ਇਸ ਮਹੀਨੇ ਧਿਆਨ ਦਿਓ: ‘ਤੂੰ ਜੋਸ਼ ਨਾਲ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਵਿਚ ਲੱਗਾ ਰਹਿ।’—2 ਤਿਮੋ. 4:2.
ਆਪਣੀ ਸਿਖਾਉਣ ਦੀ ਕਲਾ ਨੂੰ ਸੁਧਾਰੋ—ਖ਼ਾਸ ਨੁਕਤਿਆਂ ʼਤੇ ਜ਼ੋਰ ਦਿਓ
1 ਪੌਲੁਸ ਨੇ ਇਬਰਾਨੀ ਮਸੀਹੀਆਂ ਨੂੰ ਲਿਖਿਆ ਸੀ: ‘ਤੁਹਾਨੂੰ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣਨਾ ਚਾਹੀਦਾ ਹੈ।’ (ਇਬ. 5:12) ਅੱਜ ਮਸੀਹੀਆਂ ਨੂੰ ਵੀ ਦੂਸਰਿਆਂ ਨੂੰ ਸਿਖਾਉਣ ਦੇ ਕਾਬਲ ਬਣਨਾ ਚਾਹੀਦਾ ਹੈ ਕਿਉਂਕਿ ਯਿਸੂ ਦੁਆਰਾ ਦਿੱਤਾ ਗਿਆ ਸਿੱਖਿਆ ਦੇਣ ਦਾ ਕੰਮ ਛੇਤੀ ਪੂਰਾ ਹੋਣ ਵਾਲਾ ਹੈ। ਚੰਗੀ ਤਰ੍ਹਾਂ ਸਿੱਖਿਆ ਦੇਣ ਦੇ ਕਾਬਲ ਬਣਨ ਵਿਚ ਇਹ ਗੱਲ ਸਾਡੀ ਮਦਦ ਕਰੇਗੀ ਕਿ ਅਸੀਂ ਜੋ ਪੜ੍ਹਦੇ ਹਾਂ ਅਤੇ ਦੂਸਰਿਆਂ ਨੂੰ ਸਿਖਾਉਂਦੇ ਹਾਂ, ਉਸ ਨੂੰ ਅਸੀਂ ਚੰਗੀ ਤਰ੍ਹਾਂ ਸਮਝੀਏ। ਸਟੱਡੀ ਕੀਤੇ ਜਾ ਰਹੇ ਪੂਰੇ ਪ੍ਰਕਾਸ਼ਨ ਨੂੰ, ਉਸ ਦੇ ਹਰ ਅਧਿਆਇ ਨੂੰ ਅਤੇ ਅਧਿਆਇ ਵਿਚਲੇ ਹਰ ਪੈਰੇ ਨੂੰ ਸਮਝਣਾ ਜ਼ਰੂਰੀ ਹੈ।
2 ਕਿਸੇ ਕਿਤਾਬ ਦੇ ਨਾਂ ਤੋਂ ਪਤਾ ਲੱਗਦਾ ਹੈ ਕਿ ਉਸ ਵਿਚ ਮੁੱਖ ਤੌਰ ਤੇ ਕਿਸ ਵਿਸ਼ੇ ʼਤੇ ਗੱਲ ਕੀਤੀ ਗਈ ਹੈ। ਉਸ ਕਿਤਾਬ ਤੋਂ ਸਿਖਾਉਂਦੇ ਵੇਲੇ ਬਾਈਬਲ ਸਟੱਡੀ ਨੂੰ ਸਮਝਾਓ ਕਿ ਹਰ ਅਧਿਆਇ ਦੇ ਸਿਰਲੇਖ ਦਾ ਕਿਤਾਬ ਦੇ ਨਾਂ ਨਾਲ ਕੀ ਸੰਬੰਧ ਹੈ। ਹਰ ਅਧਿਆਇ ਵਿਚ ਸਮਝਾਏ ਗਏ ਵਿਸ਼ੇ ਦਾ ਕਿਤਾਬ ਦੇ ਮੁੱਖ ਵਿਸ਼ੇ ਨਾਲ ਸੰਬੰਧ ਹੁੰਦਾ ਹੈ। ਉਦਾਹਰਣ ਲਈ, “ਆਪਣੇ ਕੰਮਾਂ ਰਾਹੀਂ ਯਹੋਵਾਹ ਨੂੰ ਖ਼ੁਸ਼ ਕਰੋ” ਅਤੇ “ਪਰਿਵਾਰ ਵਿਚ ਖ਼ੁਸ਼ੀਆਂ ਦੀ ਬਹਾਰ ਲਿਆਓ” ਨਾਂ ਦੇ ਅਧਿਆਇ ਬਾਈਬਲ ਸਟੱਡੀ ਦੀ ਇਹ ਦੇਖਣ ਵਿਚ ਮਦਦ ਕਰਦੇ ਹਨ ਕਿ ਬਾਈਬਲ ਕੀ ਸਿਖਾਉਂਦੀ ਹੈ।
3 ਕਿਸੇ ਲੇਖ ਜਾਂ ਅਧਿਆਇ ਵਿਚ ਉਪ-ਸਿਰਲੇਖ ਖ਼ਾਸ ਨੁਕਤਿਆਂ ਵੱਲ ਧਿਆਨ ਖਿੱਚਦੇ ਹਨ। ਅਧਿਆਇ ਵਿਚ ਹਰ ਪੈਰਾ ਕਿਸੇ-ਨਾ-ਕਿਸੇ ਤਰੀਕੇ ਨਾਲ ਅਧਿਆਇ ਦੇ ਸਿਰਲੇਖ ਨਾਲ ਜੁੜਿਆ ਹੁੰਦਾ ਹੈ। ਹਰ ਪੈਰੇ ਵਿਚਲੇ ਖ਼ਾਸ ਨੁਕਤੇ ਦੇਖਣੇ ਸਿੱਖੋ ਜੋ ਅਧਿਆਇ ਦੇ ਮੁੱਖ ਵਿਸ਼ੇ ਨੂੰ ਸਮਝਾਉਂਦੇ ਹਨ। ਸਿਖਾਉਂਦੇ ਵੇਲੇ ਤੁਸੀਂ ਉਹ ਖ਼ਾਸ ਨੁਕਤੇ ਵਿਦਿਆਰਥੀ ਦੇ ਮਨ ਵਿਚ ਬਿਠਾਓ।
4 ਅਧਿਆਇ ਦੇ ਪੈਰਿਆਂ ਲਈ ਦਿੱਤੇ ਸਵਾਲਾਂ ਦੇ ਜਵਾਬ ਆਮ ਤੌਰ ਤੇ ਚਾਰ-ਪੰਜ ਸ਼ਬਦਾਂ ਜਾਂ ਕਈ ਵਾਰ ਇੱਕੋ ਸ਼ਬਦ ਵਿਚ ਦਿੱਤੇ ਗਏ ਹੁੰਦੇ ਹਨ। ਆਪਣੀ ਬਾਈਬਲ ਸਟੱਡੀ ਨੂੰ ਸਿਖਾਓ ਕਿ ਉਹ ਕੁਝ ਹੀ ਸ਼ਬਦਾਂ ਥੱਲੇ ਨਿਸ਼ਾਨੀ ਲਾਵੇ। ਇਸ ਦੇ ਕਈ ਫ਼ਾਇਦੇ ਹਨ। ਉਹ ਦੁਬਾਰਾ ਪੂਰਾ ਪੈਰਾ ਪੜ੍ਹੇ ਬਿਨਾਂ ਝੱਟ ਜਵਾਬ ਲੱਭ ਸਕੇਗਾ। ਉਸ ਨੂੰ ਹੱਲਾਸ਼ੇਰੀ ਦਿਓ ਕਿ ਉਹ ਪੈਰੇ ਵਿੱਚੋਂ ਪੜ੍ਹਨ ਦੀ ਬਜਾਇ ਆਪਣੇ ਸ਼ਬਦਾਂ ਵਿਚ ਜਵਾਬ ਦੇਵੇ। ਨਿਸ਼ਾਨੀ ਲੱਗੇ ਸ਼ਬਦਾਂ ਨੂੰ ਦੇਖ ਕੇ ਉਹ ਤੁਰੰਤ ਜਾਣ ਸਕਦਾ ਹੈ ਕਿ ਪੈਰੇ ਵਿਚ ਕੀ ਦੱਸਿਆ ਗਿਆ ਹੈ।
5 ਕਈ ਵਾਰ ਪੈਰੇ ਜਾਂ ਆਇਤਾਂ ਦੇ ਖ਼ਾਸ ਸ਼ਬਦਾਂ ਉੱਤੇ ਜ਼ੋਰ ਦੇਣ ਲਈ ਉਸ ਨੂੰ ਟੇਢਾ ਕੀਤਾ ਗਿਆ ਹੁੰਦਾ ਹੈ। ਵਿਦਿਆਰਥੀ ਨੂੰ ਇਨ੍ਹਾਂ ਦੀ ਅਹਿਮੀਅਤ ਸਮਝਾਓ। ਇਹ ਗੱਲ ਦੂਸਰਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਸਮਝਾਉਣ ਵੇਲੇ ਉਸ ਦੀ ਮਦਦ ਕਰੇਗੀ।
6 ਚਾਹੇ ਕੋਈ ਪਹਿਰਾਬੁਰਜ ਲੇਖ ਦਾ ਅਧਿਐਨ ਕਰਵਾ ਰਿਹਾ ਹੈ, ਮੰਡਲੀ ਦੀ ਬਾਈਬਲ ਸਟੱਡੀ ਕਰਾ ਰਿਹਾ ਹੈ ਜਾਂ ਘਰ ਵਿਚ ਕਿਸੇ ਨੂੰ ਸਟੱਡੀ ਕਰਾ ਰਿਹਾ ਹੈ ਜਾਂ ਬੱਚਿਆਂ ਨੂੰ ਸਿਖਾ ਰਿਹਾ ਹੈ, ਉਸ ਨੂੰ ਇਨ੍ਹਾਂ ਸਾਰੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਯਿਸੂ ਨੇ ਕਿਹਾ ਸੀ ਕਿ ‘ਸਾਨੂੰ ਚੇਲੇ ਬਣਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਨੂੰ ਸਿਖਾਉਣਾ ਚਾਹੀਦਾ ਹੈ।’ (ਮੱਤੀ 28:19, 20) ਖ਼ਾਸ ਨੁਕਤਿਆਂ ਉੱਤੇ ਜ਼ੋਰ ਦੇਣਾ ਸਿੱਖ ਕੇ ਅਸੀਂ ਵਧੀਆ ਤਰੀਕੇ ਨਾਲ ਪ੍ਰਚਾਰ ਤੇ ਸਿੱਖਿਆ ਦੇਣ ਦਾ ਕੰਮ ਕਰ ਸਕਾਂਗੇ।