ਯਹੋਵਾਹ ਨੂੰ ਨਾ ਮੰਨਣ ਵਾਲੇ ਜੀਵਨ-ਸਾਥੀਆਂ ਦੀ ਤੁਸੀਂ ਕਿੱਦਾਂ ਮਦਦ ਕਰ ਸਕਦੇ ਹੋ?
1. ਅਸੀਂ ਸਾਰੇ ਕਿਉਂ ਚਾਹੁੰਦੇ ਹਾਂ ਕਿ ਭੈਣਾਂ-ਭਰਾਵਾਂ ਦੇ ਜੀਵਨ-ਸਾਥੀ ਸੱਚਾਈ ਵਿਚ ਆ ਜਾਣ?
1 ਕੀ ਤੁਹਾਡੀ ਕਲੀਸਿਯਾ ਵਿਚ ਕੁਝ ਭੈਣ-ਭਰਾ ਹਨ ਜਿਨ੍ਹਾਂ ਦੇ ਜੀਵਨ-ਸਾਥੀ ਯਹੋਵਾਹ ਨੂੰ ਨਹੀਂ ਮੰਨਦੇ? ਜੇ ਹਨ, ਤਾਂ ਉਹ ਉਮੀਦ ਰੱਖਦੇ ਹੋਣਗੇ ਕਿ ਇਕ ਦਿਨ ਉਨ੍ਹਾਂ ਦੇ ਸਾਥੀ ਵੀ ਉਨ੍ਹਾਂ ਨਾਲ ਮਿਲ ਕੇ ਯਹੋਵਾਹ ਦੀ ਭਗਤੀ ਕਰਨਗੇ। ਪਰ ਸਿਰਫ਼ ਉਹੀ ਨਹੀਂ, ਸਗੋਂ ਸਾਰੀ ਕਲੀਸਿਯਾ ਪਰਮੇਸ਼ੁਰ ਵਾਂਗ ਚਾਹੁੰਦੀ ਹੈ “ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:4) ਅਸੀਂ ਉਨ੍ਹਾਂ ਭੈਣਾਂ-ਭਰਾਵਾਂ ਦੇ ਜੀਵਨ-ਸਾਥੀਆਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ ਜੋ ਯਹੋਵਾਹ ਨੂੰ ਨਹੀਂ ਮੰਨਦੇ?
2. ਸਮਝਦਾਰੀ ਵਰਤਦੇ ਹੋਏ ਅਸੀਂ ਅਜਿਹੇ ਜੀਵਨ-ਸਾਥੀਆਂ ਦੀ ਕਿੱਦਾਂ ਮਦਦ ਕਰ ਸਕਦੇ ਹਾਂ ਜੋ ਯਹੋਵਾਹ ਨੂੰ ਨਹੀਂ ਮੰਨਦੇ?
2 ਪਹਿਲਾਂ ਸਾਨੂੰ ਉਨ੍ਹਾਂ ਵਿਅਕਤੀਆਂ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਜਿਹੇ ਕਈ ਪਤੀ-ਪਤਨੀ ਆਪਣੇ ਪਰਿਵਾਰਾਂ ਨਾਲ ਪਿਆਰ ਕਰਦੇ ਹਨ ਤੇ ਪਤੀ-ਪਤਨੀ ਜਾਂ ਮਾਪਿਆਂ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ। ਹੋ ਸਕਦਾ ਹੈ ਕਿ ਉਹ ਦਿਲੋਂ ਆਪਣੇ ਧਰਮ ਨੂੰ ਮੰਨਦੇ ਹੋਣ। ਸ਼ਾਇਦ ਉਨ੍ਹਾਂ ਨੇ ਦੂਜਿਆਂ ਤੋਂ ਯਹੋਵਾਹ ਦੇ ਗਵਾਹਾਂ ਬਾਰੇ ਝੂਠੀਆਂ-ਮੂਠੀਆਂ ਗੱਲਾਂ ਸੁਣੀਆਂ ਹੋਣ। ਕੁਝ ਇਸ ਗੱਲ ʼਤੇ ਇਤਰਾਜ਼ ਕਰਦੇ ਹਨ ਕਿ ਹੁਣ ਉਨ੍ਹਾਂ ਦੇ ਸਾਥੀ ਆਪਣੀ ਭਗਤੀ ਵਿਚ ਉਹ ਸਮਾਂ ਬਿਤਾਉਂਦੇ ਹਨ ਜੋ ਉਹ ਪਹਿਲਾਂ ਆਪਣੇ ਪਰਿਵਾਰ ਨਾਲ ਬਿਤਾਉਂਦੇ ਹੁੰਦੇ ਸੀ। ਸਮਝਦਾਰੀ ਵਰਤ ਕੇ ਅਸੀਂ ਅਜਿਹੇ ਵਿਅਕਤੀਆਂ ਨਾਲ ਪਿਆਰ ਤੇ ਆਦਰ ਨਾਲ ਪੇਸ਼ ਆਵਾਂਗੇ ਅਤੇ ਉਨ੍ਹਾਂ ਨੂੰ ਮਿਲਦੇ ਸਮੇਂ ਨਹੀਂ ਘਬਰਾਵਾਂਗੇ।—ਯੂਹੰ. 17:14.
3. ਯਹੋਵਾਹ ਨੂੰ ਨਾ ਮੰਨਣ ਵਾਲੇ ਵਿਅਕਤੀ ਦਾ ਦਿਲ ਜਿੱਤਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ?
3 ਦਿਲਚਸਪੀ ਲਓ: ਸ਼ਾਇਦ ਸ਼ੁਰੂ-ਸ਼ੁਰੂ ਵਿਚ ਯਹੋਵਾਹ ਨੂੰ ਨਾ ਮੰਨਣ ਵਾਲੇ ਜੀਵਨ-ਸਾਥੀ ʼਤੇ ਸਾਡੀਆਂ ਗੱਲਾਂ ਦਾ ਨਹੀਂ, ਸਗੋਂ ਸਾਡੇ ਕੰਮਾਂ ਦਾ ਸਭ ਤੋਂ ਜ਼ਿਆਦਾ ਅਸਰ ਪਵੇ। (1 ਪਤ. 3:1, 2) ਇਸ ਕਰਕੇ ਉਸ ਵਿਚ ਦਿਲਚਸਪੀ ਲੈਣੀ ਬਹੁਤ ਜ਼ਰੂਰੀ ਹੈ। ਕਲੀਸਿਯਾ ਦੀਆਂ ਭੈਣਾਂ ਯਹੋਵਾਹ ਨੂੰ ਨਾ ਮੰਨਣ ਵਾਲੀਆਂ ਪਤਨੀਆਂ ਵਿਚ ਅਤੇ ਭਰਾ ਪਤੀਆਂ ਵਿਚ ਦਿਲਚਸਪੀ ਲੈ ਸਕਦੇ ਹਨ। ਉਹ ਕਿੱਦਾਂ?
4. ਅਸੀਂ ਉਸ ਵਿਅਕਤੀ ਵਿਚ ਦਿਲਚਸਪੀ ਕਿਵੇਂ ਲੈ ਸਕਦੇ ਹਾਂ ਜੋ ਯਹੋਵਾਹ ਨੂੰ ਨਹੀਂ ਮੰਨਦਾ?
4 ਜੇ ਤੁਸੀਂ ਅਜੇ ਤਕ ਕਿਸੇ ਭੈਣ ਜਾਂ ਭਰਾ ਦੇ ਜੀਵਨ-ਸਾਥੀ ਨੂੰ ਨਹੀਂ ਮਿਲੇ, ਤਾਂ ਉਸ ਦੀ ਸਲਾਹ ਲੈ ਕੇ ਉਸ ਦੇ ਸਾਥੀ ਨੂੰ ਮਿਲੋ। ਜੇ ਸ਼ੁਰੂ-ਸ਼ੁਰੂ ਵਿਚ ਉਹ ਤੁਹਾਨੂੰ ਮਿਲ ਕੇ ਖ਼ੁਸ਼ ਨਹੀਂ ਹੁੰਦਾ, ਤਾਂ ਇਸ ਦਾ ਬੁਰਾ ਨਾ ਮਨਾਓ। ਦੋਸਤੀ ਦਾ ਹੱਥ ਵਧਾ ਕੇ ਅਤੇ ਉਸ ਵਿਚ ਦਿਲਚਸਪੀ ਲੈਣ ਨਾਲ ਉਹ ਸ਼ਾਇਦ ਯਹੋਵਾਹ ਦੇ ਗਵਾਹਾਂ ਬਾਰੇ ਚੰਗਾ ਸੋਚਣ ਲੱਗ ਪਵੇ। (ਰੋਮੀ. 12:20) ਕੁਝ ਸਮਝਦਾਰ ਭੈਣਾਂ-ਭਰਾਵਾਂ ਨੇ ਯਹੋਵਾਹ ਨੂੰ ਨਾ ਮੰਨਣ ਵਾਲੇ ਵਿਅਕਤੀ ਅਤੇ ਉਸ ਦੇ ਪਰਿਵਾਰ ਨੂੰ ਰੋਟੀ-ਪਾਣੀ ਲਈ ਸੱਦਿਆ ਹੈ ਤਾਂਕਿ ਉਹ ਉਸ ਨੂੰ ਹੋਰ ਚੰਗੀ ਤਰ੍ਹਾਂ ਜਾਣ ਸਕਣ ਤੇ ਗ਼ਲਤਫ਼ਹਿਮੀਆਂ ਨੂੰ ਦੂਰ ਕਰ ਸਕਣ। ਉਨ੍ਹਾਂ ਨੇ ਉਸ ਨਾਲ ਬਾਈਬਲ ਦੀਆਂ ਗੱਲਾਂ ਸ਼ੁਰੂ ਕਰਨ ਦੀ ਬਜਾਇ ਉਸ ਦੇ ਪਸੰਦ ਦੀਆਂ ਗੱਲਾਂ ਕੀਤੀਆਂ ਹਨ। ਬਾਅਦ ਵਿਚ ਸਹੀ ਸਮੇਂ ਤੇ ਤੁਸੀਂ ਬਾਈਬਲ ਤੋਂ ਕੋਈ-ਨਾ-ਕੋਈ ਗੱਲ ਸ਼ੁਰੂ ਕਰ ਸਕਦੇ ਹੋ। ਜਾਂ ਸ਼ਾਇਦ ਉਹ ਕਲੀਸਿਯਾ ਦੇ ਕੁਝ ਭੈਣਾਂ-ਭਰਾਵਾਂ ਨੂੰ ਮਿਲਣ ਕਰਕੇ ਮੀਟਿੰਗ ਵਿਚ ਆਉਣ ਦਾ ਸੱਦਾ ਕਬੂਲ ਕਰ ਲਵੇ ਜਿੱਥੇ ਉਹ ਖ਼ੁਦ ਦੇਖ ਸਕੇ ਕਿ ਉਸ ਦਾ ਸਾਥੀ ਕੀ ਸਿੱਖ ਰਿਹਾ ਹੈ। ਭਾਵੇਂ ਕਿ ਉਹ ਅਜੇ ਸੱਚਾਈ ਸਿੱਖਣ ਲਈ ਰਾਜ਼ੀ ਨਾ ਵੀ ਹੋਵੇ, ਫਿਰ ਵੀ ਉਸ ਨੂੰ ਆਪਣੇ ਪਤੀ ਜਾਂ ਪਤਨੀ ਦਾ ਸਾਥ ਦੇਣ ਕਰਕੇ ਸ਼ਾਬਾਸ਼ੀ ਦਿੱਤੀ ਜਾ ਸਕਦੀ ਹੈ।
5. ਬਜ਼ੁਰਗ ਅਜਿਹੇ ਵਿਅਕਤੀਆਂ ਵਿਚ ਦਿਲਚਸਪੀ ਕਿਵੇਂ ਲੈ ਸਕਦੇ ਹਨ ਜੋ ਯਹੋਵਾਹ ਨੂੰ ਨਹੀਂ ਮੰਨਦੇ?
5 ਖ਼ਾਸ ਤੌਰ ਤੇ ਬਜ਼ੁਰਗਾਂ ਨੂੰ ਯਹੋਵਾਹ ਨੂੰ ਨਾ ਮੰਨਣ ਵਾਲੇ ਸਾਥੀਆਂ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਗਵਾਹੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹ ਵਿਅਕਤੀ ਜੇ ਪਹਿਲਾਂ ਬਾਈਬਲ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੁੰਦਾ ਸੀ ਸ਼ਾਇਦ ਬੀਮਾਰ ਹੋਣ ਜਾਂ ਹਸਪਤਾਲ ਵਿਚ ਹੋਣ ਕਰਕੇ ਹੌਸਲੇ ਵਾਲੀਆਂ ਗੱਲਾਂ ਸੁਣਨ ਲਈ ਰਾਜ਼ੀ ਹੋ ਜਾਵੇ। ਜੇ ਪਰਿਵਾਰ ਵਿਚ ਕਿਸੇ ਦੀ ਮੌਤ ਹੋ ਗਈ ਹੋਵੇ, ਤਾਂ ਬਜ਼ੁਰਗ ਪਰਿਵਾਰ ਦੇ ਜੀਆਂ ਨੂੰ ਦਿਲਾਸਾ ਦਿੰਦੇ ਸਮੇਂ, ਉਸ ਵਿਅਕਤੀ ਨੂੰ ਵੀ ਉਨ੍ਹਾਂ ਨਾਲ ਬੈਠ ਕੇ ਸੁਣਨ ਦਾ ਸੱਦਾ ਦੇ ਸਕਦੇ ਹਨ।
6. ਸਾਨੂੰ ਭੈਣਾਂ-ਭਰਾਵਾਂ ਦੇ ਸਾਥੀਆਂ ਦੀ ਕਿਉਂ ਮਦਦ ਕਰਨੀ ਚਾਹੀਦੀ ਹੈ?
6 ਜ਼ਰਾ ਸੋਚੋ ਕਿ ਸਾਡੀ ਕਲੀਸਿਯਾ ਵਿਚ ਉਹ ਮਸੀਹੀ ਕਿੰਨਾ ਖ਼ੁਸ਼ ਹੋਵੇਗਾ ਜਿਸ ਦਾ ਜੀਵਨ-ਸਾਥੀ ਸੱਚਾਈ ਨੂੰ ਅਪਣਾ ਕੇ ਉਸ ਨਾਲ ਯਹੋਵਾਹ ਦੀ ਸੇਵਾ ਕਰਨ ਲੱਗ ਪਵੇਗਾ! ਇਸ ਤੋਂ ਯਹੋਵਾਹ, ਦੂਤਾਂ ਅਤੇ ਬਾਕੀ ਦੀ ਸਾਰੀ ਕਲੀਸਿਯਾ ਨੂੰ ਕਿੰਨੀ ਖ਼ੁਸ਼ੀ ਹੋਵੇਗੀ। (ਲੂਕਾ 15:7, 10) ਪਰ ਜੇ ਕਿਸੇ ਭੈਣ-ਭਰਾ ਦਾ ਸਾਥੀ ਪਹਿਲਾਂ-ਪਹਿਲ ਨਾ ਵੀ ਦਿਲਚਸਪੀ ਲਵੇ, ਅਸੀਂ ਫਿਰ ਵੀ ਖ਼ੁਸ਼ ਹੋ ਸਕਦੇ ਹਾਂ ਕਿ ਯਹੋਵਾਹ ਨੂੰ ਸਾਡੀ ਮਿਹਨਤ ਪਸੰਦ ਹੈ ਕਿਉਂਕਿ ਉਹ “ਨਹੀਂ ਚਾਹੁੰਦਾ ਹੈ ਭਈ ਕਿਸੇ ਦਾ ਨਾਸ ਹੋਵੇ ਸਗੋਂ ਸੱਭੇ ਤੋਬਾ ਵੱਲ ਮੁੜਨ।”—2 ਪਤ. 3:9.
[ਸਫ਼ਾ 6 ਉੱਤੇ ਸੁਰਖੀ
ਸ਼ਾਇਦ ਸ਼ੁਰੂ-ਸ਼ੁਰੂ ਵਿਚ ਯਹੋਵਾਹ ਨੂੰ ਨਾ ਮੰਨਣ ਵਾਲੇ ਜੀਵਨ-ਸਾਥੀ ʼਤੇ ਸਾਡੀਆਂ ਗੱਲਾਂ ਦਾ ਨਹੀਂ, ਸਗੋਂ ਸਾਡੇ ਕੰਮਾਂ ਦਾ ਸਭ ਤੋਂ ਜ਼ਿਆਦਾ ਅਸਰ ਪਵੇ