ਸਿੱਖਿਆ ਦਿੰਦੇ ਹੋਏ ਗੱਲਾਂ ਸਮਝਾ ਕੇ ਲੋਕਾਂ ਨੂੰ ਯਕੀਨ ਦਿਲਾਓ
1. ਪ੍ਰਚਾਰ ਦੇ ਕੰਮ ਵਿਚ ਪਰਮੇਸ਼ੁਰ ਦੇ ਬਚਨ ਨੂੰ ਵਧੀਆ ਤਰੀਕੇ ਨਾਲ ਵਰਤਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?
1 ਪੌਲੁਸ ਰਸੂਲ ਦੀ ਤਰ੍ਹਾਂ, ਅਸਰਕਾਰੀ ਪ੍ਰਚਾਰਕ ਜਾਣਦੇ ਹਨ ਕਿ “ਸਚਿਆਈ ਦੇ ਬਚਨ” ਨੂੰ ਵਧੀਆ ਤਰੀਕੇ ਨਾਲ ਵਰਤਣ ਲਈ ਇਹ ਕਾਫ਼ੀ ਨਹੀਂ ਕਿ ਲੋਕਾਂ ਨੂੰ ਬਾਈਬਲ ਵਿੱਚੋਂ ਹਵਾਲੇ ਪੜ੍ਹੇ ਜਾਣ। (2 ਤਿਮੋ. 2:15) ਪਰਮੇਸ਼ੁਰ ਦੇ ਬਚਨ ਤੋਂ ਸਿੱਖਿਆ ਦਿੰਦੇ ਹੋਏ, ਅਸੀਂ ਲੋਕਾਂ ਨੂੰ ਗੱਲਾਂ ‘ਸਮਝਾ’ ਕੇ ਕਿੱਦਾਂ ਯਕੀਨ ਦਿਲਾ ਸਕਦੇ ਹਾਂ?—ਰਸੂ. 28:23, CL.
2. ਅਸੀਂ ਪਰਮੇਸ਼ੁਰ ਦੇ ਬਚਨ ਲਈ ਲੋਕਾਂ ਦੇ ਦਿਲਾਂ ਵਿਚ ਕਦਰ ਕਿੱਦਾਂ ਪੈਦਾ ਕਰ ਸਕਦੇ ਹਾਂ?
2 ਸੁਣਨ ਵਾਲਿਆਂ ਨੂੰ ਹਵਾਲੇ ਦਿਖਾਓ: ਪਹਿਲੀ ਗੱਲ, ਬਾਈਬਲ ਵੱਲ ਇਸ ਤਰ੍ਹਾਂ ਧਿਆਨ ਖਿੱਚੋ ਕਿ ਸੁਣਨ ਵਾਲੇ ਦੇ ਦਿਲ ਵਿਚ ਪਰਮੇਸ਼ੁਰ ਦੀ ਬੁੱਧ ਲਈ ਕਦਰ ਪੈਦਾ ਹੋਵੇ। ਜੇ ਅਸੀਂ ਬਾਈਬਲ ਦੇ ਹਵਾਲਿਆਂ ਨੂੰ ਵਿਸ਼ਵਾਸ ਨਾਲ ਪੜ੍ਹੀਏ, ਤਾਂ ਸੁਣਨ ਵਾਲੇ ਪੂਰਾ ਧਿਆਨ ਦੇਣ ਲਈ ਉਕਸਾਏ ਜਾਣਗੇ। (ਇਬ. 4:12) ਅਸੀਂ ਕਹਿ ਸਕਦੇ ਹਾਂ: “ਮੈਨੂੰ ਇਸ ਗੱਲ ʼਤੇ ਪਰਮੇਸ਼ੁਰ ਦੇ ਵਿਚਾਰ ਜਾਣ ਕੇ ਬਹੁਤ ਫ਼ਾਇਦਾ ਹੋਇਆ। ਧਿਆਨ ਦਿਓ ਕਿ ਉਸ ਦਾ ਬਚਨ ਕੀ ਕਹਿੰਦਾ ਹੈ।” ਜਦ ਵੀ ਮੌਕਾ ਮਿਲੇ, ਤਾਂ ਉਨ੍ਹਾਂ ਨੂੰ ਸਿੱਧਾ ਬਾਈਬਲ ਤੋਂ ਹਵਾਲਾ ਪੜ੍ਹ ਕੇ ਸੁਣਾਓ।
3. ਹਵਾਲਾ ਪੜ੍ਹ ਕੇ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਸੁਣਨ ਵਾਲਾ ਉਸ ਦਾ ਮਤਲਬ ਸਮਝ ਸਕੇ?
3 ਦੂਜੀ ਗੱਲ, ਹਵਾਲਾ ਚੰਗੀ ਤਰ੍ਹਾਂ ਸਮਝਾਓ। ਕਈਆਂ ਲੋਕਾਂ ਨੂੰ ਪਹਿਲੀ ਵਾਰ ਹਵਾਲਾ ਪੜ੍ਹ ਕੇ ਸਮਝਣਾ ਔਖਾ ਲੱਗਦਾ ਹੈ। ਆਮ ਤੌਰ ਤੇ ਸਾਨੂੰ ਲੋਕਾਂ ਨੂੰ ਸਮਝਾਉਣਾ ਪੈਂਦਾ ਹੈ ਕਿ ਚਰਚਾ ਕੀਤੇ ਜਾ ਰਹੇ ਵਿਸ਼ੇ ਨਾਲ ਹਵਾਲੇ ਦਾ ਕੀ ਸੰਬੰਧ ਹੈ। (ਲੂਕਾ 24:26, 27) ਹਵਾਲੇ ਵਿਚ ਮੁੱਖ ਸ਼ਬਦਾਂ ਵੱਲ ਧਿਆਨ ਖਿੱਚੋ। ਫਿਰ ਸਵਾਲ ਪੁੱਛ ਕੇ ਤੁਸੀਂ ਦੇਖ ਸਕਦੇ ਹੋ ਕਿ ਸੁਣਨ ਵਾਲੇ ਨੂੰ ਹਵਾਲੇ ਦਾ ਮਤਲਬ ਸਮਝ ਪਿਆ ਹੈ ਜਾਂ ਨਹੀਂ।—ਕਹਾ. 20:5; ਰਸੂ. 8:30.
4. ਸਿੱਖਿਆ ਦਿੰਦੇ ਸਮੇਂ ਹੋਰ ਕਿਹੜੀ ਗੱਲ ਧਿਆਨ ਵਿਚ ਰੱਖਣੀ ਜ਼ਰੂਰੀ ਹੈ?
4 ਹਵਾਲਿਆਂ ਨੂੰ ਸਮਝਾਓ: ਤੀਜੀ ਗੱਲ, ਦਿਲ ਤਕ ਪਹੁੰਚਣ ਦੀ ਕੋਸ਼ਿਸ਼ ਕਰੋ। ਘਰ-ਮਾਲਕ ਨੂੰ ਇਹ ਸਮਝਣ ਵਿਚ ਮਦਦ ਕਰੋ ਕਿ ਹਵਾਲਾ ਉਸ ʼਤੇ ਕਿੱਦਾਂ ਲਾਗੂ ਹੁੰਦਾ ਹੈ। ਲੋਕਾਂ ਨੂੰ ਹਵਾਲੇ ਦਾ ਅਰਥ ਖੋਲ੍ਹ ਕੇ ਸਮਝਾਉਣ ਨਾਲ ਉਨ੍ਹਾਂ ਦੀ ਸੋਚਣੀ ਬਦਲ ਸਕਦੀ ਹੈ। (ਰਸੂ. 17:2-4; 19:8) ਮਿਸਾਲ ਲਈ, ਜ਼ਬੂਰ 83:18 ਪੜ੍ਹਨ ਤੋਂ ਬਾਅਦ ਅਸੀਂ ਸਮਝਾ ਸਕਦੇ ਹਾਂ ਕਿ ਕਿਸੇ ਨਾਲ ਰਿਸ਼ਤਾ ਜੋੜਨ ਲਈ ਸਾਨੂੰ ਪਹਿਲਾਂ ਉਸ ਦਾ ਨਾਂ ਜਾਣਨ ਦੀ ਲੋੜ ਹੁੰਦੀ ਹੈ। ਫਿਰ ਅਸੀਂ ਪੁੱਛ ਸਕਦੇ ਹਾਂ: “ਕੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਰੱਬ ਦਾ ਨਾਂ ਲੈ ਕੇ ਪ੍ਰਾਰਥਨਾ ਕਰਨੀ ਚਾਹੀਦੀ ਹੈ?” ਘਰ-ਮਾਲਕ ਦੀ ਜ਼ਿੰਦਗੀ ਨਾਲ ਹਵਾਲੇ ਦਾ ਸੰਬੰਧ ਜੋੜ ਕੇ ਅਸੀਂ ਉਸ ਨੂੰ ਦਿਖਾ ਸਕਦੇ ਹਾਂ ਕਿ ਇਹ ਕਿੰਨੀ ਫ਼ਾਇਦੇਮੰਦ ਗੱਲ ਹੈ। ਪਰਮੇਸ਼ੁਰ ਦੇ ਬਚਨ ਵਿੱਚੋਂ ਹਵਾਲਿਆਂ ਨੂੰ ਇਸ ਤਰ੍ਹਾਂ ਸਮਝਾਉਣ ਨਾਲ ਅਸੀਂ ਨੇਕਦਿਲ ਲੋਕਾਂ ਨੂੰ ਸੱਚੇ ਤੇ ਜੀਉਂਦੇ ਪਰਮੇਸ਼ੁਰ ਦੀ ਭਗਤੀ ਕਰਨ ਲਈ ਉਕਸਾ ਸਕਦੇ ਹਾਂ।—ਯਿਰ. 10:10.