ਪ੍ਰਸ਼ਨ ਡੱਬੀ
◼ ਸੱਚਾਈ ਵਿਚ ਤਰੱਕੀ ਕਰਨ ਲਈ ਬੱਚਿਆਂ ਨੂੰ ਕੀ ਸਿੱਖਣ ਦੀ ਲੋੜ ਹੈ?
ਬੱਚਿਆਂ ਨੂੰ “ਯਹੋਵਾਹ ਦੀ ਤਾੜਨਾ ਅਤੇ ਸਿੱਖਿਆ” ਦੇਣ ਲਈ ਮਸੀਹੀ ਮਾਪੇ ਕਾਫ਼ੀ ਮਿਹਨਤ ਕਰਦੇ ਹਨ। (ਅਫ਼. 6:4) ਮਿਸਾਲ ਲਈ, ਉਨ੍ਹਾਂ ਨੇ ਦੇਖਿਆ ਹੈ ਕਿ ਸਵੇਰ ਨੂੰ ਆਪਣੇ ਬੱਚਿਆਂ ਨਾਲ ਦਿਨ ਦੇ ਹਵਾਲੇ ʼਤੇ ਸੋਚ-ਵਿਚਾਰ ਕਰ ਕੇ ਫ਼ਾਇਦਾ ਹੁੰਦਾ ਹੈ। ਪਰਿਵਾਰਕ ਸਟੱਡੀ ਅਤੇ ਹੋਰ ਮੌਕਿਆਂ ਤੇ ਪਰਿਵਾਰ ਕੋਈ ਵੀਡੀਓ ਦੇਖ ਕੇ ਉਸ ʼਤੇ ਚਰਚਾ ਕਰ ਸਕਦੇ ਹਨ, ਨੌਜਵਾਨ ਪੁੱਛਦੇ ਹਨ ਲੇਖਾਂ ਵਿੱਚੋਂ ਕਿਸੇ ਖ਼ਾਸ ਲੇਖ ਬਾਰੇ ਗੱਲ ਕਰ ਸਕਦੇ ਹਨ, ਬਾਈਬਲ ਦੇ ਕਿਸੇ ਬਿਰਤਾਂਤ ਦਾ ਨਾਟਕ ਕਰ ਸਕਦੇ ਜਾਂ ਪ੍ਰੈਕਟਿਸ ਸੈਸ਼ਨ ਕਰ ਸਕਦੇ ਹਨ। ਪਰ ਬੱਚਿਆਂ ਨੂੰ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਸਿਖਾਉਣ ਦੀ ਵੀ ਲੋੜ ਹੈ ਤਾਂਕਿ ਉਹ ਸੱਚਾਈ ਵਿਚ ਤਰੱਕੀ ਕਰ ਕੇ “ਸਮਝਦਾਰ ਬਣਨ।”—ਇਬ. 6:1.
ਸੋਚੋ ਕਿ ਆਪਣੇ ਇਲਾਕੇ ਦੇ ਲੋਕਾਂ ਨੂੰ ਅਸੀਂ ਕੀ ਸਿਖਾਉਂਦੇ ਹਾਂ। ਉਨ੍ਹਾਂ ਨੂੰ ਪਹਿਲੀ ਵਾਰ ਮਿਲਣ ਤੇ ਜਾਂ ਅਗਲੀ ਮੁਲਾਕਾਤ ਵੇਲੇ ਅਸੀਂ ਉਨ੍ਹਾਂ ਨਾਲ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਹ ਕਿਤਾਬ ਪੂਰੀ ਕਰਨ ਤੋਂ ਬਾਅਦ ਅਸੀਂ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ ਕਿਤਾਬ ਵਰਤਦੇ ਹਾਂ। ਕਿਉਂ? ਕਿਉਂਕਿ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਤੋਂ ਵਿਦਿਆਰਥੀ ਨੂੰ ਬਾਈਬਲ ਦੀਆਂ ਸਿਰਫ਼ ਬੁਨਿਆਦੀ ਗੱਲਾਂ ਪਤਾ ਲੱਗਦੀਆਂ ਹਨ। ਪਰਮੇਸ਼ੁਰ ਨਾਲ ਪਿਆਰ ਕਿਤਾਬ ਸਿਖਾਉਂਦੀ ਹੈ ਕਿ ਅਸੀਂ ਬਾਈਬਲ ਦੇ ਅਸੂਲਾਂ ਨੂੰ ਜ਼ਿੰਦਗੀ ਵਿਚ ਕਿਵੇਂ ਲਾਗੂ ਕਰ ਸਕਦੇ ਹਾਂ। ਦੋਹਾਂ ਕਿਤਾਬਾਂ ʼਤੇ ਗੌਰ ਕਰ ਕੇ ਨਵੇਂ ਲੋਕਾਂ ਨੂੰ ਸੱਚਾਈ ਵਿਚ ਆਪਣੀਆਂ “ਜੜ੍ਹਾਂ” ਪੱਕੀਆਂ ਕਰਨ ਅਤੇ ‘ਮਸੀਹੀ ਸਿੱਖਿਆਵਾਂ ਉੱਤੇ ਪੱਕੇ ਰਹਿਣ’ ਵਿਚ ਮਦਦ ਮਿਲਦੀ ਹੈ। (ਕੁਲੁ. 2:6, 7) ਕੀ ਇਹ ਜਾਣਕਾਰੀ ਸਾਡੇ ਬੱਚਿਆਂ ਲਈ ਵੀ ਫ਼ਾਇਦੇਮੰਦ ਨਹੀਂ ਹੋਵੇਗੀ? ਉਨ੍ਹਾਂ ਨੂੰ ਵੀ ਯਿਸੂ ਦੀ ਕੁਰਬਾਨੀ, ਰਾਜ ਅਤੇ ਮਰ ਚੁੱਕੇ ਲੋਕਾਂ ਦੀ ਹਾਲਤ ਬਾਰੇ ਸਿਖਾਉਣ ਦੀ ਲੋੜ ਹੈ। ਉਨ੍ਹਾਂ ਨੂੰ ਇਹ ਵੀ ਜਾਣਨ ਦੀ ਲੋੜ ਹੈ ਕਿ ਪਰਮੇਸ਼ੁਰ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ ਅਤੇ ਇਸ ਦੁਨੀਆਂ ਦੇ ਆਖ਼ਰੀ ਦਿਨਾਂ ਵਿਚ ਕੀ ਹੋਵੇਗਾ। ਬੱਚਿਆਂ ਨੂੰ ਬਾਈਬਲ ਦੇ ਅਸੂਲਾਂ ਨੂੰ ਸਮਝਣ ਅਤੇ “ਆਪਣੀ ਸੋਚਣ-ਸਮਝਣ ਦੀ ਕਾਬਲੀਅਤ” ਨੂੰ ਵਰਤ ਕੇ ਸਹੀ ਤੇ ਗ਼ਲਤ ਵਿਚ ਫ਼ਰਕ ਦੇਖਣ ਦੀ ਵੀ ਲੋੜ ਹੈ। (ਇਬ. 5:14) ਮਾਪਿਆਂ ਨੂੰ ਦੇਖਣਾ ਚਾਹੀਦਾ ਹੈ ਕਿ ਬੱਚੇ ਉਮਰ ਦੇ ਹਿਸਾਬ ਨਾਲ ਕਿੰਨੀ ਕੁ ਜਾਣਕਾਰੀ ਸਮਝ ਸਕਦੇ ਹਨ। ਕਈ ਬੱਚੇ ਛੋਟੀ ਉਮਰ ਵਿਚ ਹੀ ਬਾਈਬਲ ਦੀਆਂ ਡੂੰਘੀਆਂ ਗੱਲਾਂ ਸਮਝਣ ਲੱਗ ਪੈਂਦੇ ਹਨ।—ਲੂਕਾ 2:42, 46, 47.
ਮਾਪਿਆਂ ਦੀ ਮਦਦ ਲਈ jw.org ਉੱਤੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ʼਤੇ ਆਧਾਰਿਤ ਸਟੱਡੀ ਕਰਨ ਲਈ ਸੁਝਾਅ ਦਿੱਤੇ ਜਾਣਗੇ। ਤੁਸੀਂ ਇਹ ਸੁਝਾਅ ਵੈੱਬਸਾਈਟ ਉੱਤੇ BIBLE TEACHINGS > TEENAGERS ਹੇਠਾਂ ਦੇਖ ਸਕਦੇ ਹੋ। ਭਵਿੱਖ ਵਿਚ ਸਟੱਡੀ ਲਈ ਹੋਰ ਵੀ ਸੁਝਾਅ ਦਿੱਤੇ ਜਾਣਗੇ ਜੋ ਪਰਮੇਸ਼ੁਰ ਨਾਲ ਪਿਆਰ ਕਿਤਾਬ ʼਤੇ ਆਧਾਰਿਤ ਹੋਣਗੇ। ਤੁਸੀਂ ਇਨ੍ਹਾਂ ਛਪੀਆਂ ਕਿਤਾਬਾਂ ਨੂੰ ਵੀ ਇਸਤੇਮਾਲ ਕਰ ਸਕਦੇ ਹੋ। ਮਾਪੇ ਦੇਖ ਸਕਦੇ ਹਨ ਕਿ ਉਹ ਇਹ ਜਾਣਕਾਰੀ ਕਦੋਂ ਵਰਤਣਗੇ: ਪਰਿਵਾਰਕ ਸਟੱਡੀ ਦੌਰਾਨ, ਆਪਣੇ ਕਿਸੇ ਬੱਚੇ ਨਾਲ ਇਕੱਲਿਆਂ ਸਟੱਡੀ ਕਰਦੇ ਵੇਲੇ ਜਾਂ ਉਸ ਨੂੰ ਆਪ ਸਟੱਡੀ ਕਰਨ ਦੀ ਸਿਖਲਾਈ ਦਿੰਦੇ ਸਮੇਂ।