ਗ਼ਰੀਬਾਂ ਨੂੰ ਉਮੀਦ ਦਿਓ
1 ਧਰਤੀ ਉੱਤੇ ਰਹਿੰਦਿਆਂ ਯਿਸੂ ਨੇ ਗ਼ਰੀਬਾਂ ਵੱਲ ਖ਼ਾਸ ਧਿਆਨ ਦਿੱਤਾ ਸੀ। ਕਈ ਵਾਰ ਉਸ ਨੇ ਚਮਤਕਾਰ ਕਰ ਕੇ ਉਨ੍ਹਾਂ ਦੀ ਮਦਦ ਕੀਤੀ ਤੇ ਬੀਮਾਰਾਂ ਨੂੰ ਚੰਗਾ ਕੀਤਾ। ਪਰ ਉਸ ਨੇ ਜ਼ਿਆਦਾ ਧਿਆਨ ਗ਼ਰੀਬਾਂ ਨੂੰ “ਖ਼ੁਸ਼ ਖ਼ਬਰੀ” ਸੁਣਾਉਣ ਵੱਲ ਦਿੱਤਾ। (ਮੱਤੀ 11:5) ਅੱਜ ਵੀ ਮਸੀਹੀਆਂ ਦੇ ਪ੍ਰਚਾਰ ਕੰਮ ਤੋਂ ਗ਼ਰੀਬਾਂ ਤੇ ਦੂਸਰੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ।—ਮੱਤੀ 24:14; 28:19, 20.
2 ਸੱਚੀ ਉਮੀਦ: ਪਾਦਰੀ ਅਕਸਰ ਗ਼ਰੀਬਾਂ ਨਾਲ ਵਾਅਦਾ ਕਰਦੇ ਹਨ ਕਿ ਜੇ ਉਹ ਚਰਚ ਨੂੰ ਖੁੱਲ੍ਹੇ ਦਿਲ ਨਾਲ ਦਾਨ ਦੇਣਗੇ, ਤਾਂ ਉਹ ਅਮੀਰ ਬਣਨਗੇ। ਪਰ ਬਾਈਬਲ ਦੱਸਦੀ ਹੈ ਕਿ ਪਰਮੇਸ਼ੁਰ ਦਾ ਰਾਜ ਹੀ ਗ਼ਰੀਬੀ ਦੂਰ ਕਰੇਗਾ ਅਤੇ ਦੁਨੀਆਂ ਦੀਆਂ ਹੋਰ ਸਮੱਸਿਆਵਾਂ ਨੂੰ ਹੱਲ ਕਰੇਗਾ। (ਜ਼ਬੂ. 9:18; 145:16; ਯਸਾ. 65:21-23) ਬਾਈਬਲ ਵਿੱਚੋਂ ਇਹ ਗੱਲਾਂ ਦਿਖਾ ਕੇ ਅਸੀਂ ਉਨ੍ਹਾਂ ਨੂੰ ਉਮੀਦ ਦਿੰਦੇ ਹਾਂ ਅਤੇ ਉਨ੍ਹਾਂ ਦੀ “ਆਤਮਕ ਲੋੜ” ਪੂਰੀ ਕਰਦੇ ਹਾਂ।—ਮੱਤੀ 5:3, ਪਵਿੱਤਰ ਬਾਈਬਲ ਨਵਾਂ ਅਨੁਵਾਦ।
3 ਯਿਸੂ ਦੇ ਜ਼ਮਾਨੇ ਵਿਚ ਫ਼ਰੀਸੀ ਗ਼ਰੀਬਾਂ ਨਾਲ ਘਿਰਣਾ ਕਰਦੇ ਸਨ ਅਤੇ ਉਨ੍ਹਾਂ ਨੂੰ ਐਮਹੇਅਰੈੱਟਸ ਜਾਂ “ਜ਼ਮੀਨ ਦੇ ਲੋਕ” ਬੁਲਾਉਂਦੇ ਸਨ। ਪਰ ਯਿਸੂ ‘ਉਨ੍ਹਾਂ ਦੇ ਲਹੂ’ ਯਾਨੀ ਜ਼ਿੰਦਗੀ ਨੂੰ “ਬਹੁਮੁੱਲਾ” ਸਮਝਦਾ ਸੀ। (ਜ਼ਬੂ. 72:13, 14) ਅਸੀਂ ਵੀ ਯਿਸੂ ਦੀ ਨਕਲ ਕਰਦੇ ਹੋਏ ਗ਼ਰੀਬਾਂ ਨਾਲ ਹਮਦਰਦੀ ਤੇ “ਦਯਾ” ਨਾਲ ਪੇਸ਼ ਆ ਸਕਦੇ ਹਾਂ। (ਕਹਾ. 14:31) ਸਾਨੂੰ ਕਦੀ ਵੀ ਉਨ੍ਹਾਂ ਨੂੰ ਛੁਟਿਆਉਣਾ ਨਹੀਂ ਚਾਹੀਦਾ ਤੇ ਨਾ ਹੀ ਗਵਾਹੀ ਦੇਣ ਤੋਂ ਹਿਚਕਿਚਾਉਣਾ ਚਾਹੀਦਾ ਹੈ। ਯਹੋਵਾਹ ਦੇ ਸੇਵਕ ਬਣਨ ਵਾਲੇ ਬਹੁਤ ਸਾਰੇ ਲੋਕ ਅਸਲ ਵਿਚ ਗ਼ਰੀਬ ਘਰਾਂ ਤੋਂ ਹਨ।
4 ਹੁਣੇ ਮਦਦ ਕਰੋ: ਆਪਣੇ ਇਲਾਕੇ ਵਿਚ ਗ਼ਰੀਬਾਂ ਨੂੰ ਬਾਈਬਲ ਦੇ ਸਿਧਾਂਤ ਸਿਖਾਉਣ ਨਾਲ ਅੱਜ ਉਨ੍ਹਾਂ ਦੀ ਜ਼ਿੰਦਗੀ ਥੋੜ੍ਹੀ ਸੌਖੀ ਬਣ ਸਕਦੀ ਹੈ। ਉਦਾਹਰਣ ਲਈ, ਬਾਈਬਲ ਸ਼ਰਾਬਖ਼ੋਰੀ, ਜੂਏ, ਆਲਸ, ਤਮਾਖੂ ਤੇ ਹੋਰ ਮਾੜੀਆਂ ਆਦਤਾਂ ਤੋਂ ਵਰਜਦੀ ਹੈ ਜਿਨ੍ਹਾਂ ਕਰਕੇ ਗ਼ਰੀਬੀ ਆਉਂਦੀ ਹੈ। (ਕਹਾ. 6:10, 11; 23:21; 2 ਕੁਰਿੰ. 7:1; ਅਫ਼. 5:5) ਬਾਈਬਲ ਹੱਲਾਸ਼ੇਰੀ ਦਿੰਦੀ ਹੈ ਕਿ ਸਾਰਿਆਂ ਨੂੰ ਈਮਾਨਦਾਰ ਬਣਨਾ ਅਤੇ “ਚਿੱਤ ਲਾ ਕੇ” ਕੰਮ ਕਰਨਾ ਚਾਹੀਦਾ ਹੈ। ਇਹੋ ਜਿਹੇ ਗੁਣ ਮਾਲਕਾਂ ਦੀ ਨਜ਼ਰ ਵਿਚ ਬਹੁਤ ਅਹਿਮੀਅਤ ਰੱਖਦੇ ਹਨ। (ਕੁਲੁ. 3:22, 23; ਇਬ. 13:18) ਇਕ ਸਰਵੇ ਮੁਤਾਬਕ, ਕਈ ਮਾਲਕਾਂ ਨੇ ਕਿਹਾ ਕਿ ਉਹ ਅਜਿਹੇ ਵਿਅਕਤੀ ਨੂੰ ਕੰਮ ਦੇਣ ਨੂੰ ਤਰਜੀਹ ਦੇਣਗੇ ਜੋ ਈਮਾਨਦਾਰ ਹੋਵੇ ਅਤੇ ਵਫ਼ਾਦਾਰੀ ਨਾਲ ਕੰਮ ਕਰੇ।
5 ਯਹੋਵਾਹ ਗ਼ਰੀਬਾਂ ਦੇ ਦੁੱਖਾਂ ਨੂੰ ਅਣਗੌਲਿਆਂ ਨਹੀਂ ਕਰਦਾ। ਜਲਦੀ ਹੀ ਯਿਸੂ ਮਸੀਹ ‘ਦੁਹਾਈ ਦੇਣ ਵਾਲੇ ਕੰਗਾਲਾਂ’ ਦੇ ਦੁੱਖ ਦੂਰ ਕਰੇਗਾ। (ਜ਼ਬੂ. 72:12) ਉਦੋਂ ਤਕ, ਆਓ ਆਪਾਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਕੇ ਗ਼ਰੀਬਾਂ ਅਤੇ ਹੋਰ ਲੋਕਾਂ ਨੂੰ ਦਿਲਾਸਾ ਦੇਈਏ।