ਜੀਵਨੀ
ਚੰਗੀਆਂ ਮਿਸਾਲਾਂ ਤੋਂ ਸਿੱਖਣ ਕਰਕੇ ਮੈਨੂੰ ਬੇਸ਼ੁਮਾਰ ਬਰਕਤਾਂ ਮਿਲੀਆਂ
ਛੋਟੇ ਹੁੰਦਿਆਂ ਮੇਰੇ ਲਈ ਪ੍ਰਚਾਰ ਕਰਨਾ ਬਹੁਤ ਔਖਾ ਸੀ। ਵੱਡਾ ਹੋਣ ʼਤੇ ਮੈਨੂੰ ਉਹ ਕੰਮ ਮਿਲੇ ਜਿਨ੍ਹਾਂ ਨੂੰ ਕਰਨ ਦੇ ਮੈਂ ਆਪਣੇ ਆਪ ਨੂੰ ਕਾਬਲ ਨਹੀਂ ਸਮਝਦਾ ਸੀ। ਆਓ ਮੈਂ ਤੁਹਾਨੂੰ ਕੁਝ ਵਧੀਆ ਮਿਸਾਲਾਂ ਬਾਰੇ ਦੱਸਾਂ ਜਿਨ੍ਹਾਂ ਨੇ ਮੇਰੀ 58 ਸਾਲਾਂ ਦੀ ਪੂਰੇ ਸਮੇਂ ਦੀ ਸੇਵਕਾਈ ਦੌਰਾਨ ਡਰ ʼਤੇ ਕਾਬੂ ਪਾਉਣ ਅਤੇ ਸ਼ਾਨਦਾਰ ਬਰਕਤਾਂ ਦਾ ਆਨੰਦ ਮਾਣਨ ਵਿਚ ਮਦਦ ਕੀਤੀ।
ਮੇਰਾ ਜਨਮ ਕੈਨੇਡਾ ਦੇ ਕਿਊਬੈੱਕ ਸਿਟੀ ਵਿਚ ਹੋਇਆ ਜਿੱਥੇ ਫ਼੍ਰੈਂਚ ਭਾਸ਼ਾ ਬੋਲੀ ਜਾਂਦੀ ਹੈ। ਮੇਰੇ ਮਾਪਿਆਂ, ਲੂਇਸ ਤੇ ਜ਼ੀਲੀਆ, ਨੇ ਪਿਆਰ ਨਾਲ ਮੇਰੀ ਪਰਵਰਿਸ਼ ਕੀਤੀ। ਮੇਰੇ ਪਿਤਾ ਜੀ ਸ਼ਰਮੀਲੇ ਸੁਭਾਅ ਦੇ ਸਨ ਅਤੇ ਉਨ੍ਹਾਂ ਨੂੰ ਪੜ੍ਹਨਾ ਬਹੁਤ ਪਸੰਦ ਸੀ। ਮੈਨੂੰ ਲਿਖਣਾ ਪਸੰਦ ਸੀ ਅਤੇ ਮੈਂ ਪੱਤਰਕਾਰ ਬਣਨਾ ਚਾਹੁੰਦਾ ਸੀ।
ਜਦੋਂ ਮੈਂ ਲਗਭਗ 12 ਸਾਲਾਂ ਦਾ ਸੀ, ਉਦੋਂ ਮੇਰੇ ਪਿਤਾ ਜੀ ਨਾਲ ਕੰਮ ਕਰਨ ਵਾਲੇ ਰੋਡੌਲਫ਼ ਸੂਸੀ ਆਪਣੇ ਦੋਸਤ ਨਾਲ ਸਾਡੇ ਘਰ ਆਏ। ਉਹ ਦੋਵੇਂ ਯਹੋਵਾਹ ਦੇ ਗਵਾਹ ਸਨ। ਮੈਨੂੰ ਨਾ ਤਾਂ ਗਵਾਹਾਂ ਬਾਰੇ ਜ਼ਿਆਦਾ ਕੁਝ ਪਤਾ ਸੀ ਤੇ ਨਾ ਹੀ ਮੈਨੂੰ ਉਨ੍ਹਾਂ ਦੇ ਧਰਮ ਵਿਚ ਕੋਈ ਖ਼ਾਸ ਦਿਲਚਸਪੀ ਸੀ। ਪਰ ਮੈਂ ਬਹੁਤ ਪ੍ਰਭਾਵਿਤ ਹੋਇਆ ਜਦੋਂ ਉਨ੍ਹਾਂ ਨੇ ਬਾਈਬਲ ਵਿੱਚੋਂ ਪਿਆਰ ਤੇ ਵਧੀਆ ਤਰੀਕੇ ਨਾਲ ਸਵਾਲਾਂ ਦੇ ਜਵਾਬ ਦਿੱਤੇ। ਮੇਰੇ ਮਾਪੇ ਵੀ ਪ੍ਰਭਾਵਿਤ ਹੋਏ। ਇਸ ਕਰਕੇ ਅਸੀਂ ਬਾਈਬਲ ਸਟੱਡੀ ਕਰਨ ਲਈ ਮੰਨ ਗਏ।
ਉਸ ਸਮੇਂ ਮੈਂ ਕੈਥੋਲਿਕ ਸਕੂਲ ਜਾਂਦਾ ਸੀ। ਕਦੀ-ਕਦਾਈਂ ਮੈਂ ਆਪਣੇ ਨਾਲ ਪੜ੍ਹਨ ਵਾਲਿਆਂ ਨੂੰ ਬਾਈਬਲ ਤੋਂ ਸਿੱਖੀਆਂ ਗੱਲਾਂ ਦੱਸਦਾ ਸੀ। ਅਖ਼ੀਰ ਇਸ ਗੱਲ ਦਾ ਪਤਾ ਅਧਿਆਪਕਾਂ ਨੂੰ ਲੱਗ ਗਿਆ ਜੋ ਕਿ ਪਾਦਰੀ ਸਨ। ਬਾਈਬਲ ਵਿੱਚੋਂ ਮੇਰੀਆਂ ਗੱਲਾਂ ਨੂੰ ਗ਼ਲਤ ਸਾਬਤ ਕਰਨ ਦੀ ਬਜਾਇ ਇਕ ਅਧਿਆਪਕ ਨੇ ਸਾਰੀ ਕਲਾਸ ਦੇ ਸਾਮ੍ਹਣੇ ਮੇਰੇ ʼਤੇ ਬਾਗ਼ੀ ਹੋਣ ਦਾ ਦੋਸ਼ ਲਾਇਆ! ਭਾਵੇਂ ਕਿ ਇਹ ਔਖੀ ਘੜੀ ਸੀ, ਪਰ ਇਹ ਮੇਰੇ ਲਈ ਬਰਕਤ ਸਾਬਤ ਹੋਈ। ਇਸ ਨਾਲ ਮੇਰੀ ਇਹ ਦੇਖਣ ਵਿਚ ਮਦਦ ਹੋਈ ਕਿ ਸਕੂਲ ਦੀਆਂ ਧਾਰਮਿਕ ਸਿੱਖਿਆਵਾਂ ਬਾਈਬਲ ਦੀਆਂ ਗੱਲਾਂ ਨਾਲ ਮੇਲ ਨਹੀਂ ਖਾਂਦੀਆਂ ਸਨ। ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਉਹ ਸਕੂਲ ਛੱਡ ਦੇਣਾ ਚਾਹੀਦਾ ਸੀ। ਮਾਪਿਆਂ ਦੀ ਇਜਾਜ਼ਤ ਨਾਲ ਮੈਂ ਹੋਰ ਸਕੂਲ ਵਿਚ ਦਾਖ਼ਲਾ ਲੈ ਲਿਆ।
ਮੈਂ ਪ੍ਰਚਾਰ ਦੇ ਕੰਮ ਵਿਚ ਖ਼ੁਸ਼ੀ ਪਾਉਣੀ ਸਿੱਖੀ
ਮੈਂ ਲਗਾਤਾਰ ਸਟੱਡੀ ਕਰਦਾ ਰਿਹਾ, ਪਰ ਘਰ-ਘਰ ਪ੍ਰਚਾਰ ਕਰਨ ਤੋਂ ਡਰਨ ਕਰਕੇ ਮੈਂ ਹੌਲੀ-ਹੌਲੀ ਤਰੱਕੀ ਕੀਤੀ। ਉਸ ਸਮੇਂ ਕੈਥੋਲਿਕ ਚਰਚ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਅਤੇ ਉਹ ਪ੍ਰਚਾਰ ਕੰਮ ਦੇ ਸਖ਼ਤ ਖ਼ਿਲਾਫ਼ ਸੀ। ਕਿਊਬੈੱਕ ਦੇ ਮੁੱਖ ਮੰਤਰੀ ਮੋਰਿਸ ਡੂਪਲੇਸੀ ਦੀ ਚਰਚ ਨਾਲ ਗਹਿਰੀ ਦੋਸਤੀ ਸੀ। ਉਸ ਦੀ ਮਦਦ ਨਾਲ ਭੀੜਾਂ ਨੇ ਗਵਾਹਾਂ ਨੂੰ ਤੰਗ-ਪਰੇਸ਼ਾਨ ਕੀਤਾ ਅਤੇ ਇੱਥੋਂ ਤਕ ਕਿ ਉਨ੍ਹਾਂ ʼਤੇ ਹਮਲੇ ਵੀ ਕੀਤੇ। ਉਸ ਸਮੇਂ ਗਵਾਹਾਂ ਨੂੰ ਪ੍ਰਚਾਰ ਕਰਨ ਲਈ ਵਾਕਈ ਦਲੇਰੀ ਦੀ ਲੋੜ ਸੀ।
ਗਿਲਿਅਡ ਦੀ ਨੌਵੀਂ ਕਲਾਸ ਵਿਚ ਗ੍ਰੈਜੂਏਟ ਹੋਣ ਵਾਲੇ ਭਰਾ ਜੌਨ ਰੀਅ ਨੇ ਡਰ ʼਤੇ ਕਾਬੂ ਪਾਉਣ ਵਿਚ ਮੇਰੀ ਮਦਦ ਕੀਤੀ। ਤਜਰਬੇਕਾਰ ਭਰਾ ਜੌਨ ਨਿਮਰ ਸੀ ਅਤੇ ਉਸ ਨਾਲ ਬਿਨਾਂ ਝਿਜਕੇ ਗੱਲ ਕੀਤੀ ਜਾ ਸਕਦੀ ਸੀ। ਉਸ ਨੇ ਮੈਨੂੰ ਕਦੇ-ਕਦਾਈਂ ਹੀ ਸਲਾਹ ਦਿੱਤੀ, ਪਰ ਉਸ ਦੀ ਮਿਸਾਲ ਨੇ ਮੇਰੇ ʼਤੇ ਜ਼ਬਰਦਸਤ ਅਸਰ ਪਾਇਆ। ਜੌਨ ਨੂੰ ਥੋੜ੍ਹੀ-ਬਹੁਤੀ ਹੀ ਫ਼੍ਰੈਂਚ ਆਉਂਦੀ ਸੀ, ਇਸ ਕਰਕੇ ਮੈਂ ਅਕਸਰ ਉਸ ਨਾਲ ਪ੍ਰਚਾਰ ʼਤੇ ਜਾਂਦਾ ਸੀ ਅਤੇ ਫ਼੍ਰੈਂਚ ਬੋਲਣ ਤੇ ਸਮਝਣ ਵਿਚ ਉਸ ਦੀ ਮਦਦ ਕਰਦਾ ਸੀ। ਜੌਨ ਨਾਲ ਸਮਾਂ ਬਿਤਾਉਣ ਕਰਕੇ ਅਖ਼ੀਰ ਮੈਂ ਸੱਚਾਈ ਦੇ ਪੱਖ ਵਿਚ ਖੜ੍ਹਾ ਹੋਣ ਦਾ ਫ਼ੈਸਲਾ ਕੀਤਾ। ਗਵਾਹਾਂ ਨਾਲ ਪਹਿਲੀ ਵਾਰ ਮਿਲਣ ਤੋਂ 10 ਸਾਲਾਂ ਬਾਅਦ ਮੈਂ 26 ਮਈ 1951 ਵਿਚ ਬਪਤਿਸਮਾ ਲਿਆ।
ਜੌਨ ਰੀਅ (ੳ) ਦੀ ਚੰਗੀ ਮਿਸਾਲ ਨੇ ਘਰ-ਘਰ ਪ੍ਰਚਾਰ ਕਰਨ ਦੇ ਡਰ ʼਤੇ ਕਾਬੂ ਪਾਉਣ ਵਿਚ ਮੇਰੀ (ਅ) ਮਦਦ ਕੀਤੀ
ਕਿਊਬੈੱਕ ਸਿਟੀ ਵਿਚ ਸਾਡੀ ਛੋਟੀ ਜਿਹੀ ਮੰਡਲੀ ਵਿਚ ਜ਼ਿਆਦਾਤਰ ਪਾਇਨੀਅਰ ਸਨ। ਉਨ੍ਹਾਂ ਦੀ ਚੰਗੀ ਮਿਸਾਲ ਕਰਕੇ ਮੈਂ ਪਾਇਨੀਅਰਿੰਗ ਕਰਨ ਲਈ ਪ੍ਰੇਰਿਤ ਹੋਇਆ। ਉਸ ਸਮੇਂ ਅਸੀਂ ਸਿਰਫ਼ ਬਾਈਬਲ ਦੀ ਵਰਤੋਂ ਕਰ ਕੇ ਘਰ-ਘਰ ਪ੍ਰਚਾਰ ਕਰਦੇ ਸੀ। ਪ੍ਰਕਾਸ਼ਨਾਂ ਤੋਂ ਬਿਨਾਂ ਅਸਰਕਾਰੀ ਤਰੀਕੇ ਨਾਲ ਪ੍ਰਚਾਰ ਕਰਨ ਲਈ ਸਾਨੂੰ ਬਾਈਬਲ ਦੀ ਵਰਤੋਂ ਕਰਨੀ ਪੈਂਦੀ ਸੀ। ਇਸ ਲਈ ਸੱਚਾਈ ਦੇ ਪੱਖ ਵਿਚ ਗਵਾਹੀ ਦੇਣ ਲਈ ਮੈਂ ਬਾਈਬਲ ਦੀਆਂ ਆਇਤਾਂ ਸਿੱਖਣ ਵਿਚ ਮਿਹਨਤ ਕੀਤੀ। ਪਰ ਬਹੁਤ ਸਾਰੇ ਲੋਕ ਉਸ ਬਾਈਬਲ ਵਿੱਚੋਂ ਪੜ੍ਹਨ ਤੋਂ ਮਨ੍ਹਾ ਕਰ ਦਿੰਦੇ ਸਨ ਜਿਸ ਨੂੰ ਕੈਥੋਲਿਕ ਚਰਚ ਦੀ ਮਾਨਤਾ ਨਹੀਂ ਮਿਲੀ ਹੁੰਦੀ ਸੀ।
1952 ਵਿਚ ਮੈਂ ਆਪਣੀ ਮੰਡਲੀ ਦੀ ਵਫ਼ਾਦਾਰ ਭੈਣ ਸਮੋਨ ਪੈਟਰੀ ਨਾਲ ਵਿਆਹ ਕਰਾ ਲਿਆ। ਅਸੀਂ ਮਾਂਟ੍ਰੀਆਲ ਨੂੰ ਚਲੇ ਗਏ ਅਤੇ ਇਕ ਸਾਲ ਵਿਚ ਹੀ ਸਾਡੇ ਘਰ ਇਕ ਕੁੜੀ ਨੇ ਜਨਮ ਲਿਆ। ਅਸੀਂ ਉਸ ਦਾ ਨਾਂ ਲੀਸਾ ਰੱਖਿਆ। ਭਾਵੇਂ ਕਿ ਮੈਂ ਵਿਆਹ ਤੋਂ ਥੋੜ੍ਹਾ ਸਮਾਂ ਪਹਿਲਾਂ ਪਾਇਨੀਅਰਿੰਗ ਕਰਨੀ ਛੱਡ ਦਿੱਤੀ ਸੀ, ਪਰ ਮੈਂ ਤੇ ਸਮੋਨ ਨੇ ਆਪਣੀ ਜ਼ਿੰਦਗੀ ਸਾਦੀ ਰੱਖੀ ਤਾਂਕਿ ਅਸੀਂ ਪਰਿਵਾਰ ਵਜੋਂ ਮੰਡਲੀ ਦੇ ਕੰਮਾਂ ਵਿਚ ਜ਼ੋਰ-ਸ਼ੋਰ ਨਾਲ ਹਿੱਸਾ ਲੈ ਸਕੀਏ।
10 ਸਾਲਾਂ ਬਾਅਦ ਮੈਂ ਫਿਰ ਤੋਂ ਪਾਇਨੀਅਰਿੰਗ ਕਰਨ ਬਾਰੇ ਗੰਭੀਰਤਾ ਨਾਲ ਸੋਚਿਆ। 1962 ਵਿਚ ਜਦੋਂ ਮੈਂ ਕੈਨੇਡਾ ਦੇ ਬੈਥਲ ਵਿਚ ਇਕ ਮਹੀਨੇ ਲਈ ਬਜ਼ੁਰਗਾਂ ਲਈ ਰੱਖੇ ਕਿੰਗਡਮ ਮਿਨਿਸਟ੍ਰੀ ਸਕੂਲ ਵਿਚ ਹਾਜ਼ਰ ਹੋਣ ਗਿਆ, ਤਾਂ ਮੈਂ ਕਮੀਲ ਵਾਲੈੱਟ ਨਾਂ ਦੇ ਭਰਾ ਨਾਲ ਕਮਰੇ ਵਿਚ ਰਿਹਾ। ਪ੍ਰਚਾਰ ਲਈ ਕਮੀਲ ਦੇ ਜੋਸ਼ ਦਾ ਮੇਰੇ ʼਤੇ ਗਹਿਰਾ ਅਸਰ ਪਿਆ, ਖ਼ਾਸ ਕਰਕੇ ਇਸ ਲਈ ਕਿਉਂਕਿ ਉਹ ਵਿਆਹਿਆ ਹੋਇਆ ਸੀ ਤੇ ਉਸ ਦੇ ਬੱਚੇ ਸਨ। ਉਸ ਸਮੇਂ ਕਿਊਬੈੱਕ ਵਿਚ ਘੱਟ ਹੀ ਭੈਣ-ਭਰਾ ਪਰਿਵਾਰ ਦੀ ਦੇਖ-ਭਾਲ ਕਰਨ ਦੇ ਨਾਲ-ਨਾਲ ਪਾਇਨੀਅਰਿੰਗ ਕਰਦੇ ਸਨ। ਪਰ ਕਮੀਲ ਨੇ ਇੱਦਾਂ ਕਰਨ ਦਾ ਟੀਚਾ ਰੱਖਿਆ ਹੋਇਆ ਸੀ। ਉਸ ਨਾਲ ਬਿਤਾਏ ਸਮੇਂ ਕਰਕੇ ਮੈਨੂੰ ਆਪਣੇ ਹਾਲਾਤਾਂ ਬਾਰੇ ਸੋਚਣ ਦੀ ਹੱਲਾਸ਼ੇਰੀ ਮਿਲੀ। ਕੁਝ ਮਹੀਨਿਆਂ ਬਾਅਦ ਹੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਦੁਬਾਰਾ ਤੋਂ ਰੈਗੂਲਰ ਪਾਇਨੀਅਰ ਵਜੋਂ ਸੇਵਾ ਕਰ ਸਕਦਾ ਸੀ। ਕੁਝ ਜਣਿਆਂ ਨੇ ਕਿਹਾ ਕਿ ਇਹ ਸਮਝਦਾਰੀ ਵਾਲਾ ਫ਼ੈਸਲਾ ਨਹੀਂ ਸੀ, ਪਰ ਮੈਂ ਪਾਇਨੀਅਰਿੰਗ ਸ਼ੁਰੂ ਕਰ ਦਿੱਤੀ ਕਿਉਂਕਿ ਮੈਨੂੰ ਭਰੋਸਾ ਸੀ ਕਿ ਪ੍ਰਚਾਰ ਵਿਚ ਜ਼ਿਆਦਾ ਹਿੱਸਾ ਲੈਣ ਦੇ ਮੇਰੇ ਜਤਨਾਂ ʼਤੇ ਯਹੋਵਾਹ ਜ਼ਰੂਰ ਬਰਕਤ ਪਾਵੇਗਾ।
ਦੁਬਾਰਾ ਕਿਊਬੈੱਕ ਸਿਟੀ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ
1964 ਵਿਚ ਮੈਨੂੰ ਤੇ ਸਮੋਨ ਨੂੰ ਕਿਊਬੈੱਕ ਸਿਟੀ ਵਿਚ ਸਪੈਸ਼ਲ ਪਾਇਨੀਅਰਾਂ ਵਜੋਂ ਭੇਜਿਆ ਗਿਆ ਜਿੱਥੇ ਅਸੀਂ ਕਾਫ਼ੀ ਸਾਲਾਂ ਤਕ ਸੇਵਾ ਕੀਤੀ। ਚਾਹੇ ਉਸ ਸਮੇਂ ਵਿਰੋਧ ਹੋਣਾ ਘੱਟ ਹੋ ਗਿਆ ਸੀ, ਪਰ ਫਿਰ ਵੀ ਕੁਝ ਲੋਕਾਂ ਨੇ ਸਾਡਾ ਵਿਰੋਧ ਕੀਤਾ।
ਸ਼ਨੀਵਾਰ ਦੀ ਦੁਪਹਿਰ ਨੂੰ ਮੈਨੂੰ ਸੇਂਟ-ਮਰੀ ਨਾਂ ਦੇ ਛੋਟੇ ਜਿਹੇ ਇਲਾਕੇ ਤੋਂ ਗਿਰਫ਼ਤਾਰ ਕਰ ਲਿਆ ਗਿਆ ਜੋ ਕਿਊਬੈੱਕ ਸਿਟੀ ਤੋਂ ਜ਼ਿਆਦਾ ਦੂਰ ਨਹੀਂ ਸੀ। ਇਕ ਅਫ਼ਸਰ ਮੈਨੂੰ ਥਾਣੇ ਲੈ ਗਿਆ ਅਤੇ ਮੈਨੂੰ ਜੇਲ੍ਹ ਵਿਚ ਸੁੱਟ ਦਿੱਤਾ ਕਿਉਂਕਿ ਮੇਰੇ ਕੋਲ ਪ੍ਰਚਾਰ ਕਰਨ ਦੀ ਮਨਜ਼ੂਰੀ ਨਹੀਂ ਸੀ। ਬਾਅਦ ਵਿਚ, ਮੈਨੂੰ ਬੇਲਰਗਿਓਨ ਨਾਂ ਦੇ ਜੱਜ ਸਾਮ੍ਹਣੇ ਲਿਆਂਦਾ ਗਿਆ ਜੋ ਕਿ ਇਕ ਡਰਾਉਣਾ ਇਨਸਾਨ ਸੀ। ਉਸ ਨੇ ਮੈਨੂੰ ਪੁੱਛਿਆ ਕਿ ਮੇਰਾ ਵਕੀਲ ਕੌਣ ਸੀ। ਜਦੋਂ ਮੈਂ ਦੱਸਿਆ ਕਿ ਗਲੈੱਨ ਹਾਓ,a ਜੋ ਗਵਾਹਾਂ ਦਾ ਇਕ ਜਾਣਿਆ-ਪਛਾਣਿਆ ਵਕੀਲ ਸੀ, ਤਾਂ ਉਸ ਨੇ ਘਬਰਾ ਕੇ ਕਿਹਾ: “ਨਹੀਂ! ਉਹ ਨਹੀਂ!” ਉਸ ਸਮੇਂ ਗਲੈੱਨ ਹਾਓ ਮੰਨਿਆ-ਪ੍ਰਮੰਨਿਆ ਵਕੀਲ ਸੀ ਜੋ ਗਵਾਹਾਂ ਦੇ ਪੱਖ ਵਿਚ ਲੜਦਾ ਸੀ। ਅਦਾਲਤ ਨੇ ਛੇਤੀ ਹੀ ਮੈਨੂੰ ਦੱਸਿਆ ਕਿ ਮੇਰੇ ʼਤੇ ਲੱਗੇ ਦੋਸ਼ ਹਟਾ ਦਿੱਤੇ ਗਏ ਸਨ।
ਕਿਊਬੈੱਕ ਵਿਚ ਸਾਡੇ ਕੰਮ ਦਾ ਵਿਰੋਧ ਹੋਣ ਕਰਕੇ ਸਾਡੇ ਲਈ ਸਭਾਵਾਂ ਲਈ ਜਗ੍ਹਾ ਕਿਰਾਏ ʼਤੇ ਲੈਣੀ ਔਖੀ ਹੋ ਗਈ। ਸਾਡੀ ਮੰਡਲੀ ਨੂੰ ਇਕ ਪੁਰਾਣਾ ਗਰਾਜ ਕਿਰਾਏ ʼਤੇ ਮਿਲਿਆ ਜਿਸ ਵਿਚ ਬਹੁਤ ਠੰਢ ਸੀ। ਗਰਾਜ ਵਿਚ ਥੋੜ੍ਹੀ-ਬਹੁਤੀ ਗਰਮਾਇਸ਼ ਪੈਦਾ ਕਰਨ ਲਈ ਭਰਾਵਾਂ ਨੇ ਤੇਲ ਨਾਲ ਚੱਲਣ ਵਾਲੇ ਹੀਟਰ ਬਾਲ਼ੇ। ਅਸੀਂ ਅਕਸਰ ਸਭਾਵਾਂ ਤੋਂ ਪਹਿਲਾਂ ਕੁਝ ਘੰਟੇ ਹੀਟਰ ਦੁਆਲੇ ਬੈਠ ਕੇ ਹੌਸਲਾ ਦੇਣ ਵਾਲੇ ਤਜਰਬੇ ਸਾਂਝੇ ਕਰਦੇ ਹੁੰਦੇ ਸੀ।
ਇਹ ਦੇਖਣਾ ਕਿੰਨਾ ਜ਼ਿਆਦਾ ਵਧੀਆ ਹੈ ਕਿ ਸਾਲਾਂ ਤੋਂ ਪ੍ਰਚਾਰ ਕੰਮ ਵਿਚ ਕਿਵੇਂ ਤਰੱਕੀ ਹੋਈ। 1960 ਦੇ ਦਹਾਕੇ ਵਿਚ ਕਿਊਬੈੱਕ ਸਿਟੀ ਦੇ ਕੋਟ-ਨੌਰਡ ਤੇ ਗੇਸਪੇ ਪ੍ਰਾਇਦੀਪ ਇਲਾਕਿਆਂ ਵਿਚ ਸਿਰਫ਼ ਕੁਝ ਹੀ ਛੋਟੀਆਂ ਮੰਡਲੀਆਂ ਸਨ। ਅੱਜ ਇਨ੍ਹਾਂ ਇਲਾਕਿਆਂ ਵਿਚ ਦੋ ਤੋਂ ਜ਼ਿਆਦਾ ਸਰਕਟ ਹਨ ਅਤੇ ਭੈਣ-ਭਰਾ ਸੋਹਣੇ ਕਿੰਗਡਮ ਹਾਲਾਂ ਵਿਚ ਇਕੱਠੇ ਹੁੰਦੇ ਹਨ।
ਸਫ਼ਰੀ ਕੰਮ ਕਰਨ ਦਾ ਸੱਦਾ
1977 ਵਿਚ ਮੈਂ ਟੋਰੌਂਟੋ, ਕੈਨੇਡਾ ਵਿਚ ਸਫ਼ਰੀ ਨਿਗਾਹਬਾਨਾਂ ਲਈ ਰੱਖੀ ਸਭਾ ਵਿਚ
1970 ਵਿਚ ਮੈਨੂੰ ਤੇ ਸਮੋਨ ਨੂੰ ਸਫ਼ਰੀ ਕੰਮ ਕਰਨ ਦਾ ਸੱਦਾ ਦਿੱਤਾ ਗਿਆ। ਫਿਰ 1973 ਵਿਚ ਸਾਨੂੰ ਡਿਸਟ੍ਰਿਕਟ ਕੰਮ ਦੀ ਜ਼ਿੰਮੇਵਾਰੀ ਦਿੱਤੀ ਗਈ। ਇਨ੍ਹਾਂ ਸਾਲਾਂ ਦੌਰਾਨ ਮੈਂ ਲੋਰੀਏ ਸੋਮੂਰb ਅਤੇ ਡੇਵਿਡ ਸਪਲੇਨc ਵਰਗੇ ਕਾਬਲ ਭਰਾਵਾਂ ਤੋਂ ਸਿੱਖਿਆ। ਇਹ ਦੋਵੇਂ ਜਣੇ ਸਫ਼ਰੀ ਕੰਮ ਕਰਦੇ ਸਨ। ਹਰ ਸੰਮੇਲਨ ਤੋਂ ਬਾਅਦ ਮੈਂ ਤੇ ਡੇਵਿਡ ਸਿਖਾਉਣ ਦੇ ਢੰਗ ਵਿਚ ਸੁਧਾਰ ਕਰਨ ਲਈ ਇਕ-ਦੂਜੇ ਨੂੰ ਸੁਝਾਅ ਦਿੰਦੇ ਸੀ। ਮੈਨੂੰ ਯਾਦ ਹੈ ਕਿ ਇਕ ਵਾਰ ਜਦੋਂ ਡੇਵਿਡ ਨੇ ਮੈਨੂੰ ਕਿਹਾ: “ਲੀਓਂਸ, ਮੈਨੂੰ ਤੇਰਾ ਆਖ਼ਰੀ ਭਾਸ਼ਣ ਬਹੁਤ ਵਧੀਆ ਲੱਗਾ, ਪਰ ਜੋ ਤੂੰ ਉਸ ਵਿਚ ਜਾਣਕਾਰੀ ਦਿੱਤੀ, ਉਸ ਤੋਂ ਮੈਂ ਤਿੰਨ ਭਾਸ਼ਣ ਬਣਾ ਦੇਣੇ ਸਨ!” ਮੈਂ ਆਪਣੇ ਭਾਸ਼ਣਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਣੀ ਚਾਹੁੰਦਾ ਸੀ। ਮੈਨੂੰ ਸਿੱਖਣ ਦੀ ਲੋੜ ਸੀ ਕਿ ਮੈਂ ਥੋੜ੍ਹੀ ਜਾਣਕਾਰੀ ਦੇਵਾਂ।
ਮੈਂ ਕੈਨੇਡਾ ਦੇ ਪੂਰਬੀ ਇਲਾਕਿਆਂ ਦੇ ਵੱਖੋ-ਵੱਖਰੇ ਸ਼ਹਿਰਾਂ ਵਿਚ ਸੇਵਾ ਕੀਤੀ
ਡਿਸਟ੍ਰਿਕਟ ਓਵਰਸੀਅਰਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਸਰਕਟ ਓਵਰਸੀਅਰਾਂ ਨੂੰ ਹੱਲਾਸ਼ੇਰੀ ਦੇਣ। ਪਰ ਕਿਊਬੈੱਕ ਵਿਚ ਬਹੁਤ ਸਾਰੇ ਪ੍ਰਚਾਰਕ ਮੈਨੂੰ ਜਾਣਦੇ ਸਨ। ਜਦੋਂ ਮੈਂ ਉਨ੍ਹਾਂ ਦੇ ਸਰਕਟ ਵਿਚ ਜਾਂਦਾ ਸੀ, ਤਾਂ ਉਹ ਅਕਸਰ ਮੇਰੇ ਨਾਲ ਪ੍ਰਚਾਰ ਕਰਨਾ ਚਾਹੁੰਦੇ ਸਨ। ਭਾਵੇਂ ਕਿ ਮੈਨੂੰ ਉਨ੍ਹਾਂ ਨਾਲ ਪ੍ਰਚਾਰ ਕਰ ਕੇ ਖ਼ੁਸ਼ੀ ਮਿਲਦੀ ਸੀ, ਪਰ ਮੈਂ ਸਰਕਟ ਓਵਰਸੀਅਰ ਨਾਲ ਜ਼ਿਆਦਾ ਸਮਾਂ ਨਹੀਂ ਬਿਤਾ ਪਾਉਂਦਾ ਸੀ। ਇਕ ਮੌਕੇ ʼਤੇ ਪਿਆਰ ਕਰਨ ਵਾਲੇ ਇਕ ਸਰਕਟ ਓਵਰਸੀਅਰ ਨੇ ਮੈਨੂੰ ਯਾਦ ਕਰਾਇਆ: “ਇਹ ਵਧੀਆ ਗੱਲ ਹੈ ਕਿ ਤੁਸੀਂ ਭੈਣਾਂ-ਭਰਾਵਾਂ ਨਾਲ ਸਮਾਂ ਬਿਤਾਉਂਦੇ ਹੋ, ਪਰ ਇਹ ਨਾ ਭੁੱਲੋ ਕਿ ਤੁਸੀਂ ਇਹ ਹਫ਼ਤਾ ਮੇਰੇ ਨਾਲ ਬਿਤਾਉਣ ਲਈ ਆਏ ਹੋ। ਮੈਨੂੰ ਵੀ ਹੌਸਲੇ ਦੀ ਲੋੜ ਹੈ!” ਇਸ ਪਿਆਰ ਭਰੀ ਸਲਾਹ ਤੋਂ ਮੈਂ ਸੰਤੁਲਨ ਰੱਖਣਾ ਸਿੱਖਿਆ।
ਦੁੱਖ ਦੀ ਗੱਲ ਹੈ ਕਿ 1976 ਵਿਚ ਅਚਾਨਕ ਇਕ ਬੁਰੀ ਘਟਨਾ ਵਾਪਰੀ। ਮੇਰੀ ਪਿਆਰੀ ਪਤਨੀ ਸਮੋਨ ਬਹੁਤ ਬੀਮਾਰ ਹੋ ਗਈ ਤੇ ਉਹ ਮੌਤ ਦੀ ਨੀਂਦ ਸੌਂ ਗਈ। ਨਿਰਸੁਆਰਥ ਸੇਵਾ ਕਰਨ ਤੇ ਯਹੋਵਾਹ ਨਾਲ ਪਿਆਰ ਹੋਣ ਕਰਕੇ ਉਹ ਇਕ ਵਧੀਆ ਸਾਥਣ ਸੀ। ਪ੍ਰਚਾਰ ਕੰਮ ਵਿਚ ਆਪਣੇ ਆਪ ਨੂੰ ਵਿਅਸਤ ਰੱਖ ਕੇ ਮੈਂ ਇਸ ਸਦਮੇ ਦਾ ਸਾਮ੍ਹਣਾ ਕਰ ਸਕਿਆ ਅਤੇ ਇਸ ਔਖੀ ਘੜੀ ਵਿਚ ਯਹੋਵਾਹ ਵੱਲੋਂ ਮਿਲੀ ਮਦਦ ਦਾ ਮੈਂ ਧੰਨਵਾਦ ਕਰਦਾ ਹਾਂ। ਬਾਅਦ ਵਿਚ ਮੈਂ ਕੈਰੋਲੀਨ ਏਲੀਅਟ ਨਾਲ ਵਿਆਹ ਕਰਾ ਲਿਆ ਜੋ ਕਿ ਜੋਸ਼ੀਲੀ ਪਾਇਨੀਅਰ ਭੈਣ ਸੀ ਤੇ ਉਸ ਦੀ ਮਾਂ-ਬੋਲੀ ਅੰਗ੍ਰੇਜ਼ੀ ਸੀ। ਉਹ ਕਿਊਬੈੱਕ ਵਿਚ ਸੇਵਾ ਕਰਨ ਆਈ ਸੀ ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਸੀ। ਕੈਰੋਲੀਨ ਨਾਲ ਬਿਨਾਂ ਝਿਜਕੇ ਗੱਲ ਕੀਤੀ ਜਾ ਸਕਦੀ ਹੈ ਅਤੇ ਉਹ ਦੂਜਿਆਂ ਵਿਚ ਦਿਲੋਂ ਦਿਲਚਸਪੀ ਲੈਂਦੀ ਹੈ, ਖ਼ਾਸ ਕਰਕੇ ਜਿਹੜੇ ਸ਼ਰਮੀਲੇ ਸੁਭਾਅ ਦੇ ਹਨ ਜਾਂ ਇਕੱਲਾਪਣ ਮਹਿਸੂਸ ਕਰਦੇ ਹਨ। ਸਫ਼ਰੀ ਕੰਮ ਵਿਚ ਉਹ ਮੇਰੇ ਲਈ ਵਾਕਈ ਇਕ ਬਰਕਤ ਸਾਬਤ ਹੋਈ।
ਇਕ ਅਹਿਮ ਸਾਲ
ਜਨਵਰੀ 1978 ਵਿਚ ਮੈਨੂੰ ਕਿਊਬੈੱਕ ਵਿਚ ਪਹਿਲੀ ਵਾਰ ਹੋਣ ਵਾਲੇ ਪਾਇਨੀਅਰ ਸੇਵਾ ਸਕੂਲ ਵਿਚ ਸਿਖਲਾਈ ਦੇਣ ਲਈ ਕਿਹਾ ਗਿਆ। ਮੈਂ ਬਹੁਤ ਘਬਰਾਇਆ ਹੋਇਆ ਸੀ ਕਿਉਂਕਿ ਮੈਂ ਆਪ ਕਦੇ ਇਸ ਸਕੂਲ ਵਿਚ ਸਿਖਲਾਈ ਨਹੀਂ ਲਈ ਸੀ ਜਾਂ ਕਦੇ ਵੀ ਇਸ ਵਿਚ ਪੜ੍ਹੀ ਜਾਣ ਵਾਲੀ ਕਿਤਾਬ ਨਹੀਂ ਪੜ੍ਹੀ ਸੀ। ਮੈਂ ਇਸ ਗੱਲ ਦਾ ਸ਼ੁਕਰ ਕਰਦਾ ਹਾਂ ਕਿ ਇਸ ਪਹਿਲੀ ਕਲਾਸ ਵਿਚ ਬਹੁਤ ਸਾਰੇ ਤਜਰਬੇਕਾਰ ਪਾਇਨੀਅਰ ਸਨ। ਭਾਵੇਂ ਕਿ ਮੈਂ ਸਿਖਲਾਈ ਦਿੱਤੀ, ਪਰ ਮੈਂ ਵਿਦਿਆਰਥੀਆਂ ਤੋਂ ਬਹੁਤ ਕੁਝ ਸਿੱਖਿਆ!
ਬਾਅਦ ਵਿਚ 1978 ਵਿਚ ਮਾਂਟ੍ਰੀਆਲ ਓਲੰਪਕ ਸਟੇਡੀਅਮ ਵਿਚ “ਜੇਤੂ ਨਿਹਚਾ” ਨਾਂ ਦਾ ਅੰਤਰਰਾਸ਼ਟਰੀ ਸੰਮੇਲਨ ਹੋਇਆ। ਇਹ ਕਿਊਬੈੱਕ ਵਿਚ ਹੋਣ ਵਾਲਾ ਸਭ ਤੋਂ ਵੱਡਾ ਸੰਮੇਲਨ ਸੀ ਜਿਸ ਵਿਚ 80,000 ਤੋਂ ਜ਼ਿਆਦਾ ਲੋਕ ਹਾਜ਼ਰ ਹੋਏ। ਮੈਨੂੰ ਸੰਮੇਲਨ ਦੇ ਸੂਚਨਾ ਵਿਭਾਗ ਨਾਲ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਮੈਂ ਬਹੁਤ ਸਾਰੇ ਪੱਤਰਕਾਰਾਂ ਨਾਲ ਗੱਲ ਕੀਤੀ ਅਤੇ ਮੈਨੂੰ ਖ਼ੁਸ਼ੀ ਹੋਈ ਕਿ ਉਨ੍ਹਾਂ ਨੇ ਸਾਡੇ ਬਾਰੇ ਵਧੀਆ ਗੱਲਾਂ ਲਿਖੀਆਂ। ਉਨ੍ਹਾਂ ਨੇ 20 ਤੋਂ ਜ਼ਿਆਦਾ ਘੰਟੇ ਟੈਲੀਵਿਯਨ ਅਤੇ ਰੇਡੀਓ ʼਤੇ ਸਾਡੀਆਂ ਇੰਟਰਵਿਊ ਲਈਆਂ ਅਤੇ ਸਾਡੇ ਬਾਰੇ ਹਜ਼ਾਰਾਂ ਹੀ ਲੇਖ ਛਾਪੇ। ਬਹੁਤ ਵੱਡੇ ਪੱਧਰ ʼਤੇ ਗਵਾਹੀ ਦਿੱਤੀ ਗਈ!
ਹੋਰ ਇਲਾਕੇ ਵਿਚ ਇਕ ਨਵੀਂ ਜ਼ਿੰਮੇਵਾਰੀ
1996 ਵਿਚ ਮੇਰੀ ਜ਼ਿੰਮੇਵਾਰੀ ਵਿਚ ਇਕ ਵੱਡੀ ਤਬਦੀਲੀ ਆਈ। ਬਪਤਿਸਮੇ ਤੋਂ ਲੈ ਕੇ ਹੁਣ ਤਕ ਮੈਂ ਕਿਊਬੈੱਕ ਦੇ ਫ਼੍ਰੈਂਚ ਬੋਲਣ ਵਾਲੇ ਇਲਾਕੇ ਵਿਚ ਸੇਵਾ ਕੀਤੀ ਸੀ। ਪਰ ਹੁਣ ਮੈਨੂੰ ਟੋਰੌਂਟੋ ਦੇ ਅੰਗ੍ਰੇਜ਼ੀ ਬੋਲਣ ਵਾਲੇ ਸਰਕਟ ਵਿਚ ਸੇਵਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਮੈਨੂੰ ਨਹੀਂ ਲੱਗਦਾ ਸੀ ਕਿ ਮੈਂ ਇਹ ਜ਼ਿੰਮੇਵਾਰੀ ਨਿਭਾਉਣ ਦੇ ਕਾਬਲ ਸੀ ਅਤੇ ਮੈਂ ਟੁੱਟੀ-ਫੁੱਟੀ ਅੰਗ੍ਰੇਜ਼ੀ ਵਿਚ ਭਾਸ਼ਣ ਦੇਣ ਦੇ ਖ਼ਿਆਲ ਨਾਲ ਹੀ ਡਰ ਜਾਂਦਾ ਸੀ। ਮੈਨੂੰ ਹੋਰ ਜ਼ਿਆਦਾ ਪ੍ਰਾਰਥਨਾ ਕਰਨ ਤੇ ਹੋਰ ਜ਼ਿਆਦਾ ਯਹੋਵਾਹ ʼਤੇ ਭਰੋਸਾ ਰੱਖਣ ਦੀ ਲੋੜ ਸੀ।
ਉਸ ਪ੍ਰਾਂਤ ਵਿਚ ਸੇਵਾ ਕਰਨ ਤੋਂ ਪਹਿਲਾਂ ਮੈਂ ਬਹੁਤ ਘਬਰਾਇਆ ਹੋਇਆ ਸੀ, ਪਰ ਹੁਣ ਮੈਂ ਸੱਚੀ ਕਹਿ ਸਕਦਾ ਹਾਂ ਕਿ ਮੈਂ ਟੋਰੌਂਟੋ ਵਿਚ ਦੋ ਸਾਲ ਸੇਵਾ ਕਰਨ ਦਾ ਆਨੰਦ ਮਾਣਿਆ। ਕੈਰੋਲੀਨ ਨੇ ਅੰਗ੍ਰੇਜ਼ੀ ਭਾਸ਼ਾ ਹੋਰ ਚੰਗੀ ਤਰ੍ਹਾਂ ਬੋਲਣ ਵਿਚ ਧੀਰਜ ਨਾਲ ਮੇਰੀ ਮਦਦ ਕੀਤੀ ਅਤੇ ਉੱਥੇ ਦੇ ਭੈਣ-ਭਰਾ ਬਹੁਤ ਮਦਦ ਕਰਨ ਅਤੇ ਹੌਸਲਾ ਦੇਣ ਵਾਲੇ ਸਨ। ਅਸੀਂ ਛੇਤੀ ਹੀ ਬਹੁਤ ਸਾਰੇ ਨਵੇਂ ਦੋਸਤ ਬਣਾ ਲਏ।
ਸ਼ਨੀ-ਐਤਵਾਰ ਨੂੰ ਹੋਣ ਵਾਲੇ ਸੰਮੇਲਨ ਦੇ ਵਾਧੂ ਕੰਮ ਤੇ ਤਿਆਰੀਆਂ ਕਰਨ ਦੇ ਨਾਲ-ਨਾਲ ਮੈਂ ਲਗਭਗ ਇਕ ਘੰਟਾ ਸ਼ੁੱਕਰਵਾਰ ਸ਼ਾਮ ਨੂੰ ਘਰ-ਘਰ ਪ੍ਰਚਾਰ ਕਰਨ ਜਾਂਦਾ ਸੀ। ਕੁਝ ਜਣਿਆਂ ਨੇ ਸ਼ਾਇਦ ਸੋਚਿਆ: ‘ਸੰਮੇਲਨ ਤੋਂ ਪਹਿਲਾਂ ਪ੍ਰਚਾਰ ʼਤੇ ਕਿਉਂ ਜਾਣਾ?’ ਪਰ ਪ੍ਰਚਾਰ ਵਿਚ ਦੂਜਿਆਂ ਨਾਲ ਗੱਲ ਕਰ ਕੇ ਮੈਨੂੰ ਤਾਜ਼ਗੀ ਮਿਲਦੀ ਸੀ। ਇੱਥੋਂ ਤਕ ਕਿ ਹੁਣ ਵੀ ਮੈਨੂੰ ਪ੍ਰਚਾਰ ਕਰ ਕੇ ਹਮੇਸ਼ਾ ਖ਼ੁਸ਼ੀ ਮਿਲਦੀ ਹੈ।
1998 ਵਿਚ ਮੈਨੂੰ ਤੇ ਕੈਰੋਲੀਨ ਨੂੰ ਮਾਂਟ੍ਰੀਆਲ ਵਿਚ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ। ਸਾਲਾਂ ਤੋਂ ਮੈਂ ਕਈ ਜ਼ਿੰਮੇਵਾਰੀਆਂ ਨਿਭਾ ਰਿਹਾ ਹਾਂ ਜਿਸ ਵਿਚ ਖ਼ਾਸ ਜਨਤਕ ਥਾਵਾਂ ʼਤੇ ਗਵਾਹੀ ਦੇਣ ਦੇ ਇੰਤਜ਼ਾਮ ਕਰਨੇ ਅਤੇ ਨਿਊਜ਼ ਮੀਡੀਆ ਨਾਲ ਮਿਲ ਕੇ ਯਹੋਵਾਹ ਦੇ ਗਵਾਹਾਂ ਖ਼ਿਲਾਫ਼ ਲੋਕਾਂ ਦੀਆਂ ਗ਼ਲਤਫ਼ਹਿਮੀਆਂ ਨੂੰ ਦੂਰ ਕਰਨਾ ਸ਼ਾਮਲ ਹੈ। ਮੈਨੂੰ ਤੇ ਕੈਰੋਲੀਨ ਨੂੰ ਪਰਦੇਸੀਆਂ ਨੂੰ ਪ੍ਰਚਾਰ ਕਰ ਕੇ ਖ਼ੁਸ਼ੀ ਮਿਲਦੀ ਹੈ ਜੋ ਹਾਲ ਹੀ ਵਿਚ ਕੈਨੇਡਾ ਆਏ ਹਨ ਅਤੇ ਜੋ ਅਕਸਰ ਬਾਈਬਲ ਬਾਰੇ ਹੋਰ ਜਾਣਨਾ ਚਾਹੁੰਦੇ ਹਨ।
ਆਪਣੀ ਪਤਨੀ ਕੈਰੋਲੀਨ ਨਾਲ
ਯਹੋਵਾਹ ਦੇ ਬਪਤਿਸਮਾ-ਪ੍ਰਾਪਤ ਸੇਵਕ ਵਜੋਂ ਉਸ ਦੀ ਸੇਵਾ ਵਿਚ ਬਿਤਾਏ 68 ਸਾਲਾਂ ʼਤੇ ਝਾਤ ਮਾਰਦਿਆਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਨੂੰ ਵਾਕਈ ਬਰਕਤਾਂ ਮਿਲੀਆਂ ਹਨ। ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੈਂ ਪ੍ਰਚਾਰ ਕੰਮ ਵਿਚ ਖ਼ੁਸ਼ੀ ਪਾਉਣੀ ਸਿੱਖੀ ਅਤੇ ਸੱਚਾਈ ਵਿਚ ਆਉਣ ਵਿਚ ਦੂਜਿਆਂ ਦੀ ਮਦਦ ਕੀਤੀ। ਮੇਰੀ ਕੁੜੀ ਲੀਸਾ ਤੇ ਉਸ ਦੇ ਪਤੀ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਤੋਂ ਬਾਅਦ ਰੈਗੂਲਰ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪ੍ਰਚਾਰ ਵਿਚ ਅਜੇ ਵੀ ਆਪਣੀ ਕੁੜੀ ਦਾ ਜੋਸ਼ ਦੇਖ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਮੈਂ ਉਨ੍ਹਾਂ ਮਸੀਹੀਆਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੀਆਂ ਵਧੀਆ ਮਿਸਾਲਾਂ ਅਤੇ ਸਲਾਹਾਂ ਨੇ ਯਹੋਵਾਹ ਨਾਲ ਰਿਸ਼ਤਾ ਗੂੜ੍ਹਾ ਕਰਨ ਅਤੇ ਉਸ ਦੀ ਸੇਵਾ ਵਿਚ ਮਿਲੀਆਂ ਵੱਖੋ-ਵੱਖਰੀਆਂ ਜ਼ਿੰਮੇਵਾਰੀਆਂ ਸੰਭਾਲਣ ਵਿਚ ਮੇਰੀ ਮਦਦ ਕੀਤੀ। ਮੈਂ ਦੇਖਿਆ ਹੈ ਕਿ ਯਹੋਵਾਹ ਦੇ ਸੰਗਠਨ ਵੱਲੋਂ ਮਿਲੀ ਕਿਸੇ ਜ਼ਿੰਮੇਵਾਰੀ ਨੂੰ ਅਸੀਂ ਤਾਂ ਹੀ ਵਫ਼ਾਦਾਰੀ ਨਾਲ ਨਿਭਾ ਸਕਦੇ ਹਾਂ ਜੇ ਅਸੀਂ ਯਹੋਵਾਹ ਦੀ ਪਵਿੱਤਰ ਸ਼ਕਤੀ ʼਤੇ ਭਰੋਸਾ ਰੱਖਦੇ ਹਾਂ। (ਜ਼ਬੂ. 51:11) ਮੈਂ ਹਮੇਸ਼ਾ ਯਹੋਵਾਹ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਮੈਨੂੰ ਆਪਣੇ ਨਾਂ ਦੀ ਮਹਿਮਾ ਕਰਨ ਦਾ ਅਨਮੋਲ ਸਨਮਾਨ ਦਿੱਤਾ ਹੈ!—ਜ਼ਬੂ. 54:6.
c ਡੇਵਿਡ ਸਪਲੇਨ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕਰਦੇ ਹਨ।