ਪਾਠਕਾਂ ਵੱਲੋਂ ਸਵਾਲ
ਜਦੋਂ ਯਿਸੂ ਨੇ ਪ੍ਰਭੂ ਦੇ ਸ਼ਾਮ ਦੇ ਭੋਜਨ ਦੀ ਸ਼ੁਰੂਆਤ ਕੀਤੀ, ਤਾਂ ਉਸ ਦੇ 70 ਚੇਲੇ ਕਿੱਥੇ ਸਨ ਜਿਨ੍ਹਾਂ ਨੂੰ ਯਿਸੂ ਨੇ ਪਹਿਲਾਂ ਪ੍ਰਚਾਰ ਕਰਨ ਲਈ ਭੇਜਿਆ ਸੀ? ਕੀ ਉਨ੍ਹਾਂ ਨੇ ਯਿਸੂ ਪਿੱਛੇ ਚੱਲਣਾ ਛੱਡ ਦਿੱਤਾ ਸੀ?
ਸਾਨੂੰ ਇੱਦਾਂ ਨਹੀਂ ਸੋਚਣਾ ਚਾਹੀਦਾ ਕਿ ਯਿਸੂ ਦੇ ਜਿਹੜੇ 70 ਚੇਲੇ ਪ੍ਰਭੂ ਦੇ ਸ਼ਾਮ ਦੇ ਭੋਜਨ ਵਿਚ ਸ਼ਾਮਲ ਨਹੀਂ ਸਨ, ਯਿਸੂ ਉਨ੍ਹਾਂ ਤੋਂ ਖ਼ੁਸ਼ ਨਹੀਂ ਸੀ ਜਾਂ ਉਨ੍ਹਾਂ ਨੇ ਯਿਸੂ ਦੇ ਪਿੱਛੇ ਚੱਲਣਾ ਛੱਡ ਦਿੱਤਾ ਸੀ। ਦਰਅਸਲ, ਯਿਸੂ ਇਹ ਭੋਜਨ ਸਿਰਫ਼ ਆਪਣੇ ਰਸੂਲਾਂ ਦੇ ਨਾਲ ਹੀ ਖਾਣਾ ਚਾਹੁੰਦਾ ਸੀ।
ਯਿਸੂ ਆਪਣੇ 12 ਰਸੂਲਾਂ ਅਤੇ 70 ਚੇਲਿਆਂ ਤੋਂ ਖ਼ੁਸ਼ ਸੀ। ਯਿਸੂ ਨੇ ਆਪਣੇ ਚੇਲਿਆਂ ਨੂੰ ਬੁਲਾ ਕੇ ਉਨ੍ਹਾਂ ਵਿੱਚੋਂ 12 ਨੂੰ ਚੁਣਿਆ ਅਤੇ ਉਨ੍ਹਾਂ ਨੂੰ ਰਸੂਲ ਕਿਹਾ। (ਲੂਕਾ 6:12-16) ਜਦੋਂ ਯਿਸੂ ਗਲੀਲ ਵਿਚ ਸੀ, ਤਾਂ ਉਸ ਨੇ “12 ਰਸੂਲਾਂ ਨੂੰ ਆਪਣੇ ਕੋਲ ਬੁਲਾਇਆ” ਅਤੇ “ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਠੀਕ ਕਰਨ ਲਈ ਭੇਜਿਆ।” (ਲੂਕਾ 9:1-6) ਜਦੋਂ ਯਿਸੂ ਯਹੂਦਿਯਾ ਵਿਚ ਸੀ, ਤਾਂ ਉਸ ਨੇ “70 ਹੋਰ ਚੇਲਿਆਂ ਨੂੰ ਦੋ-ਦੋ ਕਰ ਕੇ” ਭੇਜਿਆ। (ਲੂਕਾ 9:51; 10:1) ਇਸ ਤੋਂ ਪਤਾ ਲੱਗਦਾ ਹੈ ਕਿ ਯਿਸੂ ਦੇ ਚੇਲੇ ਅਲੱਗ-ਅਲੱਗ ਇਲਾਕਿਆਂ ਵਿਚ ਰਹਿੰਦੇ ਸਨ ਅਤੇ ਉਸ ਬਾਰੇ ਪ੍ਰਚਾਰ ਕਰਦੇ ਸਨ।
ਜਦੋਂ ਪਸਾਹ ਦਾ ਤਿਉਹਾਰ ਆਉਂਦਾ ਸੀ, ਤਾਂ ਯਿਸੂ ਦੇ ਚੇਲੇ ਅਕਸਰ ਆਪਣੇ ਪਰਿਵਾਰ ਨਾਲ ਮਿਲ ਕੇ ਇਹ ਤਿਉਹਾਰ ਮਨਾਉਂਦੇ ਸਨ। (ਕੂਚ 12: 6-11, 17-20) ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਯਿਸੂ ਵੀ ਆਪਣੇ ਰਸੂਲਾਂ ਨਾਲ ਇਹ ਤਿਉਹਾਰ ਮਨਾਉਣ ਲਈ ਯਰੂਸ਼ਲਮ ਗਿਆ। ਪਰ ਉਸ ਨੇ ਯਹੂਦਿਯਾ, ਗਲੀਲ ਅਤੇ ਪੀਰਿਆ ਦੇ ਸਾਰੇ ਚੇਲਿਆਂ ਨੂੰ ਪਸਾਹ ਦਾ ਤਿਉਹਾਰ ਮਨਾਉਣ ਲਈ ਯਰੂਸ਼ਲਮ ਨਹੀਂ ਬੁਲਾਇਆ। ਜ਼ਾਹਰ ਹੈ ਕਿ ਯਿਸੂ ਇਸ ਮੌਕੇ ʼਤੇ ਸਿਰਫ਼ ਆਪਣੇ ਰਸੂਲਾਂ ਨਾਲ ਹੀ ਸਮਾਂ ਬਿਤਾਉਣਾ ਚਾਹੁੰਦਾ ਸੀ। ਉਸ ਨੇ ਉਨ੍ਹਾਂ ਨੂੰ ਕਿਹਾ: “ਮੇਰੀ ਬੜੀ ਤਮੰਨਾ ਸੀ ਕਿ ਦੁੱਖ ਝੱਲਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਪਸਾਹ ਦਾ ਖਾਣਾ ਖਾਵਾਂ।”—ਲੂਕਾ 22:15.
ਯਿਸੂ ਕੋਲ ਇੱਦਾਂ ਕਰਨ ਦਾ ਇਕ ਹੋਰ ਕਾਰਨ ਸੀ। ਉਹ “ਪਰਮੇਸ਼ੁਰ ਦਾ ਲੇਲਾ” ਸੀ ਜੋ ਬਹੁਤ ਜਲਦੀ ਆਪਣੀ ਜਾਨ ਦੇ ਕੇ “ਦੁਨੀਆਂ ਦਾ ਪਾਪ” ਮਿਟਾਉਣ ਵਾਲਾ ਸੀ। (ਯੂਹੰ. 1:29) ਯਹੋਵਾਹ ਲਈ ਸਾਰੀਆਂ ਬਲ਼ੀਆਂ ਯਰੂਸ਼ਲਮ ਵਿਚ ਚੜ੍ਹਾਈਆਂ ਜਾਂਦੀਆਂ ਸਨ। ਇਸ ਲਈ ਯਿਸੂ ਵੀ ਆਪਣੀ ਬਲ਼ੀ ਯਰੂਸ਼ਲਮ ਵਿਚ ਹੀ ਦੇਣ ਵਾਲਾ ਸੀ। ਪਸਾਹ ਦੇ ਦਿਨ ਜਿਹੜਾ ਲੇਲਾ ਖਾਧਾ ਜਾਂਦਾ ਸੀ, ਉਸ ਤੋਂ ਇਹ ਗੱਲ ਯਾਦ ਆਉਂਦੀ ਸੀ ਕਿ ਯਹੋਵਾਹ ਨੇ ਕਿਵੇਂ ਇਜ਼ਰਾਈਲੀਆਂ ਨੂੰ ਮਿਸਰ ਤੋਂ ਛੁਡਾਇਆ ਸੀ। ਪਰ ਯਿਸੂ ਦਾ ਬਲੀਦਾਨ ਪਸਾਹ ਦੇ ਲੇਲੇ ਤੋਂ ਕਿਤੇ ਵਧ ਸੀ ਕਿਉਂਕਿ ਉਸ ਕਰਕੇ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਮਿਲਣਾ ਸੀ। (1 ਕੁਰਿੰ. 5:7, 8) ਯਿਸੂ ਦੇ ਬਲੀਦਾਨ ਕਰਕੇ 12 ਰਸੂਲਾਂ ਨੇ ਅੱਗੇ ਚੱਲ ਕੇ ਮਸੀਹੀ ਮੰਡਲੀ ਦੀ ਨੀਂਹ ਬਣਨਾ ਸੀ। (ਅਫ਼. 2:20-22) ਇਕ ਹੋਰ ਗੌਰ ਕਰਨ ਵਾਲੀ ਗੱਲ ਹੈ ਕਿ ਪਵਿੱਤਰ ਸ਼ਹਿਰ ਯਰੂਸ਼ਲਮ ਵਿਚ “12 ਪੱਥਰ ਲੱਗੇ ਹੋਏ” ਹਨ ਜਿਨ੍ਹਾਂ ਉੱਤੇ ਲੇਲੇ ਦੇ “12 ਰਸੂਲਾਂ ਦੇ 12 ਨਾਂ ਲਿਖੇ ਹੋਏ” ਹਨ। (ਪ੍ਰਕਾ. 21:10-14) ਜੀ ਹਾਂ, ਇਨ੍ਹਾਂ 12 ਰਸੂਲਾਂ ਨੇ ਯਹੋਵਾਹ ਦੇ ਮਕਸਦ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਣੀ ਸੀ। ਇਹੀ ਸਭ ਤੋਂ ਵੱਡਾ ਕਾਰਨ ਸੀ ਕਿ ਯਿਸੂ ਨੇ ਆਪਣੇ 12 ਰਸੂਲਾਂ ਨਾਲ ਪਸਾਹ ਦਾ ਤਿਉਹਾਰ ਮਨਾਇਆ ਅਤੇ ਪ੍ਰਭੂ ਦੇ ਸ਼ਾਮ ਦੇ ਭੋਜਨ ਦੀ ਰੀਤ ਸ਼ੁਰੂ ਕੀਤੀ।
ਇਹ ਸੱਚ ਹੈ ਕਿ ਉਸ ਰਾਤ 70 ਚੇਲੇ ਅਤੇ ਦੂਸਰੇ ਚੇਲੇ ਯਿਸੂ ਦੇ ਨਾਲ ਪ੍ਰਭੂ ਦੇ ਭੋਜਨ ਵਿਚ ਸ਼ਾਮਲ ਨਹੀਂ ਸਨ। ਪਰ ਪ੍ਰਭੂ ਦੇ ਸ਼ਾਮ ਦੇ ਭੋਜਨ ਤੋਂ ਸਾਰੇ ਵਫ਼ਾਦਾਰ ਚੇਲਿਆਂ ਨੂੰ ਫ਼ਾਇਦਾ ਹੋਣਾ ਸੀ। ਜਿਨ੍ਹਾਂ ਚੇਲਿਆਂ ਨੂੰ ਅੱਗੇ ਚੱਲ ਕੇ ਪਵਿੱਤਰ ਸ਼ਕਤੀ ਨਾਲ ਚੁਣਿਆ ਜਾਣਾ ਸੀ, ਉਨ੍ਹਾਂ ਨੇ ਵੀ ਉਸ ਰਾਜ ਦੇ ਇਕਰਾਰ ਦਾ ਹਿੱਸਾ ਬਣ ਜਾਣਾ ਸੀ ਜੋ ਉਸ ਰਾਤ ਯਿਸੂ ਨੇ ਆਪਣੇ ਰਸੂਲਾਂ ਨਾਲ ਕੀਤਾ ਸੀ।—ਲੂਕਾ 22:29, 30