ਕੀ ਅਸੀਂ ਹਮੇਸ਼ਾ ਆਪਣੀ ਸੋਚ ਦੇ ਆਧਾਰ ʼਤੇ ਸਹੀ ਫ਼ੈਸਲੇ ਕਰ ਸਕਦੇ ਹਾਂ?
ਸਹੀ ਤੇ ਗ਼ਲਤ ਬਾਰੇ: ਲੋਕ ਅਕਸਰ ਕਿਵੇਂ ਫ਼ੈਸਲੇ ਕਰਦੇ ਹਨ?
ਲਗਭਗ ਸਾਰੇ ਜਣੇ ਇਸ ਗੱਲ ਨਾਲ ਸਹਿਮਤ ਹੋਣੇ ਕਿ ਕੁਝ ਕੰਮ ਬਿਲਕੁਲ ਸਹੀ ਹੁੰਦੇ ਹਨ ਤੇ ਕੁਝ ਸਰਾਸਰ ਗ਼ਲਤ। ਉਦਾਹਰਣ ਲਈ, ਕਤਲ, ਬਲਾਤਕਾਰ ਅਤੇ ਬੱਚਿਆਂ ਨਾਲ ਬਦਫ਼ੈਲੀ ਵਰਗੇ ਕੰਮਾਂ ਨੂੰ ਪੂਰੀ ਦੁਨੀਆਂ ਨਿੰਦਦੀ ਹੈ। ਇਸ ਤੋਂ ਉਲਟ, ਨਿਰਪੱਖਤਾ, ਦਇਆ ਤੇ ਹਮਦਰਦੀ ਨਾਲ ਕੀਤੇ ਜਾਂਦੇ ਕੰਮਾਂ ਦੀ ਪੂਰੀ ਦੁਨੀਆਂ ਤਾਰੀਫ਼ ਕਰਦੀ ਹੈ। ਪਰ ਦੂਜੇ ਪਾਸੇ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਕਈ ਮਾਮਲਿਆਂ ਵਿਚ ਕੁਝ ਵੀ ਸਹੀ ਜਾਂ ਗ਼ਲਤ ਨਹੀਂ ਹੁੰਦਾ, ਜਿਵੇਂ ਕਿ ਸਰੀਰਕ ਸੰਬੰਧਾਂ ਬਾਰੇ, ਦੂਜਿਆਂ ਨਾਲ ਸੱਚ ਬੋਲਣ ਬਾਰੇ ਜਾਂ ਬੱਚਿਆਂ ਦੀ ਪਰਵਰਿਸ਼ ਕਰਨ ਬਾਰੇ। ਉਨ੍ਹਾਂ ਦਾ ਮੰਨਣਾ ਹੈ ਕਿ ਇੱਦਾਂ ਦੇ ਮਾਮਲਿਆਂ ਬਾਰੇ ਕੀਤਾ ਹਰ ਇਕ ਫ਼ੈਸਲਾ ਸਹੀ ਹੁੰਦਾ ਹੈ। ਲੋਕ ਅਕਸਰ ਆਪਣੀ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਸੋਚ ਦੇ ਆਧਾਰ ʼਤੇ ਫ਼ੈਸਲੇ ਕਰਦੇ ਹਨ। ਕੀ ਹਮੇਸ਼ਾ ਇੱਦਾਂ ਫ਼ੈਸਲੇ ਕਰਨੇ ਸਹੀ ਹੁੰਦੇ ਹਨ?
ਅਸੀਂ ਆਪਣੀ ਸੋਚ ਮੁਤਾਬਕ ਫ਼ੈਸਲੇ ਕਰਦੇ ਹਾਂ
ਅਸੀਂ ਅਕਸਰ ਇਸ ਆਧਾਰ ʼਤੇ ਹੀ ਫ਼ੈਸਲੇ ਕਰਦੇ ਹਾਂ ਕਿ ਅਸੀਂ ਕਿਸੇ ਮਾਮਲੇ ਬਾਰੇ ਕੀ ਸੋਚਦੇ ਜਾਂ ਕੀ ਮਹਿਸੂਸ ਕਰਦੇ ਹਾਂ। ਆਮ ਤੌਰ ਤੇ ਲੋਕ ਇਸ ਸੋਚ ਜਾਂ ਭਾਵਨਾ ਨੂੰ ਜ਼ਮੀਰ ਕਹਿੰਦੇ ਹਨ। (ਰੋਮੀਆਂ 2:14, 15) ਬਹੁਤ ਛੋਟੀ ਉਮਰ ਤੋਂ ਬੱਚੇ ਵੀ ਇਹ ਫ਼ਰਕ ਪਛਾਣ ਲੈਂਦੇ ਹਨ ਕਿ ਕੌਣ ਸਹੀ ਢੰਗ ਨਾਲ ਪੇਸ਼ ਆਉਂਦਾ ਹੈ ਤੇ ਕੌਣ ਗ਼ਲਤ ਢੰਗ ਨਾਲ। ਇਸ ਤੋਂ ਇਲਾਵਾ ਕੋਈ ਗ਼ਲਤੀ ਹੋ ਜਾਣ ਤੇ ਉਹ ਦੋਸ਼ੀ ਵੀ ਮਹਿਸੂਸ ਕਰਦੇ ਹਨ। ਸਮੇਂ ਦੇ ਬੀਤਣ ਨਾਲ ਸਾਡੀ ਜ਼ਮੀਰ ʼਤੇ ਉਨ੍ਹਾਂ ਗੱਲਾਂ ਦਾ ਅਸਰ ਪੈਂਦਾ ਹੈ ਜੋ ਅਸੀਂ ਆਪਣੇ ਪਰਿਵਾਰ, ਦੋਸਤਾਂ, ਟੀਚਰਾਂ, ਇਲਾਕੇ ਦੇ ਲੋਕਾਂ, ਧਰਮ ਤੇ ਸਭਿਆਚਾਰ ਤੋਂ ਸਿੱਖਦੇ ਹਾਂ। ਫਿਰ ਜਦੋਂ ਅਸੀਂ ਫ਼ੈਸਲੇ ਲੈਂਦੇ ਹਾਂ, ਤਾਂ ਸਾਡੀ ਜ਼ਮੀਰ ਸਾਨੂੰ ਦੱਸਦੀ ਹੈ ਕਿ ਸਾਡੇ ਫ਼ੈਸਲੇ ਇਨ੍ਹਾਂ ਸਿੱਖੀਆਂ ਗੱਲਾਂ ਮੁਤਾਬਕ ਹਨ ਜਾਂ ਨਹੀਂ।
ਜਦੋਂ ਅਸੀਂ ਸਹੀ ਤੇ ਗ਼ਲਤ ਵਿਚ ਫ਼ਰਕ ਪਛਾਣ ਜਾਂਦੇ ਹਾਂ, ਤਾਂ ਅਸੀਂ ਦੂਜਿਆਂ ਨੂੰ ਹਮਦਰਦੀ, ਸ਼ੁਕਰਗੁਜ਼ਾਰੀ ਤੇ ਦਇਆ ਦਿਖਾਉਂਦੇ ਹਾਂ ਅਤੇ ਨਿਰਪੱਖਤਾ ਨਾਲ ਪੇਸ਼ ਆਉਂਦੇ ਹਾਂ। ਨਾਲੇ ਅਸੀਂ ਉਹ ਕੰਮ ਨਹੀਂ ਕਰਦੇ ਜਿਨ੍ਹਾਂ ਕਰਕੇ ਸਾਡੇ ਆਪਣਿਆਂ ਨੂੰ ਦੁੱਖ ਪਹੁੰਚ ਸਕਦਾ ਹੈ ਜਾਂ ਫਿਰ ਉਨ੍ਹਾਂ ਨੂੰ ਬੇਇੱਜ਼ਤੀ ਜਾਂ ਸ਼ਰਮਿੰਦਗੀ ਸਹਿਣੀ ਪੈ ਸਕਦੀ ਹੈ।
ਕੀ ਹਮੇਸ਼ਾ ਆਪਣੀ ਸੋਚ ਮੁਤਾਬਕ ਫ਼ੈਸਲੇ ਕਰਨੇ ਸਹੀ ਹੁੰਦੇ ਹਨ? ਨੌਜਵਾਨ ਹੋਣ ਕਰਕੇ ਗੈਰਿਕ ਅਜਿਹੀ ਜ਼ਿੰਦਗੀ ਜੀਉਂਦਾ ਸੀ ਜਿਸ ਬਾਰੇ ਉਸ ਨੇ ਕਿਹਾ: “ਮੈਂ ਆਪਣੀ ਮਨ-ਮਰਜ਼ੀ ਮੁਤਾਬਕ ਸਭ ਕੁਝ ਕਰ ਸਕਦਾ ਸੀ।” ਪਰ ਉਸ ਨੇ ਦੇਖਿਆ ਕਿ ਆਪਣੀ ਮਨ-ਮਰਜ਼ੀ ਕਰ ਕੇ ਚੰਗੇ ਨਤੀਜੇ ਨਹੀਂ ਨਿਕਲੇ। ਉਹ ਦੱਸਦਾ ਕਿ ਉਹ ਇੱਦਾਂ ਦੀ ਜ਼ਿੰਦਗੀ ਜੀਉਣ ਲੱਗ ਪਿਆ ਜੋ ਅਜਿਹੇ “ਹਨੇਰੇ ਰਸਤੇ ਨੂੰ ਜਾਂਦੀ ਸੀ ਜਿੱਥੇ ਗੰਦੇ-ਮੰਦੇ ਕੰਮ, ਨਸ਼ੇ, ਹੱਦੋਂ ਵੱਧ ਸ਼ਰਾਬ ਪੀਣੀ ਤੇ ਬਹੁਤ ਹਿੰਸਾ ਸੀ।”
ਅਸੀਂ ਦੂਜਿਆਂ ਦੀ ਸੋਚ ਮੁਤਾਬਕ ਫ਼ੈਸਲੇ ਕਰਦੇ ਹਾਂ
ਆਪਣੀ ਸੋਚ ਤੋਂ ਇਲਾਵਾ ਅਸੀਂ ਅਕਸਰ ਦੂਜਿਆਂ ਦੀ ਸੋਚ ਮੁਤਾਬਕ ਵੀ ਫ਼ੈਸਲੇ ਕਰਦੇ ਹਾਂ। ਇੱਦਾਂ ਕਰ ਕੇ ਸਾਨੂੰ ਦੂਜਿਆਂ ਦੀ ਬੁੱਧ ਤੇ ਤਜਰਬੇ ਤੋਂ ਫ਼ਾਇਦਾ ਹੋ ਸਕਦਾ ਹੈ। ਨਾਲੇ ਜੇ ਅਸੀਂ ਉਹੀ ਫ਼ੈਸਲੇ ਕਰਦੇ ਹਾਂ ਜੋ ਸਾਡੇ ਘਰਦਿਆਂ, ਦੋਸਤਾਂ ਤੇ ਇਲਾਕੇ ਦੇ ਲੋਕਾਂ ਨੂੰ ਸਹੀ ਲੱਗਦੇ ਹਨ, ਤਾਂ ਅਸੀਂ ਉਨ੍ਹਾਂ ਦੀਆਂ ਨਜ਼ਰਾਂ ਵਿਚ ਚੰਗਾ ਨਾਂ ਕਮਾਉਂਦੇ ਹਾਂ।
ਕੀ ਹਮੇਸ਼ਾ ਦੂਜਿਆਂ ਦੀ ਸੋਚ ਮੁਤਾਬਕ ਫ਼ੈਸਲੇ ਕਰਨੇ ਸਹੀ ਹੁੰਦੇ ਹਨ? ਇਕ ਨੌਜਵਾਨ ਕੁੜੀ ਪ੍ਰੀਸਿੱਲਾ ਦੱਸਦੀ ਹੈ ਕਿ ਉਹ ਉਹੀ ਕੰਮ ਕਰਦੀ ਸੀ ਜੋ ਉਸ ਦੇ ਜ਼ਿਆਦਾਤਰ ਹਾਣੀ ਕਰਦੇ ਸਨ। ਉਹ ਬਿਨਾਂ ਕਿਸੇ ਸ਼ਰਮ ਦੇ ਵਿਆਹ ਤੋਂ ਪਹਿਲਾਂ ਹੀ ਕਈ ਆਦਮੀਆਂ ਨਾਲ ਸਰੀਰਕ ਸੰਬੰਧ ਬਣਾਉਂਦੀ ਸੀ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਜੋ ਕੰਮ ਦੂਜਿਆਂ ਨੂੰ ਸਹੀ ਲੱਗਦੇ ਹਨ, ਉਹ ਕੰਮ ਕਰ ਕੇ ਉਸ ਨੂੰ ਕੋਈ ਖ਼ੁਸ਼ੀ ਨਹੀਂ ਮਿਲ ਰਹੀ। ਉਸ ਨੇ ਦੱਸਿਆ: “ਦੂਜਿਆਂ ਦੀ ਰੀਸ ਕਰ ਕੇ ਮੇਰਾ ਕੁਝ ਵੀ ਭਲਾ ਨਹੀਂ ਹੋਇਆ, ਸਗੋਂ ਮੈਂ ਮੂਰਖਤਾ ਤੇ ਖ਼ਤਰਿਆਂ ਭਰੇ ਕੰਮ ਕੀਤੇ।”
ਸਾਨੂੰ ਵਧੀਆ ਸਲਾਹ ਕਿੱਥੋਂ ਮਿਲ ਸਕਦੀ ਹੈ?
ਸਹੀ ਤੇ ਗ਼ਲਤ ਬਾਰੇ ਕੋਈ ਫ਼ੈਸਲਾ ਕਰਦੇ ਵੇਲੇ ਸਾਡੀ ਤੇ ਦੂਜਿਆਂ ਦੀ ਸੋਚ ਬਹੁਤ ਅਹਿਮੀਅਤ ਰੱਖਦੀ ਹੈ। ਪਰ ਸਿਰਫ਼ ਆਪਣੀ ਤੇ ਦੂਜਿਆਂ ਦੀ ਸੋਚ ਮੁਤਾਬਕ ਫ਼ੈਸਲੇ ਕਰ ਕੇ ਹਮੇਸ਼ਾ ਵਧੀਆ ਨਤੀਜੇ ਨਹੀਂ ਨਿਕਲਦੇ। ਕਈ ਵਾਰ ਅਸੀਂ ਆਪਣੇ ਫ਼ੈਸਲਿਆਂ ਕਰਕੇ ਖ਼ੁਦ ਨੂੰ ਜਾਂ ਦੂਜਿਆਂ ਨੂੰ ਦੁੱਖ ਪਹੁੰਚਾ ਸਕਦੇ ਹਾਂ ਕਿਉਂਕਿ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਫ਼ੈਸਲਿਆਂ ਦੇ ਕੀ ਨਤੀਜੇ ਨਿਕਲਣਗੇ। (ਕਹਾਉਤਾਂ 14:12) ਨਾਲੇ ਇਸ ਗੱਲ ਦੀ ਵੀ ਕੋਈ ਗਾਰੰਟੀ ਨਹੀਂ ਕਿ ਅਸੀਂ ਜਾਂ ਸਾਡੇ ਆਲੇ-ਦੁਆਲੇ ਦੇ ਲੋਕ ਜਿਨ੍ਹਾਂ ਗੱਲਾਂ ਨੂੰ ਸਹੀ ਮੰਨਦੇ ਹਨ, ਉਨ੍ਹਾਂ ਮੁਤਾਬਕ ਚੱਲ ਕੇ ਸਾਡਾ ਭਲਾ ਹੀ ਹੋਵੇਗਾ ਅਤੇ ਸਹੀ-ਗ਼ਲਤ ਬਾਰੇ ਸਾਡੀ ਸਾਰਿਆਂ ਦੀ ਸੋਚ ਕਦੀ ਨਹੀਂ ਬਦਲੇਗੀ। ਦੇਖਿਆ ਜਾਵੇ ਤਾਂ ਜਿਨ੍ਹਾਂ ਕੰਮਾਂ ਨੂੰ ਪਹਿਲਾਂ ਗ਼ਲਤ ਸਮਝਿਆ ਜਾਂਦਾ ਸੀ, ਉਨ੍ਹਾਂ ਨੂੰ ਅੱਜ ਸਹੀ ਸਮਝਿਆ ਜਾਂਦਾ ਹੈ ਤੇ ਜਿਨ੍ਹਾਂ ਕੰਮਾਂ ਨੂੰ ਪਹਿਲਾਂ ਸਹੀ ਸਮਝਿਆ ਜਾਂਦਾ ਸੀ, ਉਨ੍ਹਾਂ ਨੂੰ ਅੱਜ ਗ਼ਲਤ ਸਮਝਿਆ ਜਾਂਦਾ ਹੈ।
ਕੀ ਅਸੀਂ ਹਮੇਸ਼ਾ ਦੂਜਿਆਂ ਦੀ ਸੋਚ ਦੇ ਆਧਾਰ ʼਤੇ ਸਹੀ ਫ਼ੈਸਲੇ ਕਰ ਸਕਦੇ ਹਾਂ?
ਕੀ ਅਜਿਹਾ ਕੋਈ ਜ਼ਰੀਆ ਹੈ ਜਿਸ ਦੀ ਮਦਦ ਨਾਲ ਅਸੀਂ ਸਹੀ ਤੇ ਗ਼ਲਤ ਬਾਰੇ ਵਧੀਆ ਫ਼ੈਸਲੇ ਕਰ ਸਕੀਏ? ਕੀ ਅਜਿਹੀਆਂ ਸਲਾਹਾਂ ਹਨ ਜਿਨ੍ਹਾਂ ਨੂੰ ਮੰਨ ਕੇ ਸਾਨੂੰ ਕਦੇ ਵੀ ਨਿਰਾਸ਼ਾ ਨਾ ਹੋਵੇ?
ਖ਼ੁਸ਼ੀ ਦੀ ਗੱਲ ਹੈ ਕਿ ਇਕ ਅਜਿਹਾ ਜ਼ਰੀਆ ਹੈ ਜਿੱਥੋਂ ਸਾਨੂੰ ਭਰੋਸੇਯੋਗ ਸਲਾਹਾਂ ਮਿਲ ਸਕਦੀਆਂ ਹਨ। ਇਸ ਵਿਚ ਦੱਸੀਆਂ ਸਲਾਹਾਂ ਕਦੇ ਨਹੀਂ ਬਦਲਦੀਆਂ ਅਤੇ ਇਨ੍ਹਾਂ ਤੋਂ ਸਾਰੀ ਦੁਨੀਆਂ ਦੇ ਲੋਕਾਂ ਨੂੰ ਫ਼ਾਇਦਾ ਹੁੰਦਾ ਹੈ। ਅਗਲੇ ਲੇਖ ਵਿਚ ਇਹੀ ਦੱਸਿਆ ਗਿਆ ਹੈ ਕਿ ਸਹੀ ਤੇ ਗ਼ਲਤ ਬਾਰੇ ਭਰੋਸੇਯੋਗ ਸਲਾਹਾਂ ਦਾ ਜ਼ਰੀਆ ਕਿਹੜਾ ਹੈ।