ਭਾਗ 3—ਬਿਹਤਰ ਤਰੀਕੇ ਨਾਲ ਬਾਈਬਲ ਸਟੱਡੀਆਂ ਕਰਾਉਣੀਆਂ
ਬਾਈਬਲ ਦੀ ਚੰਗੀ ਵਰਤੋਂ
1. ਸਟੱਡੀ ਕਰਾਉਣ ਵੇਲੇ ਸਾਨੂੰ ਬਾਈਬਲ ਕਿਉਂ ਵਰਤਣੀ ਚਾਹੀਦੀ ਹੈ?
1 ਅਸੀਂ ਲੋਕਾਂ ਨੂੰ ਬਾਈਬਲ ਸਟੱਡੀ ਕਰਾ ਕੇ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ਨੂੰ ਸਮਝਣ, ਕਬੂਲ ਕਰਨ ਅਤੇ ਆਪਣੀ ਜ਼ਿੰਦਗੀ ਵਿਚ ਲਾਗੂ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੇ ਹਾਂ। ਸਾਡਾ ਉਦੇਸ਼ ਉਨ੍ਹਾਂ ਨੂੰ ਯਿਸੂ ਦੇ ‘ਚੇਲੇ ਬਣਾਉਣਾ’ ਹੈ। (ਮੱਤੀ 28:19, 20; 1 ਥੱਸ. 2:13) ਇਸ ਲਈ ਵਿਦਿਆਰਥੀ ਨੂੰ ਬਾਈਬਲ ਵਿੱਚੋਂ ਸਿਖਾਉਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਤੁਸੀਂ ਵਿਦਿਆਰਥੀ ਨੂੰ ਬਾਈਬਲ ਵਿੱਚੋਂ ਕੋਈ ਆਇਤ ਲੱਭਣੀ ਸਿਖਾ ਸਕਦੇ ਹੋ। ਪਰ ਅਸੀਂ ਹੋਰ ਕੀ ਕਰ ਸਕਦੇ ਹਾਂ ਤਾਂਕਿ ਵਿਦਿਆਰਥੀ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਚੱਲੇ ਵੀ?
2. ਅਸੀਂ ਕਿਵੇਂ ਫ਼ੈਸਲਾ ਕਰ ਸਕਦੇ ਹਾਂ ਕਿ ਕਿਹੜੀਆਂ ਆਇਤਾਂ ਪੜ੍ਹਨੀਆਂ ਚਾਹੀਦੀਆਂ ਹਨ?
2 ਆਇਤਾਂ ਧਿਆਨ ਨਾਲ ਚੁਣੋ: ਪਾਠ ਤਿਆਰ ਕਰਨ ਵੇਲੇ ਸਾਰੀਆਂ ਆਇਤਾਂ ਨੂੰ ਪੜ੍ਹ ਕੇ ਦੇਖੋ ਕਿ ਇਨ੍ਹਾਂ ਦਾ ਕੀ ਉਦੇਸ਼ ਹੈ। ਫਿਰ ਫ਼ੈਸਲਾ ਕਰੋ ਕਿ ਤੁਸੀਂ ਵਿਦਿਆਰਥੀ ਨੂੰ ਬਾਈਬਲ ਵਿੱਚੋਂ ਕਿਹੜੀਆਂ ਆਇਤਾਂ ਪੜ੍ਹ ਕੇ ਸਮਝਾਓਗੇ। ਆਮ ਤੌਰ ਤੇ ਉਹ ਆਇਤਾਂ ਦਿਖਾਉਣੀਆਂ ਚੰਗੀ ਗੱਲ ਹੈ ਜੋ ਸਾਡੇ ਧਾਰਮਿਕ ਵਿਸ਼ਵਾਸਾਂ ਦਾ ਆਧਾਰ ਹੁੰਦੀਆਂ ਹਨ। ਉਹ ਆਇਤਾਂ ਛੱਡੀਆਂ ਜਾ ਸਕਦੀਆਂ ਹਨ ਜੋ ਕੇਵਲ ਵਾਧੂ ਜਾਣਕਾਰੀ ਦਿੰਦੀਆਂ ਹਨ। ਸਾਨੂੰ ਹਰ ਵਿਦਿਆਰਥੀ ਦੀਆਂ ਲੋੜਾਂ ਤੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਆਇਤਾਂ ਚੁਣਨੀਆਂ ਚਾਹੀਦੀਆਂ ਹਨ।
3. ਸਵਾਲ ਪੁੱਛਣ ਦੇ ਕੀ ਲਾਭ ਹਨ ਅਤੇ ਅਸੀਂ ਕਿਸ ਤਰ੍ਹਾਂ ਦੇ ਸਵਾਲ ਪੁੱਛ ਸਕਦੇ ਹਾਂ?
3 ਸਵਾਲ ਪੁੱਛੋ: ਕਿਸੇ ਆਇਤ ਨੂੰ ਆਪ ਸਮਝਾਉਣ ਦੀ ਬਜਾਇ ਵਿਦਿਆਰਥੀ ਨੂੰ ਸਮਝਾਉਣ ਲਈ ਕਹੋ। ਇਸ ਤਰ੍ਹਾਂ ਕਰਨ ਵਿਚ ਉਸ ਦੀ ਮਦਦ ਕਰਨ ਲਈ ਤੁਸੀਂ ਸਵਾਲ ਪੁੱਛ ਸਕਦੇ ਹੋ। ਜੇ ਆਇਤ ਦਾ ਮਤਲਬ ਸਾਫ਼ ਹੈ, ਤਾਂ ਤੁਸੀਂ ਉਸ ਨੂੰ ਪੁੱਛ ਸਕਦੇ ਹੋ ਕਿ ਇਸ ਆਇਤ ਦਾ ਪੈਰੇ ਨਾਲ ਕੀ ਸੰਬੰਧ ਹੈ। ਪਰ ਕਈ ਵਾਰ ਵਿਦਿਆਰਥੀ ਦੀ ਸਹੀ ਨਤੀਜੇ ਤੇ ਪਹੁੰਚਣ ਵਿਚ ਮਦਦ ਕਰਨ ਲਈ ਤੁਹਾਨੂੰ ਕਈ ਸਪੱਸ਼ਟ ਸਵਾਲ ਪੁੱਛਣੇ ਪੈਣਗੇ। ਪਹਿਲਾਂ ਵਿਦਿਆਰਥੀ ਨੂੰ ਜਵਾਬ ਦੇਣ ਦਿਓ, ਉਸ ਤੋਂ ਬਾਅਦ ਜੇ ਲੋੜ ਪਈ, ਤਾਂ ਤੁਸੀਂ ਗੱਲਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਾ ਸਕਦੇ ਹੋ।
4. ਅਸੀਂ ਜਿਹੜੀਆਂ ਆਇਤਾਂ ਪੜ੍ਹਦੇ ਹਾਂ, ਉਨ੍ਹਾਂ ਨੂੰ ਕਿਸ ਹੱਦ ਤਕ ਸਮਝਾਉਣ ਦੀ ਲੋੜ ਹੈ?
4 ਸੌਖੇ ਤਰੀਕੇ ਨਾਲ ਸਮਝਾਓ: ਨਿਸ਼ਾਨਾ ਫੁੰਡਣ ਲਈ ਮਾਹਰ ਤੀਰਅੰਦਾਜ਼ ਲਈ ਇੱਕੋ ਤੀਰ ਕਾਫ਼ੀ ਹੁੰਦਾ ਹੈ। ਇਸੇ ਤਰ੍ਹਾਂ, ਮਾਹਰ ਸਿੱਖਿਅਕ ਨੂੰ ਕੋਈ ਗੱਲ ਸਮਝਾਉਣ ਲਈ ਬਹੁਤੇ ਸ਼ਬਦਾਂ ਦੀ ਲੋੜ ਨਹੀਂ ਹੁੰਦੀ। ਉਹ ਸਾਫ਼ ਤੇ ਸਰਲ ਤਰੀਕੇ ਨਾਲ ਸਹੀ ਜਾਣਕਾਰੀ ਦੇਣ ਵਿਚ ਮਾਹਰ ਹੁੰਦਾ ਹੈ। ਕਿਸੇ ਆਇਤ ਨੂੰ ਸਹੀ ਤਰੀਕੇ ਨਾਲ ਸਮਝਣ ਤੇ ਸਮਝਾਉਣ ਲਈ ਕਈ ਵਾਰ ਤੁਹਾਨੂੰ ਹੋਰ ਕਿਤਾਬਾਂ ਵਿੱਚੋਂ ਰਿਸਰਚ ਕਰਨੀ ਪੈ ਸਕਦੀ ਹੈ। (2 ਤਿਮੋ. 2:15) ਪਰ ਪਾਠ ਵਿਚ ਦਿੱਤੀ ਹਰ ਇਕ ਆਇਤ ਵਿਚ ਦੱਸੀ ਹਰ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਨਾ ਕਰੋ। ਸਿਰਫ਼ ਉਸੇ ਗੱਲ ਉੱਤੇ ਜ਼ੋਰ ਦਿਓ ਜੋ ਚਰਚਾ ਅਧੀਨ ਵਿਸ਼ੇ ਨਾਲ ਸੰਬੰਧ ਰੱਖਦੀ ਹੈ।
5, 6. ਅਸੀਂ ਵਿਦਿਆਰਥੀ ਦੀ ਕਿਵੇਂ ਮਦਦ ਕਰ ਸਕਦੇ ਹਾਂ ਤਾਂਕਿ ਉਹ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੇ, ਪਰ ਸਾਨੂੰ ਕੀ ਨਹੀਂ ਕਰਨਾ ਚਾਹੀਦਾ?
5 ਆਇਤਾਂ ਦੇ ਲਾਭ ਦੱਸੋ: ਜੇ ਉਚਿਤ ਹੋਵੇ, ਤਾਂ ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਆਇਤਾਂ ਕਿਵੇਂ ਉਸ ਉੱਤੇ ਲਾਗੂ ਹੁੰਦੀਆਂ ਹਨ। ਮਿਸਾਲ ਲਈ, ਜੇ ਵਿਦਿਆਰਥੀ ਅਜੇ ਸਭਾਵਾਂ ਵਿਚ ਨਹੀਂ ਆਉਂਦਾ, ਤਾਂ ਤੁਸੀਂ ਇਬਰਾਨੀਆਂ 10:24, 25 ਦੀ ਚਰਚਾ ਕਰਨ ਮਗਰੋਂ ਉਸ ਨੂੰ ਕਿਸੇ ਇਕ ਸਭਾ ਬਾਰੇ ਦੱਸ ਸਕਦੇ ਹੋ ਅਤੇ ਉਸ ਨੂੰ ਸਭਾ ਲਈ ਸੱਦ ਸਕਦੇ ਹੋ। ਪਰ ਉਸ ਉੱਤੇ ਦਬਾਅ ਨਾ ਪਾਓ। ਜਦੋਂ ਉਹ ਪਰਮੇਸ਼ੁਰ ਦੇ ਬਚਨ ਨੂੰ ਦਿਲੋਂ ਕਬੂਲ ਕਰੇਗਾ, ਤਾਂ ਉਹ ਆਪ ਹੀ ਯਹੋਵਾਹ ਨੂੰ ਖ਼ੁਸ਼ ਕਰਨ ਲਈ ਕਦਮ ਚੁੱਕੇਗਾ।—ਇਬ. 4:12.
6 ਚੇਲੇ ਬਣਾਉਣ ਦੀ ਜ਼ਿੰਮੇਵਾਰੀ ਪੂਰੀ ਕਰਦੇ ਹੋਏ ਆਓ ਆਪਾਂ ਵਿਦਿਆਰਥੀਆਂ ਨੂੰ ਬਾਈਬਲ ਵਿੱਚੋਂ ਸਿਖਾਈਏ ਤਾਂਕਿ ਉਹ “ਨਿਹਚਾ” ਕਰਕੇ ਯਹੋਵਾਹ ਦੀ “ਆਗਿਆਕਾਰੀ” ਕਰਨ।—ਰੋਮੀ. 16:26.