ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w22 ਅਗਸਤ ਸਫ਼ੇ 26-31
  • ਯਹੋਵਾਹ ਦੇ ਲੋਕ ਧਾਰਮਿਕਤਾ ਦੇ ਰਾਹ ʼਤੇ ਚੱਲਦੇ ਹਨ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਦੇ ਲੋਕ ਧਾਰਮਿਕਤਾ ਦੇ ਰਾਹ ʼਤੇ ਚੱਲਦੇ ਹਨ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਧਾਰਮਿਕਤਾ ਕੀ ਹੈ?
  • ਯਹੋਵਾਹ ਦੇ ਮਿਆਰਾਂ ʼਤੇ ਚੱਲਦੇ ਰਹਿਣ ਦਾ ਆਪਣਾ ਇਰਾਦਾ ਪੱਕਾ ਕਰੋ
  • ਪੂਰੇ ਦਿਲੋਂ ਧਾਰਮਿਕਤਾ ਨਾਲ ਪਿਆਰ ਕਰੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2011
  • ਪਹਿਲਾਂ ‘ਉਹ ਦੇ ਧਰਮ’ ਨੂੰ ਭਾਲਦੇ ਰਹੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2010
  • ਯਹੋਵਾਹ ਦੀ ਧਾਰਮਿਕਤਾ ਵਿਚ ਖ਼ੁਸ਼ੀ ਮਨਾਓ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2002
  • ਧਾਰਮਿਕਤਾ ਭਾਲਣ ਨਾਲ ਸਾਡੀ ਰੱਖਿਆ ਹੁੰਦੀ ਹੈ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—2006
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2022
w22 ਅਗਸਤ ਸਫ਼ੇ 26-31

ਅਧਿਐਨ ਲੇਖ 36

ਯਹੋਵਾਹ ਦੇ ਲੋਕ ਧਾਰਮਿਕਤਾ ਦੇ ਰਾਹ ʼਤੇ ਚੱਲਦੇ ਹਨ

“ਯਹੋਵਾਹ ਧਰਮੀਆਂ ਨੂੰ ਪਿਆਰ ਕਰਦਾ ਹੈ।”​—ਜ਼ਬੂਰ 146:8.

ਗੀਤ 9 ਯਹੋਵਾਹ ਹੈ ਸਾਡਾ ਰਾਜਾ!

ਖ਼ਾਸ ਗੱਲਾਂa

1. ਯੂਸੁਫ਼ ʼਤੇ ਕਿਹੜੀ ਪਰੀਖਿਆ ਆਈ ਅਤੇ ਉਸ ਨੇ ਕੀ ਕੀਤਾ?

ਯਾਕੂਬ ਦੇ ਪੁੱਤਰ ਯੂਸੁਫ਼ ʼਤੇ ਇਕ ਔਖੀ ਪਰੀਖਿਆ ਆਈ। ਉਸ ਦੇ ਮਾਲਕ ਪੋਟੀਫ਼ਰ ਦੀ ਪਤਨੀ ਨੇ ਉਸ ਨੂੰ ਕਿਹਾ: “ਮੇਰੇ ਨਾਲ ਹਮਬਿਸਤਰ ਹੋ।” ਯੂਸੁਫ਼ ਨੇ ਉਸ ਔਰਤ ਨੂੰ ਨਾਂਹ ਕਹਿ ਦਿੱਤੀ। ਸ਼ਾਇਦ ਅੱਜ ਕੋਈ ਸੋਚੇ, ‘ਉਸ ਨੇ ਉਸ ਤੀਵੀਂ ਨੂੰ ਨਾਂਹ ਕਿਉਂ ਕਹੀ?’ ਦੇਖਿਆ ਜਾਵੇ ਤਾਂ ਉਸ ਵੇਲੇ ਉਸ ਦਾ ਮਾਲਕ ਵੀ ਘਰ ਨਹੀਂ ਸੀ। ਇਸ ਤੋਂ ਇਲਾਵਾ, ਯੂਸੁਫ਼ ਉਸ ਘਰ ਵਿਚ ਸਿਰਫ਼ ਇਕ ਨੌਕਰ ਹੀ ਸੀ। ਜੇ ਉਹ ਆਪਣੇ ਮਾਲਕ ਦੀ ਪਤਨੀ ਨੂੰ ਇਨਕਾਰ ਕਰਦਾ, ਤਾਂ ਉਸ ਤੀਵੀਂ ਨੇ ਉਸ ਦਾ ਜੀਉਣਾ ਔਖਾ ਕਰ ਦੇਣਾ ਸੀ। ਪਰ ਉਸ ਤੀਵੀਂ ਦੇ ਲਗਾਤਾਰ ਦਬਾਅ ਪਾਉਣ ਦੇ ਬਾਵਜੂਦ ਵੀ ਯੂਸੁਫ਼ ਉਸ ਨੂੰ ਵਾਰ-ਵਾਰ ਇਨਕਾਰ ਕਰਦਾ ਰਿਹਾ। ਕਿਉਂ? ਯੂਸੁਫ਼ ਨੇ ਕਿਹਾ: “ਮੈਂ ਇੰਨਾ ਵੱਡਾ ਕੁਕਰਮ ਕਰ ਕੇ ਪਰਮੇਸ਼ੁਰ ਦੇ ਖ਼ਿਲਾਫ਼ ਪਾਪ ਕਿਵੇਂ ਕਰ ਸਕਦਾ ਹਾਂ?”​—ਉਤ. 39:7-12.

2. ਯੂਸੁਫ਼ ਕਿਵੇਂ ਜਾਣਦਾ ਸੀ ਕਿ ਹਰਾਮਕਾਰੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਪਾਪ ਸੀ?

2 ਯੂਸੁਫ਼ ਕਿਵੇਂ ਜਾਣਦਾ ਸੀ ਕਿ ਹਰਾਮਕਾਰੀ ਯਹੋਵਾਹ ਦੀਆਂ ਨਜ਼ਰਾਂ ਵਿਚ ਬਹੁਤ “ਵੱਡਾ ਕੁਕਰਮ” ਹੈ? ਦੇਖਿਆ ਜਾਵੇ ਤਾਂ ਯੂਸੁਫ਼ ਤੋਂ ਲਗਭਗ 200 ਸਾਲ ਬਾਅਦ ਜਾ ਕੇ ਮੂਸਾ ਦਾ ਕਾਨੂੰਨ ਦਿੱਤਾ ਗਿਆ ਸੀ ਜਿਸ ਵਿਚ ਇਹ ਹੁਕਮ ਸਾਫ਼-ਸਾਫ਼ ਦਿੱਤਾ ਗਿਆ ਸੀ: “ਤੂੰ ਹਰਾਮਕਾਰੀ ਨਾ ਕਰ।” (ਕੂਚ 20:14) ਪਰ ਯੂਸੁਫ਼ ਯਹੋਵਾਹ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਜਿਸ ਕਰਕੇ ਉਹ ਹਰਾਮਕਾਰੀ ਬਾਰੇ ਉਸ ਦੇ ਨਜ਼ਰੀਏ ਨੂੰ ਸਮਝ ਸਕਿਆ। ਮਿਸਾਲ ਲਈ, ਯੂਸੁਫ਼ ਜਾਣਦਾ ਸੀ ਕਿ ਯਹੋਵਾਹ ਨੇ ਸ਼ੁਰੂਆਤ ਵਿਚ ਆਦਮੀ ਅਤੇ ਔਰਤ ਵਿਚ ਵਿਆਹ ਕਰਵਾਇਆ ਸੀ ਅਤੇ ਸਰੀਰਕ ਸੰਬੰਧ ਸਿਰਫ਼ ਪਤੀ-ਪਤਨੀ ਵਿਚ ਹੀ ਹੋਣੇ ਚਾਹੀਦੇ ਹਨ। ਉਸ ਨੇ ਇਹ ਵੀ ਸੁਣਿਆ ਹੋਣਾ ਕਿ ਯਹੋਵਾਹ ਨੇ ਦੋ ਵਾਰ ਉਸ ਦੀ ਪੜਦਾਦੀ ਸਾਰਾਹ ਦੀ ਇੱਜ਼ਤ ਬਚਾਈ ਸੀ। ਬਾਅਦ ਵਿਚ ਉਸ ਦੀ ਦਾਦੀ ਰਿਬਕਾਹ ਨੂੰ ਵੀ ਯਹੋਵਾਹ ਨੇ ਬਚਾਇਆ ਸੀ। (ਉਤ. 2:24; 12:14-20; 20:2-7; 26:6-11) ਇਨ੍ਹਾਂ ਸਾਰੀਆਂ ਗੱਲਾਂ ʼਤੇ ਸੋਚ-ਵਿਚਾਰ ਕਰ ਕੇ ਯੂਸੁਫ਼ ਸਮਝਿਆ ਹੋਣਾ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਕੀ ਸਹੀ ਹੈ ਤੇ ਕੀ ਗ਼ਲਤ। ਯੂਸੁਫ਼ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ, ਇਸ ਲਈ ਉਸ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਨ ਦਾ ਪੱਕਾ ਇਰਾਦਾ ਕੀਤਾ ਸੀ।

3. ਇਸ ਲੇਖ ਵਿਚ ਅਸੀਂ ਕੀ ਚਰਚਾ ਕਰਾਂਗੇ?

3 ਕੀ ਤੁਹਾਨੂੰ ਪਰਮੇਸ਼ੁਰ ਦੇ ਧਰਮੀ ਮਿਆਰਾਂ ਮੁਤਾਬਕ ਚੱਲਣਾ ਚੰਗਾ ਲੱਗਦਾ ਹੈ? ਬਿਨਾਂ ਸ਼ੱਕ, ਜ਼ਰੂਰ ਲੱਗਦਾ ਹੋਣਾ। ਪਰ ਅਸੀਂ ਸਾਰੇ ਨਾਮੁਕੰਮਲ ਹਾਂ। ਇਸ ਕਰਕੇ ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਸਾਡੇ ʼਤੇ ਦੁਨੀਆਂ ਦੀ ਸੋਚ ਦਾ ਅਸਰ ਪੈ ਸਕਦਾ ਹੈ ਅਤੇ ਪਰਮੇਸ਼ੁਰ ਦੇ ਧਰਮੀ ਮਿਆਰਾਂ ਬਾਰੇ ਸਾਡਾ ਨਜ਼ਰੀਆ ਬਦਲ ਸਕਦਾ ਹੈ। (ਯਸਾ. 5:20; ਰੋਮੀ. 12:2) ਇਸ ਲਈ ਅਸੀਂ ਇਸ ਲੇਖ ਵਿਚ ਚਰਚਾ ਕਰਾਂਗੇ ਕਿ ਧਾਰਮਿਕਤਾ ਕੀ ਹੈ ਅਤੇ ਧਾਰਮਿਕਤਾ ਦੇ ਰਾਹ ʼਤੇ ਚੱਲਦੇ ਰਹਿਣ ਨਾਲ ਸਾਨੂੰ ਕੀ ਫ਼ਾਇਦਾ ਹੁੰਦਾ ਹੈ। ਫਿਰ ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਕਿਹੜੇ ਕਦਮ ਚੁੱਕ ਕੇ ਧਾਰਮਿਕਤਾ ਦੇ ਰਾਹ ʼਤੇ ਚੱਲਦੇ ਰਹਿਣ ਦਾ ਆਪਣਾ ਇਰਾਦਾ ਪੱਕਾ ਕਰ ਸਕਦੇ ਹਾਂ।

ਧਾਰਮਿਕਤਾ ਕੀ ਹੈ?

4. ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਵਿਚ ਧਰਮੀ ਇਨਸਾਨ ਕਿਹੋ ਜਿਹੇ ਹੁੰਦੇ ਹਨ?

4 ਬਹੁਤ ਸਾਰੇ ਲੋਕ ਸੋਚਦੇ ਹਨ ਕਿ ਧਰਮੀ ਲੋਕ ਘਮੰਡੀ ਹੁੰਦੇ ਹਨ, ਦੂਜਿਆਂ ਵਿਚ ਨੁਕਸ ਕੱਢਦੇ ਹਨ ਅਤੇ ਆਪਣੇ ਆਪ ਨੂੰ ਦੂਜਿਆਂ ਨਾਲੋਂ ਚੰਗਾ ਸਮਝਦੇ ਹਨ। ਪਰ ਯਹੋਵਾਹ ਦੀਆਂ ਨਜ਼ਰਾਂ ਵਿਚ ਅਜਿਹੇ ਲੋਕ ਧਰਮੀ ਨਹੀਂ ਹਨ। ਜਦੋਂ ਯਿਸੂ ਧਰਤੀ ʼਤੇ ਆਇਆ ਸੀ, ਤਾਂ ਉਸ ਨੇ ਆਪਣੇ ਜ਼ਮਾਨੇ ਦੇ ਧਾਰਮਿਕ ਆਗੂਆਂ ਨੂੰ ਝਿੜਕਿਆ ਸੀ ਕਿਉਂਕਿ ਉਨ੍ਹਾਂ ਨੇ ਆਪਣੇ ਵੱਲੋਂ ਹੀ ਧਾਰਮਿਕ ਮਿਆਰ ਬਣਾਏ ਹੋਏ ਸਨ। (ਉਪ. 7:16; ਲੂਕਾ 16:15) ਧਰਮੀ ਇਨਸਾਨ ਕਦੇ ਵੀ ਆਪਣੇ ਆਪ ਨੂੰ ਦੂਜਿਆਂ ਨਾਲੋਂ ਚੰਗਾ ਨਹੀਂ ਸਮਝਦਾ।

5. (ੳ) ਬਾਈਬਲ ਮੁਤਾਬਕ ਧਾਰਮਿਕਤਾ ਦਾ ਕੀ ਮਤਲਬ ਹੈ? (ਅ) ਧਰਮੀ ਇਨਸਾਨ ਕਿਹੋ ਜਿਹਾ ਹੁੰਦਾ ਹੈ?

5 ਧਾਰਮਿਕਤਾ ਇਕ ਬਹੁਤ ਵਧੀਆ ਗੁਣ ਹੈ। ਸੌਖੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਧਾਰਮਿਕਤਾ ਦਾ ਮਤਲਬ ਹੈ, ਉਹ ਕੰਮ ਕਰਨੇ ਜੋ ਯਹੋਵਾਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹਨ। ਬਾਈਬਲ ਵਿਚ “ਧਾਰਮਿਕਤਾ” ਵਾਸਤੇ ਵੱਖੋ-ਵੱਖਰੇ ਸ਼ਬਦ ਵਰਤੇ ਗਏ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਇਕ ਇਨਸਾਨ ਯਹੋਵਾਹ ਦੇ ਉੱਚੇ-ਸੁੱਚੇ ਮਿਆਰਾਂ ਮੁਤਾਬਕ ਕਿਵੇਂ ਜੀ ਸਕਦਾ ਹੈ। ਮਿਸਾਲ ਲਈ, ਯਹੋਵਾਹ ਨੇ ਵਪਾਰੀਆਂ ਨੂੰ ਹੁਕਮ ਦਿੱਤਾ ਸੀ ਕਿ ਉਹ “ਪੂਰੇ ਤੋਲ ਵਾਲੇ ਵੱਟੇ” ਵਰਤਣ। (ਬਿਵ. 25:15) ਇਸ ਆਇਤ ਵਿਚ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਪੂਰਾ” ਕੀਤਾ ਗਿਆ ਹੈ, ਉਸ ਦਾ ਅਨੁਵਾਦ “ਧਾਰਮਿਕਤਾ” ਵੀ ਕੀਤਾ ਜਾ ਸਕਦਾ ਹੈ। ਇਸ ਲਈ ਜਿਹੜਾ ਮਸੀਹੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਬਣਨਾ ਚਾਹੁੰਦਾ ਹੈ, ਉਹ ਹਮੇਸ਼ਾ ਆਪਣੇ ਵਪਾਰ ਵਿਚ ਈਮਾਨਦਾਰੀ ਤੋਂ ਕੰਮ ਲੈਂਦਾ ਹੈ। ਨਾਲੇ ਧਰਮੀ ਇਨਸਾਨ ਨਿਆਂ-ਪਸੰਦ ਹੁੰਦਾ ਹੈ ਅਤੇ ਉਹ ਬੇਇਨਸਾਫ਼ੀ ਨੂੰ ਜ਼ਰਾ ਵੀ ਬਰਦਾਸ਼ਤ ਨਹੀਂ ਕਰਦਾ। ਇਸ ਤੋਂ ਇਲਾਵਾ, ਧਰਮੀ ਇਨਸਾਨ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਸੋਚਦਾ ਹੈ ਕਿ ਉਹ ਫ਼ੈਸਲਾ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਹੈ ਜਾਂ ਨਹੀਂ ਤਾਂਕਿ ਪਰਮੇਸ਼ੁਰ ਉਸ ਤੋਂ “ਪੂਰੀ ਤਰ੍ਹਾਂ ਖ਼ੁਸ਼” ਹੋਵੇ।​—ਕੁਲੁ. 1:10.

6. ਸਾਨੂੰ ਕਿਉਂ ਭਰੋਸਾ ਹੈ ਕਿ ਯਹੋਵਾਹ ਦੇ ਮਿਆਰ ਸਹੀ ਹਨ? (ਯਸਾਯਾਹ 55:8, 9)

6 ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ‘ਧਾਰਮਿਕਤਾ ਦਾ ਸੋਮਾ’ ਹੈ। (ਯਿਰ. 50:7) ਸਾਡਾ ਸ੍ਰਿਸ਼ਟੀਕਰਤਾ ਹੋਣ ਦੇ ਨਾਤੇ ਉਸ ਕੋਲ ਸਹੀ ਤੇ ਗ਼ਲਤ ਦੇ ਮਿਆਰ ਤੈਅ ਕਰਨ ਦਾ ਹੱਕ ਹੈ। ਯਹੋਵਾਹ ਮੁਕੰਮਲ ਹੈ, ਇਸ ਕਰਕੇ ਉਹ ਬਿਹਤਰ ਤਰੀਕੇ ਨਾਲ ਜਾਣਦਾ ਹੈ ਕਿ ਕੀ ਸਹੀ ਹੈ ਅਤੇ ਕੀ ਗ਼ਲਤ। ਪਰ ਨਾਮੁਕੰਮਲ ਤੇ ਪਾਪੀ ਹੋਣ ਕਰਕੇ ਅਸੀਂ ਸਹੀ ਅਤੇ ਗ਼ਲਤ ਵਿਚ ਫ਼ਰਕ ਨਹੀਂ ਕਰ ਪਾਉਂਦੇ। (ਕਹਾ. 14:12; ਯਸਾਯਾਹ 55:8, 9 ਪੜ੍ਹੋ।) ਫਿਰ ਵੀ ਅਸੀਂ ਉਸ ਦੇ ਧਰਮੀ ਮਿਆਰਾਂ ʼਤੇ ਚੱਲ ਸਕਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਆਪਣੇ ਸਰੂਪ ʼਤੇ ਬਣਾਇਆ ਹੈ। (ਉਤ. 1:27) ਅਸੀਂ ਖ਼ੁਸ਼ੀ-ਖ਼ੁਸ਼ੀ ਉਸ ਦੇ ਮਿਆਰਾਂ ʼਤੇ ਚੱਲਦੇ ਹਾਂ। ਆਪਣੇ ਪਿਤਾ ਨੂੰ ਪਿਆਰ ਕਰਨ ਕਰਕੇ ਅਸੀਂ ਉਸ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ।​—ਅਫ਼. 5:1.

7. ਸਹੀ ਅਤੇ ਗ਼ਲਤ ਬਾਰੇ ਮਿਆਰ ਹੋਣੇ ਕਿਉਂ ਜ਼ਰੂਰੀ ਹਨ? ਉਦਾਹਰਣ ਦਿਓ।

7 ਸਹੀ ਅਤੇ ਗ਼ਲਤ ਬਾਰੇ ਯਹੋਵਾਹ ਦੇ ਮਿਆਰਾਂ ʼਤੇ ਚੱਲ ਕੇ ਸਾਨੂੰ ਫ਼ਾਇਦਾ ਹੁੰਦਾ ਹੈ। ਅਸੀਂ ਇਹ ਗੱਲ ਕਿਉਂ ਕਹਿ ਸਕਦੇ ਹਾਂ? ਜ਼ਰਾ ਕਲਪਨਾ ਕਰੋ, ਜੇ ਰੋਜ਼ਾਨਾ ਜ਼ਿੰਦਗੀ ਵਿਚ ਨਿਯਮ ਜਾਂ ਕਾਨੂੰਨ ਨਾ ਹੁੰਦੇ, ਤਾਂ ਕਿੰਨੀਆਂ ਮੁਸ਼ਕਲਾਂ ਖੜ੍ਹੀਆਂ ਹੋਣੀਆਂ ਸਨ। ਉਦਾਹਰਣ ਲਈ, ਜੇ ਹਰ ਚੌਂਕ ਵਿਚ ਲਾਲ, ਪੀਲੀ ਤੇ ਹਰੀ ਬੱਤੀ ਦੀ ਬਜਾਇ ਅਲੱਗ-ਅਲੱਗ ਰੰਗ ਦੀਆਂ ਬੱਤੀਆਂ ਹੋਣ, ਤਾਂ ਇਸ ਨਾਲ ਗੜਬੜੀ ਹੋ ਸਕਦੀ ਹੈ ਅਤੇ ਕਿੰਨੇ ਹਾਦਸੇ ਹੋ ਸਕਦੇ ਹਨ। ਜੇ ਕੋਈ ਠੇਕੇਦਾਰ ਉਸਾਰੀ ਦੇ ਨਿਯਮਾਂ ਦੀ ਉਲੰਘਣਾ ਕਰ ਕੇ ਇਮਾਰਤਾਂ ਬਣਾਉਂਦਾ ਹੈ, ਤਾਂ ਇਸ ਨਾਲ ਜਾਨ-ਮਾਲ ਦਾ ਕਿੰਨਾ ਨੁਕਸਾਨ ਹੋ ਸਕਦਾ ਹੈ। ਜੇ ਕੋਈ ਡਾਕਟਰ ਇਲਾਜ ਸੰਬੰਧੀ ਨਿਯਮਾਂ ਤੋਂ ਉਲਟ ਜਾ ਕੇ ਮਰੀਜ਼ਾਂ ਦਾ ਇਲਾਜ ਕਰਦਾ ਹੈ, ਤਾਂ ਲੋਕਾਂ ਦੀ ਜਾਨ ਜਾ ਸਕਦੀ ਹੈ। ਇਨ੍ਹਾਂ ਉਦਾਹਰਣਾਂ ਤੋਂ ਪਤਾ ਲੱਗਦਾ ਹੈ ਕਿ ਸਹੀ ਤੇ ਗ਼ਲਤ ਬਾਰੇ ਮਿਆਰ ਹੋਣੇ ਕਿੰਨੇ ਜ਼ਰੂਰੀ ਹਨ। ਇਸੇ ਤਰ੍ਹਾਂ ਪਰਮੇਸ਼ੁਰ ਦੇ ਮਿਆਰਾਂ ʼਤੇ ਚੱਲ ਕੇ ਸਾਡੀ ਹਿਫਾਜ਼ਤ ਹੁੰਦੀ ਹੈ।

8. ਯਹੋਵਾਹ ਦੇ ਧਰਮੀ ਮਿਆਰਾਂ ʼਤੇ ਚੱਲਣ ਵਾਲਿਆਂ ਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

8 ਯਹੋਵਾਹ ਉਨ੍ਹਾਂ ਸਾਰੇ ਲੋਕਾਂ ਨੂੰ ਬਰਕਤਾਂ ਦਿੰਦਾ ਹੈ ਜੋ ਉਸ ਦੇ ਧਰਮੀ ਮਿਆਰਾਂ ʼਤੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਉਹ ਵਾਅਦਾ ਕਰਦਾ ਹੈ: “ਧਰਮੀ ਧਰਤੀ ਦੇ ਵਾਰਸ ਬਣਨਗੇ ਅਤੇ ਇਸ ਉੱਤੇ ਹਮੇਸ਼ਾ ਜੀਉਂਦੇ ਰਹਿਣਗੇ।” (ਜ਼ਬੂ. 37:29) ਜ਼ਰਾ ਕਲਪਨਾ ਕਰੋ, ਜਦੋਂ ਸਾਰੇ ਲੋਕ ਯਹੋਵਾਹ ਦੇ ਧਰਮੀ ਮਿਆਰਾਂ ʼਤੇ ਚੱਲਣਗੇ, ਉਦੋਂ ਲੋਕਾਂ ਵਿਚ ਕਿੰਨੀ ਏਕਤਾ, ਸ਼ਾਂਤੀ ਅਤੇ ਖੁਸ਼ੀ ਹੋਵੇਗੀ। ਯਹੋਵਾਹ ਚਾਹੁੰਦਾ ਹੈ ਕਿ ਸਾਡੀ ਜ਼ਿੰਦਗੀ ਇਹੋ ਜਿਹੀ ਹੋਵੇ। ਬਿਨਾਂ ਸ਼ੱਕ, ਸਾਡੇ ਕੋਲ ਯਹੋਵਾਹ ਦੇ ਧਰਮੀ ਮਿਆਰਾਂ ʼਤੇ ਚੱਲਣ ਦੇ ਬਹੁਤ ਸਾਰੇ ਕਾਰਨ ਹਨ। ਅਸੀਂ ਇਨ੍ਹਾਂ ਧਰਮੀ ਮਿਆਰਾਂ ʼਤੇ ਚੱਲਦੇ ਰਹਿਣ ਦਾ ਆਪਣਾ ਇਰਾਦਾ ਕਿਵੇਂ ਪੱਕਾ ਕਰ ਸਕਦੇ ਹਾਂ? ਆਓ ਆਪਾਂ ਤਿੰਨ ਕਦਮਾਂ ʼਤੇ ਗੌਰ ਕਰੀਏ।

ਯਹੋਵਾਹ ਦੇ ਮਿਆਰਾਂ ʼਤੇ ਚੱਲਦੇ ਰਹਿਣ ਦਾ ਆਪਣਾ ਇਰਾਦਾ ਪੱਕਾ ਕਰੋ

9. ਪਰਮੇਸ਼ੁਰ ਦੇ ਧਰਮੀ ਮਿਆਰਾਂ ʼਤੇ ਚੱਲਦੇ ਰਹਿਣ ਲਈ ਸਾਨੂੰ ਕੀ ਕਰਨਾ ਚਾਹੀਦਾ?

9 ਪਹਿਲਾ ਕਦਮ: ਯਹੋਵਾਹ ਲਈ ਆਪਣੇ ਦਿਲ ਵਿਚ ਪਿਆਰ ਪੈਦਾ ਕਰੋ। ਯਹੋਵਾਹ ਨੇ ਹੀ ਸਹੀ ਅਤੇ ਗ਼ਲਤ ਦੇ ਮਿਆਰ ਠਹਿਰਾਏ ਹਨ। ਇਸ ਲਈ ਜੇ ਅਸੀਂ ਉਸ ਦੇ ਧਰਮੀ ਮਿਆਰਾਂ ʼਤੇ ਚੱਲਦੇ ਰਹਿਣਾ ਚਾਹੁੰਦੇ ਹਾਂ, ਤਾਂ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਵਿਚ ਉਸ ਲਈ ਪਿਆਰ ਪੈਦਾ ਕਰੀਏ। ਅਸੀਂ ਉਸ ਨੂੰ ਜਿੰਨਾ ਜ਼ਿਆਦਾ ਪਿਆਰ ਕਰਾਂਗੇ, ਉੱਨਾ ਜ਼ਿਆਦਾ ਅਸੀਂ ਉਸ ਦੇ ਉੱਚੇ-ਸੁੱਚੇ ਮਿਆਰਾਂ ʼਤੇ ਚੱਲਣਾ ਚਾਹਾਂਗੇ। ਧਿਆਨ ਦਿਓ ਕਿ ਜੇ ਆਦਮ ਤੇ ਹੱਵਾਹ ਯਹੋਵਾਹ ਨੂੰ ਪਿਆਰ ਕਰਦੇ ਹੁੰਦੇ, ਤਾਂ ਉਨ੍ਹਾਂ ਨੇ ਯਹੋਵਾਹ ਦਾ ਹੁਕਮ ਕਦੇ ਨਹੀਂ ਤੋੜਨਾ ਸੀ।​—ਉਤ. 3:1-6, 16-19.

10. ਅਬਰਾਹਾਮ ਨੇ ਯਹੋਵਾਹ ਦੀ ਸੋਚ ਨੂੰ ਚੰਗੀ ਤਰ੍ਹਾਂ ਸਮਝਣ ਲਈ ਕੀ ਕੀਤਾ?

10 ਅਸੀਂ ਕਦੇ ਵੀ ਆਦਮ ਅਤੇ ਹੱਵਾਹ ਵਾਂਗ ਗ਼ਲਤੀ ਨਹੀਂ ਕਰਨੀ ਚਾਹਾਂਗੇ। ਇਸ ਲਈ ਜ਼ਰੂਰੀ ਹੈ ਕਿ ਅਸੀਂ ਯਹੋਵਾਹ, ਉਸ ਦੇ ਗੁਣਾਂ ਅਤੇ ਉਸ ਦੀ ਸੋਚ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਦੇ ਰਹੀਏ। ਇਸ ਤਰ੍ਹਾਂ ਯਹੋਵਾਹ ਲਈ ਸਾਡਾ ਪਿਆਰ ਹੋਰ ਵੀ ਗੂੜ੍ਹਾ ਹੋਵੇਗਾ। ਜ਼ਰਾ ਅਬਰਾਹਾਮ ਦੀ ਮਿਸਾਲ ʼਤੇ ਗੌਰ ਕਰੋ। ਉਹ ਯਹੋਵਾਹ ਨੂੰ ਦਿਲੋਂ ਪਿਆਰ ਕਰਦਾ ਸੀ। ਜਦੋਂ ਉਸ ਨੂੰ ਯਹੋਵਾਹ ਦਾ ਕੋਈ ਫ਼ੈਸਲਾ ਸਮਝ ਨਹੀਂ ਸੀ ਆਉਂਦਾ, ਤਾਂ ਵੀ ਉਸ ਨੇ ਯਹੋਵਾਹ ਖ਼ਿਲਾਫ਼ ਬਗਾਵਤ ਨਹੀਂ ਕੀਤੀ। ਇਸ ਦੀ ਬਜਾਇ, ਉਸ ਨੇ ਯਹੋਵਾਹ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ। ਮਿਸਾਲ ਲਈ, ਜਦੋਂ ਯਹੋਵਾਹ ਨੇ ਸਦੂਮ ਅਤੇ ਗਮੋਰਾ ਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ, ਤਾਂ ਅਬਰਾਹਾਮ ਪਹਿਲਾਂ-ਪਹਿਲ ਬਹੁਤ ਡਰ ਗਿਆ ਕਿ “ਸਾਰੀ ਦੁਨੀਆਂ ਦਾ ਨਿਆਂਕਾਰ” ਦੁਸ਼ਟਾਂ ਦੇ ਨਾਲ-ਨਾਲ ਧਰਮੀਆਂ ਨੂੰ ਵੀ ਨਾਸ਼ ਕਰ ਦੇਵੇਗਾ। ਅਬਰਾਹਾਮ ਨੂੰ ਪਤਾ ਸੀ ਕਿ ਯਹੋਵਾਹ ਲਈ ਇਸ ਤਰ੍ਹਾਂ ਕਰਨ ਬਾਰੇ ਸੋਚਣਾ ਵੀ ਨਾਮੁਮਕਿਨ ਸੀ। ਇਸ ਲਈ ਉਸ ਨੇ ਨਿਮਰ ਹੋ ਕੇ ਯਹੋਵਾਹ ਤੋਂ ਕੁਝ ਸਵਾਲ ਪੁੱਛੇ। ਯਹੋਵਾਹ ਨੇ ਧੀਰਜ ਨਾਲ ਅਬਰਾਹਾਮ ਦੀ ਗੱਲ ਸੁਣੀ। ਅਖ਼ੀਰ ਅਬਰਾਹਾਮ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਯਹੋਵਾਹ ਦਿਲਾਂ ਦਾ ਪਰਖਣ ਵਾਲਾ ਹੈ। ਇਸ ਕਰਕੇ ਉਹ ਕਦੇ ਵੀ ਕਸੂਰਵਾਰ ਲੋਕਾਂ ਦੇ ਨਾਲ ਬੇਕਸੂਰ ਲੋਕਾਂ ਨੂੰ ਸਜ਼ਾ ਨਹੀਂ ਦਿੰਦਾ।​—ਉਤ. 18:20-32.

11. ਅਬਰਾਹਾਮ ਨੇ ਕਿਵੇਂ ਦਿਖਾਇਆ ਕਿ ਉਹ ਯਹੋਵਾਹ ਨੂੰ ਪਿਆਰ ਕਰਦਾ ਸੀ ਅਤੇ ਉਸ ʼਤੇ ਭਰੋਸਾ ਕਰਦਾ ਸੀ?

11 ਸਦੂਮ ਅਤੇ ਗਮੋਰਾ ਦੇ ਨਾਸ਼ ਵੇਲੇ ਅਬਰਾਹਾਮ ਦੀ ਯਹੋਵਾਹ ਨਾਲ ਜੋ ਗੱਲਬਾਤ ਹੋਈ, ਉਸ ਦਾ ਅਬਰਾਹਾਮ ʼਤੇ ਗਹਿਰਾ ਅਸਰ ਪਿਆ। ਬਿਨਾਂ ਸ਼ੱਕ, ਉਸ ਦੇ ਦਿਲ ਵਿਚ ਆਪਣੇ ਪਿਤਾ ਯਹੋਵਾਹ ਲਈ ਆਦਰ ਅਤੇ ਪਿਆਰ ਹੋਰ ਵੀ ਵਧ ਗਿਆ। ਕਈ ਸਾਲਾਂ ਬਾਅਦ ਅਬਰਾਹਾਮ ʼਤੇ ਇਕ ਔਖੀ ਪਰੀਖਿਆ ਆਈ ਜਿਸ ਕਰਕੇ ਯਹੋਵਾਹ ʼਤੇ ਉਸ ਦੇ ਭਰੋਸੇ ਦੀ ਪਰਖ ਹੋਈ। ਯਹੋਵਾਹ ਨੇ ਉਸ ਨੂੰ ਕਿਹਾ ਕਿ ਉਹ ਆਪਣੇ ਪਿਆਰੇ ਪੁੱਤਰ ਇਸਹਾਕ ਦੀ ਬਲ਼ੀ ਦੇ ਦੇਵੇ। ਹੁਣ ਅਬਰਾਹਾਮ ਯਹੋਵਾਹ ਨੂੰ ਪਹਿਲਾਂ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਜਾਣਦਾ ਸੀ। ਇਸ ਕਰਕੇ ਉਸ ਨੇ ਯਹੋਵਾਹ ਤੋਂ ਇਕ ਵੀ ਸਵਾਲ ਨਹੀਂ ਪੁੱਛਿਆ। ਅਬਰਾਹਾਮ ਯਹੋਵਾਹ ਦੇ ਹੁਕਮ ਨੂੰ ਮੰਨਣ ਲਈ ਤਿਆਰ ਹੋ ਗਿਆ। ਪਰ ਉਸ ਲਈ ਇਹ ਸਾਰਾ ਕੁਝ ਕਰਨਾ ਬਿਲਕੁਲ ਵੀ ਸੌਖਾ ਨਹੀਂ ਸੀ। ਜ਼ਰਾ ਸੋਚੋ, ਆਪਣੇ ਪੁੱਤਰ ਦੀ ਬਲ਼ੀ ਦੇਣ ਲਈ ਤਿਆਰੀਆਂ ਕਰਦਿਆਂ ਅਬਰਾਹਾਮ ਦਾ ਕਲੇਜਾ ਕਿੰਨਾ ਵਿੰਨ੍ਹਿਆ ਗਿਆ ਹੋਣਾ! ਅਬਰਾਹਾਮ ਨੇ ਉਨ੍ਹਾਂ ਸਾਰੀਆਂ ਗੱਲਾਂ ʼਤੇ ਸੋਚ-ਵਿਚਾਰ ਕੀਤਾ ਹੋਣਾ ਜੋ ਉਸ ਨੇ ਯਹੋਵਾਹ ਬਾਰੇ ਸਿੱਖੀਆਂ ਸਨ। ਉਹ ਜਾਣਦਾ ਸੀ ਕਿ ਯਹੋਵਾਹ ਕਦੇ ਵੀ ਕੋਈ ਗ਼ਲਤ ਕੰਮ ਨਹੀਂ ਕਰ ਸਕਦਾ ਤੇ ਉਹ ਪੱਥਰ-ਦਿਲ ਨਹੀਂ ਹੈ। ਪੌਲੁਸ ਰਸੂਲ ਨੇ ਦੱਸਿਆ ਕਿ ਅਬਰਾਹਾਮ ਨੂੰ ਭਰੋਸਾ ਸੀ ਕਿ ਯਹੋਵਾਹ ਉਸ ਦੇ ਪਿਆਰੇ ਪੁੱਤਰ ਇਸਹਾਕ ਨੂੰ ਮਰਿਆਂ ਵਿੱਚੋਂ ਦੁਬਾਰਾ ਜੀਉਂਦਾ ਕਰ ਸਕਦਾ ਸੀ। (ਇਬ. 11:17-19) ਅਬਰਾਹਾਮ ਨੇ ਸੋਚ-ਵਿਚਾਰ ਕੀਤਾ ਹੋਣਾ ਕਿ ਯਹੋਵਾਹ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਇਸਹਾਕ ਇਕ ਕੌਮ ਦਾ ਪਿਤਾ ਬਣੇਗਾ। ਜਦੋਂ ਯਹੋਵਾਹ ਨੇ ਅਬਰਾਹਾਮ ਨੂੰ ਇਸਹਾਕ ਦੀ ਬਲ਼ੀ ਦੇਣ ਲਈ ਕਿਹਾ ਸੀ, ਉਦੋਂ ਤਕ ਇਸਹਾਕ ਦਾ ਕੋਈ ਬੱਚਾ ਨਹੀਂ ਸੀ। ਅਬਰਾਹਾਮ ਯਹੋਵਾਹ ਨੂੰ ਬਹੁਤ ਪਿਆਰ ਕਰਦਾ ਸੀ। ਇਸ ਲਈ ਉਸ ਨੂੰ ਆਪਣੇ ਪਿਤਾ ʼਤੇ ਭਰੋਸਾ ਸੀ ਕਿ ਉਹ ਹਮੇਸ਼ਾ ਸਹੀ ਕੰਮ ਹੀ ਕਰੇਗਾ। ਨਿਹਚਾ ਹੋਣ ਕਰਕੇ ਅਬਰਾਹਾਮ ਯਹੋਵਾਹ ਦਾ ਇਹ ਔਖਾ ਹੁਕਮ ਮੰਨਣ ਤੋਂ ਵੀ ਪਿੱਛੇ ਨਹੀਂ ਹਟਿਆ।​—ਉਤ. 22:1-12.

12. ਅਸੀਂ ਅਬਰਾਹਾਮ ਦੀ ਰੀਸ ਕਿਸ ਤਰ੍ਹਾਂ ਕਰ ਸਕਦੇ ਹਾਂ? (ਜ਼ਬੂਰ 73:28)

12 ਅਸੀਂ ਅਬਰਾਹਾਮ ਦੀ ਰੀਸ ਕਿਵੇਂ ਕਰ ਸਕਦੇ ਹਾਂ? ਅਬਰਾਹਾਮ ਵਾਂਗ ਸਾਨੂੰ ਵੀ ਯਹੋਵਾਹ ਬਾਰੇ ਸਿੱਖਦੇ ਰਹਿਣਾ ਚਾਹੀਦਾ ਹੈ। ਇਸ ਤਰ੍ਹਾਂ ਕਰ ਕੇ ਅਸੀਂ ਆਪਣੇ ਪਰਮੇਸ਼ੁਰ ਦੇ ਹੋਰ ਵੀ ਨੇੜੇ ਜਾਵਾਂਗੇ ਅਤੇ ਉਸ ਨੂੰ ਹੋਰ ਵੀ ਜ਼ਿਆਦਾ ਪਿਆਰ ਕਰਾਂਗੇ। (ਜ਼ਬੂਰ 73:28 ਪੜ੍ਹੋ।) ਨਾਲੇ ਇਸ ਤਰ੍ਹਾਂ ਸਾਡੀ ਜ਼ਮੀਰ ਨੂੰ ਸਿਖਲਾਈ ਮਿਲੇਗੀ ਕਿ ਅਸੀਂ ਪਰਮੇਸ਼ੁਰ ਦੀ ਸੋਚ ਮੁਤਾਬਕ ਚੱਲੀਏ। (ਇਬ. 5:14) ਇਸ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ? ਜੇ ਕੋਈ ਸਾਡੇ ʼਤੇ ਗ਼ਲਤ ਕੰਮ ਕਰਨ ਦਾ ਦਬਾਅ ਪਾਵੇਗਾ, ਤਾਂ ਅਸੀਂ ਉਸ ਨੂੰ ਸਾਫ਼-ਸਾਫ਼ ਮਨ੍ਹਾਂ ਕਰ ਸਕਾਂਗੇ। ਅਸੀਂ ਅਜਿਹਾ ਕੁਝ ਵੀ ਕਰਨ ਬਾਰੇ ਨਹੀਂ ਸੋਚਾਂਗੇ ਜਿਸ ਨਾਲ ਸਾਡੇ ਪਿਤਾ ਨੂੰ ਦੁੱਖ ਪਹੁੰਚੇ ਅਤੇ ਉਸ ਨਾਲ ਸਾਡਾ ਰਿਸ਼ਤਾ ਖ਼ਰਾਬ ਹੋ ਜਾਵੇ। ਅਸੀਂ ਹੋਰ ਕਿਸ ਤਰ੍ਹਾਂ ਦਿਖਾ ਸਕਦੇ ਹਾਂ ਕਿ ਅਸੀਂ ਧਾਰਮਿਕਤਾ ਦੇ ਰਾਹ ʼਤੇ ਚੱਲਣ ਦਾ ਇਰਾਦਾ ਕੀਤਾ ਹੋਇਆ ਹੈ?

13. ਨੇਕੀ ਜਾਂ ਧਾਰਮਿਕਤਾ ਦੇ ਰਾਹ ʼਤੇ ਚੱਲਦੇ ਰਹਿਣ ਲਈ ਅਸੀਂ ਕੀ ਕਰ ਸਕਦੇ ਹਾਂ? (ਕਹਾਉਤਾਂ 21:21)

13 ਦੂਜਾ ਕਦਮ: ਹਰ ਰੋਜ਼ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਣ ਦੀ ਪੂਰੀ ਕੋਸ਼ਿਸ਼ ਕਰੋ। ਠੀਕ ਜਿਵੇਂ ਹਰ ਰੋਜ਼ ਕਸਰਤ ਕਰਨ ਨਾਲ ਸਾਡੀ ਸਿਹਤ ਚੰਗੀ ਰਹਿੰਦੀ ਹੈ, ਉਸੇ ਤਰ੍ਹਾਂ ਜਦੋਂ ਅਸੀਂ ਹਰ ਰੋਜ਼ ਯਹੋਵਾਹ ਦੇ ਮਿਆਰਾਂ ਨੂੰ ਮੰਨਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਤਾਂ ਉਨ੍ਹਾਂ ਮੁਤਾਬਕ ਚੱਲਦੇ ਰਹਿਣ ਦਾ ਸਾਡਾ ਇਰਾਦਾ ਹੋਰ ਵੀ ਪੱਕਾ ਹੁੰਦਾ ਹੈ। ਯਹੋਵਾਹ ਕਦੇ ਵੀ ਸਾਡੇ ਤੋਂ ਉਨ੍ਹਾਂ ਕੰਮਾਂ ਦੀ ਮੰਗ ਨਹੀਂ ਕਰਦਾ ਜੋ ਅਸੀਂ ਨਹੀਂ ਕਰ ਸਕਦੇ। (ਜ਼ਬੂਰ 103:14) ਉਹ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ‘ਜਿਹੜਾ ਨੇਕੀ ਦਾ ਪਿੱਛਾ ਕਰਦਾ ਹੈ, ਉਹ ਨੇਕ ਕਹਾਏਗਾ।’ (ਕਹਾਉਤਾਂ 21:21 ਪੜ੍ਹੋ।) ਨੇਕੀ ਜਾਂ ਧਾਰਮਿਕਤਾ ਦਾ ਪਿੱਛਾ ਕਰਦੇ ਰਹਿਣ ਲਈ ਸਾਨੂੰ ਸਖ਼ਤ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਯਹੋਵਾਹ ਵੀ ਧੀਰਜ ਨਾਲ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਸਮੇਂ ਦੇ ਬੀਤਣ ਨਾਲ ਉਸ ਦੇ ਧਰਮੀ ਮਿਆਰਾਂ ਮੁਤਾਬਕ ਹੋਰ ਵੀ ਬਿਹਤਰ ਤਰੀਕੇ ਨਾਲ ਚੱਲੀਏ।​—ਜ਼ਬੂ. 84:5, 7.

14. “ਧਾਰਮਿਕਤਾ ਦਾ ਸੀਨਾਬੰਦ” ਕੀ ਹੈ ਅਤੇ ਸਾਨੂੰ ਇਹ ਕਿਉਂ ਪਾਉਣਾ ਚਾਹੀਦਾ ਹੈ?

14 ਯਹੋਵਾਹ ਪਿਆਰ ਨਾਲ ਸਾਨੂੰ ਯਾਦ ਕਰਾਉਂਦਾ ਹੈ ਕਿ ਉਸ ਦੇ ਧਰਮੀ ਅਸੂਲ ਸਾਡੇ ਲਈ ਬੋਝ ਨਹੀਂ ਹਨ। (1 ਯੂਹੰ. 5:3) ਇਸ ਤੋਂ ਉਲਟ, ਹਰ ਰੋਜ਼ ਇਨ੍ਹਾਂ ਅਸੂਲਾਂ ਉੱਤੇ ਚੱਲਣ ਕਰਕੇ ਸਾਡੀ ਹਿਫਾਜ਼ਤ ਹੁੰਦੀ ਹੈ। ਕੀ ਤੁਹਾਨੂੰ ਉਹ ਸਾਰੇ ਹਥਿਆਰ ਅਤੇ ਬਸਤਰ ਯਾਦ ਹਨ ਜਿਨ੍ਹਾਂ ਬਾਰੇ ਪੌਲੁਸ ਰਸੂਲ ਨੇ ਦੱਸਿਆ ਸੀ? (ਅਫ਼. 6:14-18) ਉਨ੍ਹਾਂ ਵਿੱਚੋਂ ਇਕ ਸੀ, “ਧਾਰਮਿਕਤਾ ਦਾ ਸੀਨਾਬੰਦ” ਜੋ ਯਹੋਵਾਹ ਦੇ ਧਰਮੀ ਮਿਆਰਾਂ ਨੂੰ ਦਰਸਾਉਂਦਾ ਹੈ। ਪੁਰਾਣੇ ਜ਼ਮਾਨੇ ਵਿਚ ਯੁੱਧ ਦੌਰਾਨ ਸੀਨਾਬੰਦ ਫ਼ੌਜੀ ਦੇ ਦਿਲ ਦੀ ਹਿਫਾਜ਼ਤ ਕਰਦਾ ਸੀ। ਬਿਲਕੁਲ ਉਸੇ ਤਰ੍ਹਾਂ ਧਾਰਮਿਕਤਾ ਦਾ ਸੀਨਾਬੰਦ ਸਾਡੇ ਦਿਲ ਦੀ ਰਾਖੀ ਕਰਦਾ ਹੈ ਯਾਨੀ ਯਹੋਵਾਹ ਦੇ ਧਰਮੀ ਮਿਆਰ ਸਾਡੀਆਂ ਇੱਛਾਵਾਂ, ਭਾਵਨਾਵਾਂ ਤੇ ਸੋਚਾਂ ਦੀ ਰਾਖੀ ਕਰਦੇ ਹਨ। ਇਸ ਲਈ ਹਰ ਵੇਲੇ ਧਾਰਮਿਕਤਾ ਦਾ ਸੀਨਾਬੰਦ ਅਤੇ ਬਾਕੀ ਸਾਰੇ ਹਥਿਆਰ ਤੇ ਬਸਤਰ ਪਾਈ ਰੱਖੋ।​—ਕਹਾ 4:23.

15. ਤੁਸੀਂ ਧਾਰਮਿਕਤਾ ਦਾ ਸੀਨਾਬੰਦ ਕਿਵੇਂ ਪਹਿਨ ਸਕਦੇ ਹੋ?

15 ਤੁਸੀਂ ਧਾਰਮਿਕਤਾ ਦਾ ਸੀਨਾਬੰਦ ਕਿਵੇਂ ਪਹਿਨ ਸਕਦੇ ਹੋ? ਹਰ ਰੋਜ਼ ਕੁਝ ਵੀ ਕਰਨ ਤੋਂ ਪਹਿਲਾਂ ਪਰਮੇਸ਼ੁਰ ਦੇ ਧਰਮੀ ਮਿਆਰਾਂ ਨੂੰ ਧਿਆਨ ਵਿਚ ਰੱਖੋ। ਕੋਈ ਗਾਣਾ ਸੁਣਨ, ਕੋਈ ਪ੍ਰੋਗ੍ਰਾਮ ਦੇਖਣ, ਕੋਈ ਕਿਤਾਬ ਪੜ੍ਹਨ ਜਾਂ ਕਿਸੇ ਨਾਲ ਕੋਈ ਗੱਲਬਾਤ ਕਰਨ ਤੋਂ ਪਹਿਲਾਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਮੈਂ ਆਪਣੇ ਦਿਲ ਵਿਚ ਕੀ ਭਰ ਰਿਹਾ ਹਾਂ? ਕੀ ਇਸ ਤੋਂ ਯਹੋਵਾਹ ਖ਼ੁਸ਼ ਹੋਵੇਗਾ? ਕੀ ਇਸ ਕਰਕੇ ਮੇਰਾ ਧਿਆਨ ਗੰਦੇ-ਮੰਦੇ ਕੰਮਾਂ, ਹਿੰਸਾ, ਲਾਲਚ ਜਾਂ ਸੁਆਰਥ ਵੱਲ ਤਾਂ ਨਹੀਂ ਜਾਵੇਗਾ?’ (ਫ਼ਿਲਿ. 4:8) ਜੇ ਤੁਸੀਂ ਇਨ੍ਹਾਂ ਮਾਮਲਿਆਂ ਵਿਚ ਯਹੋਵਾਹ ਦੀ ਇੱਛਾ ਮੁਤਾਬਕ ਫ਼ੈਸਲੇ ਕਰੋਗੇ, ਤਾਂ ਉਸ ਦੇ ਧਰਮੀ ਮਿਆਰ ਤੁਹਾਡੇ ਦਿਲ ਦੀ ਹਿਫਾਜ਼ਤ ਕਰਨਗੇ।

ਸੂਰਜ ਢਲ਼ ਰਿਹਾ ਹੈ ਅਤੇ ਇਕ ਭੈਣ ਸਮੁੰਦਰ ਕੰਢੇ ਤੁਰੀ ਜਾਂਦੀ ਸਮੁੰਦਰ ਦੀਆਂ ਲਹਿਰਾਂ ਨੂੰ ਦੇਖਦੀ ਹੋਈ।

ਤੁਹਾਡੀ ਧਾਰਮਿਕਤਾ “ਸਮੁੰਦਰ ਦੀਆਂ ਲਹਿਰਾਂ” ਵਾਂਗ ਹੋ ਸਕਦੀ ਹੈ (ਪੈਰੇ 16-17 ਦੇਖੋ)

16-17. ਯਸਾਯਾਹ 48:18 ਤੋਂ ਸਾਨੂੰ ਇਸ ਗੱਲ ਦਾ ਭਰੋਸਾ ਕਿਵੇਂ ਮਿਲਦਾ ਹੈ ਕਿ ਅਸੀਂ ਹਮੇਸ਼ਾ ਯਹੋਵਾਹ ਦੇ ਮਿਆਰਾਂ ਮੁਤਾਬਕ ਚੱਲਦੇ ਰਹਿ ਸਕਦੇ ਹਾਂ?

16 ਕੀ ਤੁਹਾਨੂੰ ਕਦੇ ਇਹ ਸੋਚ ਕੇ ਫ਼ਿਕਰ ਹੁੰਦਾ ਹੈ ਕਿ ਤੁਸੀਂ ਹਮੇਸ਼ਾ ਯਹੋਵਾਹ ਦੇ ਧਰਮੀ ਮਿਆਰਾਂ ਮੁਤਾਬਕ ਚੱਲਦੇ ਰਹਿ ਸਕੋਗੇ ਜਾਂ ਨਹੀਂ? ਜੇ ਹਾਂ, ਤਾਂ ਜ਼ਰਾ ਧਿਆਨ ਦਿਓ ਕਿ ਸਾਨੂੰ ਭਰੋਸਾ ਦਿਵਾਉਣ ਲਈ ਯਹੋਵਾਹ ਨੇ ਇਕ ਮਿਸਾਲ ਦਿੱਤੀ ਜੋ ਯਸਾਯਾਹ 48:18 ਵਿਚ ਲਿਖੀ ਹੈ। (ਪੜ੍ਹੋ।) ਯਹੋਵਾਹ ਸਾਡੇ ਨਾਲ ਵਾਅਦਾ ਕਰਦਾ ਹੈ ਕਿ ਸਾਡੀ ਧਾਰਮਿਕਤਾ “ਸਮੁੰਦਰ ਦੀਆਂ ਲਹਿਰਾਂ ਵਾਂਗ” ਹੋਵੇਗੀ। ਜ਼ਰਾ ਕਲਪਨਾ ਕਰੋ ਕਿ ਤੁਸੀਂ ਸਮੁੰਦਰੀ ਕਿਨਾਰੇ ʼਤੇ ਖੜ੍ਹੇ ਹੋ ਅਤੇ ਸਮੁੰਦਰ ਵਿਚ ਇਕ ਤੋਂ ਬਾਅਦ ਇਕ ਲਹਿਰਾਂ ਆਉਂਦੀਆਂ ਹਨ। ਕੀ ਇਸ ਸ਼ਾਂਤ ਮਾਹੌਲ ਵਿਚ ਤੁਹਾਨੂੰ ਇਸ ਗੱਲ ਦਾ ਫ਼ਿਕਰ ਹੋਵੇਗਾ ਕਿ ਇਕ ਦਿਨ ਇਹ ਲਹਿਰਾਂ ਆਉਣੀਆਂ ਬੰਦ ਹੋ ਜਾਣਗੀਆਂ? ਬਿਲਕੁਲ ਨਹੀਂ! ਕਿਉਂਕਿ ਤੁਹਾਨੂੰ ਪਤਾ ਹੈ ਕਿ ਹਜ਼ਾਰਾਂ ਸਾਲਾਂ ਤੋਂ ਲਹਿਰਾਂ ਆਉਂਦੀਆਂ ਰਹੀਆਂ ਹਨ ਅਤੇ ਹਮੇਸ਼ਾ ਆਉਂਦੀਆਂ ਰਹਿਣਗੀਆਂ।

17 ਤੁਹਾਡੀ ਧਾਰਮਿਕਤਾ ਵੀ ਸਮੁੰਦਰ ਦੀਆਂ ਲਹਿਰਾਂ ਵਾਂਗ ਹੋ ਸਕਦੀ ਹੈ। ਕਿਵੇਂ? ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਸੋਚੋ ਕਿ ਯਹੋਵਾਹ ਤੁਹਾਡੇ ਤੋਂ ਕੀ ਚਾਹੁੰਦਾ ਹੈ। ਫਿਰ ਉਸ ਮੁਤਾਬਕ ਫ਼ੈਸਲਾ ਲਓ। ਚਾਹੇ ਤੁਹਾਡੇ ਲਈ ਇਹ ਫ਼ੈਸਲਾ ਲੈਣਾ ਕਿੰਨਾ ਹੀ ਔਖਾ ਕਿਉਂ ਨਾ ਹੋਵੇ, ਯਾਦ ਰੱਖੋ ਕਿ ਤੁਹਾਡਾ ਪਿਆਰਾ ਪਿਤਾ ਯਹੋਵਾਹ ਹਮੇਸ਼ਾ ਤੁਹਾਡੇ ਨਾਲ ਰਹੇਗਾ ਅਤੇ ਤੁਹਾਨੂੰ ਹਰ ਰੋਜ਼ ਧਰਮੀ ਮਿਆਰਾਂ ਮੁਤਾਬਕ ਚੱਲਦੇ ਰਹਿਣ ਦੀ ਹਿੰਮਤ ਦੇਵੇਗਾ।​—ਯਸਾ. 40:29-31.

18. ਸਾਨੂੰ ਆਪਣੇ ਮਿਆਰਾਂ ਮੁਤਾਬਕ ਦੂਜਿਆਂ ਦਾ ਨਿਆਂ ਕਿਉਂ ਨਹੀਂ ਕਰਨਾ ਚਾਹੀਦਾ?

18 ਤੀਜਾ ਕਦਮ: ਨਿਆਂ ਯਹੋਵਾਹ ਦੇ ਹੱਥਾਂ ਵਿਚ ਛੱਡ ਦਿਓ। ਇਹ ਵਧੀਆ ਗੱਲ ਹੈ ਕਿ ਅਸੀਂ ਹਰ ਰੋਜ਼ ਯਹੋਵਾਹ ਦੇ ਧਰਮੀ ਮਿਆਰਾਂ ʼਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਪਰ ਸਾਨੂੰ ਹੱਦੋਂ ਵੱਧ ਧਰਮੀ ਨਹੀਂ ਬਣਨਾ ਚਾਹੀਦਾ ਯਾਨੀ ਸਾਨੂੰ ਦੂਜਿਆਂ ਦਾ ਨਿਆਂ ਨਹੀਂ ਕਰਨਾ ਚਾਹੀਦਾ ਕਿ ਦੂਜੇ ਯਹੋਵਾਹ ਦੇ ਧਰਮੀ ਮਿਆਰਾਂ ਮੁਤਾਬਕ ਚੱਲਦੇ ਹਨ ਜਾਂ ਨਹੀਂ। ਸਾਨੂੰ ਦੂਜਿਆਂ ਨੂੰ ਨੀਵਾਂ ਨਹੀਂ ਸਮਝਣਾ ਚਾਹੀਦਾ ਅਤੇ ਆਪਣੇ ਮਿਆਰਾਂ ਮੁਤਾਬਕ ਉਨ੍ਹਾਂ ਦਾ ਨਿਆਂ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਹੀ “ਸਾਰੀ ਦੁਨੀਆਂ ਦਾ ਨਿਆਂਕਾਰ” ਹੈ। (ਉਤ. 18:25) ਯਹੋਵਾਹ ਨੇ ਸਾਨੂੰ ਦੂਜਿਆਂ ਦਾ ਨਿਆਂ ਕਰਨ ਦੀ ਜ਼ਿੰਮੇਵਾਰੀ ਨਹੀਂ ਦਿੱਤੀ ਹੈ। ਗੌਰ ਕਰੋ ਕਿ ਯਿਸੂ ਨੇ ਇਹ ਹੁਕਮ ਦਿੱਤਾ ਸੀ: “ਦੂਸਰਿਆਂ ਵਿਚ ਨੁਕਸ ਕੱਢਣੇ ਛੱਡ ਦਿਓ, ਤਾਂ ਤੁਹਾਡੇ ਵਿਚ ਵੀ ਨੁਕਸ ਨਹੀਂ ਕੱਢੇ ਜਾਣਗੇ।”​—ਮੱਤੀ 7:1.b

19. ਯੂਸੁਫ਼ ਨੇ ਕਿਵੇਂ ਦਿਖਾਇਆ ਕਿ ਉਸ ਨੇ ਨਿਆਂ ਯਹੋਵਾਹ ਦੇ ਹੱਥਾਂ ਵਿਚ ਛੱਡ ਦਿੱਤਾ ਸੀ?

19 ਆਓ ਆਪਾਂ ਯੂਸੁਫ਼ ਦੀ ਮਿਸਾਲ ʼਤੇ ਦੁਬਾਰਾ ਗੌਰ ਕਰੀਏ। ਉਹ ਇਕ ਧਰਮੀ ਆਦਮੀ ਸੀ। ਚਾਹੇ ਉਸ ਨਾਲ ਦੂਜਿਆਂ ਨੇ ਬਹੁਤ ਬੁਰਾ ਸਲੂਕ ਕੀਤਾ, ਪਰ ਉਸ ਨੇ ਕਦੇ ਵੀ ਉਨ੍ਹਾਂ ਦਾ ਨਿਆਂ ਨਹੀਂ ਕੀਤਾ। ਉਸ ਦੇ ਆਪਣੇ ਭਰਾਵਾਂ ਨੇ ਉਸ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਗ਼ੁਲਾਮੀ ਲਈ ਵੇਚ ਦਿੱਤਾ ਅਤੇ ਉਨ੍ਹਾਂ ਨੇ ਆਪਣੇ ਪਿਤਾ ਨੂੰ ਯਕੀਨ ਦਿਵਾ ਦਿੱਤਾ ਕਿ ਯੂਸੁਫ਼ ਮਰ ਚੁੱਕਾ ਸੀ। ਕਈ ਸਾਲਾਂ ਬਾਅਦ ਯੂਸੁਫ਼ ਉਨ੍ਹਾਂ ਨੂੰ ਦੁਬਾਰਾ ਮਿਲਿਆ। ਹੁਣ ਉਹ ਇਕ ਵੱਡਾ ਅਧਿਕਾਰੀ ਬਣ ਚੁੱਕਾ ਸੀ। ਜੇ ਯੂਸੁਫ਼ ਚਾਹੁੰਦਾ, ਤਾਂ ਉਹ ਆਪਣੇ ਭਰਾਵਾਂ ਨੂੰ ਸਜ਼ਾ ਦੇ ਕੇ ਉਨ੍ਹਾਂ ਤੋਂ ਬਦਲਾ ਲੈ ਸਕਦਾ ਸੀ। ਉਸ ਦੇ ਭਰਾਵਾਂ ਨੂੰ ਡਰ ਸੀ ਕਿ ਉਹ ਉਨ੍ਹਾਂ ਤੋਂ ਬਦਲਾ ਲਵੇਗਾ, ਚਾਹੇ ਕਿ ਉਨ੍ਹਾਂ ਨੂੰ ਆਪਣੀ ਕੀਤੀ ʼਤੇ ਦਿਲੋਂ ਪਛਤਾਵਾ ਸੀ। ਪਰ ਯੂਸੁਫ਼ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ: “ਡਰੋ ਨਾ। ਕੀ ਮੈਂ ਪਰਮੇਸ਼ੁਰ ਹਾਂ?” (ਉਤ. 37:18-20, 27, 28, 31-35; 50:15-21) ਯੂਸੁਫ਼ ਨਿਮਰ ਸੀ, ਇਸ ਲਈ ਉਸ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸ ਦੇ ਭਰਾਵਾਂ ਦਾ ਨਿਆਂ ਕਰਨ ਦਾ ਹੱਕ ਸਿਰਫ਼ ਯਹੋਵਾਹ ਕੋਲ ਹੈ।

20-21. ਸਾਨੂੰ ਆਪਣੇ ਆਪ ਨੂੰ ਬਹੁਤਾ ਧਰਮੀ ਸਮਝਣ ਤੋਂ ਕਿਵੇਂ ਬਚਣਾ ਚਾਹੀਦਾ ਹੈ?

20 ਯੂਸੁਫ਼ ਵਾਂਗ ਸਾਨੂੰ ਵੀ ਨਿਆਂ ਯਹੋਵਾਹ ਦੇ ਹੱਥਾਂ ਵਿਚ ਛੱਡ ਦੇਣਾ ਚਾਹੀਦਾ ਹੈ। ਉਦਾਹਰਣ ਲਈ, ਸਾਨੂੰ ਕਦੇ ਵੀ ਆਪਣੇ ਭੈਣਾਂ-ਭਰਾਵਾਂ ਦੇ ਇਰਾਦਿਆਂ ʼਤੇ ਸ਼ੱਕ ਨਹੀਂ ਕਰਨਾ ਚਾਹੀਦਾ। ਅਸੀਂ ਕਿਸੇ ਦਾ ਦਿਲ ਨਹੀਂ ਪੜ੍ਹ ਸਕਦੇ, ਸਿਰਫ਼ “ਯਹੋਵਾਹ ਇਰਾਦਿਆਂ ਨੂੰ ਜਾਂਚਦਾ ਹੈ।” (ਕਹਾ. 16:2) ਉਹ ਸਾਰੇ ਇਨਸਾਨਾਂ ਨੂੰ ਪਿਆਰ ਕਰਦਾ ਹੈ, ਫਿਰ ਚਾਹੇ ਉਹ ਕਿਸੇ ਵੀ ਪਿਛੋਕੜ ਜਾਂ ਸਭਿਆਚਾਰ ਵਿੱਚੋਂ ਕਿਉਂ ਨਾ ਹੋਣ। ਨਾਲੇ ਯਹੋਵਾਹ ਸਾਨੂੰ ਹੱਲਾਸ਼ੇਰੀ ਦਿੰਦਾ ਹੈ ਕਿ ਅਸੀਂ ‘ਆਪਣੇ ਦਿਲਾਂ ਦੇ ਦਰਵਾਜ਼ੇ ਖੋਲ੍ਹੀਏ।’ (2 ਕੁਰਿੰ. 6:13) ਸਾਨੂੰ ਕਦੇ ਵੀ ਆਪਣੇ ਕਿਸੇ ਭੈਣ-ਭਰਾ ਦਾ ਨਿਆਂ ਨਹੀਂ ਕਰਨਾ ਚਾਹੀਦਾ, ਸਗੋਂ ਸਾਨੂੰ ਆਪਣੇ ਸਾਰੇ ਭੈਣਾਂ-ਭਰਾਵਾਂ ਨਾਲ ਪਿਆਰ ਕਰਨਾ ਚਾਹੀਦਾ ਹੈ।

21 ਇਸ ਦੇ ਨਾਲ-ਨਾਲ ਸਾਨੂੰ ਉਨ੍ਹਾਂ ਲੋਕਾਂ ਦਾ ਵੀ ਨਿਆਂ ਨਹੀਂ ਕਰਨਾ ਚਾਹੀਦਾ ਜੋ ਸੱਚਾਈ ਵਿਚ ਨਹੀਂ ਹਨ। (1 ਤਿਮੋ. 2:3, 4) ਕੀ ਤੁਹਾਨੂੰ ਆਪਣੇ ਕਿਸੇ ਅਵਿਸ਼ਵਾਸੀ ਰਿਸ਼ਤੇਦਾਰ ਦਾ ਨਿਆਂ ਕਰਦਿਆਂ ਇਹ ਕਹਿਣਾ ਚਾਹੀਦਾ, ‘ਉਹ ਕਦੇ ਵੀ ਸੱਚਾਈ ਵਿਚ ਨਹੀਂ ਆਵੇਗਾ?’ ਨਹੀਂ, ਬਿਲਕੁਲ ਨਹੀਂ ਕਿਉਂਕਿ ਇਸ ਤਰ੍ਹਾਂ ਕਰਨ ਦਾ ਮਤਲਬ ਹੈ, ਹੰਕਾਰੀ ਹੋਣਾ ਜਾਂ ਆਪਣੇ ਆਪ ਨੂੰ ਬਹੁਤਾ ਧਰਮੀ ਸਮਝਣਾ। ਯਹੋਵਾਹ ਹਾਲੇ ਵੀ “ਸਾਰੀ ਦੁਨੀਆਂ ਨੂੰ ਤੋਬਾ ਕਰਨ” ਦਾ ਮੌਕਾ ਦੇ ਰਿਹਾ ਹੈ। (ਰਸੂ. 17:30) ਇਸ ਲਈ ਹਮੇਸ਼ਾ ਯਾਦ ਰੱਖੋ ਕਿ ਜੋ ਆਪਣੇ ਆਪ ਨੂੰ ਬਹੁਤਾ ਧਰਮੀ ਸਮਝਦਾ ਹੈ, ਯਹੋਵਾਹ ਉਸ ਨੂੰ ਧਰਮੀ ਨਹੀਂ ਸਮਝਦਾ।

22. ਤੁਸੀਂ ਧਾਰਮਿਕਤਾ ਦੇ ਰਾਹ ʼਤੇ ਚੱਲਦੇ ਰਹਿਣ ਦਾ ਪੱਕਾ ਇਰਾਦਾ ਕਿਉਂ ਕੀਤਾ ਹੈ?

22 ਆਓ ਆਪਾਂ ਯਹੋਵਾਹ ਦੇ ਧਰਮੀ ਮਿਆਰਾਂ ʼਤੇ ਚੱਲਦੇ ਰਹਿਣ ਦੇ ਆਪਣੇ ਇਰਾਦੇ ਨੂੰ ਪੱਕਾ ਕਰਦੇ ਰਹੀਏ। ਇਸ ਤਰ੍ਹਾਂ ਕਰਨ ਨਾਲ ਸਾਨੂੰ ਖ਼ੁਸ਼ੀ ਮਿਲੇਗੀ ਅਤੇ ਸਾਡੇ ਤੋਂ ਦੂਜਿਆਂ ਨੂੰ ਵੀ ਪਰਮੇਸ਼ੁਰ ਦੇ ਧਰਮੀ ਮਿਆਰਾਂ ʼਤੇ ਚੱਲਣ ਦੀ ਹੱਲਾਸ਼ੇਰੀ ਮਿਲੇਗੀ। ਨਾਲੇ ਉਹ ਸਾਡੇ ਨਾਲ ਅਤੇ ਪਰਮੇਸ਼ੁਰ ਨਾਲ ਹੋਰ ਵੀ ਪਿਆਰ ਕਰਨਗੇ। ਆਓ ਆਪਾਂ ਕਦੇ ਵੀ ਯਹੋਵਾਹ ਦੇ ਧਰਮੀ ਅਸੂਲਾਂ ਮੁਤਾਬਕ ਚੱਲਣਾ ਨਾ ਛੱਡੀਏ। ਭਰੋਸਾ ਰੱਖੋ ਕਿ ਉਹ ਤੁਹਾਡੀਆਂ ਕੋਸ਼ਿਸ਼ਾਂ ਵੱਲ ਧਿਆਨ ਦਿੰਦਾ ਹੈ ਅਤੇ ਤੁਹਾਡੀ ਤਰੱਕੀ ਦੇਖ ਕੇ ਹਮੇਸ਼ਾ ਖ਼ੁਸ਼ ਹੁੰਦਾ ਹੈ। ਚਾਹੇ ਇਸ ਦੁਨੀਆਂ ਦੇ ਮਿਆਰ ਦਿਨ-ਬਦਿਨ ਡਿੱਗਦੇ ਜਾ ਰਹੇ ਹਨ, ਫਿਰ ਵੀ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ “ਯਹੋਵਾਹ ਧਰਮੀਆਂ ਨੂੰ ਪਿਆਰ ਕਰਦਾ ਹੈ।”​—ਜ਼ਬੂ. 146:8.

ਤੁਸੀਂ ਕੀ ਜਵਾਬ ਦਿਓਗੇ?

  • ਧਾਰਮਿਕਤਾ ਕੀ ਹੈ?

  • ਯਹੋਵਾਹ ਦੇ ਧਰਮੀ ਮਿਆਰਾਂ ʼਤੇ ਚੱਲਦੇ ਰਹਿਣ ਨਾਲ ਸਾਨੂੰ ਕੀ ਫ਼ਾਇਦੇ ਹੁੰਦੇ ਹਨ?

  • ਅਸੀਂ ਯਹੋਵਾਹ ਦੇ ਧਰਮੀ ਮਿਆਰਾਂ ਮੁਤਾਬਕ ਚੱਲਣ ਦਾ ਆਪਣਾ ਇਰਾਦਾ ਕਿਵੇਂ ਪੱਕਾ ਕਰ ਸਕਦੇ ਹਾਂ?

ਗੀਤ 139 ਖ਼ੁਦ ਨੂੰ ਨਵੀਂ ਦੁਨੀਆਂ ਵਿਚ ਦੇਖੋ

a ਅੱਜ ਇਸ ਦੁਸ਼ਟ ਦੁਨੀਆਂ ਵਿਚ ਧਰਮੀ ਲੋਕਾਂ ਦਾ ਮਿਲਣਾ ਬਹੁਤ ਮੁਸ਼ਕਲ ਹੈ। ਪਰ ਗੌਰ ਕਰੋ ਕਿ ਲੱਖਾਂ ਹੀ ਲੋਕ ਧਾਰਮਿਕਤਾ ਦੇ ਰਾਹ ʼਤੇ ਚੱਲ ਰਹੇ ਹਨ। ਬਿਨਾਂ ਸ਼ੱਕ, ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਹੋਵੋਗੇ। ਤੁਸੀਂ ਧਾਰਮਿਕਤਾ ਦੇ ਰਾਹ ʼਤੇ ਚੱਲਦੇ ਰਹਿਣ ਲਈ ਪੂਰੀ ਵਾਹ ਲਾ ਰਹੇ ਹੋ ਕਿਉਂਕਿ ਤੁਸੀਂ ਯਹੋਵਾਹ ਨੂੰ ਪਿਆਰ ਕਰਦੇ ਹੋ ਅਤੇ ਯਹੋਵਾਹ ਧਾਰਮਿਕਤਾ ਨਾਲ ਪਿਆਰ ਕਰਦਾ ਹੈ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਧਾਰਮਿਕਤਾ ਕੀ ਹੈ ਅਤੇ ਇਸ ਰਾਹ ʼਤੇ ਚੱਲਦੇ ਰਹਿਣ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ। ਅਸੀਂ ਇਹ ਵੀ ਦੇਖਾਂਗੇ ਕਿ ਅਸੀਂ ਕਿਹੜੇ ਕਦਮ ਚੁੱਕ ਕੇ ਧਾਰਮਿਕਤਾ ਦੇ ਰਾਹ ʼਤੇ ਚੱਲਦੇ ਰਹਿਣ ਦਾ ਆਪਣਾ ਇਰਾਦਾ ਪੱਕਾ ਕਰ ਸਕਦੇ ਹਾਂ।

b ਕਈ ਵਾਰ ਮੰਡਲੀ ਦੇ ਬਜ਼ੁਰਗਾਂ ਨੂੰ ਗੰਭੀਰ ਪਾਪ ਦੇ ਮਾਮਲਿਆਂ ਵਿਚ ਨਿਆਂ ਕਰਨਾ ਪੈਂਦਾ ਹੈ। (1 ਕੁਰਿੰ. 5:11; 6:5; ਯਾਕੂ. 5:14, 15) ਪਰ ਉਹ ਪੂਰੀ ਨਿਮਰਤਾ ਨਾਲ ਇਹ ਗੱਲ ਧਿਆਨ ਵਿਚ ਰੱਖਦੇ ਹਨ ਕਿ ਉਹ ਕਿਸੇ ਦਾ ਦਿਲ ਨਹੀਂ ਪੜ੍ਹ ਸਕਦੇ ਅਤੇ ਉਹ ਯਹੋਵਾਹ ਵੱਲੋਂ ਨਿਆਂ ਕਰ ਰਹੇ ਹਨ। (2 ਇਤਿਹਾਸ 19:6 ਵਿਚ ਨੁਕਤਾ ਦੇਖੋ।) ਇਸ ਲਈ ਉਹ ਯਹੋਵਾਹ ਦੇ ਨਿਆਂ ਦੇ ਅਸੂਲਾਂ ਮੁਤਾਬਕ ਫ਼ੈਸਲੇ ਕਰਦੇ ਹਨ ਅਤੇ ਉਹ ਦਇਆ ਤੇ ਬਿਨਾਂ ਪੱਖਪਾਤ ਦੇ ਨਿਆਂ ਕਰਦੇ ਹਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ