ਨਬੀਆਂ ਦੀ ਮਿਸਾਲ ਉੱਤੇ ਚੱਲੋ—ਹਬੱਕੂਕ
1. ਅਸੀਂ ਸ਼ਾਇਦ ਹਬੱਕੂਕ ਨਬੀ ਵਾਂਗ ਕਿਉਂ ਮਹਿਸੂਸ ਕਰੀਏ?
1 ਜਿਉਂ-ਜਿਉਂ ਅਸੀਂ ਦੁਨੀਆਂ ਵਿਚ ਵਧਦੀ ਜਾ ਰਹੀ ਬੁਰਾਈ ਦੇਖਦੇ ਹਾਂ, ਅਸੀਂ ਸ਼ਾਇਦ ਹਬੱਕੂਕ ਵਾਂਗ ਮਹਿਸੂਸ ਕਰੀਏ ਜਿਸ ਨੇ ਯਹੋਵਾਹ ਨੂੰ ਪੁੱਛਿਆ: “ਤੂੰ ਮੈਨੂੰ ਬਦੀ ਕਿਉਂ ਵਿਖਾਉਂਦਾ ਹੈਂ, ਅਤੇ ਕਸ਼ਟ ਉੱਤੇ ਮੇਰਾ ਧਿਆਨ ਲਾਉਂਦਾ ਹੈਂ?” (ਹਬ. 1:3; 2 ਤਿਮੋ. 3:1, 13) ਯਹੋਵਾਹ ਦੇ ਨਿਆਂ ਦੇ ਦਿਨ ਦੀ ਉਡੀਕ ਕਰਨ ਦੇ ਨਾਲ-ਨਾਲ ਸਾਨੂੰ ਹਬੱਕੂਕ ਦੇ ਸੰਦੇਸ਼ ਅਤੇ ਵਫ਼ਾਦਾਰੀ ਦੀ ਮਿਸਾਲ ʼਤੇ ਮਨਨ ਕਰਨ ਨਾਲ ਸਹਿਣ ਦੀ ਤਾਕਤ ਮਿਲੇਗੀ।—2 ਪਤ. 3:7.
2. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਵਫ਼ਾਦਾਰੀ ਨਾਲ ਜੀ ਰਹੇ ਹਾਂ?
2 ਵਫ਼ਾਦਾਰੀ ਨਾਲ ਜੀਓ: ਆਪਣੇ ਬੁਰੇ ਹਾਲਾਤਾਂ ਕਰਕੇ ਢੇਰੀ-ਢਾਹੁਣ ਦੀ ਬਜਾਇ ਹਬੱਕੂਕ ਨੇ ਆਪਣੀ ਨਿਹਚਾ ਪੱਕੀ ਰੱਖੀ ਤੇ ਪਰਮੇਸ਼ੁਰ ਦਾ ਕੰਮ ਕਰਦਾ ਰਿਹਾ। (ਹਬ. 2:1) ਯਹੋਵਾਹ ਨੇ ਨਬੀ ਨੂੰ ਭਰੋਸਾ ਦਿਵਾਇਆ ਕਿ ਉਸ ਦਾ ਬਚਨ ਸਹੀ ਸਮੇਂ ʼਤੇ ਪੂਰਾ ਹੋਵੇਗਾ ਅਤੇ “ਧਰਮੀ ਆਪਣੀ ਵਫ਼ਾਦਾਰੀ ਨਾਲ ਜੀਵੇਗਾ।” (ਹਬ. 2:2-4) ਅੰਤ ਦੇ ਸਮੇਂ ਵਿਚ ਜੀ ਰਹੇ ਮਸੀਹੀਆਂ ਲਈ ਇਹ ਗੱਲ ਕੀ ਮਾਅਨੇ ਰੱਖਦੀ ਹੈ? ਇਸ ਬਾਰੇ ਜ਼ਿਆਦਾ ਸੋਚਣ ਦੀ ਬਜਾਇ ਕਿ ਅੰਤ ਕਦੋਂ ਆਵੇਗਾ, ਸਾਡੇ ਲਈ ਇਹ ਯਕੀਨ ਕਰਨਾ ਜ਼ਿਆਦਾ ਜ਼ਰੂਰੀ ਹੈ ਕਿ ਅੰਤ ਆਵੇਗਾ। ਨਿਹਚਾ ਸਾਨੂੰ ਜਾਗਦੇ ਰਹਿਣ ਅਤੇ ਪ੍ਰਚਾਰ ਦੇ ਕੰਮ ਨੂੰ ਪਹਿਲ ਦੇਣ ਲਈ ਪ੍ਰੇਰਦੀ ਹੈ।—ਇਬ. 10:38, 39.
3. ਸਾਨੂੰ ਯਹੋਵਾਹ ਦੀ ਸੇਵਾ ਵਿਚ ਆਪਣੀ ਖ਼ੁਸ਼ੀ ਬਰਕਰਾਰ ਕਿਉਂ ਰੱਖਣੀ ਚਾਹੀਦੀ ਹੈ?
3 ਯਹੋਵਾਹ ਵਿਚ ਖ਼ੁਸ਼ੀ ਮਨਾਓ: ਜਦੋਂ ਮਾਗੋਗ ਦਾ ਗੋਗ ਯਹੋਵਾਹ ਦੇ ਲੋਕਾਂ ʼਤੇ ਹਮਲਾ ਕਰੇਗਾ, ਤਾਂ ਉਸ ਵੇਲੇ ਸਾਡੀ ਨਿਹਚਾ ਦੀ ਪਰੀਖਿਆ ਹੋਵੇਗੀ। (ਹਿਜ਼. 38:2, 10-12) ਕੋਈ ਵੀ ਯੁੱਧ ਖ਼ਤਮ ਹੋਣ ਤੋਂ ਬਾਅਦ ਲੋਕਾਂ ਨੂੰ ਹਮੇਸ਼ਾ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਇੱਥੋਂ ਤਕ ਕਿ ਜਿੱਤਣ ਵਾਲਿਆਂ ਨੂੰ ਵੀ। ਖਾਣ-ਪੀਣ ਦੇ ਲਾਲੇ ਪੈ ਸਕਦੇ ਹਨ, ਜ਼ਮੀਨ-ਜਾਇਦਾਦ ਖੋਹੀ ਜਾ ਸਕਦੀ ਅਤੇ ਰਹਿਣ-ਸਹਿਣ ਦੇ ਮਿਆਰ ਡਿਗ ਸਕਦੇ ਹਨ। ਜੇ ਸਾਡੇ ਨਾਲ ਇਸ ਤਰ੍ਹਾਂ ਹੋਇਆ, ਤਾਂ ਅਸੀਂ ਕੀ ਕਰਾਂਗੇ? ਹਬੱਕੂਕ ਨੂੰ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਣ ਦੀ ਉਮੀਦ ਸੀ, ਇਸ ਲਈ ਉਸ ਨੇ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। (ਹਬ. 3:16-19) “ਯਹੋਵਾਹ ਦਾ ਅਨੰਦ” ਭਵਿੱਖ ਵਿਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵਿਚ ਸਾਡੀ ਵੀ ਮਦਦ ਕਰੇਗਾ।—ਨਹ. 8:10; ਇਬ. 12:2.
4. ਸਾਨੂੰ ਹੁਣ ਅਤੇ ਭਵਿੱਖ ਵਿਚ ਕਿਹੜੀ ਖ਼ੁਸ਼ੀ ਮਿਲੇਗੀ?
4 ਯਹੋਵਾਹ ਆਪਣੇ ਨਿਆਂ ਦੇ ਦਿਨ ਵਿਚ ਜਿਨ੍ਹਾਂ ਲੋਕਾਂ ਨੂੰ ਬਚਾਵੇਗਾ, ਉਹ ਉਸ ਦੇ ਰਾਹਾਂ ਬਾਰੇ ਸਿੱਖਿਆ ਲੈਂਦੇ ਰਹਿਣਗੇ। (ਹਬ. 2:14) ਜੀ ਉਠਾਏ ਗਏ ਲੋਕ ਵੀ ਯਹੋਵਾਹ ਬਾਰੇ ਸਿੱਖਣਗੇ। ਆਓ ਆਪਾਂ ਹੁਣ ਵੀ ਹਰ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਯਹੋਵਾਹ ਤੇ ਉਸ ਦੇ ਸ਼ਾਨਦਾਰ ਕੰਮਾਂ ਬਾਰੇ ਦੱਸੀਏ!—ਜ਼ਬੂ. 34:1; 71:17.