ਅਸੀਂ ਪ੍ਰਚਾਰ ਕਿਉਂ ਕਰਦੇ ਹਾਂ?
1. ਕਿਨ੍ਹਾਂ ਨਾਲ ਪਿਆਰ ਹੋਣ ਕਰਕੇ ਅਸੀਂ ਪ੍ਰਚਾਰ ਕਰਦੇ ਹਾਂ?
1 ਅੱਜ ਸਾਡੀ ਜ਼ਿੰਦਗੀ ਵਿਚ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਭ ਤੋਂ ਵਧੀਆ ਕੰਮ ਹੈ। ਪ੍ਰਚਾਰ ਕਰ ਕੇ ਅਸੀਂ ਦੋ ਸਭ ਤੋਂ ਵੱਡੇ ਹੁਕਮਾਂ ਦੀ ਪਾਲਣਾ ਕਰਦੇ ਹਾਂ। ਉਹ ਹੁਕਮ ਹਨ: ਯਹੋਵਾਹ ਨੂੰ ਪਿਆਰ ਕਰਨਾ ਅਤੇ ਆਪਣੇ ਗੁਆਂਢੀਆਂ ਨੂੰ ਪਿਆਰ ਕਰਨਾ। (ਮਰ. 12:29-31) ਪਿਆਰ ਕਰਕੇ ਹੀ ਅਸੀਂ ਜੋਸ਼ ਨਾਲ ਪ੍ਰਚਾਰ ਕਰ ਸਕਦੇ ਹਾਂ।—1 ਯੂਹੰ. 5:3.
2. ਪ੍ਰਚਾਰ ਕਰ ਕੇ ਅਸੀਂ ਯਹੋਵਾਹ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰਦੇ ਹਾਂ?
2 ਯਹੋਵਾਹ ਲਈ ਪਿਆਰ: ਆਪਣੇ ਸਭ ਤੋਂ ਨਜ਼ਦੀਕੀ ਦੋਸਤ ਯਹੋਵਾਹ ਨਾਲ ਪਿਆਰ ਹੋਣ ਕਰਕੇ ਅਸੀਂ ਉਸ ਦੇ ਪੱਖ ਵਿਚ ਗਵਾਹੀ ਦੇਣ ਲਈ ਤਿਆਰ ਰਹਿੰਦੇ ਹਾਂ। ਸ਼ੈਤਾਨ ਤਕਰੀਬਨ 6,000 ਸਾਲਾਂ ਤੋਂ ਪਰਮੇਸ਼ੁਰ ʼਤੇ ਝੂਠੇ ਇਲਜ਼ਾਮ ਲਾਉਂਦਾ ਆ ਰਿਹਾ ਹੈ। (2 ਕੁਰਿੰ. 4:3, 4) ਇਸ ਕਰਕੇ ਲੋਕ ਮੰਨਦੇ ਹਨ ਕਿ ਪਰਮੇਸ਼ੁਰ ਪਾਪੀਆਂ ਨੂੰ ਨਰਕ ਦੀ ਅੱਗ ਵਿਚ ਤੜਫਾਉਂਦਾ ਹੈ, ਉਹ ਤ੍ਰਿਏਕ ਹੈ ਅਤੇ ਉਸ ਨੂੰ ਇਨਸਾਨਾਂ ਦੀ ਕੋਈ ਪਰਵਾਹ ਨਹੀਂ। ਕਈ ਲੋਕ ਤਾਂ ਇਹ ਵੀ ਮੰਨਦੇ ਹਨ ਕਿ ਰੱਬ ਹੈ ਹੀ ਨਹੀਂ। ਸਾਡੀ ਦਿਲੀ ਇੱਛਾ ਹੈ ਕਿ ਲੋਕ ਸਾਡੇ ਪਿਤਾ ਬਾਰੇ ਸੱਚਾਈ ਜਾਣਨ! ਪ੍ਰਚਾਰ ਵਿਚ ਸਾਡੀ ਮਿਹਨਤ ਦੇਖ ਕੇ ਪਰਮੇਸ਼ੁਰ ਦਾ ਦਿਲ ਬਹੁਤ ਖ਼ੁਸ਼ ਹੁੰਦਾ, ਪਰ ਸ਼ੈਤਾਨ ਨੂੰ ਜ਼ਰਾ ਵੀ ਚੰਗਾ ਨਹੀਂ ਲੱਗਦਾ।—ਕਹਾ. 27:11; ਇਬ. 13:15, 16.
3. ਪ੍ਰਚਾਰ ਕਰ ਕੇ ਅਸੀਂ ਗੁਆਂਢੀਆਂ ਲਈ ਆਪਣਾ ਪਿਆਰ ਕਿਵੇਂ ਜ਼ਾਹਰ ਕਰਦੇ ਹਾਂ?
3 ਗੁਆਂਢੀਆਂ ਲਈ ਪਿਆਰ: ਜਦੋਂ ਵੀ ਅਸੀਂ ਕਿਸੇ ਨੂੰ ਗਵਾਹੀ ਦਿੰਦੇ ਹਾਂ, ਤਾਂ ਅਸੀਂ ਉਸ ਲਈ ਆਪਣਾ ਪਿਆਰ ਜ਼ਾਹਰ ਕਰਦੇ ਹਾਂ। ਇਸ ਮੁਸੀਬਤਾਂ ਭਰੇ ਸਮੇਂ ਦੌਰਾਨ ਲੋਕਾਂ ਨੂੰ ਖ਼ੁਸ਼ ਖ਼ਬਰੀ ਦੀ ਲੋੜ ਹੈ। ਯੂਨਾਹ ਦੇ ਦਿਨਾਂ ਵਿਚ ਨੀਨਵਾਹ ਦੇ ਲੋਕ “ਆਪਣੇ ਸੱਜੇ ਖੱਬੇ ਹੱਥ ਨੂੰ ਵੀ ਨਹੀਂ ਸਿਆਣ ਸੱਕਦੇ” ਸਨ। ਅੱਜ ਵੀ ਉਨ੍ਹਾਂ ਲੋਕਾਂ ਵਾਂਗ ਬਹੁਤ ਸਾਰੇ ਲੋਕ ਸਹੀ-ਗਲ਼ਤ ਵਿਚ ਫ਼ਰਕ ਨਹੀਂ ਪਛਾਣਦੇ। (ਯੂਨਾ. 4:11) ਪ੍ਰਚਾਰ ਦੇ ਕੰਮ ਰਾਹੀਂ ਅਸੀਂ ਲੋਕਾਂ ਨੂੰ ਸਿਖਾਉਂਦੇ ਹਾਂ ਕਿ ਉਹ ਖ਼ੁਸ਼ੀਆਂ ਭਰੀ ਤੇ ਵਧੀਆ ਜ਼ਿੰਦਗੀ ਕਿੱਦਾਂ ਜੀ ਸਕਦੇ ਹਨ। (ਯਸਾ. 48:17-19) ਇਹ ਉਨ੍ਹਾਂ ਨੂੰ ਉਮੀਦ ਦਿੰਦੀ ਹੈ। (ਰੋਮੀ. 15:4) ਜੇ ਉਹ ਸਿੱਖੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਨਗੇ, ਤਾਂ ਉਹ ‘ਬਚਾਏ ਜਾਣਗੇ।’—ਰੋਮੀ. 10:13, 14.
4. ਯਹੋਵਾਹ ਕੀ ਕਦੇ ਨਹੀਂ ਭੁਲਾਵੇਗਾ?
4 ਚੰਗੇ ਬੱਚੇ ਸਿਰਫ਼ ਖ਼ਾਸ ਮੌਕਿਆਂ ʼਤੇ ਹੀ ਨਹੀਂ, ਸਗੋਂ ਹਰ ਵੇਲੇ ਆਪਣੇ ਮਾਪਿਆਂ ਨੂੰ ਪਿਆਰ ਕਰਦੇ ਹਨ। ਇਸੇ ਤਰ੍ਹਾਂ ਯਹੋਵਾਹ ਅਤੇ ਆਪਣੇ ਗੁਆਂਢੀਆਂ ਲਈ ਗੂੜ੍ਹਾ ਪਿਆਰ ਹੋਣ ਕਰਕੇ ਅਸੀਂ ਸਿਰਫ਼ ਉਦੋਂ ਹੀ ਨਹੀਂ ਪ੍ਰਚਾਰ ਕਰਦੇ ਜਦੋਂ ਸਾਡਾ ਗਰੁੱਪ ਇਕੱਠਾ ਹੁੰਦਾ ਹੈ, ਪਰ ਹਰ ਮੌਕੇ ਤੇ ਗਵਾਹੀ ਦਿੰਦੇ ਹਾਂ। (ਰਸੂ. 5:42) ਯਹੋਵਾਹ ਸਾਡੇ ਇਸ ਪਿਆਰ ਨੂੰ ਕਦੇ ਵੀ ਨਹੀਂ ਭੁਲਾਵੇਗਾ।—ਇਬ. 6:10.