ਬਹੁਤ ਹੀ ਥੋੜ੍ਹੀ ਕੀਮਤ ਦੇ ਦੋ ਸਿੱਕੇ
ਪਰਮੇਸ਼ੁਰ ਦੇ ਰਾਜ ਸੰਬੰਧੀ ਕੰਮਾਂ ਦਾ ਸਮਰਥਨ ਕਰਨ ਦਾ ਇਕ ਅਹਿਮ ਤਰੀਕਾ ਹੈ ਦੁਨੀਆਂ ਭਰ ਵਿਚ ਹੋ ਰਹੇ ਪ੍ਰਚਾਰ ਦੇ ਕੰਮ ਵਾਸਤੇ ਦਾਨ ਦੇਣਾ। ਪਰ ਜੇ ਸਾਡਾ ਹੱਥ ਤੰਗ ਹੋਵੇ, ਤਾਂ ਅਸੀਂ ਕੀ ਕਰ ਸਕਦੇ ਹਾਂ?
ਇਕ ਵਾਰ ਯਿਸੂ ਨੇ ਇਕ ਗ਼ਰੀਬ ਵਿਧਵਾ ਨੂੰ ਮੰਦਰ ਦੀ ਦਾਨ-ਪੇਟੀ ਵਿਚ ਬਹੁਤ ਹੀ ਥੋੜ੍ਹੀ ਕੀਮਤ ਦੇ ਦੋ ਸਿੱਕੇ ਪਾਉਂਦਿਆਂ ਦੇਖਿਆ। ਉਹ ਯਹੋਵਾਹ ਨੂੰ ਪਿਆਰ ਕਰਦੀ ਸੀ ਇਸ ਲਈ ਉਸ ਨੇ “ਆਪਣੇ ਗੁਜ਼ਾਰੇ ਲਈ ਜੋ ਵੀ ਸੀ . . . ਉਹ ਸਾਰੇ ਦਾ ਸਾਰਾ” ਪਾ ਦਿੱਤਾ। (ਮਰ. 12:41-44) ਯਿਸੂ ਨੇ ਇਸ ਗੱਲ ਦਾ ਜ਼ਿਕਰ ਕਰ ਕੇ ਦਿਖਾਇਆ ਕਿ ਵਿਧਵਾ ਦੇ ਦਾਨ ਕੀਤੇ ਦੋ ਸਿੱਕਿਆਂ ਦੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਬਹੁਤ ਕੀਮਤ ਸੀ। ਇਸੇ ਤਰ੍ਹਾਂ ਪਹਿਲੀ ਸਦੀ ਦੇ ਮਸੀਹੀ ਇਵੇਂ ਨਹੀਂ ਸੋਚਦੇ ਸਨ ਕਿ ਪ੍ਰਚਾਰ ਦੇ ਕੰਮ ਲਈ ਦਾਨ ਦੇਣਾ ਸਿਰਫ਼ ਅਮੀਰ ਭੈਣਾਂ-ਭਰਾਵਾਂ ਦਾ ਹੀ ਸਨਮਾਨ ਸੀ। ਪੌਲੁਸ ਰਸੂਲ ਨੇ ਮਕਦੂਨੀਆ ਦੇ ਭੈਣਾਂ-ਭਰਾਵਾਂ ਦੀ ਮਿਸਾਲ ਦਿੱਤੀ ਜੋ ‘ਇੰਨੇ ਗ਼ਰੀਬ ਹੁੰਦੇ ਹੋਏ ਵੀ ਮਿੰਨਤਾਂ ਕਰਨ ਲੱਗੇ ਕਿ ਉਨ੍ਹਾਂ ਨੂੰ ਦਾਨ ਦੇਣ ਦਾ ਸਨਮਾਨ ਦਿੱਤਾ ਜਾਵੇ।’—2 ਕੁਰਿੰ. 8:1-4.
ਇਸ ਲਈ ਜੇ ਸਾਡੇ ਤੋਂ ‘ਬਹੁਤ ਹੀ ਥੋੜ੍ਹੀ ਕੀਮਤ ਦੇ ਦੋ ਸਿੱਕੇ’ ਹੀ ਸਰਦੇ ਹਨ, ਤਾਂ ਸਾਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਦਾਨ ਕੀਤੇ ਗਏ ਥੋੜ੍ਹੇ-ਥੋੜ੍ਹੇ ਪੈਸੇ ਮਿਲਾ ਕੇ ਕਿੰਨੇ ਬਣ ਜਾਂਦੇ ਹਨ। ਦਿਲੋਂ ਦਾਨ ਦੇਣ ਨਾਲ ਅਸੀਂ ਆਪਣੇ ਦਰਿਆ-ਦਿਲ ਪਰਮੇਸ਼ੁਰ ਨੂੰ ਖ਼ੁਸ਼ ਕਰਾਂਗੇ ਕਿਉਂਕਿ “ਪਰਮੇਸ਼ੁਰ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।”—2 ਕੁਰਿੰ. 9:7.