ਵਧੀਆ ਸਿੱਖਿਅਕ ਬਣਨ ਲਈ ਅਹਿਮ ਗੁਣ
1. ਵਧੀਆ ਸਿੱਖਿਅਕ ਬਣਨ ਲਈ ਸਾਡੇ ਵਿਚ ਕਿਹੜਾ ਅਹਿਮ ਗੁਣ ਹੋਣਾ ਚਾਹੀਦਾ ਹੈ?
1 ਬਾਈਬਲ ਦੇ ਵਧੀਆ ਸਿੱਖਿਅਕ ਬਣਨ ਲਈ ਸਾਡੇ ਵਿਚ ਕਿਹੜਾ ਅਹਿਮ ਗੁਣ ਹੋਣਾ ਚਾਹੀਦਾ ਹੈ? ਕੀ ਪੜ੍ਹਾਈ-ਲਿਖਾਈ, ਤਜਰਬਾ ਅਤੇ ਕੁਦਰਤੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਹਨ? ਨਹੀਂ, ਸਾਡੇ ਵਿਚ ਉਹ ਗੁਣ ਹੋਣਾ ਚਾਹੀਦਾ ਹੈ ਜੋ ਮੂਸਾ ਦੇ ਕਾਨੂੰਨ ਦਾ ਨਿਚੋੜ ਹੈ, ਜਿਸ ਦੁਆਰਾ ਯਿਸੂ ਦੇ ਚੇਲਿਆਂ ਦੀ ਪਛਾਣ ਹੁੰਦੀ ਹੈ ਅਤੇ ਜੋ ਯਹੋਵਾਹ ਦਾ ਸਭ ਤੋਂ ਉੱਤਮ ਗੁਣ ਹੈ ਜਿਸ ਕਾਰਨ ਅਸੀਂ ਉਸ ਵੱਲ ਖਿੱਚੇ ਜਾਂਦੇ ਹਾਂ। (ਯੂਹੰ. 13:35; ਗਲਾ. 5:14; 1 ਯੂਹੰ. 4:8) ਇਹ ਗੁਣ ਹੈ ਪਿਆਰ। ਜੀ ਹਾਂ, ਵਧੀਆ ਸਿੱਖਿਅਕ ਦੇ ਦਿਲ ਵਿਚ ਪਿਆਰ ਹੁੰਦਾ ਹੈ।
2. ਲੋਕਾਂ ਨੂੰ ਪਿਆਰ ਕਰਨਾ ਕਿਉਂ ਜ਼ਰੂਰੀ ਹੈ?
2 ਲੋਕਾਂ ਨੂੰ ਪਿਆਰ ਕਰੋ: ਮਹਾਨ ਗੁਰੂ ਯਿਸੂ ਲੋਕਾਂ ਨੂੰ ਪਿਆਰ ਕਰਦਾ ਸੀ ਜਿਸ ਕਰਕੇ ਉਹ ਉਸ ਦੀ ਗੱਲ ਸੁਣਨ ਲਈ ਤਿਆਰ ਰਹਿੰਦੇ ਸਨ। (ਲੂਕਾ 5:12, 13; ਯੂਹੰ. 13:1; 15:13) ਜੇ ਅਸੀਂ ਲੋਕਾਂ ਨੂੰ ਪਿਆਰ ਕਰਾਂਗੇ, ਤਾਂ ਅਸੀਂ ਹਰ ਮੌਕੇ ਤੇ ਗਵਾਹੀ ਦੇਵਾਂਗੇ। ਜੇ ਸਾਨੂੰ ਸਤਾਇਆ ਜਾਂਦਾ ਹੈ ਅਤੇ ਲੋਕ ਸਾਡੀ ਗੱਲ ਨਹੀਂ ਸੁਣਦੇ, ਤਾਂ ਵੀ ਅਸੀਂ ਪ੍ਰਚਾਰ ਕਰਨ ਤੋਂ ਪਿੱਛੇ ਨਹੀਂ ਹਟਾਂਗੇ। ਅਸੀਂ ਜਿਨ੍ਹਾਂ ਨੂੰ ਪ੍ਰਚਾਰ ਕਰਦੇ ਹਾਂ, ਉਨ੍ਹਾਂ ਵਿਚ ਦਿਲੋਂ ਦਿਲਚਸਪੀ ਦਿਖਾਵਾਂਗੇ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖ ਕੇ ਗੱਲ ਕਰਾਂਗੇ। ਅਸੀਂ ਹਰ ਬਾਈਬਲ ਸਟੂਡੈਂਟ ਨਾਲ ਸਟੱਡੀ ਕਰਨ ਅਤੇ ਸਟੱਡੀ ਦੀ ਤਿਆਰੀ ਕਰਨ ਲਈ ਸਮਾਂ ਕੱਢਾਂਗੇ।
3. ਪ੍ਰਚਾਰ ਕਰਨ ਲਈ ਬਾਈਬਲ ਦੀਆਂ ਸੱਚਾਈਆਂ ਲਈ ਪਿਆਰ ਸਾਡੀ ਕਿੱਦਾਂ ਮਦਦ ਕਰੇਗਾ?
3 ਬਾਈਬਲ ਦੀਆਂ ਸੱਚਾਈਆਂ ਨੂੰ ਪਿਆਰ ਕਰੋ: ਯਿਸੂ ਨੂੰ ਬਾਈਬਲ ਦੀਆਂ ਸੱਚਾਈਆਂ ਨਾਲ ਪਿਆਰ ਸੀ ਅਤੇ ਉਨ੍ਹਾਂ ਨੂੰ ਖ਼ਜ਼ਾਨਾ ਸਮਝਦਾ ਸੀ। (ਮੱਤੀ 13:52) ਜੇ ਅਸੀਂ ਸੱਚਾਈ ਨਾਲ ਪਿਆਰ ਕਰਦੇ ਹਾਂ, ਤਾਂ ਅਸੀਂ ਜੋਸ਼ ਨਾਲ ਪ੍ਰਚਾਰ ਕਰਾਂਗੇ ਜਿਸ ਕਾਰਨ ਲੋਕ ਸਾਡੀ ਗੱਲ ਸੁਣਨ ਲਈ ਉਤਾਵਲੇ ਹੋਣਗੇ। ਅਜਿਹਾ ਪਿਆਰ ਹੋਣ ਨਾਲ ਅਸੀਂ ਆਪਣੀਆਂ ਕਮੀਆਂ ਬਾਰੇ ਸੋਚੀ ਜਾਣ ਦੀ ਬਜਾਇ ਉਸ ਅਨਮੋਲ ਜਾਣਕਾਰੀ ʼਤੇ ਧਿਆਨ ਲਾਵਾਂਗੇ ਜੋ ਅਸੀਂ ਲੋਕਾਂ ਨਾਲ ਸਾਂਝੀ ਕਰਦੇ ਹਾਂ ਅਤੇ ਗਵਾਹੀ ਦੇਣ ਤੋਂ ਘਬਰਾਵਾਂਗੇ ਨਹੀਂ।
4. ਅਸੀਂ ਪਿਆਰ ਕਿੱਦਾਂ ਪੈਦਾ ਕਰ ਸਕਦੇ ਹਾਂ?
4 ਪਿਆਰ ਪੈਦਾ ਕਰੋ: ਅਸੀਂ ਲੋਕਾਂ ਲਈ ਪਿਆਰ ਕਿੱਦਾਂ ਪੈਦਾ ਕਰ ਸਕਦੇ ਹਾਂ? ਯਹੋਵਾਹ ਅਤੇ ਉਸ ਦੇ ਪੁੱਤਰ ਦੁਆਰਾ ਦਿਖਾਏ ਗਏ ਪਿਆਰ ਅਤੇ ਆਪਣੇ ਇਲਾਕੇ ਵਿਚ ਸੱਚਾਈ ਨਾ ਜਾਣਨ ਵਾਲੇ ਲੋਕਾਂ ਦੀ ਮੰਦੀ ਹਾਲਤ ʼਤੇ ਗੌਰ ਕਰ ਕੇ। (ਮਰ. 6:34; 1 ਯੂਹੰ. 4:10, 11) ਜੇ ਅਸੀਂ ਬਾਕਾਇਦਾ ਨਿੱਜੀ ਸਟੱਡੀ ਅਤੇ ਮਨਨ ਕਰਦੇ ਹਾਂ, ਤਾਂ ਬਾਈਬਲ ਦੀਆਂ ਸੱਚਾਈਆਂ ਲਈ ਸਾਡਾ ਪਿਆਰ ਗਹਿਰਾ ਹੋਵੇਗਾ। ਪਿਆਰ ਉਨ੍ਹਾਂ ਗੁਣਾਂ ਵਿੱਚੋਂ ਇਕ ਹੈ ਜੋ ਪਵਿੱਤਰ ਸ਼ਕਤੀ ਅਨੁਸਾਰ ਚੱਲ ਕੇ ਪੈਦਾ ਹੁੰਦੇ ਹਨ। (ਗਲਾ. 5:22) ਇਸ ਲਈ ਅਸੀਂ ਪਵਿੱਤਰ ਸ਼ਕਤੀ ਲਈ ਯਹੋਵਾਹ ਨੂੰ ਬੇਨਤੀ ਕਰ ਸਕਦੇ ਹਾਂ ਅਤੇ ਪੁੱਛ ਸਕਦੇ ਹਾਂ ਕਿ ਉਹ ਪਿਆਰ ਪੈਦਾ ਕਰਨ ਵਿਚ ਸਾਡੀ ਮਦਦ ਕਰੇ। (ਲੂਕਾ 11:13; 1 ਯੂਹੰ. 5:14) ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕਿੰਨੇ ਕੁ ਪੜ੍ਹੇ-ਲਿਖੇ ਹਾਂ, ਸੱਚਾਈ ਵਿਚ ਸਾਨੂੰ ਕਿੰਨਾ ਕੁ ਤਜਰਬਾ ਹੈ ਜਾਂ ਸਾਡੇ ਵਿਚ ਕਿਹੜੀਆਂ ਕੁਦਰਤੀ ਯੋਗਤਾਵਾਂ ਹਨ, ਸਗੋਂ ਬਾਈਬਲ ਦਾ ਵਧੀਆ ਸਿੱਖਿਅਕ ਬਣਨ ਲਈ ਪਿਆਰ ਹੋਣਾ ਜ਼ਰੂਰੀ ਹੈ।