ਸੋਗੀਆਂ ਨੂੰ ਦਿਲਾਸਾ ਦਿਓ
1. ਸੋਗੀਆਂ ਨੂੰ ਦਿਲਾਸੇ ਦੀ ਕਿਉਂ ਲੋੜ ਹੈ?
1 ਘਰ ਵਿਚ ਕਿਸੇ ਦੀ ਮੌਤ ਹੋਣ ਤੇ ਲੋਕ ਦੁਖੀ ਅਤੇ ਬੇਬੱਸ ਹੋ ਜਾਂਦੇ ਹਨ, ਖ਼ਾਸ ਕਰਕੇ ਉਹ ਲੋਕ ਜਿਨ੍ਹਾਂ ਨੂੰ ਮਰੇ ਹੋਇਆਂ ਦੇ ਜੀ ਉੱਠਣ ਦੀ ਉਮੀਦ ਬਾਰੇ ਪਤਾ ਨਹੀਂ ਹੈ। (1 ਥੱਸ. 4:13) ਬਹੁਤ ਸਾਰੇ ਲੋਕ ਸੋਚਦੇ ਹਨ: ‘ਇਨਸਾਨ ਕਿਉਂ ਮਰਦਾ ਹੈ? ਉਹ ਮਰ ਕੇ ਕਿੱਥੇ ਜਾਂਦਾ ਹੈ? ਕੀ ਅਸੀਂ ਉਨ੍ਹਾਂ ਨੂੰ ਦੁਬਾਰਾ ਮਿਲ ਪਾਵਾਂਗੇ?’ ਅੱਗੇ ਕੁਝ ਸੁਝਾਅ ਦਿੱਤੇ ਗਏ ਹਨ ਜਿਨ੍ਹਾਂ ਨੂੰ ਵਰਤ ਕੇ ਅਸੀਂ ਪ੍ਰਚਾਰ ਦੌਰਾਨ ਉਨ੍ਹਾਂ ਲੋਕਾਂ ਨੂੰ ਦਿਲਾਸਾ ਦੇ ਸਕਦੇ ਹਾਂ ਜਿਨ੍ਹਾਂ ਦੇ ਘਰ ਦੇ ਕਿਸੇ ਮੈਂਬਰ ਜਾਂ ਦੋਸਤ ਦੀ ਮੌਤ ਹੋਈ ਹੈ।—ਯਸਾ. 61:2.
2. ਜੇ ਕੋਈ ਸਾਨੂੰ ਦੱਸਦਾ ਹੈ ਕਿ ਉਸ ਦੇ ਘਰ ਕਿਸੇ ਦੀ ਮੌਤ ਹੋ ਗਈ ਹੈ, ਤਾਂ ਕੀ ਸਾਨੂੰ ਉਸ ਨਾਲ ਲੰਬੀ ਗੱਲਬਾਤ ਕਰਦੇ ਹੋਏ ਗਵਾਹੀ ਦੇਣੀ ਚਾਹੀਦੀ ਹੈ?
2 ਘਰ-ਘਰ ਪ੍ਰਚਾਰ ਕਰਦੇ ਹੋਏ: ਪ੍ਰਚਾਰ ਦੌਰਾਨ ਸ਼ਾਇਦ ਸਾਨੂੰ ਕੋਈ ਦੱਸੇ ਕਿ ਉਨ੍ਹਾਂ ਦੇ ਘਰ ਕਿਸੇ ਦੀ ਮੌਤ ਹੋਈ ਹੈ। ਕੀ ਉਹ ਅਜੇ ਵੀ ਸੋਗ ਮਨਾ ਰਿਹਾ ਹੈ? ਕੀ ਉਸ ਦੇ ਘਰ ਰਿਸ਼ਤੇਦਾਰ ਸੋਗ ਕਰਨ ਆਏ ਹੋਏ ਹਨ? ਅਜਿਹੀ ਹਾਲਤ ਵਿਚ ਉਸ ਨਾਲ ਜ਼ਿਆਦਾ ਗੱਲਬਾਤ ਕਰਨੀ ਠੀਕ ਨਹੀਂ। (ਉਪ. 3:1, 7) ਅਸੀਂ ਅਫ਼ਸੋਸ ਜਤਾ ਸਕਦੇ ਹਾਂ ਅਤੇ ਕੋਈ ਢੁਕਵਾਂ ਟ੍ਰੈਕਟ, ਰਸਾਲਾ ਜਾਂ ਬਰੋਸ਼ਰ ਦੇ ਸਕਦੇ ਹਾਂ ਜੇ ਉਹ ਲੈਣ ਲਈ ਤਿਆਰ ਹੋਵੇ। ਫਿਰ ਕਿਸੇ ਹੋਰ ਮੁਨਾਸਬ ਸਮੇਂ ਤੇ ਦੁਬਾਰਾ ਆ ਕੇ ਉਸ ਨੂੰ ਬਾਈਬਲ ਵਿੱਚੋਂ ਹੋਰ ਹੌਸਲਾ ਦਿੱਤਾ ਜਾ ਸਕਦਾ ਹੈ।
3. ਜੇ ਹਾਲਾਤ ਲੰਬੀ ਗੱਲਬਾਤ ਕਰਨ ਦੀ ਇਜਾਜ਼ਤ ਦੇਣ, ਤਾਂ ਕਿਹੜੀਆਂ ਆਇਤਾਂ ਇਸਤੇਮਾਲ ਕਰ ਕੇ ਸੋਗੀਆਂ ਨੂੰ ਦਿਲਾਸਾ ਦਿੱਤਾ ਜਾ ਸਕਦਾ ਹੈ?
3 ਕੁਝ ਹਾਲਾਤਾਂ ਵਿਚ ਸਾਨੂੰ ਸ਼ਾਇਦ ਲੱਗੇ ਕਿ ਅਸੀਂ ਪਹਿਲੀ ਵਾਰ ਮਿਲਣ ਤੇ ਥੋੜ੍ਹੀ ਜ਼ਿਆਦਾ ਜਾਣਕਾਰੀ ਦੇ ਸਕਦੇ ਹਾਂ। ਸੋਗ ਮਨਾ ਰਹੇ ਵਿਅਕਤੀ ਦੇ ਗ਼ਲਤ ਵਿਚਾਰਾਂ ਨੂੰ ਨਾ ਨਿੰਦੋ, ਪਰ ਜੇ ਉਹ ਸੁਣਨ ਲਈ ਤਿਆਰ ਹੈ, ਤਾਂ ਬਾਈਬਲ ਵਿੱਚੋਂ ਮਰੇ ਹੋਇਆਂ ਦੇ ਮੁੜ ਜੀ ਉਠਾਏ ਜਾਣ ਦੀ ਉਮੀਦ ਸੰਬੰਧੀ ਕੋਈ ਹਵਾਲਾ ਪੜ੍ਹੋ। (ਯੂਹੰ. 5:28, 29) ਜਾਂ ਅਸੀਂ ਬਾਈਬਲ ਵਿੱਚੋਂ ਇਹ ਦਿਖਾ ਸਕਦੇ ਹਾਂ ਕਿ ਮਰਨ ਤੋਂ ਬਾਅਦ ਇਨਸਾਨ ਨਾਲ ਕੀ ਹੁੰਦਾ ਹੈ। (ਉਪ. 9:5, 10) ਬਾਈਬਲ ਵਿੱਚੋਂ ਕਿਸੇ ਦੇ ਜੀ ਉਠਾਏ ਜਾਣ ਦੇ ਬਿਰਤਾਂਤ ਤੋਂ ਵੀ ਸੋਗੀਆਂ ਨੂੰ ਦਿਲਾਸਾ ਮਿਲ ਸਕਦਾ ਹੈ। (ਯੂਹੰ. 11:39-44) ਜਾਂ ਅਸੀਂ ਅੱਯੂਬ ਦੇ ਸ਼ਬਦ ਪੜ੍ਹ ਕੇ ਸੁਣਾ ਸਕਦੇ ਹਾਂ ਜਦੋਂ ਉਸ ਨੇ ਇਸ ਗੱਲ ʼਤੇ ਭਰੋਸਾ ਜ਼ਾਹਰ ਕੀਤਾ ਸੀ ਕਿ ਯਹੋਵਾਹ ਮਰੇ ਲੋਕਾਂ ਨੂੰ ਜੀਉਂਦਾ ਕਰੇਗਾ। (ਅੱਯੂ. 14:14, 15) ਗੱਲ ਖ਼ਤਮ ਕਰਨ ਤੋਂ ਪਹਿਲਾਂ ਅਸੀਂ ਮਰਨ ਤੇ ਇਨਸਾਨ ਨੂੰ ਕੀ ਹੁੰਦਾ ਹੈ? (ਅੰਗ੍ਰੇਜ਼ੀ), ਮੌਤ ਦਾ ਗਮ ਕਿੱਦਾਂ ਸਹੀਏ ਬਰੋਸ਼ਰ ਜਾਂ ਕੋਈ ਹੋਰ ਬਰੋਸ਼ਰ ਜਾਂ ਟ੍ਰੈਕਟ ਦੇ ਸਕਦੇ ਹਾਂ। ਜਾਂ ਅਸੀਂ ਉਸ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਅਤੇ ਕੀ ਤੁਸੀਂ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹੋ? ਟ੍ਰੈਕਟ ਦੇ ਸਕਦੇ ਹਾਂ ਅਤੇ ਕਿਤਾਬ ਦਾ ਪਾਠ 6 ਦਿਖਾ ਕੇ ਇਸ ਬਾਰੇ ਅਗਲੀ ਵਾਰ ਹੋਰ ਚਰਚਾ ਕਰਨ ਦਾ ਇੰਤਜ਼ਾਮ ਕਰ ਸਕਦੇ ਹਾਂ।
4. ਕਿਹੜੇ ਹੋਰ ਮੌਕਿਆਂ ʼਤੇ ਸੋਗੀਆਂ ਨੂੰ ਦਿਲਾਸਾ ਦਿੱਤਾ ਜਾ ਸਕਦਾ ਹੈ?
4 ਹੋਰ ਮੌਕਿਆਂ ʼਤੇ: ਜੇ ਅੰਤਿਮ-ਸੰਸਕਾਰ ਵੇਲੇ ਕਿੰਗਡਮ ਹਾਲ ਵਿਚ ਭਾਸ਼ਣ ਹੋਵੇਗਾ, ਤਾਂ ਸ਼ਾਇਦ ਕੁਝ ਹੋਰ ਲੋਕ ਵੀ ਆਉਣ ਜੋ ਗਵਾਹ ਨਹੀਂ ਹਨ। ਉਨ੍ਹਾਂ ਨੂੰ ਦਿਲਾਸਾ ਦੇਣ ਵਾਲੇ ਕਿਤਾਬਾਂ-ਰਸਾਲੇ ਦਿੱਤੇ ਜਾ ਸਕਦੇ ਹਨ। ਕਈ ਵਾਰ ਕਿਸੇ ਦੇ ਅੰਤਿਮ-ਸੰਸਕਾਰ ਜਾਂ ਭੋਗ ਵਗੈਰਾ ਦੀ ਖ਼ਬਰ ਅਖ਼ਬਾਰ ਵਿਚ ਛਪਦੀ ਹੈ। ਦੁਖੀ ਪਰਿਵਾਰ ਨੂੰ ਦਿਲਾਸਾ ਦੇਣ ਲਈ ਇਕ ਛੋਟੀ ਜਿਹੀ ਚਿੱਠੀ ਲਿਖੀ ਜਾ ਸਕਦੀ ਹੈ। ਇਕ ਵਾਰ ਇਕ ਆਦਮੀ ਦੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੂੰ ਤੇ ਉਸ ਦੀ ਕੁੜੀ ਨੂੰ ਚਿੱਠੀ ਦੇ ਨਾਲ ਕੁਝ ਟ੍ਰੈਕਟ ਮਿਲੇ। ਉਹ ਦੋਵੇਂ ਜਣੇ ਪਬਲੀਸ਼ਰ ਦੇ ਘਰ ਗਏ ਤੇ ਉਸ ਨੂੰ ਪੁੱਛਿਆ: “ਕੀ ਤੁਸੀਂ ਸਾਨੂੰ ਚਿੱਠੀ ਲਿਖੀ ਸੀ? ਮੈਂ ਬਾਈਬਲ ਦਾ ਗਿਆਨ ਲੈਣਾ ਚਾਹੁੰਦਾ ਹਾਂ!” ਉਨ੍ਹਾਂ ਦੋਵਾਂ ਨੇ ਬਾਈਬਲ ਸਟੱਡੀ ਕਰਨੀ ਅਤੇ ਮੀਟਿੰਗਾਂ ਵਿਚ ਆਉਣਾ ਸ਼ੁਰੂ ਕਰ ਦਿੱਤਾ।
5. ਸਾਨੂੰ ਸੋਗੀਆਂ ਨੂੰ ਦਿਲਾਸਾ ਦੇਣ ਲਈ ਤਿਆਰ ਕਿਉਂ ਰਹਿਣਾ ਚਾਹੀਦਾ ਹੈ?
5 ਉਪਦੇਸ਼ਕ ਦੀ ਪੋਥੀ 7:2 ਕਹਿੰਦਾ ਹੈ: “ਸਿਆਪੇ ਵਾਲੇ ਘਰ ਦੇ ਵਿੱਚ ਜਾਣਾ ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ।” ਸੋਗੀ ਆਮ ਤੌਰ ਤੇ ਪਰਮੇਸ਼ੁਰ ਦਾ ਬਚਨ ਸੁਣਨ ਲਈ ਤਿਆਰ ਹੁੰਦੇ ਹਨ। ਖ਼ੁਸ਼ ਲੋਕ ਸ਼ਾਇਦ ਨਾ ਸੁਣਨ। ਇਸ ਲਈ ਸਾਨੂੰ ਸੋਗੀਆਂ ਨੂੰ ਦਿਲਾਸਾ ਦੇਣ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ।