ਜੀਵਨੀ
ਯਹੋਵਾਹ ਨੇ ‘ਮੇਰੇ ਮਾਰਗਾਂ ਨੂੰ ਸਿੱਧਾ ਕੀਤਾ’
ਇਕ ਵਾਰ ਇਕ ਨੌਜਵਾਨ ਭਰਾ ਨੇ ਮੈਨੂੰ ਪੁੱਛਿਆ, “ਤੁਹਾਡੀ ਮਨ-ਪਸੰਦ ਆਇਤ ਕਿਹੜੀ ਹੈ?” ਮੈਂ ਝੱਟ ਕਹਿ ਦਿੱਤਾ: “ਕਹਾਉਤਾਂ 3 ਦੀ 5 ਅਤੇ 6, ਜਿੱਥੇ ਲਿਖਿਆ: ‘ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ, ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। ਆਪਣੇ ਸਾਰਿਆਂ ਰਾਹਾਂ ਵਿਚ ਉਹ ਨੂੰ ਪਛਾਣ, ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ।’” ਸੱਚ-ਮੁੱਚ ਯਹੋਵਾਹ ਨੇ ਮੇਰੇ ਮਾਰਗਾਂ ਨੂੰ ਸਿੱਧਾ ਕੀਤਾ ਹੈ। ਪਰ ਕਿਵੇਂ?
ਮੇਰੇ ਮਾਪਿਆਂ ਨੇ ਮੈਨੂੰ ਸਹੀ ਮਾਰਗ ʼਤੇ ਪਾਇਆ
1920 ਤੋਂ ਬਾਅਦ ਮੰਮੀ-ਡੈਡੀ ਨੂੰ ਸੱਚਾਈ ਮਿਲੀ। ਉਸ ਵੇਲੇ ਉਹ ਕੁਆਰੇ ਸਨ ਅਤੇ ਫਿਰ ਉਨ੍ਹਾਂ ਦੇ ਵਿਆਹ ਹੋ ਗਿਆ। 1939 ਵਿਚ ਮੇਰਾ ਜਨਮ ਇੰਗਲੈਂਡ ਵਿਚ ਹੋਇਆ। ਮੈਂ ਛੋਟੇ ਹੁੰਦਿਆਂ ਤੋਂ ਮੰਮੀ-ਡੈਡੀ ਨਾਲ ਮੀਟਿੰਗਾਂ ʼਤੇ ਜਾਂਦਾ ਹੁੰਦਾ ਸੀ। ਫਿਰ ਮੈਂ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਵਿਚ ਆਪਣਾ ਨਾਂ ਲਿਖਵਾਇਆ। ਮੈਨੂੰ ਮੇਰਾ ਪਹਿਲਾ ਭਾਸ਼ਣ ਹਾਲੇ ਵੀ ਯਾਦ ਹੈ। ਮੈਨੂੰ ਇਕ ਬਕਸੇ ʼਤੇ ਖੜ੍ਹਾ ਕੀਤਾ ਗਿਆ ਤਾਂਕਿ ਮੈਂ ਸਾਰੇ ਭੈਣਾਂ-ਭਰਾਵਾਂ ਨੂੰ ਸਾਫ਼ ਨਜ਼ਰ ਆ ਸਕਾਂ। ਉਦੋਂ ਮੈਂ ਛੇ ਸਾਲ ਦਾ ਸੀ ਅਤੇ ਸਟੇਜ ਤੋਂ ਭੈਣਾਂ-ਭਰਾਵਾਂ ਨੂੰ ਦੇਖ ਰਿਹਾ ਸੀ। ਮੈਂ ਛੋਟਾ ਜਿਹਾ ਸੀ ਤੇ ਆਪਣੇ ਤੋਂ ਵੱਡੇ ਭੈਣਾਂ-ਭਰਾਵਾਂ ਨੂੰ ਦੇਖ ਕੇ ਘਬਰਾਇਆ ਹੋਇਆ ਸੀ।
ਆਪਣੇ ਮਾਪਿਆਂ ਨਾਲ ਸੜਕ ʼਤੇ ਗਵਾਹੀ ਦਿੰਦਾ ਹੋਇਆ
ਮੈਂ ਅੱਠ ਸਾਲ ਦਾ ਸੀ ਜਦੋਂ ਮੈਂ ਘਰ-ਘਰ ਪ੍ਰਚਾਰ ਕਰਨ ਲਈ ਇਕੱਲਾ ਗਿਆ। ਪ੍ਰਚਾਰ ਕਰਨ ਲਈ ਡੈਡੀ ਨੇ ਮੈਨੂੰ ਇਕ ਸੌਖੀ ਜਿਹੀ ਪੇਸ਼ਕਾਰੀ ਕਾਰਡ ʼਤੇ ਟਾਈਪ ਕਰ ਕੇ ਦਿੱਤੀ ਸੀ। ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਘਰ-ਮਾਲਕ ਨੇ ਮੇਰੇ ਤੋਂ ਕਾਰਡ ਲਿਆ ਅਤੇ ਉਸ ਤੋਂ ਬਾਅਦ ਉਸ ਨੇ “ਪਰਮੇਸ਼ੁਰ ਸੱਚਾ ਠਹਿਰੇ!” (ਅੰਗ੍ਰੇਜ਼ੀ) ਨਾਂ ਦਾ ਕਿਤਾਬ ਵੀ ਲਈ। ਮੈਂ ਭੱਜਾ-ਭੱਜਾ ਡੈਡੀ ਨੂੰ ਇਹ ਗੱਲ ਦੱਸਣ ਲਈ ਗਿਆ। ਪ੍ਰਚਾਰ ਕਰ ਕੇ ਤੇ ਸਭਾਵਾਂ ʼਤੇ ਜਾ ਕੇ ਮੈਨੂੰ ਬਹੁਤ ਖ਼ੁਸ਼ੀ ਮਿਲਦੀ ਸੀ ਅਤੇ ਇਨ੍ਹਾਂ ਕਰਕੇ ਮੇਰੇ ਅੰਦਰ ਯਹੋਵਾਹ ਦੀ ਪੂਰੇ ਸਮੇਂ ਦੀ ਸੇਵਾ ਕਰਨ ਦੀ ਇੱਛਾ ਪੈਦਾ ਹੋਈ।
ਉਦੋਂ ਮੇਰੇ ਦਿਲ ਵਿਚ ਬਾਈਬਲ ਲਈ ਹੋਰ ਵੀ ਪਿਆਰ ਵਧਿਆ ਜਦੋਂ ਡੈਡੀ ਮੇਰੇ ਲਈ ਵੱਖਰੀ ਪਹਿਰਾਬੁਰਜ ਦੀ ਕਾਪੀ ਮੰਗਵਾਉਣ ਲੱਗ ਪਏ। ਮੈਂ ਹਰ ਕਾਪੀ ਮਿਲਦਿਆਂ ਸਾਰ ਹੀ ਪੜ੍ਹ ਲੈਂਦਾ ਸੀ। ਮੇਰਾ ਯਹੋਵਾਹ ʼਤੇ ਭਰੋਸਾ ਹੋਰ ਵੀ ਵਧਿਆ ਅਤੇ ਮੈਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰਨ ਦਾ ਫ਼ੈਸਲਾ ਕੀਤਾ।
1950 ਵਿਚ ਮੈਂ ਅਤੇ ਮੇਰੇ ਮੰਮੀ-ਡੈਡੀ ਨਿਊਯਾਰਕ ਵਿਚ “ਪਰਮੇਸ਼ੁਰੀ ਰਾਜ ਦਾ ਵਾਧਾ” ਸੰਮੇਲਨਵਿਚ ਗਏ। 3 ਅਗਸਤ ਵੀਰਵਾਰ ਦੇ ਦਿਨ ਦਾ ਵਿਸ਼ਾ ਸੀ, “ਮਿਸ਼ਨਰੀ ਦਾ ਦਿਨ।” ਉਸ ਦਿਨ ਬਪਤਿਸਮੇ ਦਾ ਭਾਸ਼ਣ ਭਰਾ ਕੈਰੀ ਬਾਰਬਰ ਨੇ ਦਿੱਤਾ ਜਿਨ੍ਹਾਂ ਨੇ ਬਾਅਦ ਵਿਚ ਪ੍ਰਬੰਧਕ ਸਭਾ ਦੇ ਮੈਂਬਰ ਵਜੋਂ ਸੇਵਾ ਕੀਤੀ ਸੀ। ਭਾਸ਼ਣ ਦੀ ਸਮਾਪਤੀ ਵਿਚ ਭਰਾ ਨੇ ਬਪਤਿਸਮੇ ਦੇ ਉਮੀਦਵਾਰਾਂ ਤੋਂ ਦੋ ਸਵਾਲ ਪੁੱਛੇ। ਮੈਂ ਖੜ੍ਹਾ ਹੋ ਕੇ “ਹਾਂ” ਵਿਚ ਜਵਾਬ ਦਿੱਤਾ। ਭਾਵੇਂ ਮੈਂ 11 ਸਾਲਾਂ ਦਾ ਹੀ ਸੀ, ਪਰ ਮੈਨੂੰ ਪਤਾ ਸੀ ਕਿ ਮੈਂ ਇਕ ਅਹਿਮ ਫ਼ੈਸਲਾ ਲਿਆ ਹੈ। ਮੈਨੂੰ ਪਾਣੀ ਵਿਚ ਜਾਣ ਤੋਂ ਡਰ ਲੱਗ ਰਿਹਾ ਸੀ ਕਿਉਂਕਿ ਮੈਨੂੰ ਤੈਰਨਾ ਨਹੀਂ ਆਉਂਦਾ ਸੀ। ਮੇਰੇ ਚਾਚਾ ਜੀ ਪੂਲ ਤਕ ਮੇਰੇ ਨਾਲ ਗਏ ਅਤੇ ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਉਂਦਿਆਂ ਕਿਹਾ, ‘ਕੁਝ ਨਹੀਂ ਹੋਣਾ, ਡਰ ਨਾ।’ ਮੇਰੇ ਪੈਰ ਹਾਲੇ ਪੂਲ ਦੀ ਜ਼ਮੀਨ ʼਤੇ ਵੀ ਨਹੀਂ ਲੱਗੇ ਸਨ ਕਿ ਮੇਰਾ ਬਪਤਿਸਮਾ ਹੋ ਗਿਆ। ਇਕ ਭਰਾ ਨੇ ਮੈਨੂੰ ਬਪਤਿਸਮਾ ਦਿੱਤਾ ਅਤੇ ਦੂਜੇ ਭਰਾ ਨੇ ਮੈਨੂੰ ਪੂਲ ਵਿੱਚੋਂ ਬਾਹਰ ਖਿੱਚ ਲਿਆ। ਉਸ ਅਹਿਮ ਦਿਨ ਤੋਂ ਯਹੋਵਾਹ ਮੇਰੇ ਮਾਰਗਾਂ ਨੂੰ ਸਿੱਧਾ ਕਰਦਾ ਆਇਆ ਹੈ।
ਯਹੋਵਾਹ ʼਤੇ ਭਰੋਸਾ ਰੱਖਣ ਦਾ ਫ਼ੈਸਲਾ
ਸਕੂਲ ਖ਼ਤਮ ਹੋਣ ਤੋਂ ਬਾਅਦ ਮੈਂ ਪਾਇਨੀਅਰਿੰਗ ਕਰਨੀ ਚਾਹੁੰਦਾ ਸੀ। ਪਰ ਮੇਰੇ ਅਧਿਆਪਕਾਂ ਨੇ ਮੇਰੇ ʼਤੇ ਉੱਚ-ਸਿੱਖਿਆ ਹਾਸਲ ਕਰਨ ਦਾ ਜ਼ੋਰ ਪਾਇਆ ਅਤੇ ਉਨ੍ਹਾਂ ਦੇ ਦਬਾਅ ਵਿਚ ਆ ਕੇ ਮੈਂ ਯੂਨੀਵਰਸਿਟੀ ਚਲਾ ਗਿਆ। ਪਰ ਛੇਤੀ ਹੀ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਪੜ੍ਹਾਈ ਦੇ ਨਾਲ-ਨਾਲ ਸੱਚਾਈ ਵਿਚ ਟਿਕ ਨਹੀਂ ਪਾਵਾਂਗਾ। ਇਸ ਲਈ ਮੈਂ ਯੂਨੀਵਰਸਿਟੀ ਛੱਡਣ ਦਾ ਫ਼ੈਸਲਾ ਕੀਤਾ। ਮੈਂ ਇਸ ਬਾਰੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ ਅਤੇ ਪਹਿਲੇ ਸਾਲ ਦੇ ਅਖ਼ੀਰ ਵਿਚ ਆਪਣੇ ਅਧਿਆਪਕਾਂ ਨੂੰ ਯੂਨੀਵਰਸਿਟੀ ਛੱਡਣ ਬਾਰੇ ਆਦਰ ਨਾਲ ਇਕ ਚਿੱਠੀ ਲਿਖੀ। ਯਹੋਵਾਹ ʼਤੇ ਪੂਰਾ ਭਰੋਸਾ ਰੱਖ ਕੇ ਮੈਂ ਫ਼ੌਰਨ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ।
ਜੁਲਾਈ 1957 ਵਿਚ ਮੈਂ ਵੈਲਿੰਗਬਰੋ ਸ਼ਹਿਰ ਵਿਚ ਆਪਣੀ ਪੂਰੇ ਸਮੇਂ ਦੀ ਸੇਵਾ ਸ਼ੁਰੂ ਕੀਤੀ। ਮੈਂ ਲੰਡਨ ਬੈਥਲ ਵਿਚ ਇਕ ਭਰਾ ਨੂੰ ਪੁੱਛਿਆ ਕਿ ਉਹ ਮੈਨੂੰ ਅਜਿਹੇ ਇਕ ਤਜਰਬੇਕਾਰ ਭਰਾ ਬਾਰੇ ਦੱਸਣ ਜਿਨ੍ਹਾਂ ਨਾਲ ਮਿਲ ਕੇ ਮੈਂ ਪਾਇਨੀਅਰਿੰਗ ਕਰ ਸਕਾਂ। ਭਰਾ ਬਰਟ ਵੈਸੀ ਨੇ ਮੈਨੂੰ ਬਹੁਤ ਸਾਰੀਆਂ ਗੱਲਾਂ ਸਿਖਾਈਆਂ। ਉਹ ਇਕ ਜੋਸ਼ੀਲੇ ਪ੍ਰਚਾਰਕ ਸਨ ਅਤੇ ਉਨ੍ਹਾਂ ਨੇ ਪ੍ਰਚਾਰ ਵਿਚ ਇਕ ਵਧੀਆ ਸ਼ਡਿਉਲ ਬਣਾਉਣ ਵਿਚ ਮੇਰੀ ਮਦਦ ਕੀਤੀ। ਸਾਡੀ ਮੰਡਲੀ ਵਿਚ ਮੇਰੇ ਨਾਲ ਭਰਾ ਵੈਸੀ ਅਤੇ ਸਿਆਣੀ ਉਮਰ ਦੀਆਂ ਛੇ ਭੈਣਾਂ ਸਨ। ਸਭਾਵਾਂ ਦੀ ਤਿਆਰੀ ਕਰਨ ਅਤੇ ਇਨ੍ਹਾਂ ਵਿਚ ਹਿੱਸਾ ਲੈਣ ਨਾਲ ਮੈਨੂੰ ਯਹੋਵਾਹ ʼਤੇ ਆਪਣਾ ਭਰੋਸਾ ਵਧਾਉਣ ਅਤੇ ਆਪਣੀ ਨਿਹਚਾ ਜ਼ਾਹਰ ਕਰਨ ਦੇ ਬਹੁਤ ਸਾਰੇ ਮੌਕੇ ਮਿਲੇ।
ਫ਼ੌਜ ਵਿਚ ਭਰਤੀ ਹੋਣ ਤੋਂ ਮਨ੍ਹਾ ਕਰਨ ਕਰਕੇ ਮੈਨੂੰ ਥੋੜ੍ਹੇ ਸਮੇਂ ਲਈ ਜੇਲ੍ਹ ਹੋ ਗਈ। ਫਿਰ ਮੈਂ ਬਾਰਬਰਾ ਨਾਂ ਦੀ ਸਪੈਸ਼ਲ ਪਾਇਨੀਅਰ ਭੈਣ ਨੂੰ ਮਿਲਿਆ। 1959 ਵਿਚ ਸਾਡਾ ਵਿਆਹ ਹੋਇਆ ਅਤੇ ਸਾਨੂੰ ਜਿੱਥੇ ਵੀ ਕਿਹਾ ਗਿਆ, ਉੱਥੇ ਜਾ ਕੇ ਸੇਵਾ ਕਰਨ ਲਈ ਅਸੀਂ ਤਿਆਰ ਸੀ। ਸਭ ਤੋਂ ਪਹਿਲਾਂ ਅਸੀਂ ਲੈਂਕੱਸ਼ਰ ਗਏ ਜੋ ਇੰਗਲੈਂਡ ਦੇ ਉੱਤਰ-ਪੱਛਮ ਵਿਚ ਸੀ। ਜਨਵਰੀ 1961 ਵਿਚ ਮੈਨੂੰ ਲੰਡਨ ਬੈਥਲ ਵਿਚ ਕਿੰਗਡਮ ਮਿਨਿਸਟ੍ਰੀ ਸਕੂਲ ਵਿਚ ਹਾਜ਼ਰ ਹੋਣ ਲਈ ਬੁਲਾਇਆ ਗਿਆ। ਇਹ ਸਕੂਲ ਇਕ ਮਹੀਨੇ ਦਾ ਸੀ। ਸਕੂਲ ਖ਼ਤਮ ਹੋਣ ʼਤੇ ਮੈਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਈ ਕਿ ਮੈਨੂੰ ਸਫ਼ਰੀ ਕੰਮ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੋ ਹਫ਼ਤਿਆਂ ਲਈ ਮੈਨੂੰ ਬਰਮਿੰਘਮ ਵਿਚ ਇਕ ਤਜਰਬੇਕਾਰ ਸਰਕਟ ਓਵਰਸੀਅਰ ਨੇ ਟ੍ਰੇਨਿੰਗ ਦਿੱਤੀ ਅਤੇ ਬਾਰਬਰਾ ਨੂੰ ਵੀ ਮੇਰੇ ਨਾਲ ਇਹ ਟ੍ਰੇਨਿੰਗ ਲੈਣ ਦੀ ਇਜਾਜ਼ਤ ਦਿੱਤੀ ਗਈ। ਫਿਰ ਅਸੀਂ ਲੈਂਕੱਸ਼ਰ ਤੇ ਚੈਸ਼ਰ ਵਿਚ ਸੇਵਾ ਕਰਨ ਲਈ ਵਾਪਸ ਆ ਗਏ।
ਯਹੋਵਾਹ ʼਤੇ ਭਰੋਸਾ ਰੱਖਣਾ ਹਮੇਸ਼ਾ ਸਹੀ ਹੁੰਦਾ ਹੈ
ਅਗਸਤ 1962 ਵਿਚ ਜਦੋਂ ਅਸੀਂ ਛੁੱਟੀਆਂ ਮਨਾ ਰਹੇ ਸੀ, ਤਾਂ ਸਾਨੂੰ ਬ੍ਰਾਂਚ ਵੱਲੋਂ ਇਕ ਚਿੱਠੀ ਮਿਲੀ। ਇਸ ਚਿੱਠੀ ਵਿਚ ਗਿਲਿਅਡ ਸਕੂਲ ਦੇ ਫ਼ਾਰਮ ਸਨ। ਪ੍ਰਾਰਥਨਾ ਕਰਨ ਤੋਂ ਬਾਅਦ ਅਸੀਂ ਫ਼ਾਰਮ ਭਰ ਦਿੱਤੇ ਅਤੇ ਜਿਵੇਂ ਸਾਨੂੰ ਕਿਹਾ ਗਿਆ ਸੀ ਅਸੀਂ ਇਨ੍ਹਾਂ ਨੂੰ ਫਟਾਫਟ ਵਾਪਸ ਭੇਜ ਦਿੱਤਾ। ਫਿਰ ਪੰਜ ਮਹੀਨੇ ਬਾਅਦ ਅਸੀਂ ਬਰੁਕਲਿਨ ਨਿਊਯਾਰਕ ਵਿਚ ਗਿਲਿਅਡ ਦੀ 38ਵੀਂ ਕਲਾਸ ਵਿਚ ਹਾਜ਼ਰ ਹੋਣ ਲਈ ਚਲੇ ਗਏ। ਇਸ ਕਲਾਸ ਵਿਚ ਅਸੀਂ ਬਾਈਬਲ ਤੋਂ 10 ਮਹੀਨਿਆਂ ਲਈ ਸਿਖਲਾਈ ਲਈ।
ਗਿਲਿਅਡ ਦੀ ਸਿਖਲਾਈ ਵਿਚ ਅਸੀਂ ਨਾ ਸਿਰਫ਼ ਪਰਮੇਸ਼ੁਰ ਦੇ ਬਚਨ ਅਤੇ ਉਸ ਦੇ ਸੰਗਠਨ ਬਾਰੇ, ਸਗੋਂ ਸਾਡੇ ਭਾਈਚਾਰੇ ਬਾਰੇ ਵੀ ਬਹੁਤ ਕੁਝ ਸਿੱਖਿਆ। ਉਸ ਵੇਲੇ ਮੈਂ 24 ਸਾਲਾਂ ਦਾ ਸੀ ਤੇ ਬਾਰਬਰਾ 23 ਸਾਲਾਂ ਦੀ ਅਤੇ ਸਾਨੂੰ ਕਲਾਸ ਦੇ ਬਾਕੀ ਭੈਣਾਂ ਭਰਾਵਾਂ ਤੋਂ ਹੋਰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਭਰਾ ਫਰੈਡ ਰਸਕ ਨਾਲ ਹਰ ਰੋਜ਼ ਬੈਥਲ ਦਾ ਕੰਮ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਸੀ। ਇਹ ਭਰਾ ਸਕੂਲ ਦੀ ਸਿਖਲਾਈ ਦੇਣ ਵਾਲੇ ਭਰਾਵਾਂ ਵਿੱਚੋਂ ਸੀ। ਇਹ ਭਰਾ ਇਕ ਅਹਿਮ ਸਬਕ ʼਤੇ ਜ਼ੋਰ ਦਿੰਦਾ ਹੁੰਦਾ ਸੀ ਕਿ ਸਾਨੂੰ ਹਮੇਸ਼ਾ ਬਾਈਬਲ ਵਿੱਚੋਂ ਸਲਾਹ ਦੇਣੀ ਚਾਹੀਦੀ ਹੈ। ਸਾਨੂੰ ਕਾਫ਼ੀ ਤਜਰਬੇਕਾਰ ਭਰਾਵਾਂ ਨੇ ਸਿਖਲਾਈ ਦਿੱਤੀ, ਜਿਵੇਂ ਕਿ ਭਰਾ ਨੇਥਨ ਨੌਰ, ਭਰਾ ਫਰੈਡਰਿਕ ਫ਼ਰਾਂਜ਼ ਅਤੇ ਭਰਾ ਕਾਰਲ ਕਲਾਈਨ। ਨਾਲੇ ਅਸੀਂ ਭਰਾ ਏ. ਐੱਚ. ਮੈਕਮਿਲਨ ਦੀ ਨਿਮਰਤਾ ਦੀ ਮਿਸਾਲ ਤੋਂ ਵੀ ਬਹੁਤ ਕੁਝ ਸਿੱਖਿਆ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਦੱਸਿਆ ਕਿ ਸਾਲ 1914 ਤੋਂ 1919 ਦੇ ਔਖੇ ਸਾਲਾਂ ਦੌਰਾਨ ਯਹੋਵਾਹ ਨੇ ਆਪਣੇ ਲੋਕਾਂ ਦੀ ਕਿਵੇਂ ਮਦਦ ਕੀਤੀ।
ਪਹਿਲਾਂ ਬੁਰੁੰਡੀ, ਫਿਰ ਯੂਗਾਂਡਾ
ਸਕੂਲ ਖ਼ਤਮ ਹੋਣ ਤੋਂ ਬਾਅਦ ਭਰਾ ਨੌਰ ਨੇ ਮੈਨੂੰ ਤੇ ਬਾਰਬਰਾ ਨੂੰ ਦੱਸਿਆ ਕਿ ਸਾਨੂੰ ਅਫ਼ਰੀਕਾ ਦੇ ਬੁਰੁੰਡੀ ਦੇਸ਼ ਵਿਚ ਭੇਜਿਆ ਜਾ ਰਿਹਾ ਹੈ। ਅਸੀਂ ਬੈਥਲ ਦੀ ਲਾਇਬ੍ਰੇਰੀ ਵੱਲ ਯੀਅਰ ਬੁੱਕ ਵਿੱਚੋਂ ਇਹ ਦੇਖਣ ਲਈ ਦੌੜੇ-ਦੌੜੇ ਗਏ ਕਿ ਬੁਰੁੰਡੀ ਵਿਚ ਕਿੰਨੇ ਕੁ ਪ੍ਰਚਾਰਕ ਹਨ। ਪਰ ਉਸ ਵਿਚ ਬੁਰੁੰਡੀ ਦਾ ਕੋਈ ਜ਼ਿਕਰ ਹੀ ਨਹੀਂ ਸੀ! ਅਸੀਂ ਅਜਿਹੇ ਇਲਾਕੇ ਵਿਚ ਜਾ ਰਹੇ ਸੀ ਜਿੱਥੇ ਪਹਿਲਾਂ ਕਦੇ ਵੀ ਪ੍ਰਚਾਰ ਨਹੀਂ ਹੋਇਆ ਸੀ। ਇਹ ਜਗ੍ਹਾ ਇਕ ਮਹਾਂਦੀਪ ਉੱਤੇ ਸੀ। ਸਾਨੂੰ ਇਸ ਬਾਰੇ ਬਹੁਤ ਹੀ ਘੱਟ ਪਤਾ ਸੀ ਤੇ ਅਸੀਂ ਬਹੁਤ ਹੀ ਡਰ ਗਏ। ਪਰ ਪ੍ਰਾਰਥਨਾ ਕਰ ਕੇ ਸਾਨੂੰ ਮਨ ਦੀ ਸ਼ਾਂਤੀ ਮਿਲੀ।
ਇਸ ਨਵੀਂ ਜ਼ਿੰਮੇਵਾਰੀ ਵਿਚ ਸਾਡੇ ਲਈ ਸਾਰਾ ਕੁਝ ਵੱਖਰਾ ਸੀ, ਜਿਵੇਂ ਕਿ ਮੌਸਮ, ਰਹਿਣ-ਸਹਿਣ ਅਤੇ ਭਾਸ਼ਾ। ਸਾਨੂੰ ਹੁਣ ਫ਼੍ਰੈਂਚ ਭਾਸ਼ਾ ਸਿੱਖਣੀ ਪੈਣੀ ਸੀ। ਨਾਲੇ ਸਾਨੂੰ ਇਹ ਵੀ ਨਹੀਂ ਸੀ ਪਤਾ ਕਿ ਅਸੀਂ ਰਹਿਣਾ ਕਿੱਥੇ ਆ। ਸਾਡੇ ਪਹੁੰਚਣ ਤੋਂ ਦੋ ਦਿਨ ਬਾਅਦ ਭਰਾ ਹੈਰੀ ਆਰਨਟ ਸਾਨੂੰ ਮਿਲਣ ਆਇਆ। ਇਹ ਭਰਾ ਸਾਡੇ ਨਾਲ ਗਿਲਿਅਡ ਸਕੂਲ ਵਿਚ ਸੀ ਅਤੇ ਉਹ ਜ਼ੈਂਬੀਆ ਜਾ ਰਿਹਾ ਸੀ। ਉਸ ਨੇ ਸਾਡੀ ਘਰ ਲੱਭਣ ਵਿਚ ਮਦਦ ਕੀਤੀ ਅਤੇ ਇਹ ਸਾਡਾ ਪਹਿਲਾ ਮਿਸ਼ਨਰੀ ਘਰ ਬਣਿਆ। ਛੇਤੀ ਹੀ ਉੱਥੋਂ ਦੇ ਅਧਿਕਾਰੀਆਂ ਨੇ ਸਾਡਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਹ ਅਧਿਕਾਰੀ ਯਹੋਵਾਹ ਦੇ ਗਵਾਹਾਂ ਬਾਰੇ ਕੁਝ ਵੀ ਨਹੀਂ ਜਾਣਦੇ ਸਨ। ਸਾਡਾ ਹਾਲੇ ਉੱਥੇ ਦਿਲ ਲੱਗਾ ਹੀ ਸੀ ਕਿ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਅਸੀਂ ਇੱਥੇ ਪਰਮਿਟ ਤੋਂ ਬਿਨਾਂ ਨਹੀਂ ਰਹਿ ਸਕਦੇ। ਅਫ਼ਸੋਸ ਸਾਨੂੰ ਇਹ ਜਗ੍ਹਾ ਨੂੰ ਛੱਡ ਕੇ ਇਕ ਨਵੇਂ ਦੇਸ਼ ਯੂਗਾਂਡਾ ਜਾਣਾ ਪਿਆ।
ਅਸੀਂ ਬਿਨਾਂ ਵੀਜ਼ੇ ਦੇ ਯੂਗਾਂਡਾ ਜਾਣ ਲਈ ਬਹੁਤ ਘਬਰਾਏ ਹੋਏ ਸੀ, ਪਰ ਅਸੀਂ ਯਹੋਵਾਹ ʼਤੇ ਭਰੋਸਾ ਰੱਖਿਆ। ਉੱਥੇ ਇਕ ਕੈਨੇਡਾ ਦਾ ਭਰਾ ਸੀ ਜੋ ਉਸ ਇਲਾਕੇ ਵਿਚ ਸੇਵਾ ਕਰ ਰਿਹਾ ਸੀ, ਜਿੱਥੇ ਪ੍ਰਚਾਰਕਾਂ ਦੀ ਜ਼ਿਆਦਾ ਲੋੜ ਹੈ। ਉਸ ਨੇ ਇਮੀਗ੍ਰੇਸ਼ਨ ਅਫ਼ਸਰ ਨੂੰ ਸਾਡੇ ਹਾਲਾਤ ਸਮਝਾਏ। ਅਫ਼ਸਰ ਨੇ ਸਾਨੂੰ ਕਿਹਾ ਕਿ ਅਸੀਂ ਕੁਝ ਮਹੀਨਿਆਂ ਤਕ ਇੱਥੇ ਰਹਿ ਸਕਦੇ ਹਾਂ ਜਦ ਤਕ ਸਾਨੂੰ ਪਰਮਿਟ ਨਹੀਂ ਮਿਲ ਜਾਂਦਾ। ਇਸ ਤੋਂ ਸਾਨੂੰ ਸਬੂਤ ਮਿਲਿਆ ਕਿ ਯਹੋਵਾਹ ਸਾਡੇ ਨਾਲ ਸੀ।
ਯੂਗਾਂਡਾ ਦੇ ਹਾਲਾਤ ਬੁਰੁੰਡੀ ਨਾਲੋਂ ਬਿਲਕੁਲ ਵੱਖਰੇ ਸਨ। ਇੱਥੇ ਪ੍ਰਚਾਰ ਦਾ ਕੰਮ ਸ਼ੁਰੂ ਹੋ ਚੁੱਕਾ ਸੀ ਅਤੇ ਪੂਰੇ ਦੇਸ਼ ਵਿਚ 28 ਗਵਾਹ ਸਨ। ਇਸ ਇਲਾਕੇ ਵਿਚ ਸਾਨੂੰ ਬਹੁਤ ਸਾਰੇ ਅੰਗ੍ਰੇਜ਼ੀ ਬੋਲਣ ਵਾਲੇ ਲੋਕ ਮਿਲੇ। ਪਰ ਸਾਨੂੰ ਜਲਦੀ ਹੀ ਅਹਿਸਾਸ ਹੋ ਗਿਆ ਕਿ ਜੇ ਅਸੀਂ ਦਿਲਚਸਪੀ ਰੱਖਣ ਵਾਲਿਆਂ ਦੀ ਮਦਦ ਕਰਨੀ ਚਾਹੁੰਦੇ ਹਾਂ, ਤਾਂ ਸਾਨੂੰ ਇੱਥੇ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿੱਚੋਂ ਕੋਈ ਇਕ ਭਾਸ਼ਾ ਸਿੱਖਣੀ ਪੈਣੀ। ਅਸੀਂ ਕੰਪਾਲਾ ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਇੱਥੇ ਲੂਗਾਂਡਾ ਭਾਸ਼ਾ ਬੋਲੀ ਜਾਂਦੀ ਸੀ, ਸੋ ਅਸੀਂ ਇਹ ਭਾਸ਼ਾ ਸਿੱਖਣ ਦਾ ਫ਼ੈਸਲਾ ਕੀਤਾ। ਹਾਲਾਂਕਿ ਇਹ ਭਾਸ਼ਾ ਸਿੱਖਣ ਵਿਚ ਸਾਨੂੰ ਕਈ ਸਾਲ ਲੱਗੇ, ਪਰ ਇਸ ਨਾਲ ਸਾਨੂੰ ਪ੍ਰਚਾਰ ਵਿਚ ਕਾਫ਼ੀ ਵਧੀਆ ਨਤੀਜੇ ਮਿਲੇ। ਨਾਲੇ ਅਸੀਂ ਆਪਣੇ ਬਾਈਬਲ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਪਾਏ। ਜਦੋਂ ਸਾਡੇ ਬਾਈਬਲ ਵਿਦਿਆਰਥੀਆਂ ਨੇ ਦੇਖਿਆ ਕਿ ਅਸੀਂ ਉਨ੍ਹਾਂ ਵਿਚ ਕਿੰਨੀ ਦਿਲਚਸਪੀ ਲੈ ਰਹੇ ਹਾਂ, ਤਾਂ ਉਹ ਦਿਲ ਖੋਲ੍ਹ ਕੇ ਸਾਡੇ ਨਾਲ ਗੱਲ ਕਰਨ ਲੱਗੇ। ਨਾਲੇ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਸੱਚਾਈ ਸਿੱਖ ਕੇ ਉਨ੍ਹਾਂ ਨੂੰ ਕਿਵੇਂ ਮਹਿਸੂਸ ਹੋ ਰਿਹਾ ਹੈ।
ਅਲੱਗ-ਅਲੱਗ ਥਾਵਾਂ ਦਾ ਸਫ਼ਰ
ਯੂਗਾਂਡਾ ਵਿਚ “ਅਲੱਗ-ਅਲੱਗ ਥਾਵਾਂ ਦਾ ਸਫ਼ਰ” ਕਰਦਿਆਂ
ਸਾਨੂੰ ਨਿਮਰ ਦਿਲ ਲੋਕਾਂ ਨੂੰ ਸਿਖਾ ਕੇ ਬਹੁਤ ਖ਼ੁਸ਼ੀ ਹੁੰਦੀ ਸੀ। ਪਰ ਉਦੋਂ ਸਾਡੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ, ਜਦੋਂ ਸਾਨੂੰ ਪੂਰੇ ਦੇਸ਼ ਵਿਚ ਸਫ਼ਰੀ ਕੰਮ ਕਰਨ ਲਈ ਕਿਹਾ ਗਿਆ। ਕੀਨੀਆ ਬ੍ਰਾਂਚ ਨੇ ਸਾਨੂੰ ਕਿਹਾ ਕਿ ਅਸੀਂ ਉਹ ਇਲਾਕੇ ਲੱਭੀਏ ਜਿੱਥੇ ਸਪੈਸ਼ਲ ਪਾਇਨੀਅਰਾਂ ਦੀ ਜ਼ਿਆਦਾ ਲੋੜ ਹੈ। ਕਈ ਵਾਰ ਉਨ੍ਹਾਂ ਲੋਕਾਂ ਨੇ ਵੀ ਸਾਡੀ ਦਿਲ ਖੋਲ੍ਹ ਕੇ ਪਰਾਹੁਣਚਾਰੀ ਕੀਤੀ ਜੋ ਯਹੋਵਾਹ ਦੇ ਗਵਾਹਾਂ ਨੂੰ ਪਹਿਲਾਂ ਕਦੇ ਨਹੀਂ ਮਿਲੇ ਸਨ। ਉਨ੍ਹਾਂ ਨੇ ਸਾਨੂੰ ਬਿਲਕੁਲ ਵੀ ਓਪਰਾ ਮਹਿਸੂਸ ਨਹੀਂ ਕਰਾਇਆ, ਇੱਥੋਂ ਤਕ ਕਿ ਉਨ੍ਹਾਂ ਨੇ ਸਾਡੇ ਲਈ ਖਾਣਾ ਵੀ ਬਣਾਇਆ।
ਅਸੀਂ ਵੱਖੋ-ਵੱਖਰੀਆਂ ਥਾਵਾਂ ਦਾ ਸਫ਼ਰ ਸ਼ੁਰੂ ਕੀਤਾ। ਮੈਂ ਕੰਪਾਲਾ ਤੋਂ ਟ੍ਰੇਨ ਵਿਚ ਦੋ ਦਿਨ ਦਾ ਸਫ਼ਰ ਕਰ ਕੇ ਕੀਨੀਆ ਦੀ ਬੰਦਰਗਾਹ ਮੋਂਬਾਸਾ ਪਹੁੰਚਿਆ।ਉੱਥੋਂ ਫਿਰ ਮੈਂ ਸਮੁੰਦਰੀ ਜਹਾਜ਼ ਰਾਹੀਂ ਸੀਸ਼ਲਜ਼ ਗਿਆ, ਇਹ ਹਿੰਦ ਮਹਾਂਸਾਗਰ ਵਿਚ ਇਕ ਟਾਪੂ ਹੈ। 1965 ਤੋਂ 1972 ਤਕ ਮੈਂ ਇਕੱਲਾ ਸੀਸ਼ਲਜ਼ ਜਾਂਦਾ ਹੁੰਦਾ ਸੀ ਤੇ ਬਾਅਦ ਵਿਚ ਬਾਰਬਰਾ ਵੀ ਮੇਰੇ ਨਾਲ ਜਾਣ ਲੱਗ ਪਈ। ਸ਼ੁਰੂ-ਸ਼ੁਰੂ ਵਿਚ ਉੱਥੇ ਸਿਰਫ਼ ਦੋ ਪ੍ਰਚਾਰਕ ਸਨ, ਪਰ ਬਾਅਦ ਵਿਚ ਉੱਥੇ ਗਰੁੱਪ ਬਣ ਗਿਆ ਅਤੇ ਫਿਰ ਮੰਡਲੀ। ਇਸ ਤੋਂ ਇਲਾਵਾ, ਮੈਂ ਐਰੀਟ੍ਰੀਆ, ਇਥੋਪੀਆ ਅਤੇ ਸੂਡਾਨ ਦੇ ਭੈਣਾਂ-ਭਰਾਵਾਂ ਨੂੰ ਵੀ ਮਿਲਣ ਗਿਆ।
ਜਦੋਂ ਫ਼ੌਜ ਨੇ ਸਰਕਾਰ ਖ਼ਿਲਾਫ਼ ਬਗਾਵਤ ਕੀਤੀ, ਤਾਂ ਯੂਗਾਂਡਾ ਵਿਚ ਰਾਜਨੀਤਿਕ ਹਾਲਾਤ ਬਦਲ ਗਏ। ਉਨ੍ਹਾਂ ਦਹਿਸ਼ਤ ਦੇ ਸਾਲਾਂ ਦੌਰਾਨ ਮੈਂ ਸਿੱਖਿਆ ਕਿ “ਰਾਜੇ ਦੀਆਂ ਚੀਜ਼ਾਂ ਰਾਜੇ ਨੂੰ” ਦੇਣ ਵਿਚ ਹੀ ਸਮਝਦਾਰੀ ਹੈ। (ਮਰ. 12:17) ਇਕ ਸਮੇਂ ਤੇ ਯੂਗਾਂਡਾ ਵਿਚ ਰਹਿ ਰਹੇ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਕਿਹਾ ਗਿਆ ਕਿ ਉਹ ਆਪਣੇ ਨੇੜੇ ਦੇ ਥਾਣੇ ਵਿਚ ਜਾ ਕੇ ਆਪਣਾ ਨਾਂ ਰਜਿਸਟਰ ਕਰਵਾਉਣ। ਅਸੀਂ ਫਟਾਫਟ ਇੱਦਾਂ ਹੀ ਕੀਤਾ ਤੇ ਕੁਝ ਦਿਨਾਂ ਬਾਅਦ ਕੰਪਾਲਾ ਵਿੱਚੋਂ ਲੰਘਦਿਆਂ ਮੈਨੂੰ ਤੇ ਇਕ ਹੋਰ ਮਿਸ਼ਨਰੀ ਨੂੰ ਖੁਫੀਆ ਪੁਲਿਸ ਨੇ ਰੋਕ ਲਿਆ। ਸਾਡੇ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਏ! ਉਨ੍ਹਾਂ ਨੇ ਸਾਡੇ ʼਤੇ ਜਾਸੂਸ ਹੋਣ ਦਾ ਦੋਸ਼ ਲਾਇਆ ਅਤੇ ਸਾਨੂੰ ਮੁੱਖ ਥਾਣੇ ਲੈ ਗਏ। ਅਸੀਂ ਉਨ੍ਹਾਂ ਨੂੰ ਸਮਝਾਇਆ ਕਿ ਅਸੀਂ ਸ਼ਾਂਤੀ ਪਸੰਦ ਲੋਕ ਹਾਂ ਅਤੇ ਅਸੀਂ ਆਪਣੇ ਨਾਂ ਪਹਿਲਾਂ ਤੋਂ ਹੀ ਪੁਲਿਸ ਨੂੰ ਰਜਿਸਟਰ ਕਰਾ ਚੁੱਕੇ ਹਾਂ। ਪਰ ਉਨ੍ਹਾਂ ਦੇ ਕੰਨ ʼਤੇ ਜੂੰ ਤਕ ਨਾ ਸਰਕੀ। ਹਥਿਆਰਬੰਦ ਸਿਪਾਹੀ ਸਾਨੂੰ ਮਿਸ਼ਨਰੀ ਘਰ ਦੇ ਨੇੜੇ ਦੀ ਪੁਲਿਸ ਚੌਂਕੀ ਲੈ ਗਿਆ। ਉੱਥੇ ਅਧਿਕਾਰੀ ਨੂੰ ਦੇਖ ਕੇ ਸਾਡੇ ਸਾਹ ਵਿਚ ਸਾਹ ਆਇਆ ਕਿਉਂਕਿ ਉਹ ਜਾਣਦਾ ਸੀ ਕਿ ਅਸੀਂ ਪਹਿਲਾਂ ਹੀ ਨਾਂ ਰਜਿਸਟਰ ਕਰਾ ਚੁੱਕੇ ਹਾਂ। ਉਸ ਨੇ ਸਾਨੂੰ ਪਛਾਣ ਲਿਆ ਅਤੇ ਸਿਪਾਹੀ ਨੂੰ ਸਾਨੂੰ ਛੱਡਣ ਲਈ ਕਿਹਾ।
ਉਨ੍ਹਾਂ ਦਿਨਾਂ ਵਿਚ ਅਕਸਰ ਫ਼ੌਜੀ ਰਾਹ ਰੋਕ ਕੇ ਖੜ੍ਹੇ ਰਹਿੰਦੇ ਸਨ। ਸਾਨੂੰ ਬਹੁਤ ਡਰ ਲੱਗਦਾ ਹੁੰਦਾ ਸੀ, ਖ਼ਾਸ ਕਰ ਕੇ ਉਨ੍ਹਾਂ ਤੋਂ ਜਿਨ੍ਹਾਂ ਨੇ ਬਹੁਤ ਸ਼ਰਾਬ ਪੀਤੀ ਹੁੰਦੀ ਸੀ। ਪਰ ਹਰ ਵਾਰ ਅਸੀਂ ਪ੍ਰਾਰਥਨਾ ਕਰਦੇ ਸੀ ਤੇ ਜਦੋਂ ਅਸੀਂ ਉੱਥੋਂ ਸੁਰੱਖਿਅਤ ਲੰਘ ਜਾਂਦੇ ਸੀ, ਤਾਂ ਸਾਡਾ ਮਨ ਸ਼ਾਂਤ ਹੋ ਜਾਂਦਾ ਸੀ। ਬੜੇ ਦੁੱਖ ਦੀ ਗੱਲ ਹੈ ਕਿ ਸਾਲ 1973 ਵਿਚ ਹੁਕਮ ਜਾਰੀ ਕੀਤਾ ਗਿਆ ਕਿ ਯੂਗਾਂਡਾ ਵਿਚ ਰਹਿ ਰਹੇ ਦੂਸਰੇ ਦੇਸ਼ਾਂ ਦੇ ਸਾਰੇ ਮਿਸ਼ਨਰੀ ਉੱਥੋਂ ਚਲੇ ਜਾਣ।
ਅਬਿਡਜਾਨ, ਕੋਟ ਡਿਵੁਆਰ ਦੀ ਬ੍ਰਾਂਚ ਆਫ਼ਿਸ ਵਿਚ ਸਾਡੀ ਰਾਜ ਸੇਵਕਾਈ ਦੀਆਂ ਕਾਪੀਆਂ ਛਾਪਦੇ ਵੇਲੇ
ਇਕ ਵਾਰ ਫਿਰ ਸਾਨੂੰ ਨਵੀਂ ਜਗ੍ਹਾ ਸੇਵਾ ਕਰਨ ਲਈ ਭੇਜਿਆ ਗਿਆ। ਇਸ ਵਾਰ ਅਸੀਂ ਪੱਛਮੀ ਅਫ਼ਰੀਕਾ ਦੇ ਕੋਟ ਡਿਵੁਆਰ ਦੇਸ਼ ਵਿਚ ਗਏ। ਫਿਰ ਤੋਂ ਸਾਡੇ ਲਈ ਸਾਰਾ ਕੁਝ ਬਦਲ ਗਿਆ, ਜਿਵੇਂ ਕਿ ਨਵਾਂ ਰਹਿਣ-ਸਹਿਣ ਤੇ ਭਾਸ਼ਾ। ਹੁਣ ਫਿਰ ਅਸੀਂ ਫ਼੍ਰੈਂਚ ਭਾਸ਼ਾ ਬੋਲਣੀ ਸੀ ਅਤੇ ਖ਼ੁਦ ਨੂੰ ਵੱਖੋ-ਵੱਖਰੇ ਦੇਸ਼ਾਂ ਤੋਂ ਆਏ ਮਿਸ਼ਨਰੀਆਂ ਦੇ ਮੁਤਾਬਕ ਢਾਲਣਾ ਸੀ। ਅਸੀਂ ਦੁਬਾਰਾ ਯਹੋਵਾਹ ਦਾ ਹੱਥ ਦੇਖਿਆ ਕਿ ਕਿਵੇਂ ਨਿਮਰ ਅਤੇ ਨੇਕ ਦਿਲ ਲੋਕ ਖ਼ੁਸ਼-ਖ਼ਬਰੀ ਕਬੂਲ ਕਰ ਰਹੇ ਸਨ। ਅਸੀਂ ਦੋਹਾਂ ਨੇ ਮਹਿਸੂਸ ਕੀਤਾ ਕਿ ਕਿਵੇਂ ਯਹੋਵਾਹ ʼਤੇ ਭਰੋਸਾ ਰੱਖਣ ਨਾਲ ਉਸ ਨੇ ਸਾਡੇ ਮਾਰਗਾਂ ਨੂੰ ਸਿੱਧਾ ਕੀਤਾ।
ਬਦਲੇ ਹਾਲਾਤ
ਸਾਨੂੰ ਅਚਾਨਕ ਪਤਾ ਲੱਗਾ ਕਿ ਬਾਰਬਰਾ ਨੂੰ ਕੈਂਸਰ ਹੋ ਗਿਆ ਹੈ। ਅਸੀਂ ਇਲਾਜ ਕਰਵਾਉਣ ਲਈ ਇੰਗਲੈਂਡ ਆਪਣੇ ਘਰ ਕਈ ਵਾਰ ਗਏ। ਪਰ 1983 ਵਿਚ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਹੁਣ ਅਫ਼ਰੀਕਾ ਵਿਚ ਹੋਰ ਜ਼ਿਆਦਾ ਸੇਵਾ ਨਹੀਂ ਕਰ ਸਕਾਂਗੇ। ਇਸ ਕਰਕੇ ਸਾਨੂੰ ਦੋਹਾਂ ਨੂੰ ਬਹੁਤ ਦੁੱਖ ਹੋਇਆ!
ਜਦੋਂ ਅਸੀਂ ਲੰਡਨ ਬੈਥਲ ਵਿਚ ਸੇਵਾ ਕਰ ਰਹੇ ਸੀ, ਤਾਂ ਬਾਰਬਰਾ ਦੀ ਸਿਹਤ ਹੋਰ ਵਿਗੜ ਗਈ ਤੇ ਅਖ਼ੀਰ ਕੈਂਸਰ ਨੇ ਉਸ ਦੀ ਜਾਨ ਲੈ ਲਈ। ਬੈਥਲ ਦੇ ਭੈਣਾਂ-ਭਰਾਵਾਂ ਨੇ ਮੈਨੂੰ ਬਹੁਤ ਸਹਾਰਾ ਦਿੱਤਾ। ਖ਼ਾਸ ਕਰ ਕੇ ਇਕ ਜੋੜੇ ਨੇ ਮੇਰੀ ਮਦਦ ਕੀਤੀ ਕਿ ਮੈਂ ਆਪਣੇ ਆਪ ਨੂੰ ਸੰਭਾਲਾਂ ਅਤੇ ਯਹੋਵਾਹ ʼਤੇ ਆਪਣਾ ਭਰੋਸਾ ਬਣਾਈ ਰੱਖਾਂ। ਕੁਝ ਸਾਲਾਂ ਬਾਅਦ ਮੈਂ ਇਕ ਭੈਣ ਨੂੰ ਮਿਲਿਆ ਜੋ ਬੈਥਲ ਵਿਚ ਸੇਵਾ ਕਰਨ ਆਉਂਦੀ ਹੁੰਦੀ ਸੀ। ਇਸ ਭੈਣ ਨੇ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕੀਤੀ ਸੀ ਅਤੇ ਉਹ ਯਹੋਵਾਹ ਨੂੰ ਬਹੁਤ ਪਿਆਰ ਕਰਦੀ ਸੀ। 1989 ਵਿਚ ਮੈਂ ਐਨ ਨਾਲ ਵਿਆਹ ਕਰਾ ਲਿਆ ਅਤੇ ਉਦੋਂ ਤੋਂ ਅਸੀਂ ਲੰਡਨ ਬੈਥਲ ਵਿਚ ਸੇਵਾ ਕਰ ਰਹੇ ਹਾਂ।
ਐਨ ਨਾਲ ਬ੍ਰਿਟੇਨ ਦੇ ਨਵੇਂ ਬੈਥਲ ਦੇ ਸਾਮ੍ਹਣੇ
1995 ਤੋਂ 2018 ਤਕ ਹੈੱਡਕੁਆਰਟਰ ਵੱਲੋਂ ਮੈਨੂੰ ਲਗਭਗ 60 ਵੱਖੋ-ਵੱਖਰੇ ਦੇਸ਼ਾਂ ਦਾ ਦੌਰਾ ਕਰਨ ਦਾ ਸਨਮਾਨ ਮਿਲਿਆ। ਹਰ ਦੌਰੇ ਵਿਚ ਮੈਂ ਆਪਣੀ ਅੱਖੀਂ ਦੇਖਿਆ ਕਿ ਕਿਵੇਂ ਯਹੋਵਾਹ ਅਲੱਗ-ਅਲੱਗ ਹਾਲਾਤਾਂ ਵਿਚ ਆਪਣੇ ਸੇਵਕਾਂ ਨੂੰ ਬਰਕਤਾਂ ਦੇ ਰਿਹਾ ਹੈ।
2017 ਵਿਚ ਇਕ ਵਾਰ ਫਿਰ ਤੋਂ ਮੈਨੂੰ ਅਫ਼ਰੀਕਾ ਜਾਣ ਦਾ ਮੌਕਾ ਮਿਲਿਆ। ਐਨ ਨਾਲ ਬੁਰੁੰਡੀ ਜਾ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਉੱਥੇ ਬਹੁਤ ਸਾਰੇ ਲੋਕਾਂ ਨੂੰ ਸੱਚਾਈ ਵਿਚ ਆਇਆਂ ਦੇਖ ਕੇ ਸਾਡਾ ਦਿਲ ਖ਼ੁਸ਼ੀ ਨਾਲ ਝੂਮ ਉੱਠਿਆ। 1964 ਵਿਚ ਮੈਂ ਜਿਸ ਗਲੀ ਵਿਚ ਪ੍ਰਚਾਰ ਕੀਤਾ ਸੀ, ਉੱਥੇ ਹੁਣ ਇਕ ਬਹੁਤ ਸੋਹਣਾ ਬੈਥਲ ਘਰ ਹੈ। ਨਾਲੇ ਹੁਣ ਉਸ ਦੇਸ਼ ਵਿਚ 15,500 ਤੋਂ ਵੀ ਜ਼ਿਆਦਾ ਪ੍ਰਚਾਰਕ ਹਨ।
2018 ਵਿਚ ਜਿਨ੍ਹਾਂ ਥਾਵਾਂ ਦਾ ਮੈਂ ਦੌਰਾ ਕਰਨਾ ਸੀ ਜਦੋਂ ਮੈਨੂੰ ਉਨ੍ਹਾਂ ਦੀ ਲਿਸਟ ਮਿਲੀ, ਤਾਂ ਮੈਂ ਖ਼ੁਸ਼ੀ ਨਾਲ ਫੁੱਲਿਆ ਨਹੀਂ ਸਮਾਇਆ। ਉਸ ਲਿਸਟ ਵਿਚ ਕੋਟ ਡਿਵੁਆਰ ਦਾ ਨਾਂ ਵੀ ਸੀ। ਇਸ ਦੇਸ਼ ਦੇ ਅਬਿਡਜਾਨ ਸ਼ਹਿਰ ਆਉਣਾ ਸਾਡੇ ਲਈ ਇੱਦਾਂ ਸੀ, ਜਿਵੇਂ ਅਸੀਂ ਘਰ ਆ ਗਏ ਹੋਈਏ। ਬੈਥਲ ਪਹੁੰਚ ਕੇ ਮੈਂ ਗੈਸਟ ਰੂਮ ਵਿਚ ਟੈਲੀਫ਼ੋਨ ਦੀ ਲਿਸਟ ਵਿਚ ਦੇਖਿਆ ਕਿ ਸਾਡੇ ਨਾਲ ਦੇ ਕਮਰਿਆਂ ਵਿਚ ਕੌਣ-ਕੌਣ ਰਹਿ ਰਹੇ ਹਨ। ਉਸ ਲਿਸਟ ਵਿਚ ਮੈਂ ਭਰਾ ਸੋਸੋ ਦਾ ਨਾਂ ਦੇਖਿਆ। ਇਸ ਭਰਾ ਨੂੰ ਮੈਂ ਪਹਿਲਾਂ ਤੋਂ ਹੀ ਜਾਣਦਾ ਸੀ। ਮੈਨੂੰ ਯਾਦ ਆਇਆ ਕਿ ਜਦੋਂ ਮੈਂ ਅਬਿਡਜਾਨ ਵਿਚ ਸੀ, ਤਾਂ ਇਹ ਭਰਾ ਸ਼ਹਿਰੀ ਨਿਗਾਹਬਾਨ (ਸਿਟੀ ਓਵਰਸੀਅਰ) ਵਜੋਂ ਸੇਵਾ ਕਰ ਰਿਹਾ ਸੀ। ਪਰ ਫਿਰ ਮੈਨੂੰ ਪਤਾ ਲੱਗਾ ਕਿ ਇਹ ਭਰਾ ਸੋਸੋ ਨਹੀਂ, ਸਗੋਂ ਉਸ ਦਾ ਮੁੰਡਾ ਸੀ।
ਯਹੋਵਾਹ ਨੇ ਸੱਚ-ਮੁੱਚ ਆਪਣਾ ਵਾਅਦਾ ਨਿਭਾਇਆ। ਮੈਂ ਜਿਹੜੀਆਂ ਵੀ ਮੁਸ਼ਕਲਾਂ ਝੱਲੀਆਂ ਉਸ ਤੋਂ ਮੈਂ ਸਿੱਖਿਆ ਕਿ ਜਦੋਂ ਅਸੀਂ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ, ਤਾਂ ਉਹ ਵਾਕਈ ਸਾਡੇ ਮਾਰਗਾਂ ਨੂੰ ਸਿੱਧਾ ਕਰਦਾ ਹੈ। ਹੁਣ ਅਸੀਂ ਹੋਰ ਵੀ ਜੋਸ਼ ਨਾਲ ਕਦੇ ਨਾ ਖ਼ਤਮ ਹੋਣ ਵਾਲੇ ਮਾਰਗ ʼਤੇ ਚੱਲਦੇ ਰਹਿਣਾ ਚਾਹੁੰਦੇ ਹਾਂ ਜਿਸ ਦਾ ਚਾਨਣ ਨਵੀਂ ਦੁਨੀਆਂ ਵਿਚ ਵਧਦਾ ਜਾਵੇਗਾ।—ਕਹਾ. 4:18.