ਸਾਡੀ ਮਸੀਹੀ ਜ਼ਿੰਦਗੀ
ਯਹੋਵਾਹ ਦੇ ਨੈਤਿਕ ਮਿਆਰਾਂ ਨੂੰ ਘੁੱਟ ਕੇ ਫੜੀ ਰੱਖੋ
ਯਹੋਵਾਹ ਇਨਸਾਨਾਂ ਲਈ ਨੈਤਿਕ ਮਿਆਰ ਤੈਅ ਕਰਦਾ ਹੈ। ਮਿਸਾਲ ਲਈ, ਉਸ ਨੇ ਹੁਕਮ ਦਿੱਤਾ ਹੈ ਕਿ ਵਿਆਹ ਆਦਮੀ ਤੇ ਔਰਤ ਵਿਚਕਾਰ ਹਮੇਸ਼ਾ ਦਾ ਬੰਧਨ ਹੈ। (ਮੱਤੀ 19:4-6, 9) ਉਹ ਹਰ ਤਰ੍ਹਾਂ ਦੀ ਅਨੈਤਿਕਤਾ ਤੋਂ ਘਿਣ ਕਰਦਾ ਹੈ। (1 ਕੁਰਿੰ 6:9, 10) ਉਹ ਤਾਂ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਵੀ ਅਸੂਲ ਦਿੰਦਾ ਹੈ ਜੋ ਉਸ ਦੇ ਲੋਕਾਂ ਨੂੰ ਬਾਕੀ ਲੋਕਾਂ ਤੋਂ ਵੱਖਰਾ ਕਰਦੇ ਹਨ।—ਬਿਵ 22:5; 1 ਤਿਮੋ 2:9, 10.
ਅੱਜ ਦੁਨੀਆਂ ਦੇ ਜ਼ਿਆਦਾਤਰ ਲੋਕ ਯਹੋਵਾਹ ਦੇ ਮਿਆਰਾਂ ਮੁਤਾਬਕ ਨਹੀਂ ਚੱਲਦੇ। (ਰੋਮੀ 1:18-32) ਹਾਰ-ਸ਼ਿੰਗਾਰ ਅਤੇ ਚਾਲ-ਚਲਣ ਦੇ ਮਾਮਲੇ ਵਿਚ ਉਹ ਇਨਸਾਨਾਂ ਦੀ ਰਾਇ ਮੁਤਾਬਕ ਚੱਲਦੇ ਹਨ। ਜ਼ਿਆਦਾਤਰ ਲੋਕ ਆਪਣੇ ਗ਼ਲਤ ਕੰਮਾਂ ʼਤੇ ਸ਼ੇਖ਼ੀਆਂ ਮਾਰਦੇ ਹਨ ਅਤੇ ਉਨ੍ਹਾਂ ਦੀ ਨੁਕਤਾਚੀਨੀ ਕਰਦੇ ਹਨ ਜੋ ਉਨ੍ਹਾਂ ਤੋਂ ਵੱਖਰੇ ਹਨ।—1 ਪਤ 4:3, 4.
ਯਹੋਵਾਹ ਦੇ ਗਵਾਹ ਹੋਣ ਦੇ ਨਾਤੇ, ਸਾਨੂੰ ਦਲੇਰੀ ਨਾਲ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਚੱਲਣਾ ਚਾਹੀਦਾ ਹੈ। (ਰੋਮੀ 12:9) ਕਿਵੇਂ? ਸਾਨੂੰ ਸਮਝਦਾਰੀ ਨਾਲ ਦੱਸਣਾ ਚਾਹੀਦਾ ਹੈ ਕਿ ਪਰਮੇਸ਼ੁਰ ਨੂੰ ਕੀ ਮਨਜ਼ੂਰ ਹੈ। ਪਰ ਸਾਨੂੰ ਆਪਣੀ ਜ਼ਿੰਦਗੀ ਵਿਚ ਵੀ ਇਹ ਉੱਚੇ ਮਿਆਰ ਲਾਗੂ ਕਰਨੇ ਚਾਹੀਦੇ ਹਨ। ਮਿਸਾਲ ਲਈ, ਕੱਪੜਿਆਂ ਅਤੇ ਹਾਰ-ਸ਼ਿੰਗਾਰ ਦੀ ਚੋਣ ਕਰਦਿਆਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਮੇਰੇ ਕੱਪੜਿਆਂ ਜਾਂ ਹਾਰ-ਸ਼ਿੰਗਾਰ ਤੋਂ ਯਹੋਵਾਹ ਦੇ ਮਿਆਰਾਂ ਦੀ ਝਲਕ ਮਿਲੇਗੀ ਜਾਂ ਦੁਨੀਆਂ ਦੇ? ਕੀ ਮੇਰੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਤੋਂ ਪਤਾ ਲੱਗੇਗਾ ਕਿ ਮੈਂ ਪਰਮੇਸ਼ੁਰ ਦਾ ਡਰ ਰੱਖਣ ਵਾਲਾ ਹਾਂ?’ ਜਾਂ ਕੋਈ ਪ੍ਰੋਗ੍ਰਾਮ ਜਾਂ ਫ਼ਿਲਮ ਦੀ ਚੋਣ ਕਰਦਿਆਂ ਅਸੀਂ ਆਪਣੇ ਆਪ ਤੋਂ ਪੁੱਛ ਸਕਦੇ ਹਾਂ: ‘ਕੀ ਯਹੋਵਾਹ ਇਸ ਪ੍ਰੋਗ੍ਰਾਮ ਨੂੰ ਮਨਜ਼ੂਰ ਕਰੇਗਾ? ਇਸ ਵਿਚ ਕਿਸ ਦੇ ਮਿਆਰ ਦਿਖਾਏ ਗਏ ਹਨ? ਮੈਂ ਜਿਹੜਾ ਮਨੋਰੰਜਨ ਕਰਾਂਗਾ, ਕੀ ਉਸ ਕਰਕੇ ਮੇਰੇ ਲਈ ਪਰਮੇਸ਼ੁਰ ਦੇ ਨੈਤਿਕ ਮਿਆਰਾਂ ʼਤੇ ਚੱਲਣਾ ਔਖਾ ਤਾਂ ਨਹੀਂ ਹੋਵੇਗਾ? (ਜ਼ਬੂ 101:3) ਕੀ ਇਸ ਨਾਲ ਮੇਰੇ ਪਰਿਵਾਰ ਦੇ ਮੈਂਬਰਾਂ ਜਾਂ ਹੋਰ ਜਣਿਆਂ ਦੀ ਨਿਹਚਾ ਦੇ ਰਾਹ ਵਿਚ ਰੁਕਾਵਟ ਤਾਂ ਖੜ੍ਹੀ ਨਹੀਂ ਹੋਵੇਗੀ?’—1 ਕੁਰਿੰ 10:31-33.
ਯਹੋਵਾਹ ਦੇ ਨੈਤਿਕ ਮਿਆਰਾਂ ਨੂੰ ਘੁੱਟ ਕੇ ਫੜੀ ਰੱਖਣਾ ਇੰਨਾ ਜ਼ਰੂਰੀ ਕਿਉਂ ਹੈ? ਮਸੀਹ ਯਿਸੂ ਜਲਦੀ ਹੀ ਕੌਮਾਂ ਅਤੇ ਸਾਰੀ ਦੁਸ਼ਟਤਾ ਨੂੰ ਖ਼ਤਮ ਕਰ ਦੇਵੇਗਾ। (ਹਿਜ਼ 9:4-7) ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਲੇ ਹੀ ਬਚਣਗੇ। (1 ਯੂਹੰ 2:15-17) ਤਾਂ ਫਿਰ, ਆਓ ਆਪਾਂ ਯਹੋਵਾਹ ਦੇ ਨੈਤਿਕ ਮਿਆਰਾਂ ਨੂੰ ਘੁੱਟ ਕੇ ਫੜੀ ਰੱਖੀਏ ਤਾਂਕਿ ਲੋਕ ਸਾਡੇ ਚੰਗੇ ਚਾਲ-ਚਲਣ ਨੂੰ ਦੇਖ ਕੇ ਪਰਮੇਸ਼ੁਰ ਦੇ ਮਹਿਮਾ ਕਰਨ।—1 ਪਤ 2:11, 12.
ਮੇਰੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਤੋਂ ਮੇਰੇ ਨੈਤਿਕ ਮਿਆਰਾਂ ਬਾਰੇ ਕੀ ਪਤਾ ਲੱਗਦਾ ਹੈ?
ਯਹੋਵਾਹ ਦੇ ਦੋਸਤ ਬਣੋ—ਇਕ ਆਦਮੀ ਇਕ ਔਰਤ ਨਾਂ ਦਾ ਵੀਡੀਓ ਦੇਖੋ ਅਤੇ ਫਿਰ ਹੇਠਾਂ ਦਿੱਤੇ ਸਵਾਲਾਂ ʼਤੇ ਚਰਚਾ ਕਰੋ:
ਯਹੋਵਾਹ ਦੇ ਨੈਤਿਕ ਮਿਆਰਾਂ ʼਤੇ ਚੱਲਣਾ ਸਮਝਦਾਰੀ ਦੀ ਗੱਲ ਕਿਉਂ ਹੈ?
ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਯਹੋਵਾਹ ਦੇ ਨੈਤਿਕ ਮਿਆਰਾਂ ਬਾਰੇ ਕਿਉਂ ਸਿਖਾਉਣਾ ਚਾਹੀਦਾ ਹੈ?
ਬੱਚੇ ਤੇ ਬੁੱਢੇ, ਸਾਰੇ ਜਣੇ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਨ ਤਾਂਕਿ ਉਹ ਯਹੋਵਾਹ ਦੀ ਭਲਾਈ ਦਾ ਫ਼ਾਇਦਾ ਲੈ ਸਕਣ?