ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w24 ਸਤੰਬਰ ਸਫ਼ੇ 14-18
  • ਯਹੋਵਾਹ ਦੀ ਸੇਵਾ ਵਿਚ ਮਿਲੀਆਂ ਬੇਸ਼ੁਮਾਰ ਬਰਕਤਾਂ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਹੋਵਾਹ ਦੀ ਸੇਵਾ ਵਿਚ ਮਿਲੀਆਂ ਬੇਸ਼ੁਮਾਰ ਬਰਕਤਾਂ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਮੰਮੀ ਗਵਾਹ ਸਨ, ਪਰ ਡੈਡੀ ਨਹੀਂ
  • ਪੂਰੇ ਸਮੇਂ ਦੀ ਸੇਵਾ ਸ਼ੁਰੂ ਕੀਤੀ
  • ਗਿਲਿਅਡ ਗਿਆ, ਪਰ ਉਮੀਦਾਂ ਪੂਰੀਆਂ ਵਿਚ ਸਮਾਂ ਲੱਗਾ
  • ਕੈਮਰੂਨ ਵਿਚ ਮਿਲ ਕੇ ਸੇਵਾ ਕੀਤੀ
  • ਜ਼ਿੰਦਗੀ ਦਾ ਇਕ ਔਖਾ ਫ਼ੈਸਲਾ
  • ਇਕ ਜ਼ਰੂਰੀ ਸਬਕ ਸਿੱਖਿਆ
  • ਹੱਥ ਢਿੱਲੇ ਨਾ ਕਰਨ ਦਾ ਪੱਕਾ ਇਰਾਦਾ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2018
  • “ਰੱਬ ਕਿੱਥੇ ਸੀ?”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਪਬਲਿਕ)—2018
  • ਚੰਗੀਆਂ ਮਿਸਾਲਾਂ ਤੋਂ ਸਿੱਖਣ ਕਰਕੇ ਮੈਨੂੰ ਬੇਸ਼ੁਮਾਰ ਬਰਕਤਾਂ ਮਿਲੀਆਂ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2020
  • “ਮੈਂ ਦੂਸਰਿਆਂ ਤੋਂ ਬਹੁਤ ਕੁਝ ਸਿੱਖਿਆ!”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2021
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
w24 ਸਤੰਬਰ ਸਫ਼ੇ 14-18
ਆਂਦਰੇ ਰਾਮਸੇਅਰ।

ਜੀਵਨੀ

ਯਹੋਵਾਹ ਦੀ ਸੇਵਾ ਵਿਚ ਮਿਲੀਆਂ ਬੇਸ਼ੁਮਾਰ ਬਰਕਤਾਂ

ਆਂਦਰੇ ਰਾਮਸੇਅਰ ਦੀ ਜ਼ਬਾਨੀ

1951 ਦੀ ਗੱਲ ਹੈ, ਮੈਂ ਕੈਨੇਡਾ ਦੇ ਕਿਊਬੈੱਕ ਪ੍ਰਾਂਤ ਦੇ ਇਕ ਛੋਟੇ ਜਿਹੇ ਸ਼ਹਿਰ ਰੂਆਨ ਵਿਚ ਹੁਣੇ-ਹੁਣੇ ਪਹੁੰਚਿਆ ਸੀ। ਮੇਰੇ ਕੋਲ ਇਕ ਘਰ ਦਾ ਪਤਾ ਸੀ। ਮੈਂ ਉੱਥੇ ਗਿਆ ਤੇ ਦਰਵਾਜ਼ਾ ਖੜਕਾਇਆ। ਭਰਾ ਮਾਰਸਲ ਫ਼ਿਲਟੋa ਨੇ ਦਰਵਾਜ਼ਾ ਖੋਲ੍ਹਿਆ। ਉਸ ਨੇ ਗਿਲਿਅਡ ਸਕੂਲ ਕੀਤਾ ਸੀ ਤੇ ਉਹ ਇਕ ਮਿਸ਼ਨਰੀ ਸੀ। ਉਹ 23 ਸਾਲਾਂ ਦਾ ਸੀ ਅਤੇ ਬਹੁਤ ਉੱਚਾ-ਲੰਬਾ ਸੀ। ਮੈਂ 16 ਸਾਲਾਂ ਦਾ ਸੀ ਅਤੇ ਕੱਦ ਵਿਚ ਮੈਂ ਉਸ ਤੋਂ ਕਾਫ਼ੀ ਛੋਟਾ ਸੀ। ਮੈਂ ਉਸ ਨੂੰ ਇਕ ਚਿੱਠੀ ਦਿੱਤੀ ਜਿਸ ਵਿਚ ਲਿਖਿਆ ਸੀ ਕਿ ਮੈਨੂੰ ਇੱਥੇ ਪਾਇਨੀਅਰਿੰਗ ਕਰਨ ਲਈ ਭੇਜਿਆ ਗਿਆ ਹੈ। ਚਿੱਠੀ ਪੜ੍ਹ ਕੇ ਉਸ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ, “ਕੀ ਤੇਰੇ ਮੰਮੀ ਨੂੰ ਪਤਾ ਕਿ ਤੂੰ ਇੱਥੇ ਆਇਆ?”

ਮੰਮੀ ਗਵਾਹ ਸਨ, ਪਰ ਡੈਡੀ ਨਹੀਂ

ਮੇਰਾ ਜਨਮ 1934 ਵਿਚ ਹੋਇਆ। ਮੇਰੇ ਮਾਪੇ ਸਵਿਟਜ਼ਰਲੈਂਡ ਤੋਂ ਕੈਨੇਡਾ ਦੇ ਆਂਟੇਰੀਓ ਪ੍ਰਾਂਤ ਵਿਚ ਆ ਕੇ ਵੱਸ ਗਏ ਸਨ। ਉਹ ਟਿਮਿੰਸ ਸ਼ਹਿਰ ਵਿਚ ਰਹਿੰਦੇ ਸਨ। ਇਹ ਸ਼ਹਿਰ ਸੋਨੇ ਦੀਆਂ ਖਾਣਾਂ ਲਈ ਬਹੁਤ ਮਸ਼ਹੂਰ ਸੀ। 1939 ਵਿਚ ਮੇਰੇ ਮੰਮੀ ਪਹਿਰਾਬੁਰਜ ਪੜ੍ਹਨ ਲੱਗ ਪਏ ਅਤੇ ਯਹੋਵਾਹ ਦੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣ ਲੱਗ ਪਏ। ਉਹ ਮੈਨੂੰ ਤੇ ਮੇਰੇ ਛੇ ਭੈਣਾਂ-ਭਰਾਵਾਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਸੀ। ਕੁਝ ਸਮੇਂ ਬਾਅਦ ਉਹ ਇਕ ਯਹੋਵਾਹ ਦੇ ਗਵਾਹ ਬਣ ਗਏ।

ਮੰਮੀ ਦੇ ਇਸ ਫ਼ੈਸਲੇ ਤੋਂ ਡੈਡੀ ਖ਼ੁਸ਼ ਨਹੀਂ ਸਨ। ਪਰ ਮੰਮੀ ਨੂੰ ਸੱਚਾਈ ਨਾਲ ਬਹੁਤ ਪਿਆਰ ਸੀ ਤੇ ਉਨ੍ਹਾਂ ਨੇ ਠਾਣ ਲਿਆ ਸੀ ਕਿ ਚਾਹੇ ਜੋ ਮਰਜ਼ੀ ਹੋ ਜਾਵੇ, ਉਹ ਯਹੋਵਾਹ ਨੂੰ ਨਹੀਂ ਛੱਡਣਗੇ। ਜਦੋਂ 1940 ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮ ʼਤੇ ਪਾਬੰਦੀ ਲੱਗ ਗਈ ਸੀ, ਉਦੋਂ ਵੀ ਮੰਮੀ ਯਹੋਵਾਹ ਦੀ ਸੇਵਾ ਕਰਦੇ ਰਹੇ। ਡੈਡੀ ਮੰਮੀ ਨੂੰ ਬਹੁਤ ਬੁਰਾ-ਭਲਾ ਕਹਿੰਦੇ ਸੀ, ਪਰ ਮੰਮੀ ਹਮੇਸ਼ਾ ਡੈਡੀ ਦੀ ਇੱਜ਼ਤ ਕਰਦੇ ਸੀ ਤੇ ਪਿਆਰ ਨਾਲ ਪੇਸ਼ ਆਉਂਦੇ ਸੀ। ਇਸ ਗੱਲ ਦਾ ਮੇਰੇ ਅਤੇ ਮੇਰੇ ਭੈਣਾਂ-ਭਰਾਵਾਂ ʼਤੇ ਬਹੁਤ ਵਧੀਆ ਅਸਰ ਪਿਆ। ਫਿਰ ਅਸੀਂ ਫ਼ੈਸਲਾ ਕਰ ਲਿਆ ਕਿ ਅਸੀਂ ਵੀ ਯਹੋਵਾਹ ਦੀ ਸੇਵਾ ਕਰਾਂਗੇ। ਹੌਲੀ-ਹੌਲੀ ਡੈਡੀ ਦਾ ਸੁਭਾਅ ਬਦਲ ਗਿਆ ਤੇ ਉਹ ਸਾਡੇ ਨਾਲ ਚੰਗੇ ਤਰੀਕੇ ਨਾਲ ਪੇਸ਼ ਆਉਣ ਲੱਗ ਪਏ।

ਪੂਰੇ ਸਮੇਂ ਦੀ ਸੇਵਾ ਸ਼ੁਰੂ ਕੀਤੀ

ਅਗਸਤ 1950 ਵਿਚ ਮੈਂ “ਪਰਮੇਸ਼ੁਰੀ ਰਾਜ ਦਾ ਵਾਧਾ” ਸੰਮੇਲਨ ਵਿਚ ਹਾਜ਼ਰ ਹੋਇਆ ਜੋ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਹੋਇਆ ਸੀ। ਉੱਥੇ ਅਲੱਗ-ਅਲੱਗ ਦੇਸ਼ਾਂ ਤੋਂ ਭੈਣ-ਭਰਾ ਆਏ ਸਨ। ਉਨ੍ਹਾਂ ਸਾਰਿਆਂ ਨੂੰ ਮਿਲ ਕੇ ਮੈਨੂੰ ਬਹੁਤ ਵਧੀਆ ਲੱਗਾ। ਜਿਨ੍ਹਾਂ ਭੈਣਾਂ-ਭਰਾਵਾਂ ਨੇ ਗਿਲਿਅਡ ਸਕੂਲ ਕੀਤਾ ਸੀ, ਉਨ੍ਹਾਂ ਦੇ ਤਜਰਬੇ ਸੁਣ ਕੇ ਮੇਰੇ ਵਿਚ ਵੀ ਯਹੋਵਾਹ ਦੀ ਸੇਵਾ ਕਰਨ ਦਾ ਜੋਸ਼ ਭਰ ਗਿਆ। ਮੈਂ ਪੂਰੇ ਸਮੇਂ ਦੀ ਸੇਵਾ ਕਰਨ ਦਾ ਪੱਕਾ ਇਰਾਦਾ ਕਰ ਲਿਆ। ਘਰ ਪਹੁੰਚਦਿਆਂ ਹੀ ਮੈਂ ਪਾਇਨੀਅਰਿੰਗ ਕਰਨ ਲਈ ਅਰਜ਼ੀ ਭਰ ਦਿੱਤੀ। ਫਿਰ ਕੈਨੇਡਾ ਦੇ ਬ੍ਰਾਂਚ ਆਫ਼ਿਸ ਤੋਂ ਚਿੱਠੀ ਆਈ ਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਪਹਿਲਾਂ ਮੈਨੂੰ ਬਪਤਿਸਮਾ ਲੈਣਾ ਪੈਣਾ। ਉਸੇ ਸਾਲ 1 ਅਕਤੂਬਰ ਨੂੰ ਮੈਂ ਬਪਤਿਸਮਾ ਲੈ ਲਿਆ। ਉਸ ਤੋਂ ਇਕ ਮਹੀਨੇ ਬਾਅਦ ਮੈਂ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਕਾਪੁਸਕਾਸਿੰਗ ਭੇਜ ਦਿੱਤਾ ਗਿਆ। ਇਹ ਸ਼ਹਿਰ ਸਾਡੇ ਘਰ ਤੋਂ ਕਈ ਕਿਲੋਮੀਟਰ ਦੂਰ ਸੀ।

ਆਂਦਰੇ ਨੇ “ਪਹਿਰਾਬੁਰਜ” ਫੜਿਆ ਹੋਇਆ ਹੈ।

ਕਿਊਬੈੱਕ ਵਿਚ ਪ੍ਰਚਾਰ ਕਰਦਿਆਂ

1951 ਵਿਚ ਮੈਨੂੰ ਬ੍ਰਾਂਚ ਆਫ਼ਿਸ ਤੋਂ ਇਕ ਚਿੱਠੀ ਆਈ। ਉਸ ਚਿੱਠੀ ਵਿਚ ਲਿਖਿਆ ਸੀ ਕਿ ਜਿਨ੍ਹਾਂ ਭੈਣਾਂ-ਭਰਾਵਾਂ ਨੂੰ ਫ਼੍ਰੈਂਚ ਭਾਸ਼ਾ ਆਉਂਦੀ ਹੈ, ਉਹ ਕਿਊਬੈੱਕ ਵਿਚ ਜਾ ਕੇ ਸੇਵਾ ਕਰਨ ਬਾਰੇ ਸੋਚ ਸਕਦੇ ਹਨ। ਉੱਥੇ ਫ਼੍ਰੈਂਚ ਭਾਸ਼ਾ ਬੋਲਣ ਵਾਲੇ ਭੈਣਾਂ-ਭਰਾਵਾਂ ਦੀ ਲੋੜ ਸੀ। ਮੈਨੂੰ ਬਚਪਨ ਤੋਂ ਹੀ ਅੰਗ੍ਰੇਜ਼ੀ ਅਤੇ ਫ਼੍ਰੈਂਚ ਭਾਸ਼ਾ ਆਉਂਦੀ ਸੀ, ਇਸ ਕਰਕੇ ਮੈਂ ਕਿਊਬੈੱਕ ਜਾਣ ਲਈ ਤਿਆਰ ਹੋ ਗਿਆ। ਬ੍ਰਾਂਚ ਆਫ਼ਿਸ ਨੇ ਮੈਨੂੰ ਰੂਆਨ ਸ਼ਹਿਰ ਭੇਜਿਆ। ਮੈਂ ਉੱਥੇ ਕਿਸੇ ਨੂੰ ਵੀ ਨਹੀਂ ਜਾਣਦਾ ਸੀ। ਮੈਨੂੰ ਬ੍ਰਾਂਚ ਆਫ਼ਿਸ ਤੋਂ ਬੱਸ ਇਕ ਘਰ ਦਾ ਪਤਾ ਮਿਲਿਆ ਜਿੱਥੇ ਮੈਨੂੰ ਜਾਣ ਲਈ ਕਿਹਾ ਗਿਆ ਸੀ। ਮੈਂ ਆਪਣੀ ਕਹਾਣੀ ਦੀ ਸ਼ੁਰੂਆਤ ਵਿਚ ਇਸੇ ਬਾਰੇ ਦੱਸਿਆ ਸੀ। ਮਾਰਸਲ ਮੇਰਾ ਇਕ ਚੰਗਾ ਦੋਸਤ ਬਣ ਗਿਆ ਅਤੇ ਅਗਲੇ ਚਾਰ ਸਾਲਾਂ ਤਕ ਮੈਂ ਕਿਊਬੈੱਕ ਵਿਚ ਖ਼ੁਸ਼ੀ-ਖ਼ੁਸ਼ੀ ਸੇਵਾ ਕੀਤੀ। ਫਿਰ ਉੱਥੇ ਮੈਨੂੰ ਸਪੈਸ਼ਲ ਪਾਇਨੀਅਰ ਬਣਾ ਦਿੱਤਾ ਗਿਆ।

ਗਿਲਿਅਡ ਗਿਆ, ਪਰ ਉਮੀਦਾਂ ਪੂਰੀਆਂ ਵਿਚ ਸਮਾਂ ਲੱਗਾ

ਜਦੋਂ ਮੈਂ ਕਿਊਬੈੱਕ ਵਿਚ ਸੇਵਾ ਕਰ ਰਿਹਾ ਸੀ, ਤਾਂ ਮੈਨੂੰ ਗਿਲਿਅਡ ਦੀ 26ਵੀਂ ਕਲਾਸ ਵਿਚ ਹਾਜ਼ਰ ਹੋਣ ਦਾ ਸੱਦਾ ਮਿਲਿਆ। ਇਹ ਕਲਾਸ ਨਿਊਯਾਰਕ ਦੇ ਸਾਊਥ ਲੈਂਸਿੰਗ ਸ਼ਹਿਰ ਵਿਚ ਰੱਖੀ ਗਈ ਸੀ। ਮੈਂ ਦੱਸ ਨਹੀਂ ਸਕਦਾ ਕਿ ਮੈਂ ਕਿੰਨਾ ਖ਼ੁਸ਼ ਸੀ! ਮੈਂ 12 ਫਰਵਰੀ 1956 ਵਿਚ ਗਿਲਿਅਡ ਸਕੂਲ ਤੋਂ ਗ੍ਰੈਜੂਏਟ ਹੋਇਆ ਅਤੇ ਮੈਨੂੰ ਪੱਛਮੀ ਅਫ਼ਰੀਕਾ ਦੇ ਘਾਨਾb ਦੇਸ਼ ਭੇਜਿਆ ਗਿਆ। ਪਰ ਘਾਨਾ ਜਾਣ ਤੋਂ ਪਹਿਲਾਂ ਮੈਨੂੰ “ਕੁਝ ਹਫ਼ਤਿਆਂ” ਲਈ ਕੈਨੇਡਾ ਜਾਣਾ ਪੈਣਾ ਸੀ ਤਾਂਕਿ ਘਾਨਾ ਜਾਣ ਲਈ ਮੈਂ ਆਪਣੇ ਸਾਰੇ ਕਾਗਜ਼-ਪੱਤਰ ਤਿਆਰ ਕਰ ਸਕਾਂ।

ਪਰ ਇਹ ਕਾਗਜ਼-ਪੱਤਰ ਤਿਆਰ ਕਰਨ ਲਈ ਮੈਨੂੰ ਕੁਝ ਹਫ਼ਤੇ ਨਹੀਂ, ਸਗੋਂ ਸੱਤ ਮਹੀਨੇ ਲੱਗ ਗਏ। ਇਸ ਲਈ ਮੈਨੂੰ ਸੱਤ ਮਹੀਨੇ ਟੋਰੌਂਟੋ ਰਹਿਣਾ ਪਿਆ। ਇਸ ਦੌਰਾਨ ਮੈਂ ਭਰਾ ਕ੍ਰਿਪਸ ਦੇ ਘਰ ਰੁਕਿਆ। ਉਨ੍ਹਾਂ ਦੀ ਕੁੜੀ ਦਾ ਨਾਂ ਸੀ, ਸ਼ੀਲਾ ਕ੍ਰਿਪਸ। ਮੈਂ ਤੇ ਸ਼ੀਲਾ ਇਕ-ਦੂਜੇ ਨੂੰ ਪਸੰਦ ਕਰਨ ਲੱਗ ਪਏ। ਮੈਂ ਉਸ ਨੂੰ ਵਿਆਹ ਲਈ ਪੁੱਛਣ ਵਾਲਾ ਸੀ, ਪਰ ਉਸੇ ਸਮੇਂ ਮੈਨੂੰ ਖ਼ਬਰ ਮਿਲੀ ਕਿ ਕਾਗਜ਼-ਪੱਤਰ ਤਿਆਰ ਹੋ ਗਏ ਹਨ ਅਤੇ ਮੈਨੂੰ ਘਾਨਾ ਜਾਣ ਲਈ ਵੀਜ਼ਾ ਮਿਲ ਗਿਆ ਹੈ। ਮੈਂ ਤੇ ਸ਼ੀਲਾ ਨੇ ਇਸ ਬਾਰੇ ਪ੍ਰਾਰਥਨਾ ਕੀਤੀ ਅਤੇ ਫ਼ੈਸਲਾ ਕੀਤਾ ਕਿ ਮੈਂ ਘਾਨਾ ਜਾਵਾਂਗਾ। ਪਰ ਅਸੀਂ ਸੋਚਿਆ ਕਿ ਅਸੀਂ ਇਕ-ਦੂਜੇ ਚਿੱਠੀਆਂ ਲਿਖਦੇ ਰਹਾਂਗੇ ਅਤੇ ਅੱਗੇ ਜਾ ਕੇ ਵਿਆਹ ਕਰਨ ਬਾਰੇ ਵੀ ਸੋਚਾਂਗੇ। ਇਹ ਫ਼ੈਸਲਾ ਲੈਣਾ ਸੌਖਾ ਨਹੀਂ ਸੀ, ਪਰ ਬਾਅਦ ਵਿਚ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਸਹੀ ਫ਼ੈਸਲਾ ਕੀਤਾ ਸੀ।

ਨਕਸ਼ੇ ʼਤੇ ਕੁਝ ਥਾਵਾਂ ਦਿਖਾਈਆਂ ਗਈਆਂ ਹਨ ਜਿੱਥੇ ਆਂਦਰੇ ਰਿਹਾ ਤੇ ਉਸ ਨੇ ਸੇਵਾ ਕੀਤੀ: ਕੈਨੇਡਾ ਵਿਚ ਮੈਨੀਟੋਬਾ, ਆਂਟੇਰੀਓ ਅਤੇ ਕਿਊਬੈੱਕ; ਅਫ਼ਰੀਕਾ ਵਿਚ ਕੈਮਰੂਨ, ਕੋਟ ਡਿਵੁਆਰ, ਘਾਨਾ, ਨਾਈਜੀਰੀਆ ਅਤੇ ਟੋਗੋ।

ਮੈਂ ਘਾਨਾ ਦੇ ਆਕਰਾ ਸ਼ਹਿਰ ਪਹੁੰਚਣ ਲਈ ਇਕ ਮਹੀਨੇ ਤਕ ਟ੍ਰੇਨ, ਸਾਮਾਨ ਲੈ ਕੇ ਜਾਣ ਵਾਲੇ ਸਮੁੰਦਰੀ ਜਹਾਜ਼ ਅਤੇ ਹਵਾਈ ਜਹਾਜ਼ ਰਾਹੀਂ ਸਫ਼ਰ ਕੀਤਾ। ਉੱਥੇ ਮੈਨੂੰ ਜ਼ਿਲ੍ਹਾ ਨਿਗਾਹਬਾਨ ਦੀ ਜ਼ਿੰਮੇਵਾਰੀ ਦਿੱਤੀ ਗਈ। ਇਸ ਤੋਂ ਇਲਾਵਾ, ਮੈਨੂੰ ਘਾਨਾ ਦੇ ਆਲੇ-ਦੁਆਲੇ ਦੇ ਦੇਸ਼ਾਂ ਵਿਚ ਵੀ ਜਾਣਾ ਪੈਂਦਾ ਸੀ, ਜਿਵੇਂ ਆਇਵਰੀ ਕੋਸਟ (ਹੁਣ ਕੋਟ ਡਿਵੁਆਰ) ਅਤੇ ਟੋਗੋਲੈਂਡ (ਹੁਣ ਟੋਗੋ)। ਬ੍ਰਾਂਚ ਆਫ਼ਿਸ ਨੇ ਮੈਨੂੰ ਇਕ ਜੀਪ ਦਿੱਤੀ ਸੀ। ਮੈਂ ਉਸੇ ਰਾਹੀਂ ਸਫ਼ਰ ਕਰਦਾ ਸੀ। ਮੈਨੂੰ ਅਲੱਗ-ਅਲੱਗ ਥਾਵਾਂ ਦੇ ਭੈਣਾਂ-ਭਰਾਵਾਂ ਨੂੰ ਮਿਲਣਾ ਬਹੁਤ ਚੰਗਾ ਲੱਗਦਾ ਸੀ।

ਸ਼ਨੀ-ਐਤਵਾਰ ਨੂੰ ਮੈਂ ਸਰਕਟ ਅਸੈਂਬਲੀ ਦੇ ਕੰਮਾਂ ਵਿਚ ਬਿਜ਼ੀ ਰਹਿੰਦਾ ਸੀ। ਉੱਥੇ ਅਸੈਂਬਲੀ ਹਾਲ ਨਹੀਂ ਸਨ ਜਿਸ ਕਰਕੇ ਭਰਾ ਬਾਂਸ ਦੇ ਡੰਡਿਆਂ ਨਾਲ ਇਕ ਢਾਂਚਾ ਤਿਆਰ ਕਰਦੇ ਸਨ। ਫਿਰ ਉਹ ਖਜੂਰ ਦੀਆਂ ਟਹਿਣੀਆਂ ਨਾਲ ਛੱਤ ਬਣਾਉਂਦੇ ਸਨ ਤਾਂਕਿ ਭੈਣ-ਭਰਾ ਤਪਦੀ ਧੁੱਪ ਤੋਂ ਬਚ ਸਕਣ। ਉਸ ਵੇਲੇ ਸਾਡੇ ਕੋਲ ਕੋਈ ਫਰਿੱਜ ਨਹੀਂ ਸੀ। ਇਸ ਲਈ ਅਸੀਂ ਜੀਉਂਦੇ ਜਾਨਵਰ ਰੱਖਦੇ ਸੀ ਤਾਂਕਿ ਇਨ੍ਹਾਂ ਨੂੰ ਉਸੇ ਵੇਲੇ ਵੱਢ ਕੇ ਤਿਆਰ ਕੀਤਾ ਜਾ ਸਕੇ ਅਤੇ ਅਸੈਂਬਲੀ ਵਿਚ ਆਏ ਭੈਣਾਂ-ਭਰਾਵਾਂ ਨੂੰ ਖਾਣਾ ਖਿਲਾਇਆ ਜਾ ਸਕੇ।

ਇਨ੍ਹਾਂ ਅਸੈਂਬਲੀਆਂ ਵਿਚ ਕਈ ਮਜ਼ੇਦਾਰ ਕਿੱਸੇ ਹੁੰਦੇ ਸਨ। ਮੈਂ ਤੁਹਾਨੂੰ ਇਕ ਕਿੱਸਾ ਦੱਸਦਾ ਹਾਂ। ਇਕ ਵਾਰ ਹਰਬਰਟ ਜੈਨਿੰਗਜ਼c ਨਾਂ ਦੇ ਮਿਸ਼ਨਰੀ ਭਰਾ ਭਾਸ਼ਣ ਦੇ ਰਹੇ ਸਨ। ਉਸ ਵੇਲੇ ਇਕ ਵੱਛਾ ਭੱਜ ਕੇ ਸਟੇਜ ਵੱਲ ਨੂੰ ਆ ਗਿਆ ਤੇ ਇੱਧਰ-ਉੱਧਰ ਭੱਜਣ ਲੱਗ ਪਿਆ। ਭਰਾ ਹਰਬਰਟ ਭਾਸ਼ਣ ਦਿੰਦੇ-ਦਿੰਦੇ ਰੁਕ ਗਏ ਅਤੇ ਉਸ ਵੱਛੇ ਨੂੰ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿੱਥੇ ਜਾਵੇ। ਫਿਰ ਚਾਰ ਹੱਟੇ-ਕੱਟੇ ਭਰਾ ਉਸ ਵੱਛੇ ਨੂੰ ਫੜ ਕੇ ਬਾਹਰ ਲੈ ਗਏ। ਇਹ ਸਭ ਕੁਝ ਦੇਖ ਕੇ ਸਾਰੇ ਜਣੇ ਖ਼ੁਸ਼ੀ ਨਾਲ ਤਾੜੀਆਂ ਮਾਰਨ ਲੱਗ ਪਏ।

ਅਸੈਂਬਲੀ ਵਾਲੇ ਹਫ਼ਤੇ ਦੇ ਬਾਕੀ ਦਿਨਾਂ ਵਿਚ ਮੈਂ ਨੇੜਲੇ ਪਿੰਡਾਂ ਵਿਚ ਜਾ ਕੇ ਦ ਨਿਊ ਵਰਲਡ ਸੋਸਾਇਟੀ ਇਨ ਐਕਸ਼ਨ ਨਾਂ ਦੀ ਫ਼ਿਲਮ ਦਿਖਾਉਂਦਾ ਸੀ। ਮੈਂ ਦੋ ਡੰਡਿਆਂ ਜਾਂ ਦੋ ਦਰਖ਼ਤਾਂ ਵਿਚ ਇਕ ਚਿੱਟਾ ਪਰਦਾ ਬੰਨ੍ਹ ਦਿੰਦਾ ਸੀ ਅਤੇ ਉਸ ʼਤੇ ਪ੍ਰੋਜੈਕਟਰ ਰਾਹੀਂ ਫ਼ਿਲਮ ਦਿਖਾਉਂਦਾ ਸੀ। ਪਿੰਡ ਵਾਲਿਆਂ ਨੂੰ ਫ਼ਿਲਮ ਦੇਖ ਕੇ ਬਹੁਤ ਮਜ਼ਾ ਆਉਂਦਾ ਸੀ। ਕੁਝ ਲੋਕਾਂ ਲਈ ਤਾਂ ਇਹ ਉਨ੍ਹਾਂ ਦੀ ਜ਼ਿੰਦਗੀ ਦੀ ਪਹਿਲੀ ਫ਼ਿਲਮ ਹੁੰਦੀ ਸੀ। ਜਦੋਂ ਫ਼ਿਲਮ ਵਿਚ ਬਪਤਿਸਮੇ ਦਾ ਸੀਨ ਆਉਂਦਾ ਸੀ, ਤਾਂ ਲੋਕ ਬਹੁਤ ਖ਼ੁਸ਼ ਹੋ ਜਾਂਦੇ ਸਨ ਅਤੇ ਬਹੁਤ ਜ਼ੋਰ ਦੀ ਤਾੜੀਆਂ ਮਾਰਦੇ ਸਨ। ਜਿਹੜੇ ਵੀ ਲੋਕ ਫ਼ਿਲਮ ਦੇਖਦੇ ਸਨ, ਉਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਯਹੋਵਾਹ ਦੇ ਗਵਾਹਾਂ ਦਾ ਸੰਗਠਨ ਦੁਨੀਆਂ ਭਰ ਵਿਚ ਫੈਲਿਆ ਹੋਇਆ ਹੈ ਅਤੇ ਉਨ੍ਹਾਂ ਦੇ ਲੋਕਾਂ ਵਿਚ ਬਹੁਤ ਏਕਤਾ ਹੈ।

ਆਂਦਰੇ ਅਤੇ ਸ਼ੀਲਾ ਆਪਣੇ ਵਿਆਹ ਵਾਲੇ ਦਿਨ।

1959 ਵਿਚ ਘਾਨਾ ਵਿਚ ਸਾਡਾ ਵਿਆਹ ਹੋ ਗਿਆ

1958 ਵਿਚ ਨਿਊਯਾਰਕ ਵਿਚ ਅੰਤਰਰਾਸ਼ਟਰੀ ਸੰਮੇਲਨ ਰੱਖਿਆ ਗਿਆ। ਅਫ਼ਰੀਕਾ ਵਿਚ ਲਗਭਗ ਦੋ ਸਾਲ ਸੇਵਾ ਕਰਨ ਤੋਂ ਬਾਅਦ ਮੈਂ ਨਿਊਯਾਰਕ ਜਾਣ ਲਈ ਬਹੁਤ ਬੇਤਾਬ ਸੀ। ਉਸ ਵੇਲੇ ਸ਼ੀਲਾ ਕਿਊਬੈੱਕ ਵਿਚ ਸਪੈਸ਼ਲ ਪਾਇਨੀਅਰ ਵਜੋਂ ਸੇਵਾ ਕਰ ਰਹੀ ਸੀ। ਉਸ ਨੇ ਵੀ ਇਸ ਸੰਮੇਲਨ ʼਤੇ ਆਉਣਾ ਸੀ। ਹੁਣ ਤਕ ਅਸੀਂ ਇਕ-ਦੂਜੇ ਨੂੰ ਚਿੱਠੀਆਂ ਲਿਖਦੇ ਸੀ, ਪਰ ਉਸ ਨੂੰ ਆਮ੍ਹੋ-ਸਾਮ੍ਹਣੇ ਮਿਲ ਕੇ ਮੈਨੂੰ ਬਹੁਤ ਖ਼ੁਸ਼ੀ ਹੋਈ। ਮੈਂ ਉਸ ਨੂੰ ਵਿਆਹ ਬਾਰੇ ਪੁੱਛਿਆ ਤੇ ਉਹ ਮੰਨ ਗਈ। ਮੈਂ ਭਰਾ ਨੌਰd ਨੂੰ ਚਿੱਠੀ ਲਿਖੀ ਅਤੇ ਉਨ੍ਹਾਂ ਨੂੰ ਪੁੱਛਿਆ, ‘ਕੀ ਸ਼ੀਲਾ ਗਿਲਿਅਡ ਸਕੂਲ ਜਾ ਸਕਦੀ ਹੈ ਤਾਂਕਿ ਉਹ ਅਫ਼ਰੀਕਾ ਵਿਚ ਮੇਰੇ ਨਾਲ ਸੇਵਾ ਕਰ ਸਕੇ?’ ਉਹ ਮੰਨ ਗਏ। ਕੁਝ ਸਮੇਂ ਬਾਅਦ ਸ਼ੀਲਾ ਘਾਨਾ ਆ ਗਈ। ਫਿਰ 3 ਅਕਤੂਬਰ 1959 ਨੂੰ ਅਸੀਂ ਆਕਰਾ ਵਿਚ ਵਿਆਹ ਕਰਾ ਲਿਆ। ਯਹੋਵਾਹ ਨੂੰ ਪਹਿਲੀ ਥਾਂ ਦੇਣ ਕਰਕੇ ਉਹ ਸਾਨੂੰ ਬਰਕਤਾਂ ਦੇ ਰਿਹਾ ਸੀ।

ਕੈਮਰੂਨ ਵਿਚ ਮਿਲ ਕੇ ਸੇਵਾ ਕੀਤੀ

ਕੈਮਰੂਨ ਵਿਚ ਆਂਦਰੇ ਆਪਣੇ ਡੈਸਕ ʼਤੇ ਬੈਠਾ ਹੈ।

ਕੈਮਰੂਨ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਦਿਆਂ

1961 ਵਿਚ ਮੈਨੂੰ ਬ੍ਰਾਂਚ ਦੇ ਇਕ ਸੇਵਕ ਦੇ ਤੌਰ ਤੇ ਕੈਮਰੂਨ ਦੇਸ਼ ਭੇਜਿਆ ਗਿਆ। ਸੰਗਠਨ ਉੱਥੇ ਇਕ ਨਵਾਂ ਬ੍ਰਾਂਚ ਆਫ਼ਿਸ ਸ਼ੁਰੂ ਕਰਨਾ ਚਾਹੁੰਦਾ ਸੀ। ਇਸ ਲਈ ਉੱਥੇ ਮੇਰੇ ਲਈ ਬਹੁਤ ਸਾਰਾ ਕੰਮ ਕਰਨ ਲਈ ਸੀ ਅਤੇ ਮੈਨੂੰ ਅਜੇ ਬਹੁਤ ਕੁਝ ਸਿੱਖਣ ਦੀ ਲੋੜ ਸੀ। ਨਾਲੇ ਫਿਰ 1965 ਵਿਚ ਸਾਨੂੰ ਪਤਾ ਲੱਗਾ ਕਿ ਸ਼ੀਲਾ ਮਾਂ ਬਣਨ ਵਾਲੀ ਹੈ। ਸੱਚ ਕਹੀਏ, ਤਾਂ ਸਾਨੂੰ ਸ਼ੁਰੂ ਵਿਚ ਸਮਝ ਨਹੀਂ ਆ ਰਹੀ ਸੀ ਕਿ ਅਸੀਂ ਇਹ ਜ਼ਿੰਮੇਵਾਰੀ ਕਿੱਦਾਂ ਸੰਭਾਲਾਂਗੇ। ਪਰ ਸਮੇਂ ਦੇ ਬੀਤਣ ਨਾਲ ਸਾਨੂੰ ਬਹੁਤ ਖ਼ੁਸ਼ੀ ਹੋਈ ਕਿ ਅਸੀਂ ਮਾਪੇ ਬਣਨ ਵਾਲੇ ਹਾਂ। ਅਸੀਂ ਕੈਨੇਡਾ ਵਾਪਸ ਜਾਣ ਦੀ ਤਿਆਰੀ ਕਰ ਰਹੇ ਸੀ। ਪਰ ਫਿਰ ਇਕ ਬੁਰੀ ਖ਼ਬਰ ਕਰਕੇ ਅਸੀਂ ਪੂਰੀ ਤਰ੍ਹਾਂ ਟੁੱਟ ਗਏ।

ਅਸੀਂ ਆਪਣੇ ਬੱਚੇ ਨੂੰ ਪੈਦਾ ਹੋਣ ਤੋਂ ਪਹਿਲਾ ਹੀ ਗੁਆ ਲਿਆ। ਡਾਕਟਰਾਂ ਨੇ ਦੱਸਿਆ ਕਿ ਸਾਡੇ ਮੁੰਡਾ ਹੋਣਾ ਸੀ। ਇਸ ਗੱਲ ਨੂੰ 50 ਤੋਂ ਵੀ ਜ਼ਿਆਦਾ ਸਾਲ ਹੋ ਗਏ ਹਨ, ਪਰ ਅਸੀਂ ਅਜੇ ਵੀ ਇਸ ਹਾਦਸੇ ਨੂੰ ਨਹੀਂ ਭੁੱਲੇ। ਅਸੀਂ ਬਹੁਤ ਦੁਖੀ ਸੀ, ਪਰ ਕੈਮਰੂਨ ਦੇ ਭੈਣਾਂ-ਭਰਾਵਾਂ ਨਾਲ ਪਿਆਰ ਹੋਣ ਕਰਕੇ ਅਸੀਂ ਉੱਥੇ ਹੀ ਆਪਣੀ ਸੇਵਾ ਜਾਰੀ ਰੱਖੀ।

1965 ਵਿਚ ਸ਼ੀਲਾ ਨਾਲ ਕੈਮਰੂਨ ਵਿਚ

ਰਾਜਨੀਤਿਕ ਮਾਮਲਿਆਂ ਵਿਚ ਨਿਰਪੱਖ ਰਹਿਣ ਕਰਕੇ ਕੈਮਰੂਨ ਦੇ ਕਈ ਭੈਣਾਂ-ਭਰਾਵਾਂ ਨੂੰ ਵਿਰੋਧ ਦਾ ਸਾਮ੍ਹਣਾ ਕਰਨਾ ਪੈਂਦਾ ਸੀ। ਰਾਸ਼ਟਰਪਤੀ ਦੀਆਂ ਚੋਣਾਂ ਵੇਲੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵੀ ਵਧ ਜਾਂਦੀਆਂ ਸਨ। ਫਿਰ ਕੁਝ ਇੱਦਾਂ ਦਾ ਹੋਇਆ ਜਿਸ ਦਾ ਸਾਨੂੰ ਪਹਿਲਾਂ ਤੋਂ ਹੀ ਡਰ ਸੀ। 13 ਮਈ 1970 ਵਿਚ ਸਾਡੇ ਕੰਮ ʼਤੇ ਪਾਬੰਦੀ ਲਾ ਦਿੱਤੀ ਗਈ। ਸਾਡੇ ਬ੍ਰਾਂਚ ਆਫ਼ਿਸ ਨੂੰ ਤਿਆਰ ਹੋਇਆ ਨੂੰ ਅਜੇ ਪੰਜ ਮਹੀਨੇ ਹੀ ਹੋਏ ਸਨ ਕਿ ਸਰਕਾਰ ਨੇ ਇਸ ਨੂੰ ਜ਼ਬਤ ਕਰ ਲਿਆ। ਇਕ ਹੀ ਮਹੀਨੇ ਦੇ ਅੰਦਰ-ਅੰਦਰ ਦੇਸ਼ ਵਿੱਚੋਂ ਸਾਰੇ ਮਿਸ਼ਨਰੀਆਂ ਨੂੰ ਕੱਢ ਦਿੱਤਾ ਗਿਆ। ਇਸ ਵਿਚ ਮੈਂ ਤੇ ਸ਼ੀਲਾ ਵੀ ਸ਼ਾਮਲ ਸੀ। ਕੈਮਰੂਨ ਦੇ ਭੈਣਾਂ-ਭਰਾਵਾਂ ਨੂੰ ਛੱਡ ਕੇ ਜਾਣਾ ਸਾਡੇ ਲਈ ਸੌਖਾ ਨਹੀਂ ਸੀ। ਅਸੀਂ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਸੀ ਤੇ ਸਾਨੂੰ ਚਿੰਤਾ ਸੀ ਕਿ ਪਤਾ ਨਹੀਂ ਹੁਣ ਉਨ੍ਹਾਂ ਦਾ ਕੀ ਹੋਣਾ।

ਅਗਲੇ ਛੇ ਮਹੀਨਿਆਂ ਤਕ ਅਸੀਂ ਫਰਾਂਸ ਦੇ ਬ੍ਰਾਂਚ ਆਫ਼ਿਸ ਵਿਚ ਰਹੇ। ਮੈਂ ਉੱਥੋਂ ਹੀ ਕੈਮਰੂਨ ਦੇ ਭੈਣਾਂ-ਭਰਾਵਾਂ ਲਈ ਕੰਮ ਕਰਦਾ ਸੀ। ਫਿਰ ਨਾਈਜੀਰੀਆ ਬ੍ਰਾਂਚ ਆਫ਼ਿਸ ਕੈਮਰੂਨ ਵਿਚ ਹੋਣ ਵਾਲੇ ਕੰਮ ਦੀ ਦੇਖ-ਰੇਖ ਕਰਨ ਲੱਗਾ। ਦਸੰਬਰ ਵਿਚ ਸਾਨੂੰ ਦੋਵਾਂ ਨੂੰ ਨਾਈਜੀਰੀਆ ਬ੍ਰਾਂਚ ਆਫ਼ਿਸ ਭੇਜਿਆ ਗਿਆ। ਉੱਥੇ ਦੇ ਭੈਣਾਂ-ਭਰਾਵਾਂ ਨੇ ਸਾਡਾ ਪਿਆਰ ਨਾਲ ਸੁਆਗਤ ਕੀਤਾ। ਉੱਥੇ ਅਸੀਂ ਕਈ ਸਾਲ ਖ਼ੁਸ਼ੀ-ਖ਼ੁਸ਼ੀ ਸੇਵਾ ਕਰਦੇ ਰਹੇ।

ਜ਼ਿੰਦਗੀ ਦਾ ਇਕ ਔਖਾ ਫ਼ੈਸਲਾ

1973 ਵਿਚ ਸਾਨੂੰ ਇਕ ਬਹੁਤ ਹੀ ਔਖਾ ਫ਼ੈਸਲਾ ਕਰਨਾ ਪਿਆ। ਸ਼ੀਲਾ ਨੂੰ ਸਿਹਤ ਨਾਲ ਜੁੜੀਆਂ ਕਈ ਗੰਭੀਰ ਸਮੱਸਿਆਵਾਂ ਸਨ ਜਿਨ੍ਹਾਂ ਨੂੰ ਉਹ ਕਾਫ਼ੀ ਸਮੇਂ ਤੋਂ ਸਹਿ ਰਹੀ ਸੀ। ਜਦੋਂ ਅਸੀਂ ਨਿਊਯਾਰਕ ਵਿਚ ਇਕ ਸੰਮੇਲਨ ʼਤੇ ਗਏ, ਤਾਂ ਉਹ ਵਿਚਾਰੀ ਰੋਣ ਲੱਗ ਪਈ ਅਤੇ ਉਸ ਨੇ ਮੈਨੂੰ ਕਿਹਾ: “ਜਦੋਂ ਦੇਖੋ, ਮੈਂ ਬੀਮਾਰ ਰਹਿੰਦੀ ਹਾਂ। ਮੈਂ ਥੱਕ ਚੁੱਕੀ ਹਾਂ। ਮੇਰੇ ਤੋਂ ਹੋਰ ਨਹੀਂ ਹੋਣਾ।” ਸ਼ੀਲਾ 14 ਸਾਲਾਂ ਤੋਂ ਪੱਛਮੀ ਅਫ਼ਰੀਕਾ ਵਿਚ ਮੇਰੇ ਨਾਲ ਸੇਵਾ ਕਰ ਰਹੀ ਸੀ। ਸਾਡੀ ਜ਼ਿੰਦਗੀ ਵਿਚ ਕਈ ਉਤਾਰ-ਚੜ੍ਹਾਅ ਆਏ। ਪਰ ਮੈਨੂੰ ਮਾਣ ਹੈ ਕਿ ਉਸ ਨੇ ਕਦੇ ਵੀ ਯਹੋਵਾਹ ਦੀ ਸੇਵਾ ਛੱਡਣ ਬਾਰੇ ਨਹੀਂ ਸੋਚਿਆ ਸੀ। ਹੁਣ ਸਾਨੂੰ ਕੁਝ ਬਦਲਾਅ ਕਰਨੇ ਪੈਣੇ ਸਨ। ਅਸੀਂ ਇਸ ਬਾਰੇ ਕਾਫ਼ੀ ਦੇਰ ਤਕ ਇਕ-ਦੂਜੇ ਨਾਲ ਗੱਲਬਾਤ ਕੀਤੀ ਅਤੇ ਕਈ ਵਾਰ ਗਿੜਗਿੜਾ ਕੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ। ਫਿਰ ਅਸੀਂ ਕੈਨੇਡਾ ਜਾਣ ਦਾ ਫ਼ੈਸਲਾ ਕੀਤਾ ਤਾਂਕਿ ਸ਼ੀਲਾ ਨੂੰ ਵਧੀਆ ਇਲਾਜ ਮਿਲ ਸਕੇ ਅਤੇ ਉਸ ਦੀ ਸਿਹਤ ਵਿਚ ਸੁਧਾਰ ਹੋ ਸਕੇ। ਮਿਸ਼ਨਰੀ ਸੇਵਾ ਛੱਡਣ ਦੇ ਨਾਲ-ਨਾਲ ਪੂਰੇ ਸਮੇਂ ਦੀ ਸੇਵਾ ਛੱਡਣੀ ਸਾਡੀ ਜ਼ਿੰਦਗੀ ਦਾ ਸਭ ਤੋਂ ਔਖਾ ਤੇ ਦੁਖਦਾਈ ਫ਼ੈਸਲਾ ਸੀ।

ਕੈਨੇਡਾ ਪਹੁੰਚਣ ਤੋਂ ਬਾਅਦ ਮੈਂ ਆਪਣੇ ਇਕ ਪੁਰਾਣੇ ਦੋਸਤ ਨਾਲ ਕੰਮ ਕਰਨ ਲੱਗ ਪਿਆ। ਟੋਰੌਂਟੋ ਵਿਚ ਉਸ ਦਾ ਕਾਰਾਂ ਦਾ ਬਿਜ਼ਨਿਸ ਸੀ। ਅਸੀਂ ਕਿਰਾਏ ʼਤੇ ਇਕ ਫਲੈਟ ਲੈ ਲਿਆ ਅਤੇ ਪੁਰਾਣਾ ਫਰਨੀਚਰ ਖ਼ਰੀਦ ਲਿਆ। ਇਨ੍ਹਾਂ ਚੀਜ਼ਾਂ ਨੂੰ ਖ਼ਰੀਦਣ ਲਈ ਅਸੀਂ ਕੋਈ ਕਰਜ਼ਾ ਨਹੀਂ ਲਿਆ ਸੀ। ਅਸੀਂ ਆਪਣੀ ਜ਼ਿੰਦਗੀ ਸਾਦੀ ਰੱਖਣ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਸਾਡੀ ਇੱਛਾ ਸੀ ਕਿ ਅਸੀਂ ਦੁਬਾਰਾ ਤੋਂ ਪੂਰੇ ਸਮੇਂ ਦੀ ਸੇਵਾ ਕਰੀਏ। ਅਸੀਂ ਕਦੀ ਸੋਚਿਆ ਨਹੀਂ ਸੀ ਕਿ ਸਾਡੀ ਇਹ ਇੱਛਾ ਇੰਨੀ ਜਲਦੀ ਪੂਰੀ ਹੋ ਜਾਵੇਗੀ।

ਆਂਟੇਰੀਓ ਦੇ ਨੌਰਵਲ ਸ਼ਹਿਰ ਵਿਚ ਇਕ ਅਸੈਂਬਲੀ ਹਾਲ ਦੀ ਉਸਾਰੀ ਹੋ ਰਹੀ ਸੀ। ਮੈਂ ਹਰ ਸ਼ਨੀਵਾਰ ਉੱਥੇ ਹੱਥ ਵਟਾਉਣ ਜਾਂਦਾ ਹੁੰਦਾ ਸੀ। ਕੁਝ ਸਮੇਂ ਬਾਅਦ ਮੈਨੂੰ ਅਸੈਂਬਲੀ ਹਾਲ ਨਿਗਰਾਨ ਨਿਯੁਕਤ ਕੀਤਾ ਗਿਆ। ਸ਼ੀਲਾ ਦੀ ਸਿਹਤ ਠੀਕ ਹੋਣ ਲੱਗ ਪਈ ਸੀ, ਇਸ ਲਈ ਸਾਨੂੰ ਲੱਗਾ ਕਿ ਅਸੀਂ ਇਹ ਜ਼ਿੰਮੇਵਾਰੀ ਨਿਭਾ ਸਕਦੇ ਹਾਂ। ਜੂਨ 1974 ਵਿਚ ਅਸੀਂ ਅਸੈਂਬਲੀ ਹਾਲ ਦੇ ਫਲੈਟ ਵਿਚ ਰਹਿਣ ਲੱਗ ਪਏ। ਅਸੀਂ ਦੁਬਾਰਾ ਤੋਂ ਪੂਰੇ ਸਮੇਂ ਦੀ ਸੇਵਾ ਸ਼ੁਰੂ ਕਰ ਕੇ ਬਹੁਤ ਖ਼ੁਸ਼ ਸੀ।

ਸ਼ੀਲਾ ਦੀ ਸਿਹਤ ਲਗਾਤਾਰ ਠੀਕ ਹੁੰਦੀ ਜਾ ਰਹੀ ਸੀ। ਇਸ ਲਈ ਜਦੋਂ ਦੋ ਸਾਲ ਬਾਅਦ ਸਾਨੂੰ ਸਰਕਟ ਕੰਮ ਕਰਨ ਲਈ ਕਿਹਾ ਗਿਆ, ਤਾਂ ਅਸੀਂ ਮੰਨ ਗਏ। ਸਾਨੂੰ ਸਰਕਟ ਕੰਮ ਕਰਨ ਲਈ ਮੈਨੀਟੋਬਾ ਭੇਜਿਆ ਗਿਆ ਜਿੱਥੇ ਕੜਾਕੇ ਦੀ ਠੰਢ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਬਰਫ਼ ਪੈਂਦੀ ਹੈ। ਪਰ ਉੱਥੇ ਦੇ ਭੈਣ-ਭਰਾ ਬਹੁਤ ਚੰਗੇ ਤੇ ਪਿਆਰ ਕਰਨ ਵਾਲੇ ਹਨ। ਅਸੀਂ ਸਿੱਖਿਆ ਕਿ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਅਸੀਂ ਕਿੱਥੇ ਸੇਵਾ ਕਰਦੇ ਹਾਂ, ਸਗੋਂ ਇਹ ਗੱਲ ਮਾਅਨੇ ਰੱਖਦੀ ਹੈ ਕਿ ਅਸੀਂ ਜਿੱਥੇ ਵੀ ਹੋਈਏ, ਯਹੋਵਾਹ ਦੀ ਸੇਵਾ ਕਰਦੇ ਰਹੀਏ।

ਇਕ ਜ਼ਰੂਰੀ ਸਬਕ ਸਿੱਖਿਆ

ਕਈ ਸਾਲਾਂ ਤਕ ਸਰਕਟ ਕੰਮ ਕਰਨ ਤੋਂ ਬਾਅਦ ਸਾਨੂੰ 1978 ਵਿਚ ਕੈਨੇਡਾ ਬ੍ਰਾਂਚ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ। ਇਸ ਤੋਂ ਕੁਝ ਹੀ ਸਮੇਂ ਬਾਅਦ ਮੈਂ ਇਕ ਜ਼ਰੂਰੀ ਸਬਕ ਸਿੱਖਿਆ। ਮਾਂਟ੍ਰੀਆਲ ਵਿਚ ਇਕ ਖ਼ਾਸ ਸਭਾ ਰੱਖੀ ਗਈ ਸੀ ਜਿਸ ਵਿਚ ਮੈਨੂੰ ਡੇਢ ਘੰਟੇ ਦਾ ਇਕ ਭਾਸ਼ਣ ਦੇਣ ਲਈ ਕਿਹਾ ਗਿਆ। ਪਰ ਮੇਰਾ ਭਾਸ਼ਣ ਇੰਨਾ ਵਧੀਆ ਨਹੀਂ ਰਿਹਾ ਅਤੇ ਨਾ ਹੀ ਮੈਂ ਲੋਕਾਂ ਦਾ ਧਿਆਨ ਖਿੱਚ ਸਕਿਆ। ਸੇਵਾ ਵਿਭਾਗ ਤੋਂ ਇਕ ਭਰਾ ਨੇ ਮੈਨੂੰ ਇਸ ਬਾਰੇ ਸਲਾਹ ਦਿੱਤੀ, ਪਰ ਮੈਨੂੰ ਭਰਾ ਦੀ ਸਲਾਹ ਚੰਗੀ ਨਹੀਂ ਲੱਗੀ। ਉਸ ਨੇ ਮੇਰੀ ਕੋਈ ਤਾਰੀਫ਼ ਨਹੀਂ ਕੀਤੀ, ਬੱਸ ਮੇਰੇ ਭਾਸ਼ਣ ਵਿਚ ਗ਼ਲਤੀਆਂ ਹੀ ਕੱਢੀਆਂ। ਸੱਚੀ ਦੱਸਾਂ ਤਾਂ ਮੈਨੂੰ ਉਸ ਵੇਲੇ ਸਮਝ ਜਾਣਾ ਚਾਹੀਦਾ ਸੀ ਕਿ ਮੈਂ ਇੰਨਾ ਵੀ ਵਧੀਆ ਭਾਸ਼ਣਕਾਰ ਨਹੀਂ ਹਾਂ। ਪਰ ਮੈਂ ਆਪਣੀ ਗ਼ਲਤੀ ਮੰਨਣ ਦੀ ਬਜਾਇ ਭਰਾ ਵਿਚ ਗ਼ਲਤੀਆਂ ਕੱਢਣ ਲੱਗ ਪਿਆ ਅਤੇ ਸੋਚਣ ਲੱਗਾ ਕਿ ਉਸ ਦਾ ਸਲਾਹ ਦੇਣ ਦਾ ਤਰੀਕਾ ਸਹੀ ਨਹੀਂ ਸੀ।

ਆਂਦਰੇ ਭਾਸ਼ਣ ਦਿੰਦਾ ਹੋਇਆ।

ਫ਼੍ਰੈਂਚ ਭਾਸ਼ਾ ਵਿਚ ਭਾਸ਼ਣ ਦੇਣ ਤੋਂ ਬਾਅਦ ਮੈਂ ਇਕ ਜ਼ਰੂਰੀ ਸਬਕ ਸਿੱਖਿਆ

ਕੁਝ ਦਿਨਾਂ ਬਾਅਦ ਬ੍ਰਾਂਚ ਕਮੇਟੀ ਦੇ ਇਕ ਭਰਾ ਨੇ ਮੇਰੇ ਨਾਲ ਇਸ ਬਾਰੇ ਗੱਲ ਕੀਤੀ। ਮੈਂ ਉਸ ਨੂੰ ਕਿਹਾ ਕਿ ਮੈਨੂੰ ਬਹੁਤ ਬੁਰਾ ਲੱਗ ਰਿਹਾ ਹੈ ਕਿ ਮੈਂ ਉਸ ਭਰਾ ਨਾਲ ਇਸ ਤਰ੍ਹਾਂ ਗੱਲ ਕੀਤੀ, ਮੈਨੂੰ ਇੱਦਾਂ ਨਹੀਂ ਕਰਨਾ ਚਾਹੀਦਾ ਸੀ। ਫਿਰ ਮੈਂ ਉਸ ਭਰਾ ਕੋਲ ਜਾ ਕੇ ਮਾਫ਼ੀ ਮੰਗੀ ਜਿਸ ਨੇ ਮੈਨੂੰ ਸਲਾਹ ਦਿੱਤੀ ਸੀ। ਉਸ ਨੇ ਮੈਨੂੰ ਮਾਫ਼ ਕਰ ਦਿੱਤਾ। ਇਸ ਤੋਂ ਮੈਂ ਇਕ ਅਹਿਮ ਸਬਕ ਸਿੱਖਿਆ ਜਿਸ ਨੂੰ ਮੈਂ ਕਦੀ ਨਹੀਂ ਭੁੱਲਾਂਗਾ। ਉਹ ਇਹ ਕਿ ਸਾਨੂੰ ਹਮੇਸ਼ਾ ਨਿਮਰ ਰਹਿਣਾ ਚਾਹੀਦਾ। (ਕਹਾ. 16:18) ਮੈਂ ਇਸ ਬਾਰੇ ਯਹੋਵਾਹ ਨੂੰ ਕਈ ਵਾਰ ਪ੍ਰਾਰਥਨਾ ਕੀਤੀ ਅਤੇ ਪੱਕਾ ਇਰਾਦਾ ਕੀਤਾ ਕਿ ਜਦੋਂ ਵੀ ਮੈਨੂੰ ਕੋਈ ਸਲਾਹ ਮਿਲੇਗੀ, ਤਾਂ ਮੈਂ ਉਸ ਵਿਚ ਕੋਈ ਨੁਕਸ ਨਹੀਂ ਕੱਢਾਂਗਾ।

ਮੈਂ ਪਿਛਲੇ 40 ਤੋਂ ਵੀ ਜ਼ਿਆਦਾ ਸਾਲਾਂ ਤੋਂ ਕੈਨੇਡਾ ਬ੍ਰਾਂਚ ਆਫ਼ਿਸ ਵਿਚ ਸੇਵਾ ਕਰ ਰਿਹਾ ਹਾਂ। 1985 ਤੋਂ ਮੈਨੂੰ ਬ੍ਰਾਂਚ ਕਮੇਟੀ ਦੇ ਮੈਂਬਰ ਵਜੋਂ ਸੇਵਾ ਕਰਨ ਦਾ ਸਨਮਾਨ ਮਿਲਿਆ ਹੈ। ਫਰਵਰੀ 2021 ਵਿਚ ਮੇਰੀ ਪਿਆਰੀ ਪਤਨੀ ਸ਼ੀਲਾ ਗੁਜ਼ਰ ਗਈ। ਮੈਨੂੰ ਉਸ ਦੀ ਬਹੁਤ ਯਾਦ ਆਉਂਦੀ ਹੈ। ਹੁਣ ਮੇਰੀ ਸਿਹਤ ਵੀ ਇੰਨੀ ਠੀਕ ਨਹੀਂ ਰਹਿੰਦੀ, ਪਰ ਮੈਂ ਯਹੋਵਾਹ ਦੀ ਸੇਵਾ ਵਿਚ ਇੰਨਾ ਰੁੱਝਿਆ ਰਹਿੰਦਾ ਤੇ ਖ਼ੁਸ਼ ਰਹਿੰਦਾ ਹਾਂ ਕਿ ਦਿਨ ਕਿੱਦਾਂ ਲੰਘ ਜਾਂਦੇ ਹਨ, ‘ਪਤਾ ਹੀ ਨਹੀਂ ਲੱਗਦਾ।’ (ਉਪ. 5:20) ਮੇਰੀ ਜ਼ਿੰਦਗੀ ਵਿਚ ਕਈ ਮੁਸ਼ਕਲਾਂ ਆਈਆਂ, ਪਰ ਮੈਨੂੰ ਜੋ ਖ਼ੁਸ਼ੀਆਂ ਮਿਲੀਆਂ, ਉਹ ਉਨ੍ਹਾਂ ਤੋਂ ਕਿਤੇ ਜ਼ਿਆਦਾ ਹਨ। ਮੈਂ ਹਮੇਸ਼ਾ ਯਹੋਵਾਹ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੱਤੀ ਹੈ। ਮੈਨੂੰ ਪੂਰੇ ਸਮੇਂ ਦੀ ਸੇਵਾ ਕਰਦਿਆਂ 70 ਸਾਲ ਹੋ ਗਏ ਹਨ। ਮੇਰੀ ਇਹੀ ਦੁਆ ਹੈ ਕਿ ਸਾਡੇ ਨੌਜਵਾਨ ਭੈਣ-ਭਰਾ ਵੀ ਆਪਣੀ ਜ਼ਿੰਦਗੀ ਵਿਚ ਯਹੋਵਾਹ ਨੂੰ ਪਹਿਲ ਦੇਣ। ਮੈਨੂੰ ਯਕੀਨ ਹੈ ਕਿ ਇੱਦਾਂ ਕਰਨ ਨਾਲ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਮਿਲਣਗੀਆਂ ਅਤੇ ਉਹ ਇਕ ਅਜਿਹੀ ਜ਼ਿੰਦਗੀ ਦਾ ਮਜ਼ਾ ਲੈਣਗੇ ਜੋ ਸਿਰਫ਼ ਯਹੋਵਾਹ ਦੀ ਸੇਵਾ ਕਰ ਕੇ ਹੀ ਮਿਲਦੀ ਹੈ।

a 1 ਫਰਵਰੀ 2000 ਦੇ ਪਹਿਰਾਬੁਰਜ ਵਿਚ ਮਾਰਸਲ ਫ਼ਿਲਟੋ ਦੀ ਜੀਵਨੀ ਦੇਖੋ ਜਿਸ ਦਾ ਵਿਸ਼ਾ ਹੈ, “ਯਹੋਵਾਹ ਸਾਡੀ ਪਨਾਹ ਅਤੇ ਸਾਡਾ ਬਲ ਹੈ।”

b 1957 ਤਕ ਅਫ਼ਰੀਕਾ ਦੇ ਘਾਨਾ ਦੇਸ਼ ʼਤੇ ਅੰਗ੍ਰੇਜ਼ਾਂ ਦਾ ਰਾਜ ਸੀ ਅਤੇ ਉਸ ਵੇਲੇ ਇਹ ਗੋਲਡ ਕੋਸਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ।

c 1 ਦਸੰਬਰ 2000 ਦੇ ਪਹਿਰਾਬੁਰਜ ਵਿਚ ਹਰਬਰਟ ਜੈਨਿੰਗਜ਼ ਦੀ ਜੀਵਨੀ ਦੇਖੋ ਜਿਸ ਦਾ ਵਿਸ਼ਾ ਹੈ, “ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ।”

d ਉਸ ਸਮੇਂ ਨੇਥਨ ਐੱਚ. ਨੌਰ ਸੰਗਠਨ ਦੇ ਕੰਮ ਦੀ ਅਗਵਾਈ ਕਰ ਰਹੇ ਸਨ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ