ਨਬੀਆਂ ਦੀ ਮਿਸਾਲ ਉੱਤੇ ਚੱਲੋ—ਆਮੋਸ
1. ਆਮੋਸ ਦੀ ਮਿਸਾਲ ਤੋਂ ਸਾਨੂੰ ਹੌਸਲਾ ਕਿਉਂ ਮਿਲ ਸਕਦਾ ਹੈ?
1 ਕੀ ਤੁਸੀਂ ਕਦੇ ਸੋਚਿਆ ਹੈ ਕਿ ਘੱਟ ਪੜ੍ਹੇ-ਲਿਖੇ ਹੋਣ ਕਰਕੇ ਤੁਸੀਂ ਪ੍ਰਚਾਰ ਕਰਨ ਦੇ ਕਾਬਲ ਨਹੀਂ ਹੋ? ਜੇ ਹਾਂ, ਤਾਂ ਤੁਸੀਂ ਆਮੋਸ ਦੀ ਮਿਸਾਲ ਤੋਂ ਹੌਸਲਾ ਪਾ ਸਕਦੇ ਹੋ। ਉਹ ਇਕ ਚਰਵਾਹਾ ਸੀ ਤੇ ਉਹ ਰੁੱਤ ਅਨੁਸਾਰ ਖੇਤੀ ਕਰਦਾ ਸੀ। ਪਰ ਯਹੋਵਾਹ ਨੇ ਉਸ ਨੂੰ ਇਕ ਅਹਿਮ ਸੰਦੇਸ਼ ਦੇਣ ਲਈ ਚੁਣਿਆ। (ਆਮੋ. 1:1; 7:14, 15) ਇਸੇ ਤਰ੍ਹਾਂ ਅੱਜ ਯਹੋਵਾਹ ਨਿਮਰ ਲੋਕਾਂ ਨੂੰ ਆਪਣੇ ਕੰਮ ਲਈ ਵਰਤਦਾ ਹੈ। (1 ਕੁਰਿੰ. 1:27-29) ਪ੍ਰਚਾਰ ਕਰਨ ਲਈ ਅਸੀਂ ਆਮੋਸ ਨਬੀ ਤੋਂ ਹੋਰ ਕਿਹੜੇ ਸਬਕ ਸਿੱਖ ਸਕਦੇ ਹਾਂ?
2. ਪ੍ਰਚਾਰ ਵਿਚ ਵਿਰੋਧਤਾ ਦਾ ਸਾਮ੍ਹਣਾ ਕਰਦਿਆਂ ਸਾਨੂੰ ਮਜ਼ਬੂਤ ਰਹਿਣ ਦੀ ਕਿਉਂ ਲੋੜ ਹੈ?
2 ਵਿਰੋਧਤਾ ਦੌਰਾਨ ਮਜ਼ਬੂਤ ਰਹੋ: ਅਮਸਯਾਹ ਉੱਤਰੀ ਇਜ਼ਰਾਈਲ ਦੇ ਦਸ-ਗੋਤੀ ਰਾਜ ਵਿਚ ਮੂਰਤੀਆਂ ਦਾ ਪੁਜਾਰੀ ਸੀ। ਜਦੋਂ ਉਸ ਨੇ ਆਮੋਸ ਨੂੰ ਭਵਿੱਖਬਾਣੀ ਕਰਦੇ ਸੁਣਿਆ, ਤਾਂ ਉਸ ਨੇ ਸਖ਼ਤੀ ਨਾਲ ਆਮੋਸ ਨੂੰ ਕਿਹਾ: ‘ਜਾਹ, ਇੱਥੋਂ ਨੱਠ ਜਾਹ।’ ਉਸ ਦੇ ਕਹਿਣ ਦਾ ਮਤਲਬ ਸੀ ਕਿ ‘ਅਸੀਂ ਨਹੀਂ ਤੇਰੀਆਂ ਗੱਲਾਂ ਸੁਣਨੀਆਂ, ਸਾਡਾ ਆਪਣਾ ਧਰਮ ਹੈ!’ (ਆਮੋ. 7:12, 13) ਅਮਸਯਾਹ ਨੇ ਰਾਜਾ ਯਾਰਾਬੁਆਮ ਦੇ ਅੱਗੇ ਆਮੋਸ ਦੀਆਂ ਗੱਲਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕੀਤਾ ਤੇ ਉਸ ਦੇ ਕੰਮ ਉੱਤੇ ਰੋਕ ਲਾਉਣ ਲਈ ਬੇਨਤੀ ਕੀਤੀ। (ਆਮੋ. 7:7-11) ਪਰ ਆਮੋਸ ਡਰਿਆ ਨਹੀਂ। ਅੱਜ ਵੀ ਕੁਝ ਪਾਦਰੀ ਯਹੋਵਾਹ ਦੇ ਲੋਕਾਂ ਉੱਤੇ ਜ਼ੁਲਮ ਕਰਨ ਲਈ ਸਰਕਾਰਾਂ ਕੋਲੋਂ ਮਦਦ ਲੈਣ ਦੀ ਕੋਸ਼ਿਸ਼ ਕਰਦੇ ਹਨ। ਪਰ ਯਹੋਵਾਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਸਾਡੇ ਵਿਰੁੱਧ ਉਠਾਇਆ ਗਿਆ ਕੋਈ ਵੀ ਹਥਿਆਰ ਸਫ਼ਲ ਨਹੀਂ ਹੋਵੇਗਾ।—ਯਸਾ. 54:17.
3. ਅਸੀਂ ਅੱਜ ਕਿਨ੍ਹਾਂ ਦੋ ਗੱਲਾਂ ਦਾ ਪ੍ਰਚਾਰ ਕਰਦੇ ਹਾਂ?
3 ਪਰਮੇਸ਼ੁਰ ਦੇ ਨਿਆਂ ਅਤੇ ਭਵਿੱਖ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਦੱਸੋ: ਭਾਵੇਂ ਆਮੋਸ ਨੇ ਇਜ਼ਰਾਈਲ ਦੇ ਦਸ-ਗੋਤੀ ਰਾਜ ਖ਼ਿਲਾਫ਼ ਭਵਿੱਖਬਾਣੀ ਕੀਤੀ ਸੀ, ਪਰ ਉਸ ਨੇ ਇਹ ਵੀ ਦੱਸਿਆ ਕਿ ਇਜ਼ਰਾਈਲ ਦੇ ਮੁੜ ਵਸਾਏ ਜਾਣ ਬਾਰੇ ਯਹੋਵਾਹ ਦੇ ਵਾਅਦੇ ਪੂਰੇ ਹੋਣਗੇ ਅਤੇ ਉਹ ਲੋਕਾਂ ਨੂੰ ਬਰਕਤਾਂ ਦੇਵੇਗਾ। (ਆਮੋ. 9:13-15) ਅਸੀਂ ਵੀ ਯਹੋਵਾਹ ਦੇ ਆਉਣ ਵਾਲੇ ‘ਨਿਆਂ ਦੇ ਦਿਨ’ ਬਾਰੇ ਦੱਸਦੇ ਹਾਂ, ਪਰ ਸਾਨੂੰ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਵੀ ਪ੍ਰਚਾਰ ਕਰਨਾ ਚਾਹੀਦਾ ਹੈ। (2 ਪਤ. 3:7; ਮੱਤੀ 24:14) ਆਰਮਾਗੇਡਨ ਵਿਚ ਯਹੋਵਾਹ ਦੁਸ਼ਟਾਂ ਦਾ ਨਾਸ਼ ਕਰੇਗਾ ਅਤੇ ਫਿਰ ਨਵੀਂ ਦੁਨੀਆਂ ਲਿਆਵੇਗਾ।—ਜ਼ਬੂ. 37:34.
4. ਪਰਮੇਸ਼ੁਰ ਦੀ ਇੱਛਾ ਪੂਰੀ ਕਰਦਿਆਂ ਅਸੀਂ ਕਿਹੜੀ ਗੱਲ ਦਾ ਭਰੋਸਾ ਰੱਖ ਸਕਦੇ ਹਾਂ?
4 ਦੁਨੀਆਂ ਵਿਚ ਲੋਕ ਸਾਡੇ ਪ੍ਰਚਾਰ ਦਾ ਵਿਰੋਧ ਕਰਦੇ ਹਨ। ਇਸ ਲਈ ਯਹੋਵਾਹ ਦੀ ਸੇਵਾ ਅਤੇ ਉਸ ਦੀ ਇੱਛਾ ਪੂਰੀ ਕਰਨੀ ਸਾਡੇ ਲਈ ਔਖੀ ਹੋ ਸਕਦੀ ਹੈ। (ਯੂਹੰ. 15:19) ਪਰ ਸਾਨੂੰ ਪੂਰਾ ਭਰੋਸਾ ਹੈ ਕਿ ਆਮੋਸ ਦੀ ਤਰ੍ਹਾਂ ਯਹੋਵਾਹ ਆਪਣੀ ਇੱਛਾ ਪੂਰੀ ਕਰਨ ਵਿਚ ਸਾਡੀ ਮਦਦ ਕਰਦਾ ਰਹੇਗਾ।—2 ਕੁਰਿੰ. 3:5.