“ਨਾ ਡਰੀਂ”
1. ਅਸੀਂ ਯਿਰਮਿਯਾਹ ਵਰਗੀਆਂ ਕਿਹੜੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੇ ਹਾਂ?
1 ਜਦੋਂ ਯਿਰਮਿਯਾਹ ਨੂੰ ਨਬੀ ਠਹਿਰਾਇਆ ਗਿਆ ਸੀ, ਉਹ ਖ਼ੁਦ ਨੂੰ ਇਸ ਸਨਮਾਨ ਦੇ ਲਾਇਕ ਨਹੀਂ ਸਮਝਦਾ ਸੀ। ਪਰ ਯਹੋਵਾਹ ਨੇ ਉਸ ਨੂੰ ਹੌਸਲਾ ਦਿੱਤਾ ਕਿ ਉਹ ਨਾ ਡਰੇ ਕਿਉਂਕਿ ਉਹ ਉਸ ਨੂੰ ਇਹ ਕੰਮ ਪੂਰਾ ਕਰਨ ਲਈ ਤਾਕਤ ਦੇਵੇਗਾ। (ਯਿਰ. 1:6-10) ਹੋ ਸਕਦਾ ਹੈ ਕਿ ਅਸੀਂ ਸ਼ਰਮਾਕਲ ਹੋਈਏ ਜਾਂ ਖ਼ੁਦ ਨੂੰ ਪ੍ਰਚਾਰ ਦਾ ਕੰਮ ਕਰਨ ਦੇ ਕਾਬਲ ਨਾ ਸਮਝੀਏ ਜਿਸ ਕਰਕੇ ਅਸੀਂ ਇਸ ਕੰਮ ਵਿਚ ਪੂਰਾ ਹਿੱਸਾ ਨਾ ਲਈਏ। ਲੋਕਾਂ ਦੇ ਡਰ ਕਰਕੇ ਸ਼ਾਇਦ ਅਸੀਂ ਗਵਾਹੀ ਦੇਣ ਤੋਂ ਝਿਜਕ ਜਾਈਏ। ਅਜਿਹੇ ਡਰ ʼਤੇ ਅਸੀਂ ਕਿਵੇਂ ਕਾਬੂ ਪਾ ਸਕਦੇ ਹਾਂ ਤੇ ਸਾਨੂੰ ਕਿਹੜੀਆਂ ਬਰਕਤਾਂ ਮਿਲ ਸਕਦੀਆਂ ਹਨ?
2. ਪ੍ਰਚਾਰ ਲਈ ਤਿਆਰੀ ਕਰਨ ਨਾਲ ਅਸੀਂ ਡਰ ʼਤੇ ਕਾਬੂ ਕਿਵੇਂ ਪਾ ਸਕਦੇ ਹਾਂ?
2 ਪਹਿਲਾਂ ਤਿਆਰੀ ਕਰੋ: ਚੰਗੀ ਤਰ੍ਹਾਂ ਤਿਆਰੀ ਕਰਨ ਨਾਲ ਅਸੀਂ ਕੁਝ ਹੱਦ ਤਕ ਡਰ ʼਤੇ ਕਾਬੂ ਪਾ ਸਕਦੇ ਹਾਂ। ਮਿਸਾਲ ਲਈ, ਜੇ ਅਸੀਂ ਪਹਿਲਾਂ ਹੀ ਸੋਚ ਲਈਏ ਕਿ ਲੋਕ ਸਾਡੀ ਗੱਲ ਟੋਕਣ ਲਈ ਕੀ ਕਹਿਣਗੇ, ਤਾਂ ਅਸੀਂ ਉਨ੍ਹਾਂ ਨੂੰ ਵਧੀਆ ਜਵਾਬ ਦੇਣ ਲਈ ਤਿਆਰ ਹੋਵਾਂਗੇ। (ਕਹਾ. 15:28) ਕਿਉਂ ਨਾ ਆਪਣੀ ਪਰਿਵਾਰਕ ਸਟੱਡੀ ਦੌਰਾਨ ਸਕੂਲ ਵਿਚ ਅਤੇ ਪ੍ਰਚਾਰ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਪ੍ਰੈਕਟਿਸ ਕਰੋ?—1 ਪਤ. 3:15.
3. ਯਹੋਵਾਹ ʼਤੇ ਭਰੋਸਾ ਰੱਖਣ ਨਾਲ ਸਾਡਾ ਡਰ ਕਿੱਦਾਂ ਦੂਰ ਹੁੰਦਾ ਹੈ?
3 ਯਹੋਵਾਹ ਉੱਤੇ ਭਰੋਸਾ ਰੱਖੋ: ਪਰਮੇਸ਼ੁਰ ʼਤੇ ਭਰੋਸਾ ਰੱਖਣਾ ਡਰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ। ਯਹੋਵਾਹ ਨੇ ਸਾਨੂੰ ਗਾਰੰਟੀ ਦਿੱਤੀ ਹੈ ਕਿ ਉਹ ਸਾਡੀ ਮਦਦ ਜ਼ਰੂਰ ਕਰੇਗਾ। (ਯਸਾ. 41:10-13) ਇਸ ਤੋਂ ਵਧੀਆ ਗਾਰੰਟੀ ਕਿਹੜੀ ਹੋ ਸਕਦੀ ਹੈ? ਇਸ ਤੋਂ ਇਲਾਵਾ, ਯਿਸੂ ਨੇ ਭਰੋਸਾ ਦਿਲਾਇਆ ਕਿ ਜੇ ਅਚਾਨਕ ਹੀ ਕੋਈ ਮੁਸ਼ਕਲ ਸਾਮ੍ਹਣੇ ਆ ਖੜ੍ਹੇ, ਤਾਂ ਪਰਮੇਸ਼ੁਰ ਦੀ ਸ਼ਕਤੀ ਸਾਨੂੰ ਵਧੀਆ ਗਵਾਹੀ ਦੇਣ ਦੇ ਕਾਬਲ ਬਣਾ ਸਕਦੀ ਹੈ। (ਮਰ. 13:11) ਇਸ ਲਈ ਯਹੋਵਾਹ ਨੂੰ ਬਾਕਾਇਦਾ ਉਸ ਦੀ ਸ਼ਕਤੀ ਲਈ ਪ੍ਰਾਰਥਨਾ ਕਰੋ।—ਲੂਕਾ 11:13.
4. ਮੁਸ਼ਕਲਾਂ ਦੇ ਬਾਵਜੂਦ ਪ੍ਰਚਾਰ ਵਿਚ ਡਟੇ ਰਹਿਣ ਨਾਲ ਕਿਹੜੀਆਂ ਬਰਕਤਾਂ ਮਿਲਦੀਆਂ ਹਨ?
4 ਬਰਕਤਾਂ: ਜੇ ਅਸੀਂ ਚੁਣੌਤੀਆਂ ਦੇ ਬਾਵਜੂਦ ਪ੍ਰਚਾਰ ਵਿਚ ਡੱਟੇ ਰਹਾਂਗੇ, ਤਾਂ ਅਸੀਂ ਅਗਾਹਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਲਈ ਤਕੜੇ ਬਣਾਂਗੇ। ਪਵਿੱਤਰ ਸ਼ਕਤੀ ਨਾਲ ਅਸੀਂ ਹਿੰਮਤ ਤੇ ਦਲੇਰੀ ਵਰਗੇ ਗੁਣ ਪੈਦਾ ਕਰ ਪਾਵਾਂਗੇ। (ਰਸੂ. 4:31) ਇਸ ਤੋਂ ਵਧ, ਅਸੀਂ ਯਹੋਵਾਹ ਦੀ ਮਦਦ ਨਾਲ ਡਰ ʼਤੇ ਕਾਬੂ ਪਾ ਸਕਾਂਗੇ, ਆਪਣੀ ਨਿਹਚਾ ਮਜ਼ਬੂਤ ਕਰ ਸਕਾਂਗੇ ਅਤੇ ਉਸ ਦੀ ਬਚਾਉਣ ਵਾਲੀ ਤਾਕਤ ʼਤੇ ਭਰੋਸਾ ਕਰ ਸਕਾਂਗੇ। (ਯਸਾ. 33:2) ਸਾਨੂੰ ਇਸ ਤੋਂ ਵੀ ਖ਼ੁਸ਼ੀ ਮਿਲੇਗੀ ਕਿ ਅਸੀਂ ਸਵਰਗ ਵਿਚ ਆਪਣੇ ਪਿਆਰੇ ਪਿਤਾ ਯਹੋਵਾਹ ਦੇ ਜੀਅ ਨੂੰ ਖ਼ੁਸ਼ ਕਰ ਰਹੇ ਹਾਂ। (1 ਪਤ. 4:13, 14) ਫਿਰ ਆਓ ਆਪਾਂ ਨਿਡਰ ਹੋ ਕੇ ਪਰਮੇਸ਼ੁਰ ਦੇ ਰਾਜ ਦਾ ਸੰਦੇਸ਼ ਲੋਕਾਂ ਨੂੰ ਸੁਣਾਈਏ ਤੇ ਹਮੇਸ਼ਾ ਪੂਰਾ ਭਰੋਸਾ ਰੱਖੀਏ ਕਿ ਯਹੋਵਾਹ ਸਾਡੀ ਜ਼ਰੂਰ ਮਦਦ ਕਰੇਗਾ!