ਪਿੱਛੇ ਨਾ ਹਟੋ!
1. ਅਸੀਂ ਕਿਸ ਤਰੀਕੇ ਨਾਲ ਲੋਕਾਂ ਦਾ ‘ਭਲਾ ਕਰਨ’ ਤੋਂ ਪਿੱਛੇ ਨਹੀਂ ਹਟਦੇ?
1 ਜੋਸ਼ ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਕੇ ਅਸੀਂ ਆਪਣੇ ਇਲਾਕੇ ਵਿਚ ਲੋਕਾਂ ਦਾ ‘ਭਲਾ ਕਰਨ’ ਤੋਂ ਪਿੱਛੇ ਨਹੀਂ ਹਟਦੇ। (ਕਹਾ. 3:27) ਅੱਜ ਲੋਕਾਂ ਲਈ ਇਸ ਤੋਂ ਵਧੀਆ ਖ਼ਬਰ ਹੋਰ ਕੋਈ ਹੋ ਹੀ ਨਹੀਂ ਸਕਦੀ ਕਿ ਪਰਮੇਸ਼ੁਰ ਦਾ ਰਾਜ ਦੁਨੀਆਂ ਦੇ ਹਾਲਾਤਾਂ ਨੂੰ ਸੁਧਾਰੇਗਾ। ਸ਼ਾਇਦ ਤੁਸੀਂ ਹਰ ਮੌਕੇ ਤੇ ਲੋਕਾਂ ਨੂੰ ਪ੍ਰਚਾਰ ਕਰਦੇ ਤੇ ਸਾਹਿੱਤ ਦਿੰਦੇ ਹੋ। ਇਹ ਬਹੁਤ ਵਧੀਆ ਗੱਲ ਹੈ, ਪਰ ਕਿਉਂ ਨਾ ਤੁਸੀਂ ਕਿਸੇ ਨੂੰ ਬਾਈਬਲ ਸਟੱਡੀ ਕਰਾਉਣ ਦੀ ਖ਼ੁਸ਼ੀ ਵੀ ਮਾਣ ਕੇ ਦੇਖੋ?
2. ਕਿਨ੍ਹਾਂ ਕੁਝ ਕਾਰਨਾਂ ਕਰਕੇ ਕੁਝ ਪਬਲੀਸ਼ਰ ਬਾਈਬਲ ਸਟੱਡੀਆਂ ਨਹੀਂ ਕਰਾਉਂਦੇ?
2 ਬਾਈਬਲ ਸਟੱਡੀਆਂ ਨਾ ਕਰਾਉਣ ਦਾ ਮੁੱਖ ਕਾਰਨ ਅਕਸਰ ਸਾਡਾ ਆਪਣਾ ਗ਼ਲਤ ਨਜ਼ਰੀਆ ਹੁੰਦਾ ਹੈ। ਕਈ ਪਬਲੀਸ਼ਰ ਸੋਚਦੇ ਹਨ ਕਿ ਸਟੱਡੀ ਕਰਾਉਣੀ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਤੇ ਕੁਝ ਸੋਚਦੇ ਹਨ ਕਿ ਰੁਝੇਵਿਆਂ ਭਰੀ ਜ਼ਿੰਦਗੀ ਜੀਣ ਕਰਕੇ ਉਨ੍ਹਾਂ ਕੋਲ ਟਾਈਮ ਨਹੀਂ ਹੈ। ਅੱਗੇ ਕੁਝ ਵਧੀਆ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਕਿਵੇਂ ਇਨ੍ਹਾਂ ਰੁਕਾਵਟਾਂ ਨੂੰ ਦੂਰ ਕਰ ਕੇ ਇਸ ਜ਼ਰੂਰੀ ਕੰਮ ਵਿਚ ਹਿੱਸਾ ਲੈ ਸਕਦੇ ਹਾਂ।—ਮੱਤੀ 28:19; ਰਸੂ. 20:20.
3. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਅਸੀਂ ਦੂਸਰਿਆਂ ਨੂੰ ਬਾਈਬਲ ਸਿਖਾਉਣ ਦੇ ਕਾਬਲ ਹਾਂ?
3 ਵਿਸ਼ਵਾਸ ਦੀ ਕਮੀ: ਤੁਸੀਂ ਸ਼ਾਇਦ ਘੱਟ ਪੜ੍ਹੇ-ਲਿਖੇ ਹੋਣ ਕਰਕੇ ਜਾਂ ਹੋਰ ਕਾਰਨਾਂ ਕਰਕੇ ਮਹਿਸੂਸ ਕਰਦੇ ਹੋ ਕਿ ਤੁਹਾਡੇ ਵਿਚ ਬਾਈਬਲ ਸਟੱਡੀ ਕਰਾਉਣ ਦੀ ਕਾਬਲੀਅਤ ਨਹੀਂ ਹੈ। ਪਹਿਲੀ ਸਦੀ ਵਿਚ ਜ਼ਿਆਦਾਤਰ ਮਸੀਹੀ “ਵਿਦਵਾਨ ਨਹੀਂ ਸਗੋਂ ਆਮ ਵਿੱਚੋਂ” ਸਨ। ਪਰ ਉਹ ਵਧੀਆ ਤਰੀਕੇ ਨਾਲ ਦੂਸਰਿਆਂ ਨੂੰ ਸੱਚਾਈ ਸਿਖਾਉਂਦੇ ਸਨ। ਉਨ੍ਹਾਂ ਵਿਚ ਇਹ ਕਾਬਲੀਅਤ ਕਿਵੇਂ ਆਈ? ਉਹ “ਯਿਸੂ ਦੇ ਨਾਲ ਰਹੇ ਸਨ।” (ਰਸੂ. 4:13) ਮਹਾਨ ਸਿੱਖਿਅਕ ਯਿਸੂ ਦੀ ਰੀਸ ਕਰ ਕੇ ਉਹ ਆਪ ਵੀ ਚੰਗੇ ਸਿੱਖਿਅਕ ਬਣੇ। ਅਸੀਂ ਯਿਸੂ ਦੇ ਸਿਖਾਉਣ ਦੇ ਤਰੀਕਿਆਂ ਅਤੇ ਸਿੱਖਿਆਵਾਂ ਬਾਰੇ ਬਾਈਬਲ ਵਿੱਚੋਂ ਪੜ੍ਹ ਸਕਦੇ ਹਾਂ। ਸੋ ਭਾਵੇਂ ਤੁਸੀਂ ਜ਼ਿਆਦਾ ਪੜ੍ਹੇ-ਲਿਖੇ ਨਹੀਂ ਹੋ, ਪਰ ਤੁਹਾਨੂੰ ਲਗਾਤਾਰ ਯਹੋਵਾਹ ਦਾ ਗਿਆਨ ਮਿਲ ਰਿਹਾ ਹੈ ਜੋ ਦੁਨਿਆਵੀ ਵਿੱਦਿਆ ਨਾਲੋਂ ਕਿਤੇ ਜ਼ਿਆਦਾ ਉੱਤਮ ਹੈ।—ਯਸਾ. 50:4; 2 ਕੁਰਿੰ. 3:5.
4. ਆਮੋਸ ਦੀ ਉਦਾਹਰਣ ਤੋਂ ਅਸੀਂ ਕੀ ਸਿੱਖਦੇ ਹਾਂ?
4 ਪੁਰਾਣੇ ਜ਼ਮਾਨਿਆਂ ਵਿਚ ਯਹੋਵਾਹ ਨੇ ਕਈ ਵਾਰ ਰਾਜਿਆਂ ਤੇ ਹੋਰ ਅਸਰ-ਰਸੂਖ ਵਾਲੇ ਬੰਦਿਆਂ ਨੂੰ ਤਾੜਨਾ ਦੇਣ ਲਈ ਆਪਣੇ ਨਬੀਆਂ ਨੂੰ ਵਰਤਿਆ। ਕਈ ਨਬੀ ਗ਼ਰੀਬ ਸਨ। ਇਨ੍ਹਾਂ ਵਿੱਚੋਂ ਇਕ ਸੀ ਆਮੋਸ ਨਬੀ। ਆਮੋਸ ਨੇ ਆਪੇ ਕਿਹਾ ਸੀ: “ਨਾ ਮੈਂ ਨਬੀ ਹਾਂ, ਨਾ ਨਬੀ ਦਾ ਪੁੱਤ੍ਰ ਹਾਂ ਪਰ ਮੈਂ ਅਯਾਲੀ ਅਤੇ ਗੁੱਲਰਾਂ ਦਾ ਛਾਂਗਣ ਵਾਲਾ ਹਾਂ।” (ਆਮੋ. 7:14) ਪਰ ਫਿਰ ਵੀ ਆਮੋਸ ਨੇ ਦਲੇਰੀ ਨਾਲ ਮੂਰਤੀ-ਪੂਜਕ ਪੁਜਾਰੀ ਅਮਸਯਾਹ ਨੂੰ ਯਹੋਵਾਹ ਦਾ ਸੁਨੇਹਾ ਦਿੱਤਾ। (ਆਮੋ. 7:16, 17) ਸਾਨੂੰ ਹਮੇਸ਼ਾ ਚੇਤੇ ਰੱਖਣ ਦੀ ਲੋੜ ਹੈ ਕਿ ਅਸੀਂ ਪਰਮੇਸ਼ੁਰ ਦਾ ਕੰਮ ਕਰਦੇ ਹਾਂ, ਸੋ ਉਹੀ ਸਾਨੂੰ ਦੂਸਰਿਆਂ ਨੂੰ ਸਿਖਾਉਣ ਦੀ ਕਾਬਲੀਅਤ ਦੇਵੇਗਾ।—2 ਤਿਮੋ. 3:17.
5. ਰੁਝੇਵਿਆਂ ਭਰੀ ਜ਼ਿੰਦਗੀ ਜੀਣ ਦੇ ਬਾਵਜੂਦ ਸਾਨੂੰ ਕਿਉਂ ਬਾਈਬਲ ਸਟੱਡੀਆਂ ਕਰਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ?
5 ਰੁਝੇਵਿਆਂ ਭਰੀ ਜ਼ਿੰਦਗੀ: ਰੋਜ਼ਮੱਰਾ ਦੇ ਕੰਮਾਂ ਵਿਚ ਰੁੱਝੇ ਹੋਣ ਦੇ ਬਾਵਜੂਦ ਤੁਸੀਂ ਬਾਕਾਇਦਾ ਪ੍ਰਚਾਰ ਕਰਨ ਲਈ ਸਮਾਂ ਕੱਢਦੇ ਹੋ। ਪਰ ਬਾਈਬਲ ਸਟੱਡੀਆਂ ਕਰਾਉਣ ਦਾ ਮਜ਼ਾ ਹੀ ਕੁਝ ਹੋਰ ਹੈ। ਪਰਮੇਸ਼ੁਰ ਦੇ ਬਚਨ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਬਦਲਦੇ ਦੇਖ ਕੇ ਬਹੁਤ ਸਕੂਨ ਮਿਲਦਾ ਹੈ। (ਇਬ. 4:12) ਜਦੋਂ ਅਸੀਂ ਆਪਣਾ ਸਮਾਂ ਲਾ ਕੇ ਦੂਸਰਿਆਂ ਦੀ “ਸਤ ਦੇ ਗਿਆਨ ਤੀਕ ਪਹੁੰਚਣ” ਵਿਚ ਮਦਦ ਕਰਦੇ ਹਾਂ, ਤਾਂ ਸਾਡੀ ਮਿਹਨਤ ਤੋਂ ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ। (1 ਤਿਮੋ. 2:4) ਸਵਰਗ ਵਿਚ ਯਹੋਵਾਹ ਦੇ ਦੂਤ ਵੀ ਕਿਸੇ ਪਾਪੀ ਨੂੰ ਤੋਬਾ ਕਰਦੇ ਅਤੇ ਯਹੋਵਾਹ ਦੇ ਸੇਵਕ ਬਣਦੇ ਦੇਖ ਕੇ ਖ਼ੁਸ਼ੀਆਂ ਮਨਾਉਂਦੇ ਹਨ।—ਲੂਕਾ 15:10.
6. ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਲਈ ਸਾਡੇ ਕੋਲ ਕਿਹੜਾ ਵਧੀਆ ਮੌਕਾ ਹੈ?
6 ਪਰਮੇਸ਼ੁਰ “ਚਾਹੁੰਦਾ ਹੈ ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:4) ਅੱਜ ਸਾਡੇ ਕੋਲ ਬਾਈਬਲ ਸਟੱਡੀਆਂ ਕਰਾ ਕੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਦਾ ਵਧੀਆ ਮੌਕਾ ਹੈ। ਆਓ ਆਪਾਂ ਇਹ ਜ਼ਰੂਰੀ ਕੰਮ ਕਰਨ ਤੋਂ ਪਿੱਛੇ ਨਾ ਹਟੀਏ!