਦੇ ਅਧਿਐਨ ਲੇਖ ਛੁੱਟ ਜਾਣਗੇ। ਇਹ ਲੇਖ ਇਕ ਵੱਖਰੇ ਬਰੋਸ਼ਰ ਵਿਚ ਛਾਪੇ ਜਾਣਗੇ।
6 ਸਾਡੀ ਦੁਆ ਹੈ ਕਿ ਪਹਿਰਾਬੁਰਜ ਦੇ ਇਸ ਨਵੇਂ ਪ੍ਰਬੰਧ ਉੱਤੇ ਯਹੋਵਾਹ ਦੀ ਬਰਕਤ ਰਹੇ। ਅਸੀਂ ਉਮੀਦ ਰੱਖਦੇ ਹਾਂ ਕਿ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਦੀ ਮਦਦ ਨਾਲ ਅਸੀਂ ਹੋਰ ਬਹੁਤ ਸਾਰੇ ਨੇਕ ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾ ਸਕਾਂਗੇ।—ਮੱਤੀ 10:11.