ਆਦਮੀਆਂ ਨੂੰ ਗਵਾਹੀ ਦੇਣ ਦੀ ਚੁਣੌਤੀ
1. ਰਾਜ ਦੇ ਕੰਮ ਦੀ ਦੇਖ-ਭਾਲ ਕਰਨ ਲਈ ਕਿਨ੍ਹਾਂ ਦੀ ਸਖ਼ਤ ਲੋੜ ਹੈ?
1 ਜਿੱਦਾਂ-ਜਿੱਦਾਂ ਪਰਮੇਸ਼ੁਰ ਦੇ ਰਾਜ ਦਾ ਕੰਮ ਵਧੀ ਜਾਂਦਾ ਹੈ, ਉਸੇ ਹਿਸਾਬ ਨਾਲ ਯੋਗ ਭਰਾਵਾਂ ਦੀ ਲੋੜ ਵੀ ਵਧ ਰਹੀ ਹੈ ਜੋ ਕਲੀਸਿਯਾ ਵਿਚ ਜ਼ਿੰਮੇਵਾਰੀਆਂ ਸੰਭਾਲ ਸਕਦੇ ਹਨ। (ਮਰ. 4:30-32; ਰਸੂ. 20:28; 1 ਤਿਮੋ. 3:1-13) ਪਰ ਕੁਝ ਇਲਾਕਿਆਂ ਵਿਚ ਆਦਮੀ ਨਹੀਂ ਸਗੋਂ ਜ਼ਿਆਦਾ ਔਰਤਾਂ ਰਾਜ ਦੇ ਸੰਦੇਸ਼ ਨੂੰ ਅਪਣਾ ਰਹੀਆਂ ਹਨ। ਕਈ ਸਭਿਆਚਾਰਾਂ ਵਿਚ ਆਦਮੀ ਬੱਚਿਆਂ ਨੂੰ ਧਾਰਮਿਕ ਗੱਲਾਂ ਸਿਖਾਉਣ ਦੀ ਜ਼ਿੰਮੇਵਾਰੀ ਆਪਣੀਆਂ ਪਤਨੀਆਂ ʼਤੇ ਹੀ ਛੱਡ ਦਿੰਦੇ ਹਨ। ਅਸੀਂ ਹੋਰ ਆਦਮੀਆਂ ਨੂੰ ਪਰਮੇਸ਼ੁਰ ਦਾ ਗਿਆਨ ਲੈਣ ਅਤੇ ਸਾਡੇ ਨਾਲ ਰਲ ਕੇ ਸੱਚੀ ਭਗਤੀ ਕਰਨ ਲਈ ਕਿਵੇਂ ਹੌਸਲਾ ਦੇ ਸਕਦੇ ਹਾਂ?
2. ਪੌਲੁਸ ਅਤੇ ਪਤਰਸ ਵੱਲੋਂ ਆਦਮੀਆਂ ਨੂੰ ਗਵਾਹੀ ਦੇਣ ਦਾ ਕੀ ਵਧੀਆ ਨਤੀਜਾ ਹੋਇਆ ਸੀ?
2 ਆਦਮੀਆਂ ਨੂੰ ਗਵਾਹੀ ਦੇਣੀ ਜ਼ਰੂਰੀ: ਜਦੋਂ ਕਿਸੇ ਪਰਿਵਾਰ ਦਾ ਮੁਖੀਆ ਸੱਚਾਈ ਨੂੰ ਅਪਣਾਉਂਦਾ ਹੈ, ਤਾਂ ਉਹ ਅਕਸਰ ਆਪਣੇ ਘਰ ਦੇ ਬਾਕੀ ਜੀਆਂ ਨੂੰ ਵੀ ਆਪਣੇ ਨਾਲ ਯਹੋਵਾਹ ਦੀ ਭਗਤੀ ਵਿਚ ਲਗਾ ਲੈਂਦਾ ਹੈ। ਮਿਸਾਲ ਲਈ, ਜਦੋਂ ਪੌਲੁਸ ਅਤੇ ਸੀਲਾਸ ਪ੍ਰਚਾਰ ਕਰਨ ਕਰਕੇ ਕੈਦ ਵਿਚ ਸੁੱਟੇ ਗਏ ਸਨ, ਤਾਂ ਉਨ੍ਹਾਂ ਨੇ ਕੈਦਖ਼ਾਨੇ ਦੇ ਦਰੋਗੇ ਨੂੰ ਗਵਾਹੀ ਦਿੱਤੀ। ਉਸ ਆਦਮੀ ਤੇ ਉਸ ਦੇ ਸਾਰੇ ਟੱਬਰ ਨੇ ਬਪਤਿਸਮਾ ਲੈ ਲਿਆ। (ਰਸੂ. 16:25-34) ਕੁਰਿੰਥੁਸ ਵਿਚ ਪੌਲੁਸ ਦੇ ਪ੍ਰਚਾਰ ਕਰਕੇ “ਸਮਾਜ ਦੇ ਸਰਦਾਰ ਕਰਿਸਪੁਸ ਨੇ ਆਪਣੇ ਸਾਰੇ ਘਰਾਣੇ ਸਣੇ ਪ੍ਰਭੁ ਦੀ ਪਰਤੀਤ ਕੀਤੀ।” (ਰਸੂ. 18:8) ਯਹੋਵਾਹ ਨੇ ਪਤਰਸ ਦੁਆਰਾ ਕੁਰਨੇਲਿਯੁਸ ਨਾਂ ਦੇ ਇਕ ਸੂਬੇਦਾਰ ਨੂੰ ਗਵਾਹੀ ਦੁਆਈ ਜਿਸ ਨੂੰ ‘ਧਰਮੀ ਅਤੇ ਪਰਮੇਸ਼ੁਰ ਦਾ ਭੌ ਕਰਨ ਵਾਲਾ’ ਕਿਹਾ ਗਿਆ ਸੀ। ਕੁਰਨੇਲਿਯੁਸ ਨੇ ਆਪਣੇ ਸਾਕ-ਸੰਬੰਧੀਆਂ ਅਤੇ ਪਿਆਰੇ ਮਿੱਤਰਾਂ ਸਣੇ ਬਪਤਿਸਮਾ ਲਿਆ।—ਰਸੂ. 10:1-48.
3. ਫ਼ਿਲਿੱਪੁਸ ਦੀ ਨਕਲ ਕਰਦਿਆਂ, ਤੁਸੀਂ ਕਿਹੜੇ “ਅਧਿਕਾਰੀਆਂ” ਨੂੰ ਗਵਾਹੀ ਦੇ ਸਕਦੇ ਹੋ?
3 “ਅਧਿਕਾਰੀਆਂ” ਨੂੰ ਗਵਾਹੀ ਦੇਣ ਦਾ ਬਹੁਤ ਵੱਡਾ ਅਸਰ ਪੈ ਸਕਦਾ ਹੈ। (1 ਤਿਮੋ. 2:1, 2, ਪਵਿੱਤਰ ਬਾਈਬਲ ਨਵਾਂ ਅਨੁਵਾਦ) ਮਿਸਾਲ ਲਈ, ਯਹੋਵਾਹ ਦੇ ਦੂਤ ਨੇ ਫ਼ਿਲਿੱਪੁਸ ਨੂੰ ਕਿਸੇ ‘ਵੱਡੇ ਇਖ਼ਤਿਆਰ ਵਾਲੇ’ ਆਦਮੀ ਨੂੰ ਗਵਾਹੀ ਦੇਣ ਲਈ ਕਿਹਾ ਸੀ ਜੋ ਇਥੋਪੀਆ ਦੀ ਰਾਣੀ ਦਾ ਖ਼ਜ਼ਾਨਚੀ ਸੀ। ਫ਼ਿਲਿੱਪੁਸ ਨੇ ਉਸ ਆਦਮੀ ਨੂੰ ‘ਯਸਾਯਾਹ ਨਬੀ ਦੀ ਪੋਥੀ ਵਾਚਦੇ’ ਸੁਣਿਆ ਤੇ ਉਸ ਨੇ ਉਸ ਨੂੰ ਯਿਸੂ ਬਾਰੇ ਖ਼ੁਸ਼ ਖ਼ਬਰੀ ਸਮਝਾਈ। ਇਹ ਆਦਮੀ ਇਕ ਚੇਲਾ ਬਣ ਗਿਆ ਤੇ ਹੋ ਸਕਦਾ ਹੈ ਕਿ ਉਸ ਨੇ ਘਰ ਜਾਂਦਿਆਂ ਦੂਸਰਿਆਂ ਨੂੰ ਵੀ ਖ਼ੁਸ਼ ਖ਼ਬਰੀ ਸੁਣਾਈ ਹੋਵੇ। ਸ਼ਾਇਦ ਉਸ ਨੇ ਰਾਣੀ ਤੇ ਉਸ ਦੇ ਦਰਬਾਰੀਆਂ ਨੂੰ ਵੀ ਗਵਾਹੀ ਦਿੱਤੀ ਹੋਵੇ ਜਿਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਘੱਟ ਹੀ ਮੌਕਾ ਮਿਲਦਾ।—ਰਸੂ. 8:26-39.
4. ਅਸੀਂ ਹੋਰ ਆਦਮੀਆਂ ਨੂੰ ਖ਼ੁਸ਼ ਖ਼ਬਰੀ ਸੁਣਨ ਦਾ ਮੌਕਾ ਕਿੱਦਾਂ ਦੇ ਸਕਦੇ ਹਾਂ?
4 ਆਦਮੀਆਂ ਨਾਲ ਕਿਵੇਂ ਗੱਲ ਕਰੀਏ: ਕਿਉਂਕਿ ਆਦਮੀ ਦਿਨੇ ਅਕਸਰ ਕੰਮ ਤੇ ਹੁੰਦੇ ਹਨ, ਇਸ ਲਈ ਕੀ ਤੁਸੀਂ ਸ਼ਾਮ ਨੂੰ, ਸ਼ਨੀਵਾਰ-ਐਤਵਾਰ ਨੂੰ ਜਾਂ ਛੁੱਟੀਆਂ ਦੌਰਾਨ ਪ੍ਰਚਾਰ ਕਰਨ ਲਈ ਸਮਾਂ ਕੱਢ ਸਕਦੇ ਹੋ? ਬਿਜ਼ਨਿਸ ਇਲਾਕਿਆਂ ਵਿਚ ਪ੍ਰਚਾਰ ਕਰਨ ਨਾਲ ਵੀ ਤੁਹਾਨੂੰ ਉਨ੍ਹਾਂ ਆਦਮੀਆਂ ਨੂੰ ਮਿਲਣ ਦਾ ਮੌਕਾ ਮਿਲੇਗਾ ਜੋ ਘੱਟ ਹੀ ਘਰ ਮਿਲਦੇ ਹਨ। ਭਰਾ ਆਪਣੀਆਂ ਨੌਕਰੀਆਂ ਤੇ ਵੀ ਆਦਮੀਆਂ ਨੂੰ ਗਵਾਹੀ ਦੇਣ ਦਾ ਖ਼ਾਸ ਜਤਨ ਕਰ ਸਕਦੇ ਹਨ। ਜਿਨ੍ਹਾਂ ਇਲਾਕਿਆਂ ਵਿਚ ਕਾਫ਼ੀ ਪ੍ਰਚਾਰ ਕੀਤਾ ਗਿਆ ਹੈ, ਉੱਥੇ ਭਰਾ ਕਦੇ-ਕਦੇ ਘਰ ਦੇ ਮੁਖੀ ਨੂੰ ਦਰਵਾਜ਼ੇ ਤੇ ਬੁਲਾ ਸਕਦੇ ਹਨ।
5. ਜੇ ਕੋਈ ਆਦਮੀ ਸੱਚਾਈ ਵਿਚ ਦਿਲਚਸਪੀ ਲੈਣੀ ਸ਼ੁਰੂ ਕਰੇ, ਤਾਂ ਇਕ ਭੈਣ ਨੂੰ ਕੀ ਕਰਨਾ ਚਾਹੀਦਾ ਹੈ?
5 ਜੇ ਕੋਈ ਆਦਮੀ ਸੱਚਾਈ ਵਿਚ ਦਿਲਚਸਪੀ ਲੈਂਦਾ ਹੈ, ਤਾਂ ਇਕ ਭੈਣ ਨੂੰ ਉਸ ਨੂੰ ਵਾਪਸ ਮਿਲਣ ਲਈ ਇਕੱਲੀ ਨਹੀਂ ਜਾਣਾ ਚਾਹੀਦਾ ਹੈ। ਉਹ ਆਪਣੇ ਪਤੀ ਜਾਂ ਕਿਸੇ ਹੋਰ ਪਬਲੀਸ਼ਰ ਨੂੰ ਨਾਲ ਲਿਜਾ ਸਕਦੀ ਹੈ। ਜਿਉਂ-ਜਿਉਂ ਉਹ ਆਦਮੀ ਤਰੱਕੀ ਕਰਨੀ ਸ਼ੁਰੂ ਕਰੇ, ਤਾਂ ਬਿਹਤਰ ਹੋਵੇਗਾ ਕਿ ਕੋਈ ਕਾਬਲ ਭਰਾ ਉਸ ਨਾਲ ਸਟੱਡੀ ਕਰਾਵੇ।
6. ਅਸੀਂ ‘ਬਾਹਲਿਆਂ ਨੂੰ ਖਿੱਚਣ’ ਲਈ ਪੌਲੁਸ ਰਸੂਲ ਦੀ ਕਿੱਦਾਂ ਨਕਲ ਕਰ ਸਕਦੇ ਹਾਂ?
6 ਆਦਮੀਆਂ ਦੇ ਪਸੰਦ ਵਿਸ਼ਿਆਂ ʼਤੇ ਗੱਲ ਕਰੋ: ਪੌਲੁਸ ਰਸੂਲ ਆਪਣੇ ਸੁਣਨ ਵਾਲਿਆਂ ਨੂੰ ਧਿਆਨ ਵਿਚ ਰੱਖਦਾ ਸੀ ਤੇ ਸੋਚ-ਸਮਝ ਕੇ ਉਨ੍ਹਾਂ ਨਾਲ ਗੱਲਬਾਤ ਕਰਦਾ ਸੀ ਤਾਂਕਿ ਉਹ “ਬਾਹਲਿਆਂ ਨੂੰ ਖਿੱਚ” ਸਕੇ। (1 ਕੁਰਿੰ. 9:19-23) ਇਸੇ ਤਰ੍ਹਾਂ ਸਾਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਆਦਮੀ ਕਿਨ੍ਹਾਂ ਵਿਸ਼ਿਆਂ ʼਤੇ ਗੱਲ ਕਰਨੀ ਪਸੰਦ ਕਰਦੇ ਹਨ ਤੇ ਇਸ ਮੁਤਾਬਕ ਤਿਆਰੀ ਕਰਨੀ ਚਾਹੀਦੀ ਹੈ। ਮਿਸਾਲ ਲਈ, ਆਦਮੀਆਂ ਨੂੰ ਅਕਸਰ ਮਹਿੰਗਾਈ, ਚੰਗੀ ਸਰਕਾਰ ਤੇ ਆਪਣੇ ਪਰਿਵਾਰ ਦੀ ਸਹੀ-ਸਲਾਮਤੀ ਬਾਰੇ ਚਿੰਤਾ ਹੁੰਦੀ ਹੈ। ਉਹ ਸ਼ਾਇਦ ਇਸ ਤਰ੍ਹਾਂ ਦੇ ਵਿਸ਼ਿਆਂ ਵਿਚ ਵੀ ਦਿਲਚਸਪੀ ਰੱਖਣ ਜਿਵੇਂ ਕਿ ਜ਼ਿੰਦਗੀ ਦਾ ਮਕਸਦ ਕੀ ਹੈ, ਧਰਤੀ ਦਾ ਭਵਿੱਖ ਕਿਹੋ ਜਿਹਾ ਹੋਵੇਗਾ ਤੇ ਪਰਮੇਸ਼ੁਰ ਦੁੱਖਾਂ ਬਾਰੇ ਕੁਝ ਕਰਦਾ ਕਿਉਂ ਨਹੀਂ। ਜੇ ਅਸੀਂ ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖ ਕੇ ਗੱਲਬਾਤ ਕਰੀਏ, ਤਾਂ ਹੋ ਸਕਦਾ ਹੈ ਕਿ ਪਰਮੇਸ਼ੁਰ ਦੇ ਰਾਜ ਬਾਰੇ ਸਾਡਾ ਸੰਦੇਸ਼ ਉਨ੍ਹਾਂ ਨੂੰ ਪਸੰਦ ਆਵੇ।—ਕਹਾ. 16:23.
7. ਕਲੀਸਿਯਾ ਦੀਆਂ ਸਭਾਵਾਂ ਵਿਚ ਅਸੀਂ ਸਾਰੇ ਜਣੇ ਉਨ੍ਹਾਂ ਪਤੀਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਜੋ ਸੱਚਾਈ ਵਿਚ ਨਹੀਂ ਹਨ?
7 ਜਿਹੜੇ ਪਤੀ ਸੱਚਾਈ ਵਿਚ ਨਹੀਂ ਹਨ: ਅਜਿਹੇ ਆਦਮੀ ਆਪਣੀਆਂ ਪਤਨੀਆਂ ਦੇ ਚੰਗੇ ਚਾਲ-ਚਲਣ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ, ਪਰ ਫਿਰ ਵੀ ਇਸ ਮਾਮਲੇ ਵਿਚ ਦੂਸਰੇ ਭੈਣ-ਭਰਾ ਵੀ ਮਦਦ ਕਰ ਸਕਦੇ ਹਨ। (1 ਪਤ. 3:1-4) ਜਦੋਂ ਪਤੀ ਆਪਣੀ ਪਤਨੀ ਨਾਲ ਸਭਾਵਾਂ ਵਿਚ ਆਉਂਦਾ ਹੈ ਅਤੇ ਉਸ ਦਾ ਨਿੱਘਾ ਸੁਆਗਤ ਕੀਤਾ ਜਾਂਦਾ ਹੈ, ਤਾਂ ਉਸ ਨੂੰ ਬਹੁਤ ਵਧੀਆ ਗਵਾਹੀ ਮਿਲ ਸਕਦੀ ਹੈ। ਉਸ ਦੀ ਹਾਜ਼ਰੀ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਉਸ ਨੂੰ ਸੱਚਾਈ ਵਿਚ ਥੋੜ੍ਹੀ-ਬਹੁਤੀ ਦਿਲਚਸਪੀ ਹੈ ਅਤੇ ਸ਼ਾਇਦ ਉਹ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਜਾਵੇ।
8. ਭਰਾ ਉਨ੍ਹਾਂ ਭੈਣਾਂ ਦੇ ਪਤੀਆਂ ਦੀ ਕਿੱਦਾਂ ਮਦਦ ਕਰ ਸਕਦੇ ਹਨ ਜਿਨ੍ਹਾਂ ਨੂੰ ਸੱਚਾਈ ਵਿਚ ਘੱਟ ਹੀ ਦਿਲਚਸਪੀ ਹੈ?
8 ਦੂਸਰੇ ਪਾਸੇ, ਕਈਆਂ ਪਤੀਆਂ ਨੂੰ ਬਾਈਬਲ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ, ਪਰ ਉਹ ਸ਼ਾਇਦ ਐਸੇ ਭਰਾ ਨਾਲ ਚਰਚਾ ਕਰਨ ਲਈ ਰਜ਼ਾਮੰਦ ਹੋਣ ਜਿਸ ਨਾਲ ਉਨ੍ਹਾਂ ਦਾ ਦਿਲ ਮਿਲਦਾ ਹੈ। ਇਕ ਕਲੀਸਿਯਾ ਵਿਚ ਜਦੋਂ ਵੀ ਭਰਾ ਟਾਈਮ ਕੱਢ ਕੇ ਸਾਡੀ ਇਕ ਭੈਣ ਦੇ ਪਰਿਵਾਰ ਨੂੰ ਮਿਲਣ ਜਾਂਦੇ ਸੀ, ਤਾਂ ਉਹ ਉਸ ਦੇ ਪਤੀ ਨਾਲ ਅਜਿਹਿਆਂ ਵਿਸ਼ਿਆਂ ਬਾਰੇ ਗੱਲ ਕਰਦੇ ਸਨ ਜੋ ਉਸ ਨੂੰ ਪਸੰਦ ਸਨ। ਗੱਲਾਂ-ਗੱਲਾਂ ਵਿਚ ਪਰਮੇਸ਼ੁਰ ਬਾਰੇ ਵੀ ਚਰਚਾ ਕੀਤੀ ਜਾਂਦੀ ਸੀ ਅਤੇ ਅੱਜ ਇਹ ਆਦਮੀ ਸਾਡਾ ਬਪਤਿਸਮਾ-ਪ੍ਰਾਪਤ ਭਰਾ ਹੈ। ਇਕ ਹੋਰ ਮਿਸਾਲ ਲਓ। ਸਾਡੀ ਇਕ ਭੈਣ ਦਾ ਪਤੀ ਸੱਚਾਈ ਵਿਚ ਨਹੀਂ ਸੀ, ਪਰ ਫਿਰ ਵੀ ਉਸ ਦਾ ਦੋਸਤਾਨਾ ਰਵੱਈਆ ਸੀ। ਇਕ ਭਰਾ ਨੇ ਉਨ੍ਹਾਂ ਦੇ ਘਰ ਦੁਆਲੇ ਵਾੜ ਲਾਉਣ ਵਿਚ ਉਸ ਦੀ ਮਦਦ ਕੀਤੀ। ਉਸ ਵਿਚ ਨਿੱਜੀ ਦਿਲਚਸਪੀ ਲੈਣ ਕਰਕੇ ਉਸ ਨਾਲ ਇਕ ਬਾਈਬਲ ਸਟੱਡੀ ਸ਼ੁਰੂ ਹੋ ਸਕੀ। (ਗਲਾ. 6:10; ਫ਼ਿਲਿ. 2:4) ਜੇ ਤੁਸੀਂ ਇਕ ਮਸੀਹੀ ਭਰਾ ਹੋ, ਤਾਂ ਕਿਉਂ ਨਾ ਇਕ-ਦੋ ਆਦਮੀਆਂ ਵਿਚ ਦਿਲਚਸਪੀ ਲੈਣ ਦਾ ਜਤਨ ਕਰੋ?
9. ਮਸੀਹੀ ਆਦਮੀਆਂ ਦੀ ਸਿਖਲਾਈ ਦਾ ਸਾਨੂੰ ਕੀ ਲਾਭ ਹੋ ਸਕਦਾ ਹੈ?
9 ਅਗਾਹਾਂ ਲਈ ਸਿਖਲਾਈ: ਸੱਚਾਈ ਨੂੰ ਅਪਣਾਉਣ ਵਾਲੇ ਅਤੇ ਯਹੋਵਾਹ ਦੀ ਸੇਵਾ ਵਿਚ ਜ਼ਿੰਮੇਵਾਰੀਆਂ ਸਿਰ ਚੁੱਕਣ ਵਾਲੇ ਆਦਮੀ, “ਮਨੁੱਖਾਂ [ਵਿਚ] ਦਾਨ” ਸਾਬਤ ਹੋ ਸਕਦੇ ਹਨ, ਅਰਥਾਤ ਮਸੀਹੀ ਬਜ਼ੁਰਗ ਜੋ ਆਪਣੀਆਂ ਯੋਗਤਾਵਾਂ ਤੇ ਸ਼ਕਤੀ ਕਲੀਸਿਯਾਵਾਂ ਦੇ ਨਿਮਿੱਤ ਵਰਤ ਸਕਦੇ ਹਨ। (ਅਫ਼. 4:8; ਜ਼ਬੂ. 68:18) ਅਜਿਹੇ ਆਦਮੀ ਖ਼ੁਸ਼ੀ ਨਾਲ ਕਲੀਸਿਯਾ ਦੀ ਦੇਖ-ਭਾਲ ਕਰਦੇ ਹਨ। (1 ਪਤ. 5:2, 3) ਉਹ ਸਾਰੀ ਕਲੀਸਿਯਾ ਲਈ ਕਿੱਡੀ ਬਰਕਤ ਸਾਬਤ ਹੁੰਦੇ ਹਨ!
10. ਹਨਾਨਿਯਾਹ ਦੇ ਪੌਲੁਸ ਦੀ ਮਦਦ ਕਰਨ ਦੇ ਜਤਨਾਂ ਤੋਂ ਕਈਆਂ ਨੂੰ ਕਿਵੇਂ ਲਾਭ ਹੋਇਆ?
10 ਮਿਸਾਲ ਲਈ, ਸੌਲੁਸ “ਪਰਾਈਆਂ ਕੌਮਾਂ ਦਾ ਰਸੂਲ” ਬਣਿਆ, ਪਰ ਇਕ ਸਮੇਂ ਉਹ ਮਸੀਹੀਆਂ ਨੂੰ ਸਤਾਉਂਦਾ ਹੁੰਦਾ ਸੀ। (ਰੋਮੀ. 11:13) ਇਸੇ ਕਰਕੇ ਹਨਾਨਿਯਾਹ ਨਾਂ ਦਾ ਚੇਲਾ ਸੌਲੁਸ ਨੂੰ ਪ੍ਰਚਾਰ ਕਰਨ ਤੋਂ ਪਹਿਲਾਂ-ਪਹਿਲ ਕਤਰਾਇਆ। ਪਰ ਫਿਰ ਵੀ ਹਨਾਨਿਯਾਹ ਨੇ ਪ੍ਰਭੂ ਦਾ ਕਹਿਣਾ ਮੰਨਿਆ ਤੇ ਉਸ ਆਦਮੀ ਨਾਲ ਗੱਲ ਕੀਤੀ ਜੋ ਬਾਅਦ ਵਿਚ ਪੌਲੁਸ ਰਸੂਲ ਬਣਿਆ। ਪੌਲੁਸ ਦੇ ਸਮੇਂ ਵਿਚ ਹਜ਼ਾਰਾਂ ਹੀ ਲੋਕਾਂ ਨੂੰ ਉਸ ਦੀਆਂ ਗੱਲਾਂ ਤੋਂ ਫ਼ਾਇਦਾ ਹੋਇਆ ਅਤੇ ਅੱਜ ਵੀ ਲੱਖਾਂ ਹੀ ਲੋਕ ਉਸ ਦੀਆਂ ਪ੍ਰੇਰਿਤ ਪੋਥੀਆਂ ਪੜ੍ਹ ਕੇ ਲਾਭ ਉਠਾ ਰਹੇ ਹਨ।—ਰਸੂ. 9:3-19; 2 ਤਿਮੋ. 3:16, 17.
11. ਆਦਮੀਆਂ ਨੂੰ ਗਵਾਹੀ ਦੇਣ ਸੰਬੰਧੀ ਸਾਨੂੰ ਕਿਉਂ ਜ਼ਰੂਰੀ ਫੇਰ-ਬਦਲ ਕਰਨੇ ਚਾਹੀਦੇ ਹਨ?
11 ਆਓ ਆਪਾਂ ਆਦਮੀਆਂ ਨੂੰ ਗਵਾਹੀ ਦੇਣ ਦੀ ਚੁਣੌਤੀ ਦਾ ਸਾਮ੍ਹਣਾ ਕਰਨ ਲਈ ਜ਼ਰੂਰੀ ਫੇਰ-ਬਦਲ ਕਰੀਏ। ਸਾਨੂੰ ਪੂਰਾ ਯਕੀਨ ਹੈ ਕਿ ਜਿੱਦਾਂ-ਜਿੱਦਾਂ ਅਸੀਂ ਯਹੋਵਾਹ ਦੀ ਇੱਛਾ ਪੂਰੀ ਕਰਦੇ ਹਾਂ ਅਤੇ ਉਸ ਦੇ ਰਾਜ ਦੇ ਕੰਮਾਂ ਨੂੰ ਹੋਰ ਤਰੱਕੀ ਦਿਵਾਉਂਦੇ ਹਾਂ, ਤਾਂ ਉਹ ਸਾਡੇ ਜਤਨਾਂ ਉੱਤੇ ਜ਼ਰੂਰ ਬਰਕਤ ਪਾਵੇਗਾ।