ਕੀ ਤੁਸੀਂ ਪਰਮੇਸ਼ੁਰ ਦੇ ਬਚਨ ਦੀ ਹਿਮਾਇਤ ਕਰਦੇ ਹੋ?
1 ਦੁਨੀਆਂ ਦੇ ਜ਼ਿਆਦਾਤਰ ਲੋਕ ਬਾਈਬਲ ਮੁਤਾਬਕ ਨਹੀਂ ਚੱਲਦੇ ਹਨ, ਪਰ ਸੱਚੇ ਮਸੀਹੀ ਜੋਸ਼ ਨਾਲ ਪਰਮੇਸ਼ੁਰ ਦੇ ਇਸ ਬਚਨ ਦੀ ਹਿਮਾਇਤ ਕਰਦੇ ਹਨ। ਅਸੀਂ ਮੰਨਦੇ ਹਾਂ ਕਿ “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ।” ਇਸ ਲਈ ਅਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਕਹੇ ਯਿਸੂ ਮਸੀਹ ਦੇ ਇਨ੍ਹਾਂ ਸ਼ਬਦਾਂ ਨਾਲ ਸਹਿਮਤ ਹਾਂ: “ਤੇਰਾ ਬਚਨ ਸਚਿਆਈ ਹੈ।” (2 ਤਿਮੋ. 3:16; ਯੂਹੰ. 17:17) ਅਸੀਂ ਅਸਰਕਾਰੀ ਢੰਗ ਨਾਲ ਪਰਮੇਸ਼ੁਰ ਦੇ ਬਚਨ ਦੀ ਹਿਮਾਇਤ ਕਿਵੇਂ ਕਰ ਸਕਦੇ ਹਾਂ?
2 ਬਾਈਬਲ ਤੋਂ ਵਾਕਫ਼ ਹੋਵੋ: ਯਿਸੂ ਲਗਨ ਨਾਲ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਦਾ ਸੀ। ਇਸ ਲਈ ਉਸ ਨੇ ਦੂਸਰਿਆਂ ਨੂੰ ਹਮੇਸ਼ਾ ਬਾਈਬਲ ਵਿੱਚੋਂ ਸਿੱਖਿਆ ਦਿੱਤੀ। (ਲੂਕਾ 4:16-21; 24:44-46) ਅਸੀਂ ਮਦਦਗਾਰ ਆਇਤਾਂ ਨੂੰ ਕਿਵੇਂ ਯਾਦ ਰੱਖ ਸਕਦੇ ਹਾਂ? ਆਇਤਾਂ ਨੂੰ ਯਾਦ ਕਰਨ ਲਈ ਸਾਨੂੰ ਹਰ ਰੋਜ਼ ਬਾਈਬਲ ਪੜ੍ਹਨ ਅਤੇ ਉਸ ਆਇਤ ਉੱਤੇ ਸੋਚ-ਵਿਚਾਰ ਕਰਨ ਦੀ ਲੋੜ ਹੈ ਜਿਸ ਤੋਂ ਸਾਨੂੰ ਹੌਸਲਾ ਮਿਲਿਆ ਜਾਂ ਜੋ ਦੂਸਰਿਆਂ ਨੂੰ ਸਿਖਾਉਣ ਵਿਚ ਸਹਾਈ ਸਾਬਤ ਹੋਵੇਗੀ। ਸਭਾਵਾਂ ਦੀ ਤਿਆਰੀ ਕਰਦੇ ਵੇਲੇ ਬਾਈਬਲ ਵਿੱਚੋਂ ਸਾਨੂੰ ਸਾਰੇ ਹਵਾਲੇ ਪੜ੍ਹਨੇ ਚਾਹੀਦੇ ਹਨ। ਇਨ੍ਹਾਂ ਹਵਾਲਿਆਂ ਤੇ ਅਸੀਂ ਟਿੱਪਣੀਆਂ ਵੀ ਤਿਆਰ ਕਰ ਸਕਦੇ ਹਾਂ। ਸਭਾਵਾਂ ਵਿਚ ਜਦੋਂ ਭਾਸ਼ਣਕਾਰ ਆਇਤਾਂ ਪੜ੍ਹਦਾ ਹੈ, ਤਾਂ ਸਾਨੂੰ ਵੀ ਉਸ ਦੇ ਨਾਲ-ਨਾਲ ਬਾਈਬਲ ਵਿੱਚੋਂ ਆਇਤਾਂ ਦੇਖਣੀਆਂ ਚਾਹੀਦੀਆਂ ਹਨ। ਬਾਈਬਲ ਦੀਆਂ ਆਇਤਾਂ ਨੂੰ ਯਾਦ ਕਰਨ ਨਾਲ ਅਸੀਂ “ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ” ਕਰਨ ਲਈ ਹਮੇਸ਼ਾ ਤਿਆਰ ਰਹਾਂਗੇ।—2 ਤਿਮੋ. 2:15.
3 ਬਾਈਬਲ ਨੂੰ ਵਰਤੋ: ਪ੍ਰਚਾਰ ਕਰਦਿਆਂ ਸਾਨੂੰ ਬਾਈਬਲ ਦੀ ਵਰਤੋਂ ਕਰਨੀ ਚਾਹੀਦੀ ਹੈ। ਮਿਸਾਲ ਲਈ, ਜੇ ਹਾਲਾਤ ਇਜਾਜ਼ਤ ਦਿੰਦੇ ਹਨ, ਤਾਂ ਸਾਨੂੰ ਕੋਈ ਆਇਤ ਪੜ੍ਹ ਕੇ ਘਰ-ਸੁਆਮੀ ਨੂੰ ਸੁਣਾਉਣੀ ਚਾਹੀਦੀ ਹੈ ਤੇ ਉਸ ਉੱਤੇ ਚਰਚਾ ਕਰਨੀ ਚਾਹੀਦੀ ਹੈ। ਜੇ ਉਹ ਕੋਈ ਸਵਾਲ ਪੁੱਛਦਾ ਹੈ ਜਾਂ ਉਸ ਨੂੰ ਕਿਸੇ ਗੱਲ ਤੇ ਇਤਰਾਜ਼ ਹੈ, ਤਾਂ ਸਾਨੂੰ ਬਾਈਬਲ ਵਿੱਚੋਂ ਜਵਾਬ ਦੇਣਾ ਚਾਹੀਦਾ ਹੈ। ਜੇ ਘਰ-ਸੁਆਮੀ ਕੰਮ ਵਿਚ ਰੁੱਝਿਆ ਹੋਇਆ ਹੈ, ਤਾਂ ਵੀ ਅਸੀਂ ਇਹ ਕਹਿੰਦੇ ਹੋਏ ਉਸ ਨਾਲ ਇਕ ਆਇਤ ਸਾਂਝੀ ਕਰ ਸਕਦੇ ਹਾਂ, “ਜੇ ਇਜਾਜ਼ਤ ਹੋਵੇ, ਤਾਂ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਲਈ ਇਕ ਆਇਤ ਪੜ੍ਹਨੀ ਚਾਹਾਂਗਾ।” ਜਦੋਂ ਵੀ ਸੰਭਵ ਹੋਵੇ, ਬਾਈਬਲ ਤੋਂ ਆਇਤ ਪੜ੍ਹੋ ਅਤੇ ਪੜ੍ਹਦੇ ਸਮੇਂ ਘਰ-ਸੁਆਮੀ ਨੂੰ ਵੀ ਆਇਤ ਦਿਖਾਓ। ਪਰ ਕੁਝ ਹਾਲਾਤ ਅਜਿਹੇ ਹੋ ਸਕਦੇ ਹਨ ਜਿਨ੍ਹਾਂ ਵਿਚ ਬਾਈਬਲ ਕੱਢਣ ਦੀ ਬਜਾਇ ਆਇਤ ਨੂੰ ਮੂੰਹ-ਜ਼ਬਾਨੀ ਸੁਣਾਉਣਾ ਬਿਹਤਰ ਹੋਵੇਗਾ।
4 ਜਦ ਤ੍ਰਿਏਕ ਦੀ ਸਿੱਖਿਆ ਨੂੰ ਝੁਠਲਾਉਣ ਲਈ ਇਕ ਘਰ-ਸੁਆਮੀ ਨੂੰ ਹਵਾਲੇ ਦਿਖਾਏ ਗਏ, ਤਾਂ ਉਸ ਨੇ ਕਿਹਾ, “ਮੈਂ ਸਾਰੀ ਜ਼ਿੰਦਗੀ ਚਰਚ ਜਾਂਦਾ ਰਿਹਾ ਤੇ ਮੈਨੂੰ ਪਤਾ ਹੀ ਨਹੀਂ ਸੀ ਕਿ ਬਾਈਬਲ ਵਿਚ ਇਹ ਸਭ ਦੱਸਿਆ ਹੈ!” ਉਹ ਬਾਈਬਲ ਸਟੱਡੀ ਕਰਨ ਲਈ ਤਿਆਰ ਹੋ ਗਿਆ। ਯਿਸੂ ਨੇ ਕਿਹਾ ਸੀ ਕਿ ਉਸ ਦੀਆਂ ਭੇਡਾਂ ਉਸ ਦੀ ਆਵਾਜ਼ ਸੁਣਨਗੀਆਂ। (ਯੂਹੰ. 10:16, 27) ਨੇਕਦਿਲ ਲੋਕਾਂ ਲਈ ਸੱਚਾਈ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਹ ਖ਼ੁਦ ਇਹ ਸੱਚਾਈ ਬਾਈਬਲ ਤੋਂ ਦੇਖਣ। ਇਸ ਲਈ ਆਓ ਆਪਾਂ ਪਰਮੇਸ਼ੁਰ ਦੇ ਸੱਚੇ ਬਚਨ ਦੀ ਹਿਮਾਇਤ ਕਰੀਏ!