ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ
1. ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਪੁਸਤਕ ਛਾਪਣ ਦਾ ਕੀ ਕਾਰਨ ਸੀ?
1 ਅਸੀਂ 4 ਜਨਵਰੀ ਤੋਂ ਲੈ ਕੇ ਆਪਣੀ ਕਲੀਸਿਯਾ ਦੀ ਬਾਈਬਲ ਸਟੱਡੀ ਵਿਚ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਨਾਂ ਦੀ ਨਵੀਂ ਪੁਸਤਕ ਦੀ ਚਰਚਾ ਸ਼ੁਰੂ ਕਰਨ ਲਈ ਕਿੰਨੇ ਉਤਾਵਲੇ ਹਾਂ! ਇਸ ਸੰਬੰਧ ਵਿਚ ਪ੍ਰਬੰਧਕ ਸਭਾ ਦੀ ਚਿੱਠੀ ਦੇ ਅਖ਼ੀਰ ਵਿਚ ਉਨ੍ਹਾਂ ਨੇ ਯਹੋਵਾਹ ਦੇ ਹਰ ਸੇਵਕ ਨੂੰ ਕਿਹਾ: “ਸਾਨੂੰ ਪੂਰੀ ਉਮੀਦ ਹੈ ਕਿ ਇਸ ਕਿਤਾਬ ਦੀ ਮਦਦ ਨਾਲ ਤੁਸੀਂ ਸੱਚਾਈ ਦੇ ਰਾਹ ਉੱਤੇ ਚੱਲਦੇ ਰਹੋਗੇ ਅਤੇ ਸਦਾ ਦੀ ਜ਼ਿੰਦਗੀ ਪਾਉਣ ਲਈ ‘ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋਗੇ।’—ਯਹੂਦਾਹ 21.”
2. ਇਹ ਨਵੀਂ ਪੁਸਤਕ ਕਿਹੜੇ ਮਾਮਲਿਆਂ ਵਿਚ ਸਾਡੀ ਮਦਦ ਕਰੇਗੀ?
2 ਕਿਹੜੇ ਵਿਸ਼ਿਆਂ ਦੀ ਚਰਚਾ ਕੀਤੀ ਜਾਵੇਗੀ: ਅਸੀਂ ਸਿੱਖਾਂਗੇ ਕਿ ਸੰਗਤ, ਮਨੋਰੰਜਨ, ਅਧਿਕਾਰ ਰੱਖਣ ਵਾਲਿਆਂ ਦਾ ਆਦਰ, ਸਾਡੀਆਂ ਆਦਤਾਂ, ਵਿਆਹ, ਬੋਲੀ ਤੇ ਰੀਤੀ-ਰਿਵਾਜ ਵਰਗੇ ਮਾਮਲਿਆਂ ਵਿਚ ਬਾਈਬਲ ਦੇ ਅਸੂਲ ਕਿੱਦਾਂ ਲਾਗੂ ਹੁੰਦੇ ਹਨ। ਨਤੀਜੇ ਵਜੋਂ ਸਾਡੀ ਜ਼ਮੀਰ ਬਾਈਬਲ ਵਿਚ ਪਾਏ ਜਾਂਦੇ ਧਰਮੀ ਮਿਆਰਾਂ ਮੁਤਾਬਕ ਸਿਖਾਈ ਜਾਵੇਗੀ। (ਜ਼ਬੂ. 19:7, 8) ਜਿਉਂ-ਜਿਉਂ ਅਸੀਂ ਯਹੋਵਾਹ ਦੀ ਸੋਚਣੀ ਨੂੰ ਹੋਰ ਚੰਗੀ ਤਰ੍ਹਾਂ ਸਮਝਾਂਗੇ, ਅਸੀਂ ਹਰ ਗੱਲ ਵਿਚ ਉਸ ਦਾ ਕਹਿਣਾ ਮੰਨ ਕੇ ਉਸ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਾਂਗੇ।—ਕਹਾ. 27:11; 1 ਯੂਹੰ. 5:3.
3. ਸਾਨੂੰ ਹਰ ਹਫ਼ਤੇ ਦੀ ਸਟੱਡੀ ਵਿਚ ਹਿੱਸਾ ਲੈਣ ਦੀ ਪੂਰੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
3 ਹਿੱਸਾ ਲੈਣ ਦਾ ਪੱਕਾ ਇਰਾਦਾ ਬਣਾਓ: ਆਪਣੀ ਪੁਸਤਕ ਦੀ ਤਿਆਰੀ ਕਰਦੇ ਹੋਏ ਯਹੋਵਾਹ ਦੇ ਲੋਕਾਂ ਨਾਲ ਮਿਲ ਕੇ ਉਸ ਦੇ ਜਸ ਗਾਉਣ ਦਾ ਟੀਚਾ ਰੱਖੋ। (ਇਬ. 13:15) ਸਾਰੀ ਕਲੀਸਿਯਾ ਇਸ ਨਵੀਂ ਪੁਸਤਕ ਦੀ ਸਟੱਡੀ ਕਰੇਗੀ। ਪੁਸਤਕ ਦੀ ਚਰਚਾ ਛੋਟਿਆਂ ਹਿੱਸਿਆਂ ਵਿਚ ਕੀਤੀ ਜਾਵੇਗੀ। ਇਸ ਲਈ ਸਾਨੂੰ ਚੰਗੀ ਤਿਆਰੀ ਕਰ ਕੇ ਦੂਸਰਿਆਂ ਨਾਲ ਸਿੱਖੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਮਿਲੇਗਾ। ਸਾਡੀਆਂ ਚੰਗੀ ਤਰ੍ਹਾਂ ਤਿਆਰ ਕੀਤੀਆਂ ਛੋਟੀਆਂ ਟਿੱਪਣੀਆਂ ਦੂਸਰਿਆਂ ਨੂੰ ਪ੍ਰੇਮ ਅਰ ਸ਼ੁਭ ਕੰਮ ਕਰਨ ਲਈ ਉਤਸ਼ਾਹ ਦੇਣਗੀਆਂ। (ਇਬ. 10:24) ਨਾਲੇ ਆਪਣੀ ਨਿਹਚਾ ਬਾਰੇ ਗੱਲ ਕਰ ਕੇ ਅਸੀਂ ਹੋਰ ਵੀ ਖ਼ੁਸ਼ ਹੋਵਾਂਗੇ।
4. ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰਨੀ ਕਿਉਂ ਜ਼ਰੂਰੀ ਹੈ?
4 ਯਿਸੂ ਨੇ ਧਰਤੀ ਉੱਤੇ ਆਪਣੀ ਆਖ਼ਰੀ ਰਾਤ ਨੂੰ ਇਹ ਗੱਲ ਸਮਝਾਈ ਸੀ ਕਿ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਕਰਨ ਨਾਲ ਹੀ ਅਸੀਂ ਪਰਮੇਸ਼ੁਰ ਦੇ ਪਿਆਰ ਵਿਚ ਰਹਿ ਸਕਦੇ ਹਾਂ। (ਯੂਹੰ. 15:10) ਪਰਮੇਸ਼ੁਰ ਨਾਲ ਪਿਆਰ ਪੁਸਤਕ ਦੀ ਮਦਦ ਨਾਲ ਅਸੀਂ ਆਪਣੀਆਂ ਜ਼ਿੰਦਗੀਆਂ ਵਿਚ ਰੋਜ਼ ਬਾਈਬਲ ਦੇ ਅਸੂਲ ਲਾਗੂ ਕਰਨ ਅਤੇ ‘ਆਪਣੇ ਆਪ ਨੂੰ ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰੱਖਣ’ ਲਈ ਹੋਰ ਵੀ ਦ੍ਰਿੜ੍ਹ ਰਹਾਂਗੇ।—ਯਹੂ. 21.