ਬਾਈਬਲ ਦੀ ਵਰਤੋਂ ਕਰਨ ਵਿਚ ਮਾਹਰ ਬਣੋ
1. ਬਾਈਬਲ ਇੰਨੀ ਲਾਭਦਾਇਕ ਕਿਉਂ ਹੈ?
1 ਪਰਮੇਸ਼ੁਰ ਦੀ ਪ੍ਰੇਰਿਤ ਬਾਣੀ ਯਾਨੀ ਬਾਈਬਲ ਨੂੰ ਕੁਸ਼ਲਤਾ ਅਤੇ ਅਸਰਕਾਰੀ ਢੰਗ ਨਾਲ ਵਰਤ ਕੇ ਅਸੀਂ ਦੂਸਰਿਆਂ ਨੂੰ ਸੱਚਾਈ ਸਾਫ਼-ਸਾਫ਼ ਸਿਖਾ ਸਕਦੇ ਹਾਂ ਤੇ ਝੂਠੀਆਂ ਸਿੱਖਿਆਵਾਂ ਅਤੇ ਮਨੁੱਖਾਂ ਦੇ ਰਸਮ-ਰਿਵਾਜਾਂ ਦਾ ਪੋਲ ਖੋਲ੍ਹ ਸਕਦੇ ਹਾਂ।—2 ਤਿਮੋ. 2:15; 1 ਪਤ. 3:15.
2. ਅਸੀਂ ਜ਼ਿਆਦਾ ਕੁਸ਼ਲਤਾ ਨਾਲ ਆਇਤਾਂ ਕਿੱਦਾਂ ਲੱਭ ਸਕਦੇ ਹਾਂ?
2 ਬਾਈਬਲ ਨੂੰ ਵਧੇਰੇ ਜਾਣੋ: ਤੁਹਾਨੂੰ ਕਿਸੇ ਸੰਦ ਦੀ ਜਿੰਨੀ ਜ਼ਿਆਦਾ ਜਾਣਕਾਰੀ ਹੋਵੇਗੀ ਤੁਸੀਂ ਉਸ ਨੂੰ ਉੱਨੀ ਹੀ ਜ਼ਿਆਦਾ ਕੁਸ਼ਲਤਾ ਨਾਲ ਵਰਤ ਸਕੋਗੇ। ਸ਼ੁਰੂ ਤੋਂ ਅਖ਼ੀਰ ਤਕ ਬਾਈਬਲ ਪੜ੍ਹ ਕੇ ਤੁਸੀਂ ਉਸ ਵਿਚ ਪਾਈਆਂ ਮੁੱਖ-ਮੁੱਖ ਗੱਲਾਂ ਨਾਲ ਜਾਣਕਾਰ ਹੋਵੋਗੇ। ਇਸ ਤਰ੍ਹਾਂ ਕਰਨ ਨਾਲ ਤੁਸੀਂ ਆਇਤਾਂ ਵੀ ਚੇਤੇ ਰੱਖ ਸਕੋਗੇ ਤੇ ਉਨ੍ਹਾਂ ਨੂੰ ਜਲਦੀ ਲੱਭ ਸਕੋਗੇ। ਬਾਈਬਲ ਨਾਲ ਤੁਹਾਡੀ ਜਿੰਨੀ ਜ਼ਿਆਦਾ ਜਾਣਕਾਰੀ ਵਧੇਗੀ, ਤੁਸੀਂ ਉੱਨੇ ਹੀ ਜ਼ਿਆਦਾ ਯਕੀਨ ਤੇ ਜੋਸ਼ ਨਾਲ ਦੂਸਰਿਆਂ ਨੂੰ ਗਵਾਹੀ ਦੇ ਸਕੋਗੇ ਭਾਵੇਂ ਤੁਸੀਂ ਘਰ-ਘਰ ਪ੍ਰਚਾਰ ਕਰਦੇ ਹੋ ਜਾਂ ਕਿਸੇ ਹੋਰ ਵੇਲੇ ਕਿਸੇ ਨਾਲ ਗੱਲ ਕਰਦੇ ਹੋ।—1 ਥੱਸ. 1:5.
3, 4. (ੳ) ਬਾਈਬਲ ਤੋਂ ਜਾਣੂ ਹੋਣ ਲਈ ਹੋਰ ਕਿਹੜੇ ਤਰੀਕੇ ਹਨ? (ਅ) ਬਾਈਬਲ ਵਰਤਣ ਦੀ ਆਪਣੀ ਕੁਸ਼ਲਤਾ ਵਧਾਉਣ ਲਈ ਤੁਸੀਂ ਹੋਰ ਕੋਈ ਤਰੀਕਾ ਵਰਤਿਆ ਹੈ?
3 ਕਲੀਸਿਯਾ ਦੀਆਂ ਸਭਾਵਾਂ ਦੌਰਾਨ ਆਪਣੀ ਬਾਈਬਲ ਖੋਲ੍ਹ ਕੇ ਆਇਤਾਂ ਨਾਲੋਂ-ਨਾਲ ਪੜ੍ਹਨ ਦੀ ਆਦਤ ਪਾਓ। ਨਿੱਜੀ ਸਟੱਡੀ ਕਰਦਿਆਂ ਤੇ ਕਲੀਸਿਯਾ ਦੀਆਂ ਸਭਾਵਾਂ ਦੀ ਤਿਆਰੀ ਕਰਦਿਆਂ ਆਇਤਾਂ ਖੋਲ੍ਹ ਕੇ ਪੜ੍ਹੋ ਅਤੇ ਉਨ੍ਹਾਂ ʼਤੇ ਮਨਨ ਕਰੋ ਕਿ ਉਹ ਕਿੱਦਾਂ ਲਾਗੂ ਹੁੰਦੀਆਂ ਹਨ। ਕਈਆਂ ਨੇ ਇਹ ਦੇਖਿਆ ਹੈ ਕਿ ਜਦੋਂ ਉਹ ਕੰਪਿਊਟਰ ਤੋਂ ਜਾਂ ਪ੍ਰਿੰਟ ਕੀਤੇ ਪੇਪਰਾਂ ਤੋਂ ਹਵਾਲੇ ਪੜ੍ਹਨ ਦੀ ਬਜਾਇ ਸਿੱਧਾ ਬਾਈਬਲ ਤੋਂ ਆਇਤਾਂ ਪੜ੍ਹਦੇ ਹਨ, ਤਾਂ ਉਨ੍ਹਾਂ ਲਈ ਪ੍ਰਚਾਰ ਕਰਦਿਆਂ ਹਵਾਲੇ ਲੱਭਣੇ ਸੌਖਾ ਲੱਗਦਾ ਹੈ।—ਯੂਹੰ. 14:26.
4 ਕੁਝ ਪਰਿਵਾਰਾਂ ਨੇ ਮੂੰਹ-ਜ਼ਬਾਨੀ ਬਾਈਬਲ ਦੇ ਪਾਠ ਚੇਤੇ ਕਰਨ ਲਈ ਸਮਾਂ ਕੱਢਿਆ ਹੈ। ਇਵੇਂ ਕਰਨ ਲਈ ਉਹ ਛੋਟੇ ਜਿਹੇ ਕਾਰਡ ਦੇ ਇਕ ਪਾਸੇ ਹਵਾਲਾ ਲਿਖਦੇ ਹਨ ਅਤੇ ਦੂਸਰੇ ਪਾਸੇ ਪੂਰੀ ਆਇਤ। ਫਿਰ ਉਹ ਵਾਰੀ-ਵਾਰੀ ਇਕ ਦੂਸਰੇ ਤੋਂ ਪੁੱਛਦੇ ਹਨ ਕਿ ਆਇਤ ਕੀ ਕਹਿੰਦੀ ਹੈ ਜਾਂ ਇਹ ਬਾਈਬਲ ਵਿਚ ਕਿੱਥੇ ਪਾਈ ਜਾਂਦੀ ਹੈ। ਬਾਈਬਲ ਵਰਤ ਕੇ ਪੇਸ਼ਕਾਰੀਆਂ ਦੀ ਅਤੇ ਪ੍ਰਚਾਰ ਦੇ ਕੰਮ ਵਿਚ ਲੋਕਾਂ ਦੇ ਇਤਰਾਜ਼ ਜਾਂ ਸਵਾਲ ਦਾ ਜਵਾਬ ਦੇਣ ਦੀ ਪ੍ਰੈਕਟਿਸ ਕਰਨ ਨਾਲ ਵੀ ਸਾਡੀ ਕੁਸ਼ਲਤਾ ਵਧਦੀ ਹੈ।
5. ਅਸੀਂ ਬਾਈਬਲ ਵਰਤਣ ਵਿਚ ਕਿਉਂ ਮਾਹਰ ਬਣਨਾ ਚਾਹੁੰਦੇ ਹਾਂ?
5 ਬਾਈਬਲ ਬੇਮਿਸਾਲ ਹੈ। ਸਿਰਫ਼ ਬਾਈਬਲ ਦੀਆਂ ਸਿੱਖਿਆਵਾਂ ਲੋਕਾਂ ਨੂੰ “ਮੁਕਤੀ ਦਾ ਗਿਆਨ” ਦੇ ਸਕਦੀਆਂ ਹਨ। (2 ਤਿਮੋ. 3:15) ਕਿਉਂਕਿ ਸਾਡੇ ਇਲਾਕੇ ਵਿਚ ਕਾਫ਼ੀ ਲੋਕ ਬਾਈਬਲ ਵਿਚ ਪਾਏ ਜਾਂਦੇ ਇਸ ਅਣਮੋਲ ਗਿਆਨ ਤੋਂ ਅਣਜਾਣ ਹਨ, ਇਸ ਲਈ ਸਾਨੂੰ ਬਾਈਬਲ ਨੂੰ ਹੋਰ ਵੀ ਕੁਸ਼ਲਤਾ ਨਾਲ ਵਰਤਣ ਦੇ ਚਾਹਵਾਨ ਹੋਣਾ ਚਾਹੀਦਾ ਹੈ ਤਾਂਕਿ ਅਸੀਂ ਉਨ੍ਹਾਂ ਨੂੰ ਦਿਖਾ ਸਕੀਏ ਕਿ ਇਸ ਵਿਚ ਕੀ-ਕੀ ਖ਼ਜ਼ਾਨੇ ਹਨ।—ਕਹਾ. 2:1-5.