ਪ੍ਰਸ਼ਨ ਡੱਬੀ
◼ ਕੀ ਦੋਵੇਂ ਮਾਪੇ ਪਰਿਵਾਰਕ ਸਟੱਡੀ ਵਿਚ ਲਾਏ ਸਮੇਂ ਨੂੰ ਰਿਪੋਰਟ ਕਰ ਸਕਦੇ ਹਨ?
ਭਾਵੇਂ ਕਿ ਬੱਚਿਆਂ ਨੂੰ ਯਹੋਵਾਹ ਦੀ “ਸਿੱਖਿਆ ਅਰ ਮੱਤ ਦੇ ਕੇ” ਉਨ੍ਹਾਂ ਦੀ ਪਾਲਨਾ ਕਰਨ ਦੀ ਜ਼ਿੰਮੇਵਾਰੀ ਪਿਤਾ ਦੀ ਹੈ, ਪਰ ਇਸ ਜ਼ਿੰਮੇਵਾਰੀ ਨੂੰ ਪੂਰਿਆਂ ਕਰਨ ਵਿਚ ਦੋਵੇਂ ਮਾਪੇ ਹਿੱਸਾ ਲੈਂਦੇ ਹਨ। (ਅਫ਼. 6:4) ਬਾਈਬਲ ਬੱਚਿਆਂ ਨੂੰ ਤਾਕੀਦ ਕਰਦੀ ਹੈ: “ਹੇ ਮੇਰੇ ਪੁੱਤ੍ਰ, ਤੂੰ ਆਪਣੇ ਪਿਉ ਦਾ ਉਪਦੇਸ਼ ਸੁਣ, ਅਤੇ ਆਪਣੀ ਮਾਂ ਦੀ ਤਾਲੀਮ ਨੂੰ ਨਾ ਛੱਡੀਂ।” (ਕਹਾ. 1:8) ਬੱਚਿਆਂ ਨੂੰ ਸਿਖਲਾਈ ਦੇਣ ਦਾ ਇਕ ਅਹਿਮ ਤਰੀਕਾ ਹੈ ਪਰਿਵਾਰਕ ਬਾਈਬਲ ਸਟੱਡੀ।
ਪਹਿਲਾਂ ਸਿਰਫ਼ ਪਿਤਾ ਹੀ ਆਪਣੇ ਬਪਤਿਸਮਾ-ਰਹਿਤ ਬੱਚਿਆਂ ਨਾਲ ਸਟੱਡੀ ਵਿਚ ਬਿਤਾਏ ਸਮੇਂ ਨੂੰ ਰਿਪੋਰਟ ਕਰ ਸਕਦਾ ਸੀ, ਭਾਵੇਂ ਉਸ ਦੀ ਘਰਵਾਲੀ ਵੀ ਚਰਚਾ ਵਿਚ ਹਿੱਸਾ ਲੈਂਦੀ ਸੀ। ਪਰ ਹੁਣ ਇਸ ਤਰ੍ਹਾਂ ਨਹੀਂ ਹੈ। ਜੇ ਸਟੱਡੀ ਦੌਰਾਨ ਦੋਵੇਂ ਮਾਪੇ ਇਕੱਠੇ ਬੱਚਿਆਂ ਨੂੰ ਸਿਖਾਉਂਦੇ ਹਨ, ਤਾਂ ਦੋਵੇਂ ਹਫ਼ਤੇ ਦਾ ਇਕ-ਇਕ ਘੰਟਾ ਰਿਪੋਰਟ ਕਰ ਸਕਦੇ ਹਨ ਭਾਵੇਂ ਕਿ ਉਹ ਹਫ਼ਤੇ ਵਿਚ ਬੱਚਿਆਂ ਨੂੰ ਸਿੱਖਿਆ ਦੇਣ ਵਿਚ ਇਕ ਘੰਟੇ ਤੋਂ ਜ਼ਿਆਦਾ ਸਮਾਂ ਗੁਜ਼ਾਰਦੇ ਹਨ। ਦੋਵੇਂ ਮਾਪੇ ਬੱਚਿਆਂ ਨੂੰ ਸਿਖਲਾਈ ਦੇਣ ਵਿਚ ਅਕਸਰ ਬਹੁਤ ਮਿਹਨਤ ਕਰਦੇ ਹਨ। (ਬਿਵ. 6:6-9) ਪਰ ਮਹੀਨੇ ਦੀ ਪ੍ਰਚਾਰ ਸੇਵਾ ਰਿਪੋਰਟ ਵਿਚ ਖ਼ਾਸ ਕਰ ਕੇ ਲੋਕਾਂ ਨੂੰ ਪ੍ਰਚਾਰ ਕਰਨ ਵਿਚ ਗੁਜ਼ਾਰਿਆ ਸਮਾਂ ਰਿਪੋਰਟ ਕੀਤਾ ਜਾਣਾ ਚਾਹੀਦਾ ਹੈ। ਇਸ ਲਈ ਭਾਵੇਂ ਤੁਸੀਂ ਆਪਣੇ ਬੱਚਿਆਂ ਨਾਲ ਸਟੱਡੀ ਕਰਦਿਆਂ ਘੰਟੇ ਤੋਂ ਜ਼ਿਆਦਾ ਸਮਾਂ ਗੁਜ਼ਾਰਦੇ ਹੋ, ਜਾਂ ਹਫ਼ਤੇ ਵਿਚ ਜ਼ਿਆਦਾ ਵਾਰ ਸਟੱਡੀ ਕਰਦੇ ਹੋ, ਜਾਂ ਇਕੱਲੇ-ਇਕੱਲੇ ਬੱਚੇ ਨਾਲ ਸਟੱਡੀ ਕਰਦੇ ਹੋ, ਤਾਂ ਵੀ ਤੁਸੀਂ ਹਫ਼ਤੇ ਦਾ ਸਿਰਫ਼ ਇਕ ਹੀ ਘੰਟਾ ਰਿਪੋਰਟ ਕਰ ਸਕਦੇ ਹੋ। ਸਿਰਫ਼ ਇੱਕੋ ਮਾਪਾ ਬਾਈਬਲ ਸਟੱਡੀ ਅਤੇ ਬੱਚਿਆਂ ਨਾਲ ਹਫ਼ਤੇ ਵਿਚ ਕੀਤੀ ਇਕ ਰਿਟਰਨ ਵਿਜ਼ਿਟ ਰਿਪੋਰਟ ਕਰੇਗਾ।