ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w24 ਅਕਤੂਬਰ ਸਫ਼ੇ 24-29
  • ਆਪਣੇ ਸ਼ੱਕ ਕਿਵੇਂ ਦੂਰ ਕਰੀਏ?

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਆਪਣੇ ਸ਼ੱਕ ਕਿਵੇਂ ਦੂਰ ਕਰੀਏ?
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਆਪਣੇ ਸ਼ੱਕ ਕਿਵੇਂ ਦੂਰ ਕਰੀਏ?
  • ਜਦੋਂ ਤੁਹਾਨੂੰ ਸ਼ੱਕ ਹੋਵੇ ਕਿ ਯਹੋਵਾਹ ਤੁਹਾਡੀ ਪਰਵਾਹ ਕਰਦਾ ਹੈ ਜਾਂ ਨਹੀਂ
  • ਜਦੋਂ ਤੁਹਾਨੂੰ ਸ਼ੱਕ ਹੋਵੇ ਕਿ ਬੀਤੇ ਸਮੇਂ ਵਿਚ ਲਿਆ ਤੁਹਾਡਾ ਫ਼ੈਸਲਾ ਸਹੀ ਸੀ ਜਾਂ ਨਹੀਂ
  • ਜਦੋਂ ਤੁਹਾਨੂੰ ਸ਼ੱਕ ਹੋਵੇ ਕਿ ਤੁਸੀਂ ਅਜੇ ਵੀ ਯਹੋਵਾਹ ਦੇ ਕੰਮ ਆ ਸਕਦੇ ਹੋ ਕਿ ਨਹੀਂ
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਯਾਦ ਰੱਖੋ ਕਿ ਯਹੋਵਾਹ “ਜੀਉਂਦਾ ਪਰਮੇਸ਼ੁਰ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
  • ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਯਹੋਵਾਹ “ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ”
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2023
w24 ਅਕਤੂਬਰ ਸਫ਼ੇ 24-29

ਅਧਿਐਨ ਲੇਖ 43

ਗੀਤ 90 ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੋ

ਆਪਣੇ ਸ਼ੱਕ ਕਿਵੇਂ ਦੂਰ ਕਰੀਏ?

“ਸਾਰੀਆਂ ਗੱਲਾਂ ਨੂੰ ਪਰਖੋ।”​—1 ਥੱਸ. 5:21.

ਕੀ ਸਿੱਖਾਂਗੇ?

ਆਪਣੇ ਸ਼ੱਕ ਕਿਵੇਂ ਦੂਰ ਕਰੀਏ ਤਾਂਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਢਿੱਲੇ ਨਾ ਪੈ ਜਾਈਏ।

1-2. (ੳ) ਯਹੋਵਾਹ ਦੇ ਸੇਵਕਾਂ ਦੇ ਮਨ ਵਿਚ ਕਿਹੜੇ ਕੁਝ ਸ਼ੱਕ ਆ ਸਕਦੇ ਹਨ? (ਅ) ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

ਚਾਹੇ ਅਸੀਂ ਜਵਾਨ ਹੋਈਏ ਜਾਂ ਬੁੱਢੇ, ਸਾਡੇ ਸਾਰਿਆਂ ਦੇ ਮਨ ਵਿਚ ਕਦੇ-ਨਾ-ਕਦੇ ਸ਼ੱਕa ਆਉਂਦੇ ਹਨ। ਮਿਸਾਲ ਲਈ, ਸ਼ਾਇਦ ਇਕ ਨੌਜਵਾਨ ਭਰਾ ਸੋਚੇ, ‘ਪਤਾ ਨਹੀਂ ਯਹੋਵਾਹ ਮੇਰੇ ਵੱਲ ਧਿਆਨ ਦਿੰਦਾ ਹੈ ਜਾਂ ਨਹੀਂ।’ ਇਸ ਕਰਕੇ ਸ਼ਾਇਦ ਉਹ ਬਪਤਿਸਮਾ ਲੈਣ ਤੋਂ ਝਿਜਕੇ। ਇਕ ਅੱਧਖੜ ਉਮਰ ਦੇ ਭਰਾ ਬਾਰੇ ਸੋਚੋ ਜਿਸ ਨੇ ਜਵਾਨੀ ਵਿਚ ਦੁਨੀਆਂ ਵਿਚ ਕੈਰੀਅਰ ਬਣਾਉਣ ਦੀ ਬਜਾਇ ਰਾਜ ਦੇ ਕੰਮਾਂ ਨੂੰ ਪਹਿਲੀ ਥਾਂ ਦਿੱਤੀ ਸੀ। ਇਸ ਕਰਕੇ ਹੁਣ ਉਸ ਕੋਲ ਸਿਰਫ਼ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਜੋਗੇ ਹੀ ਪੈਸੇ ਹਨ। ਇਸ ਕਰਕੇ ਸ਼ਾਇਦ ਉਹ ਖ਼ੁਦ ਤੋਂ ਪੁੱਛੇ, ‘ਮੈਂ ਜਵਾਨੀ ਵਿਚ ਜੋ ਫ਼ੈਸਲਾ ਕੀਤਾ ਸੀ, ਕੀ ਉਹ ਸਹੀ ਸੀ?’ ਜ਼ਰਾ ਇਕ ਬਜ਼ੁਰਗ ਭੈਣ ਬਾਰੇ ਸੋਚੋ ਜਿਸ ਵਿਚ ਹੁਣ ਪਹਿਲਾਂ ਵਰਗੀ ਤਾਕਤ ਨਹੀਂ ਰਹੀ। ਉਹ ਸ਼ਾਇਦ ਨਿਰਾਸ਼ ਹੋ ਜਾਵੇ ਅਤੇ ਸੋਚੇ, ‘ਮੈਂ ਯਹੋਵਾਹ ਦੇ ਕਿਸੇ ਕੰਮ ਨਹੀਂ ਆ ਸਕਦੀ।’ ਕੀ ਤੁਹਾਡੇ ਮਨ ਵਿਚ ਵੀ ਕਦੇ ਅਜਿਹੇ ਸ਼ੱਕ ਆਏ ਹਨ?

2 ਜੇ ਅਸੀਂ ਆਪਣੇ ਮਨ ਵਿੱਚੋਂ ਅਜਿਹੇ ਸ਼ੱਕ ਦੂਰ ਨਹੀਂ ਕਰਦੇ, ਤਾਂ ਯਹੋਵਾਹ ʼਤੇ ਸਾਡੀ ਨਿਹਚਾ ਕਮਜ਼ੋਰ ਪੈ ਸਕਦੀ ਹੈ ਅਤੇ ਇੱਥੋਂ ਤਕ ਕਿ ਅਸੀਂ ਉਸ ਦੀ ਭਗਤੀ ਕਰਨੀ ਵੀ ਛੱਡ ਸਕਦੇ ਹਾਂ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਬਾਈਬਲ ਦੇ ਅਸੂਲਾਂ ʼਤੇ ਧਿਆਨ ਦੇ ਕੇ ਅਸੀਂ ਆਪਣੇ ਇਹ ਸ਼ੱਕ ਕਿਵੇਂ ਦੂਰ ਕਰ ਸਕਦੇ ਹਾਂ (1) ਯਹੋਵਾਹ ਸਾਡੀ ਪਰਵਾਹ ਕਰਦਾ ਹੈ ਜਾਂ ਨਹੀਂ, (2) ਬੀਤੇ ਸਮੇਂ ਵਿਚ ਲਏ ਸਾਡੇ ਫ਼ੈਸਲੇ ਸਹੀ ਸਨ ਜਾਂ ਨਹੀਂ ਜਾਂ (3) ਅਸੀਂ ਯਹੋਵਾਹ ਦੇ ਅਜੇ ਵੀ ਕੰਮ ਆ ਸਕਦੇ ਹਾਂ ਕਿ ਨਹੀਂ।

ਆਪਣੇ ਸ਼ੱਕ ਕਿਵੇਂ ਦੂਰ ਕਰੀਏ?

3. ਸ਼ੱਕ ਦੂਰ ਕਰਨ ਦਾ ਇਕ ਤਰੀਕਾ ਕਿਹੜਾ ਹੈ?

3 ਸ਼ੱਕ ਦੂਰ ਕਰਨ ਦਾ ਇਕ ਤਰੀਕਾ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਵਿੱਚੋਂ ਆਪਣੇ ਸਵਾਲਾਂ ਦੇ ਜਵਾਬ ਲੱਭੀਏ। ਜੇ ਅਸੀਂ ਇੱਦਾਂ ਕਰਾਂਗੇ, ਤਾਂ ਯਹੋਵਾਹ ʼਤੇ ਸਾਡੀ ਨਿਹਚਾ ਮਜ਼ਬੂਤ ਹੋਵੇਗੀ, ਉਸ ਨਾਲ ਸਾਡੀ ਦੋਸਤੀ ਗੂੜ੍ਹੀ ਹੋਵੇਗੀ ਅਤੇ ਅਸੀਂ “ਨਿਹਚਾ ਵਿਚ ਪੱਕੇ” ਰਹਿ ਸਕਾਂਗੇ।​—1 ਕੁਰਿੰ. 16:13.

4. ਅਸੀਂ ‘ਸਾਰੀਆਂ ਗੱਲਾਂ ਨੂੰ ਕਿਵੇਂ ਪਰਖ’ ਸਕਦੇ ਹਾਂ? (1 ਥੱਸਲੁਨੀਕੀਆਂ 5:21)

4 ਪਹਿਲਾ ਥੱਸਲੁਨੀਕੀਆਂ 5:21 ਪੜ੍ਹੋ। ਧਿਆਨ ਦਿਓ ਕਿ ਬਾਈਬਲ ਸਾਨੂੰ ਹੱਲਾਸ਼ੇਰੀ ਦਿੰਦੀ ਹੈ ਕਿ ਅਸੀਂ ‘ਸਾਰੀਆਂ ਗੱਲਾਂ ਨੂੰ ਪਰਖੀਏ।’ ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਜੇ ਸਾਨੂੰ ਇਹ ਪਤਾ ਨਹੀਂ ਲੱਗਦਾ ਕਿ ਕੀ ਸਹੀ ਹੈ ਤੇ ਕੀ ਗ਼ਲਤ, ਤਾਂ ਸਾਨੂੰ ਦੇਖਣਾ ਚਾਹੀਦਾ ਕਿ ਬਾਈਬਲ ਇਸ ਬਾਰੇ ਕੀ ਕਹਿੰਦੀ ਹੈ। ਜ਼ਰਾ ਉਸ ਨੌਜਵਾਨ ਭਰਾ ਬਾਰੇ ਸੋਚੋ ਜਿਸ ਦੇ ਮਨ ਵਿਚ ਸਵਾਲ ਹੈ, ‘ਕੀ ਯਹੋਵਾਹ ਨੂੰ ਮੇਰੀ ਕੋਈ ਪਰਵਾਹ ਹੈ ਜਾਂ ਨਹੀਂ?’ ਕੀ ਉਸ ਨੂੰ ਇਸ ਸਵਾਲ ਦਾ ਜਵਾਬ ਲਏ ਬਗੈਰ ਹੀ ਛੱਡ ਦੇਣਾ ਚਾਹੀਦਾ? ਨਹੀਂ, ਉਸ ਨੂੰ ‘ਸਾਰੀਆਂ ਗੱਲਾਂ ਨੂੰ ਪਰਖਣ’ ਯਾਨੀ ਇਸ ਬਾਰੇ ਯਹੋਵਾਹ ਦੀ ਸੋਚ ਜਾਣਨ ਦੀ ਲੋੜ ਹੈ।

5. ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਯਹੋਵਾਹ ਦੀ ਕਿਵੇਂ “ਸੁਣ” ਸਕਦੇ ਹਾਂ?

5 ਜਦੋਂ ਅਸੀਂ ਪਰਮੇਸ਼ੁਰ ਦਾ ਬਚਨ ਪੜ੍ਹਦੇ ਹਾਂ, ਤਾਂ ਇਹ ਇੱਦਾਂ ਹੈ ਜਿੱਦਾਂ ਅਸੀਂ ਯਹੋਵਾਹ ਦੀ ਗੱਲ “ਸੁਣ” ਰਹੇ ਹੋਈਏ। ਪਰ ਕਿਸੇ ਖ਼ਾਸ ਸਵਾਲ ਦਾ ਜਵਾਬ ਲੈਣ ਲਈ ਸਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਸਾਨੂੰ ਉਨ੍ਹਾਂ ਆਇਤਾਂ ਨੂੰ ਲੱਭਣ ਦੀ ਲੋੜ ਹੈ ਜਿਨ੍ਹਾਂ ਵਿਚ ਸਾਡੇ ਸਵਾਲਾਂ ਦੇ ਜਵਾਬ ਹੋਣ। ਇੱਦਾਂ ਕਰਨ ਲਈ ਅਸੀਂ ਉਸ ਵਿਸ਼ੇ ਬਾਰੇ ਆਪਣੇ ਪ੍ਰਕਾਸ਼ਨਾਂ ਵਿੱਚੋਂ ਖੋਜਬੀਨ ਕਰ ਸਕਦੇ ਹਾਂ। (ਕਹਾ. 2:3-6) ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰ ਸਕਦੇ ਹਾਂ ਕਿ ਉਹ ਸਾਡੇ ਸਵਾਲਾਂ ਦੇ ਜਵਾਬ ਲੱਭਣ ਵਿਚ ਸਾਡੀ ਮਦਦ ਕਰੇ। ਫਿਰ ਅਸੀਂ ਬਾਈਬਲ ਦੇ ਉਹ ਅਸੂਲ ਅਤੇ ਜਾਣਕਾਰੀ ਲੱਭ ਸਕਦੇ ਹਾਂ ਜੋ ਸਾਡੇ ਹਾਲਾਤ ਮੁਤਾਬਕ ਢੁਕਵੇਂ ਹੋਣ। ਨਾਲੇ ਅਸੀਂ ਬਾਈਬਲ ਵਿੱਚੋਂ ਉਨ੍ਹਾਂ ਵਫ਼ਾਦਾਰ ਸੇਵਕਾਂ ਬਾਰੇ ਪੜ੍ਹ ਸਕਦੇ ਹਾਂ ਜੋ ਸਾਡੇ ਵਰਗੇ ਹਾਲਾਤਾਂ ਵਿੱਚੋਂ ਲੰਘੇ ਸਨ।

6. ਸ਼ੱਕ ਦੂਰ ਕਰਨ ਵਿਚ ਸਭਾਵਾਂ ਸਾਡੀ ਕਿਵੇਂ ਮਦਦ ਕਰ ਸਕਦੀਆਂ ਹਨ?

6 ਸਭਾਵਾਂ ਵਿਚ ਹਾਜ਼ਰ ਹੋ ਕੇ ਵੀ ਅਸੀਂ ਯਹੋਵਾਹ ਦੀ ਗੱਲ “ਸੁਣਦੇ ਹਾਂ।” ਜੇ ਅਸੀਂ ਲਗਾਤਾਰ ਸਭਾਵਾਂ ਵਿਚ ਹਾਜ਼ਰ ਹੋਈਏ, ਤਾਂ ਹੋ ਸਕਦਾ ਹੈ ਕਿ ਕੋਈ ਭਾਸ਼ਣ ਜਾਂ ਕਿਸੇ ਦੀ ਟਿੱਪਣੀ ਸੁਣ ਕੇ ਸਾਡੇ ਸ਼ੱਕ ਦੂਰ ਹੋ ਜਾਣ। (ਕਹਾ. 27:17) ਆਓ ਹੁਣ ਆਪਾਂ ਦੇਖੀਏ ਕਿ ਸਾਡੇ ਮਨ ਵਿਚ ਕਿਹੜੇ ਕੁਝ ਸ਼ੱਕ ਪੈਦਾ ਹੋ ਸਕਦੇ ਹਨ ਅਤੇ ਅਸੀਂ ਇਨ੍ਹਾਂ ਨੂੰ ਕਿਵੇਂ ਦੂਰ ਕਰ ਸਕਦੇ ਹਾਂ।

ਜਦੋਂ ਤੁਹਾਨੂੰ ਸ਼ੱਕ ਹੋਵੇ ਕਿ ਯਹੋਵਾਹ ਤੁਹਾਡੀ ਪਰਵਾਹ ਕਰਦਾ ਹੈ ਜਾਂ ਨਹੀਂ

7. ਕੁਝ ਜਣੇ ਸ਼ਾਇਦ ਕਿਹੜਾ ਸਵਾਲ ਪੁੱਛਣ?

7 ਕੀ ਤੁਹਾਡੇ ਮਨ ਵਿਚ ਕਦੇ ਇਹ ਸਵਾਲ ਆਇਆ ਹੈ, ‘ਕੀ ਯਹੋਵਾਹ ਵਾਕਈ ਮੇਰੇ ਵੱਲ ਧਿਆਨ ਦਿੰਦਾ ਹੈ?’ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਕੋਈ ਅਹਿਮੀਅਤ ਹੀ ਨਹੀਂ ਹੈ, ਤਾਂ ਤੁਸੀਂ ਸ਼ਾਇਦ ਸੋਚੋ ਕਿ ਤੁਸੀਂ ਪੂਰੇ ਬ੍ਰਹਿਮੰਡ ਦੇ ਸਿਰਜਣਹਾਰ ਦੇ ਦੋਸਤ ਬਣ ਹੀ ਨਹੀਂ ਸਕਦੇ। ਸ਼ਾਇਦ ਰਾਜਾ ਦਾਊਦ ਦੇ ਮਨ ਵਿਚ ਵੀ ਕੁਝ ਅਜਿਹਾ ਹੀ ਖ਼ਿਆਲ ਆਇਆ ਸੀ। ਉਸ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਯਹੋਵਾਹ ਮਾਮੂਲੀ ਜਿਹੇ ਇਨਸਾਨ ਵੱਲ ਵੀ ਧਿਆਨ ਦਿੰਦਾ ਹੈ। ਉਸ ਨੇ ਕਿਹਾ: “ਹੇ ਯਹੋਵਾਹ, ਇਨਸਾਨ ਕੀ ਹੈ ਕਿ ਤੂੰ ਉਸ ਦੀ ਪਰਵਾਹ ਕਰੇਂ, ਮਰਨਹਾਰ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਵੱਲ ਧਿਆਨ ਦੇਵੇਂ?” (ਜ਼ਬੂ. 144:3) ਤੁਸੀਂ ਇਸ ਸਵਾਲ ਦਾ ਜਵਾਬ ਕਿੱਥੋਂ ਪਾ ਸਕਦੇ ਹੋ ਕਿ ਯਹੋਵਾਹ ਤੁਹਾਡੇ ਵੱਲ ਧਿਆਨ ਦਿੰਦਾ ਹੈ ਜਾਂ ਨਹੀਂ?

8. ਪਹਿਲਾ ਸਮੂਏਲ 16:6, 7, 10-12 ਅਨੁਸਾਰ ਯਹੋਵਾਹ ਇਕ ਇਨਸਾਨ ਵਿਚ ਕੀ ਦੇਖਦਾ ਹੈ?

8 ਬਾਈਬਲ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਵੱਲ ਵੀ ਧਿਆਨ ਦਿੰਦਾ ਹੈ ਜਿਨ੍ਹਾਂ ਨੂੰ ਦੂਜੇ ਮਾਮੂਲੀ ਸਮਝਦੇ ਹਨ। ਮਿਸਾਲ ਲਈ, ਯਹੋਵਾਹ ਨੇ ਸਮੂਏਲ ਨੂੰ ਯੱਸੀ ਦੇ ਘਰ ਭੇਜਿਆ ਤਾਂਕਿ ਉਹ ਉਸ ਦੇ ਮੁੰਡਿਆਂ ਵਿੱਚੋਂ ਇਕ ਜਣੇ ਨੂੰ ਇਜ਼ਰਾਈਲ ਦਾ ਅਗਲਾ ਰਾਜਾ ਚੁਣੇ। ਯੱਸੀ ਨੇ ਆਪਣੇ ਅੱਠਾਂ ਮੁੰਡਿਆਂ ਵਿੱਚੋਂ ਸੱਤਾਂ ਨੂੰ ਬੁਲਾਇਆ, ਪਰ ਉਸ ਨੇ ਆਪਣੇ ਸਭ ਤੋਂ ਛੋਟੇ ਮੁੰਡੇ ਦਾਊਦ ਨੂੰ ਨਹੀਂ ਬੁਲਾਇਆ।b ਪਰ ਉਹ ਦਾਊਦ ਹੀ ਸੀ ਜਿਸ ਨੂੰ ਯਹੋਵਾਹ ਨੇ ਚੁਣਿਆ ਸੀ। (1 ਸਮੂਏਲ 16:6, 7, 10-12 ਪੜ੍ਹੋ।) ਯਹੋਵਾਹ ਨੇ ਦਾਊਦ ਦਾ ਦਿਲ ਦੇਖਿਆ ਸੀ। ਉਸ ਨੇ ਦੇਖਿਆ ਕਿ ਉਹ ਉਸ ਨੂੰ ਕਿੰਨਾ ਪਿਆਰ ਕਰਦਾ ਹੈ।

9. ਤੁਸੀਂ ਕਿਉਂ ਯਕੀਨ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਡੇ ਵੱਲ ਧਿਆਨ ਦਿੰਦਾ ਹੈ? (ਤਸਵੀਰ ਵੀ ਦੇਖੋ।)

9 ਜ਼ਰਾ ਸੋਚੋ ਕਿ ਯਹੋਵਾਹ ਨੇ ਹੁਣ ਤਕ ਕਿਵੇਂ ਦਿਖਾਇਆ ਹੈ ਕਿ ਉਹ ਤੁਹਾਡੇ ਵੱਲ ਧਿਆਨ ਦਿੰਦਾ ਹੈ। ਉਹ ਤੁਹਾਨੂੰ ਤੁਹਾਡੇ ਹਾਲਾਤਾਂ ਦੇ ਹਿਸਾਬ ਨਾਲ ਢੁਕਵੀਂ ਸਲਾਹ ਦਿੰਦਾ ਹੈ। (ਜ਼ਬੂ. 32:8) ਜ਼ਰਾ ਸੋਚੋ, ਜੇ ਉਹ ਤੁਹਾਨੂੰ ਜਾਣਦਾ ਹੀ ਨਾ ਹੁੰਦਾ, ਤਾਂ ਉਹ ਤੁਹਾਨੂੰ ਸਲਾਹ ਕਿਵੇਂ ਦੇ ਸਕਦਾ ਸੀ। (ਜ਼ਬੂ. 139:1) ਜਦੋਂ ਤੁਸੀਂ ਯਹੋਵਾਹ ਦੀ ਸਲਾਹ ਲਾਗੂ ਕਰਦੇ ਹੋ ਅਤੇ ਦੇਖਦੇ ਹੋ ਕਿ ਉਸ ਦੀ ਸਲਾਹ ਦੇ ਤੁਹਾਨੂੰ ਕੀ ਫ਼ਾਇਦੇ ਹੁੰਦੇ ਹਨ, ਤਾਂ ਤੁਹਾਨੂੰ ਭਰੋਸਾ ਹੋ ਜਾਂਦਾ ਹੈ ਕਿ ਯਹੋਵਾਹ ਤੁਹਾਡੀ ਪਰਵਾਹ ਕਰਦਾ ਹੈ। (1 ਇਤਿ. 28:9; ਰਸੂ. 17:26, 27) ਯਹੋਵਾਹ ਤੁਹਾਡੇ ਕੀਤੇ ਕੰਮਾਂ ਵੱਲ ਧਿਆਨ ਦਿੰਦਾ ਹੈ। ਉਹ ਤੁਹਾਡੇ ਚੰਗੇ ਗੁਣ ਵੀ ਦੇਖਦਾ ਹੈ ਅਤੇ ਤੁਹਾਡਾ ਦੋਸਤ ਬਣਨਾ ਚਾਹੁੰਦਾ ਹੈ। (ਯਿਰ. 17:10) ਯਹੋਵਾਹ ਨੂੰ ਉਦੋਂ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਤੁਸੀਂ ਵੀ ਉਸ ਨਾਲ ਦੋਸਤੀ ਕਰਨੀ ਚਾਹੁੰਦੇ ਹੋ।​—1 ਯੂਹੰ. 4:19.

ਇਕ ਜਵਾਨ ਭੈਣ ਨਿੱਜੀ ਅਧਿਐਨ ਕਰ ਰਹੀ ਹੈ। ਉਸ ਦੀ ਬਾਈਬਲ ਖੁੱਲ੍ਹੀ ਹੋਈ ਹੈ ਅਤੇ ਉਹ ਆਪਣੀ ਟੈਬਲੇਟ ʼਤੇ ਇਕ ਵੀਡੀਓ ਦੇਖ ਰਹੀ ਹੈ।

“ਜੇ ਤੂੰ [ਯਹੋਵਾਹ] ਦੀ ਭਾਲ ਕਰੇਂ, ਤਾਂ ਉਹ ਤੈਨੂੰ ਲੱਭ ਪਵੇਗਾ।” ​—1 ਇਤਿ. 28:9 (ਪੈਰਾ 9 ਦੇਖੋ)c


ਜਦੋਂ ਤੁਹਾਨੂੰ ਸ਼ੱਕ ਹੋਵੇ ਕਿ ਬੀਤੇ ਸਮੇਂ ਵਿਚ ਲਿਆ ਤੁਹਾਡਾ ਫ਼ੈਸਲਾ ਸਹੀ ਸੀ ਜਾਂ ਨਹੀਂ

10. ਬੀਤੇ ਸਮੇਂ ਵਿਚ ਲਏ ਆਪਣੇ ਫ਼ੈਸਲੇ ਬਾਰੇ ਸੋਚਦਿਆਂ ਸ਼ਾਇਦ ਸਾਡੇ ਮਨ ਵਿਚ ਕਿਹੜੇ ਸਵਾਲ ਖੜ੍ਹੇ ਹੋਣ?

10 ਸ਼ਾਇਦ ਕੁਝ ਜਣੇ ਬੀਤੇ ਸਮੇਂ ਵਿਚ ਲਏ ਆਪਣੇ ਫ਼ੈਸਲੇ ਬਾਰੇ ਸੋਚਣ ਕਿ ਪਤਾ ਨਹੀਂ ਉਹ ਸਹੀ ਸੀ ਜਾਂ ਨਹੀਂ। ਸ਼ਾਇਦ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਵਧ-ਚੜ੍ਹ ਕੇ ਕਰਨ ਲਈ ਵਧੀਆ ਨੌਕਰੀ ਠੁਕਰਾਈ ਹੋਵੇ ਜਾਂ ਕੋਈ ਬਿਜ਼ਨਿਸ ਸ਼ੁਰੂ ਨਾ ਕਰਨ ਦਾ ਫ਼ੈਸਲਾ ਕੀਤਾ ਹੋਵੇ। ਪਰ ਹੁਣ ਕਾਫ਼ੀ ਸਾਲਾਂ ਬਾਅਦ ਜਦੋਂ ਉਹ ਆਪਣੇ ਜਾਣ-ਪਛਾਣ ਵਾਲਿਆਂ ਅਤੇ ਦੋਸਤਾਂ ਨੂੰ ਦੇਖਦੇ ਹਨ ਜਿਨ੍ਹਾਂ ਨੇ ਦੁਨੀਆਂ ਵਿਚ ਵਧੀਆ ਕੈਰੀਅਰ ਬਣਾਇਆ ਸੀ, ਤਾਂ ਸ਼ਾਇਦ ਉਹ ਸੋਚਣ, ‘ਉਨ੍ਹਾਂ ਕੋਲ ਤਾਂ ਕਾਫ਼ੀ ਪੈਸਾ ਹੈ ਤੇ ਉਹ ਐਸ਼ੋ-ਆਰਾਮ ਵਾਲੀ ਜ਼ਿੰਦਗੀ ਜੀਉਂਦੇ ਹਨ। ਕੀ ਮੈਂ ਯਹੋਵਾਹ ਲਈ ਕੁਰਬਾਨੀਆਂ ਕਰ ਕੇ ਸਹੀ ਕੀਤਾ? ਕੀ ਮੈਨੂੰ ਥੋੜ੍ਹੇ ਹੋਰ ਪੈਸੇ ਨਹੀਂ ਕਮਾ ਲੈਣੇ ਚਾਹੀਦੇ ਸੀ?’

11. ਜ਼ਬੂਰ 73 ਦੇ ਲਿਖਾਰੀ ਨੂੰ ਕਿਹੜੀ ਗੱਲ ਪਰੇਸ਼ਾਨ ਕਰ ਰਹੀ ਸੀ?

11 ਜੇ ਤੁਸੀਂ ਵੀ ਇੱਦਾਂ ਦੀਆਂ ਗੱਲਾਂ ਸੋਚ ਕੇ ਪਰੇਸ਼ਾਨ ਹੁੰਦੇ ਹੋ, ਤਾਂ ਗੌਰ ਕਰੋ ਕਿ ਜ਼ਬੂਰ 73 ਦੇ ਲਿਖਾਰੀ ਨੇ ਕਿਵੇਂ ਮਹਿਸੂਸ ਕੀਤਾ। ਉਸ ਨੇ ਦੇਖਿਆ ਕਿ ਜਿਹੜੇ ਲੋਕ ਯਹੋਵਾਹ ਦੀ ਸੇਵਾ ਨਹੀਂ ਕਰਦੇ, ਉਹ ਤੰਦਰੁਸਤ ਅਤੇ ਅਮੀਰ ਹਨ ਤੇ ਚੰਗੀ ਜ਼ਿੰਦਗੀ ਜੀ ਰਹੇ ਹਨ। (ਜ਼ਬੂ. 73:3-5, 12) ਉਸ ਨੂੰ ਲੱਗਾ ਕਿ ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਹੈ। ਉਹ ਸੋਚਣ ਲੱਗਾ ਕਿ ਯਹੋਵਾਹ ਦੀ ਸੇਵਾ ਵਿਚ ਕੀਤੀਆਂ ਉਸ ਦੀਆਂ ਕੁਰਬਾਨੀਆਂ ਦਾ ਕੋਈ ਫ਼ਾਇਦਾ ਨਹੀਂ ਹੋਇਆ। ਉਹ ਇਸ ਬਾਰੇ ਸੋਚ ਕੇ “ਸਾਰਾ ਦਿਨ ਪਰੇਸ਼ਾਨ ਰਹਿੰਦਾ ਸੀ।” (ਜ਼ਬੂ. 73:13, 14) ਤਾਂ ਫਿਰ ਉਹ ਆਪਣੀ ਇਸ ਪਰੇਸ਼ਾਨੀ ਵਿੱਚੋਂ ਕਿੱਦਾਂ ਨਿਕਲ ਸਕਿਆ?

12. ਜ਼ਬੂਰ 73 ਦਾ ਲਿਖਾਰੀ ਆਪਣੀ ਪਰੇਸ਼ਾਨੀ ਵਿੱਚੋਂ ਕਿਵੇਂ ਨਿਕਲ ਸਕਿਆ? (ਜ਼ਬੂਰ 73:16-18)

12 ਜ਼ਬੂਰ 73:16-18 ਪੜ੍ਹੋ। ਜ਼ਬੂਰਾਂ ਦਾ ਲਿਖਾਰੀ ਯਹੋਵਾਹ ਦੇ ਪਵਿੱਤਰ ਸਥਾਨ ਵਿਚ ਗਿਆ। ਉੱਥੇ ਉਹ ਚੰਗੀ ਤਰ੍ਹਾਂ ਸੋਚ ਸਕਿਆ। ਉਹ ਸਮਝ ਗਿਆ ਕਿ ਭਾਵੇਂ ਦੇਖਣ ਨੂੰ ਉਨ੍ਹਾਂ ਦੀ ਜ਼ਿੰਦਗੀ ਵਧੀਆ ਲੱਗਦੀ ਸੀ, ਪਰ ਉਨ੍ਹਾਂ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਸੀ। ਇਹ ਸੋਚ ਕੇ ਉਸ ਨੂੰ ਮਨ ਦੀ ਸ਼ਾਂਤੀ ਮਿਲੀ ਅਤੇ ਉਸ ਨੂੰ ਯਕੀਨ ਹੋ ਗਿਆ ਕਿ ਯਹੋਵਾਹ ਦੀ ਸੇਵਾ ਕਰਨ ਦਾ ਉਸ ਦਾ ਫ਼ੈਸਲਾ ਸਭ ਤੋਂ ਵਧੀਆ ਸੀ। ਇਸ ਕਰਕੇ ਉਸ ਨੇ ਯਹੋਵਾਹ ਦੀ ਸੇਵਾ ਕਰਦੇ ਰਹਿਣ ਦਾ ਪੱਕਾ ਇਰਾਦਾ ਕੀਤਾ।​—ਜ਼ਬੂ. 73:23-28.

13. ਜੇ ਤੁਹਾਨੂੰ ਬੀਤੇ ਸਮੇਂ ਵਿਚ ਲਏ ਆਪਣੇ ਫ਼ੈਸਲੇ ʼਤੇ ਸ਼ੱਕ ਹੈ, ਤਾਂ ਤੁਸੀਂ ਮਨ ਦੀ ਸ਼ਾਂਤੀ ਕਿਵੇਂ ਪਾ ਸਕਦੇ ਹੋ? (ਤਸਵੀਰ ਵੀ ਦੇਖੋ।)

13 ਪਰਮੇਸ਼ੁਰ ਦੇ ਬਚਨ ਤੋਂ ਤੁਹਾਨੂੰ ਵੀ ਮਨ ਦੀ ਸ਼ਾਂਤੀ ਮਿਲ ਸਕਦੀ ਹੈ। ਕਿਵੇਂ? ਜ਼ਰਾ ਸੋਚੋ ਕਿ ਤੁਹਾਡੇ ਕੋਲ ਕੀ ਕੁਝ ਹੈ, ਤਹਾਡੇ ʼਤੇ ਯਹੋਵਾਹ ਦੀ ਮਿਹਰ ਹੈ, ਪਰ ਦੁਨੀਆਂ ਦੇ ਲੋਕਾਂ ʼਤੇ ਯਹੋਵਾਹ ਦੀ ਮਿਹਰ ਨਹੀਂ ਹੈ। ਦੁਨੀਆਂ ਦੇ ਲੋਕਾਂ ਲਈ ਆਪਣੀ ਨੌਕਰੀ ਤੇ ਆਰਾਮਦਾਇਕ ਜ਼ਿੰਦਗੀ ਹੀ ਸਭ ਕੁਝ ਹੈ ਕਿਉਂਕਿ ਉਨ੍ਹਾਂ ਕੋਲ ਭਵਿੱਖ ਲਈ ਕੋਈ ਉਮੀਦ ਨਹੀਂ ਹੈ। ਪਰ ਤੁਹਾਡੇ ਕੋਲ ਇਕ ਸ਼ਾਨਦਾਰ ਉਮੀਦ ਹੈ। ਯਹੋਵਾਹ ਹੁਣ ਤਾਂ ਤੁਹਾਨੂੰ ਚੰਗੀਆਂ ਚੀਜ਼ਾਂ ਦਿੰਦਾ ਹੀ ਹੈ, ਪਰ ਭਵਿੱਖ ਵਿਚ ਵੀ ਸ਼ਾਨਦਾਰ ਬਰਕਤਾਂ ਦੇਣ ਦਾ ਵਾਅਦਾ ਕਰਦਾ ਹੈ। (ਜ਼ਬੂ. 145:16) ਜ਼ਰਾ ਇਸ ਬਾਰੇ ਵੀ ਸੋਚੋ, ਤੁਸੀਂ ਕਦੇ ਵੀ ਇਹ ਨਹੀਂ ਜਾਣ ਸਕਦੇ ਕਿ ਜੇ ਬੀਤੇ ਸਮੇਂ ਵਿਚ ਤੁਸੀਂ ਵੱਖਰਾ ਫ਼ੈਸਲਾ ਲਿਆ ਹੁੰਦਾ, ਤਾਂ ਅੱਜ ਤੁਹਾਡੀ ਜ਼ਿੰਦਗੀ ਕਿਹੋ ਜਿਹੀ ਹੋਣੀ ਸੀ। ਪਰ ਇਕ ਗੱਲ ਤਾਂ ਪੱਕੀ ਹੈ ਕਿ ਜੇ ਤੁਸੀਂ ਪਰਮੇਸ਼ੁਰ ਤੇ ਗੁਆਂਢੀਆਂ ਨਾਲ ਪਿਆਰ ਹੋਣ ਕਰਕੇ ਕੋਈ ਵੀ ਫ਼ੈਸਲਾ ਕਰਦੇ ਹੋ, ਤਾਂ ਤੁਹਾਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।

ਇਕ ਭਰਾ ਦੁਕਾਨ ਦੀ ਖਿੜਕੀ ਸਾਫ਼ ਕਰਦਿਆਂ ਕਲਪਨਾ ਕਰ ਰਿਹਾ ਹੈ ਕਿ ਉਹ ਨਵੀਂ ਦੁਨੀਆਂ ਵਿਚ ਹੈ। ਉਹ ਦੇਖਦਾ ਹੈ ਕਿ ਉਹ ਅਤੇ ਉਸ ਦੀ ਪਤਨੀ ਤਾਜ਼ੇ ਫਲਾਂ ਨਾਲ ਭਰੀ ਇਕ ਰੇੜ੍ਹੀ ਨੂੰ ਧੱਕਾ ਮਾਰ ਰਹੇ ਹਨ ਅਤੇ ਨੇੜੇ ਹੀ ਇਕ ਹਿਰਨ ਚਰ ਰਿਹਾ ਹੈ।

ਉਨ੍ਹਾਂ ਬਰਕਤਾਂ ਬਾਰੇ ਸੋਚੋ ਜੋ ਯਹੋਵਾਹ ਭਵਿੱਖ ਵਿਚ ਦੇਣ ਵਾਲਾ ਹੈ (ਪੈਰਾ 13 ਦੇਖੋ)d


ਜਦੋਂ ਤੁਹਾਨੂੰ ਸ਼ੱਕ ਹੋਵੇ ਕਿ ਤੁਸੀਂ ਅਜੇ ਵੀ ਯਹੋਵਾਹ ਦੇ ਕੰਮ ਆ ਸਕਦੇ ਹੋ ਕਿ ਨਹੀਂ

14. ਕੁਝ ਭੈਣ-ਭਰਾ ਕਿਹੜੇ ਹਾਲਾਤਾਂ ਵਿਚ ਹਨ ਅਤੇ ਸ਼ਾਇਦ ਉਹ ਆਪਣੇ ਆਪ ਤੋਂ ਕਿਹੜਾ ਸਵਾਲ ਪੁੱਛਣ?

14 ਸ਼ਾਇਦ ਬੁਢਾਪੇ, ਬੀਮਾਰੀ ਜਾਂ ਅਪਾਹਜ ਹੋਣ ਕਰਕੇ ਯਹੋਵਾਹ ਦੇ ਕੁਝ ਸੇਵਕ ਉੱਨਾ ਨਾ ਕਰ ਸਕਣ ਜਿੰਨਾ ਉਹ ਕਰਨਾ ਚਾਹੁੰਦੇ ਹਨ। ਇਸ ਕਰਕੇ ਸ਼ਾਇਦ ਉਹ ਸੋਚਣ ਕਿ ਯਹੋਵਾਹ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਕੋਈ ਕੀਮਤ ਨਹੀਂ ਹੈ। ਉਹ ਸ਼ਾਇਦ ਖ਼ੁਦ ਤੋਂ ਪੁੱਛਣ, ‘ਕੀ ਮੈਂ ਅਜੇ ਵੀ ਯਹੋਵਾਹ ਦੇ ਕੰਮ ਆ ਸਕਦਾ ਹਾਂ?’

15. ਜ਼ਬੂਰ 71 ਦੇ ਲਿਖਾਰੀ ਨੂੰ ਕਿਸ ਗੱਲ ਦਾ ਪੂਰਾ ਭਰੋਸਾ ਸੀ?

15 ਜ਼ਬੂਰ 71 ਦੇ ਲਿਖਾਰੀ ਨੂੰ ਵੀ ਇਹੀ ਚਿੰਤਾ ਸੀ। ਉਸ ਨੇ ਪ੍ਰਾਰਥਨਾ ਕੀਤੀ: “ਜਦੋਂ ਮੇਰੇ ਵਿਚ ਤਾਕਤ ਨਾ ਰਹੇ, ਤਾਂ ਮੈਨੂੰ ਬੇਸਹਾਰਾ ਨਾ ਛੱਡੀਂ।” (ਜ਼ਬੂ. 71:9, 18) ਪਰ ਜ਼ਬੂਰਾਂ ਦੇ ਲਿਖਾਰੀ ਨੂੰ ਇਸ ਗੱਲ ਦਾ ਪੂਰਾ ਭਰੋਸਾ ਸੀ ਕਿ ਜੇ ਉਹ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦਾ ਰਹੇਗਾ, ਤਾਂ ਉਹ ਉਸ ਨੂੰ ਸੇਧ ਦੇਵੇਗਾ ਅਤੇ ਉਸ ਦਾ ਸਾਥ ਦੇਵੇਗਾ। ਜ਼ਬੂਰਾਂ ਦੇ ਲਿਖਾਰੀ ਨੇ ਜਾਣਿਆ ਕਿ ਯਹੋਵਾਹ ਉਨ੍ਹਾਂ ਤੋਂ ਖ਼ੁਸ਼ ਹੁੰਦਾ ਹੈ ਜੋ ਆਪਣੇ ਹਾਲਾਤਾਂ ਮੁਤਾਬਕ ਉਸ ਦੀ ਸੇਵਾ ਕਰਨ ਵਿਚ ਪੂਰੀ ਵਾਹ ਲਾਉਂਦੇ ਹਨ।​—ਜ਼ਬੂ. 37:23-25.

16. ਸਿਆਣੀ ਉਮਰ ਦੇ ਭੈਣ-ਭਰਾ ਯਹੋਵਾਹ ਲਈ ਕੀ ਕੁਝ ਕਰ ਸਕਦੇ ਹਨ? (ਜ਼ਬੂਰ 92:12-15)

16 ਸਿਆਣੀ ਉਮਰ ਦੇ ਭੈਣੋ-ਭਰਾਵੋ, ਆਪਣੇ ਹਾਲਾਤਾਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖੋ। ਚਾਹੇ ਤੁਸੀਂ ਸਰੀਰਕ ਪੱਖੋਂ ਕਮਜ਼ੋਰ ਹੋ, ਫਿਰ ਵੀ ਯਹੋਵਾਹ ਤੁਹਾਡੀ ਮਦਦ ਕਰ ਸਕਦਾ ਹੈ ਕਿ ਤੁਸੀਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਰਹਿ ਸਕੋ। (ਜ਼ਬੂਰ 92:12-15 ਪੜ੍ਹੋ।) ਇਸ ਗੱਲ ʼਤੇ ਧਿਆਨ ਨਾ ਦਿਓ ਕਿ ਤੁਸੀਂ ਹੁਣ ਕੀ ਨਹੀਂ ਕਰ ਸਕਦੇ, ਸਗੋਂ ਇਸ ਗੱਲ ʼਤੇ ਧਿਆਨ ਦਿਓ ਕਿ ਤੁਸੀਂ ਕੀ ਕਰ ਸਕਦੇ ਹੋ। ਮਿਸਾਲ ਲਈ, ਤੁਸੀਂ ਆਪਣੀ ਵਧੀਆ ਮਿਸਾਲ ਰਾਹੀਂ ਦੂਜਿਆਂ ਨੂੰ ਹੌਸਲਾ ਦੇ ਸਕਦੇ ਹੋ ਅਤੇ ਉਨ੍ਹਾਂ ਵਿਚ ਦਿਲਚਸਪੀ ਦਿਖਾ ਕੇ ਉਨ੍ਹਾਂ ਦਾ ਹੌਸਲਾ ਵਧਾ ਸਕਦੇ ਹੋ। ਤੁਸੀਂ ਉਨ੍ਹਾਂ ਨੂੰ ਦੱਸ ਸਕਦੇ ਹੋ ਕਿ ਯਹੋਵਾਹ ਨੇ ਕਿਵੇਂ ਸਾਲਾਂ-ਬੱਧੀ ਤੁਹਾਨੂੰ ਸੰਭਾਲਿਆ ਅਤੇ ਤੁਸੀਂ ਭਵਿੱਖ ਵਿਚ ਕਿਹੜੇ ਵਾਅਦੇ ਪੂਰੇ ਹੁੰਦੇ ਦੇਖਣੇ ਚਾਹੁੰਦੇ ਹੋ। ਕਦੇ ਨਾ ਭੁੱਲੋ ਕਿ ਤੁਸੀਂ ਦੂਜਿਆਂ ਲਈ ਜੋ ਪ੍ਰਾਰਥਨਾਵਾਂ ਕਰਦੇ ਹੋ, ਉਨ੍ਹਾਂ ਵਿਚ ਕਿੰਨੀ ਤਾਕਤ ਹੈ। (1 ਪਤ. 3:12) ਸਾਡੇ ਹਾਲਾਤ ਚਾਹੇ ਜੋ ਮਰਜ਼ੀ ਹੋਣ, ਪਰ ਅਸੀਂ ਸਾਰੇ ਜਣੇ ਯਹੋਵਾਹ ਨੂੰ ਕੁਝ-ਨਾ-ਕੁਝ ਜ਼ਰੂਰ ਦੇ ਸਕਦੇ ਹਾਂ।

17. ਸਾਨੂੰ ਆਪਣੀ ਤੁਲਨਾ ਦੂਜਿਆਂ ਨਾਲ ਕਿਉਂ ਨਹੀਂ ਕਰਨੀ ਚਾਹੀਦੀ?

17 ਜੇ ਤੁਸੀਂ ਇਸ ਗੱਲੋਂ ਪਰੇਸ਼ਾਨ ਹੋ ਕਿ ਤੁਸੀਂ ਯਹੋਵਾਹ ਦੀ ਸੇਵਾ ਵਿਚ ਜ਼ਿਆਦਾ ਨਹੀਂ ਕਰ ਸਕਦੇ, ਤਾਂ ਭਰੋਸਾ ਰੱਖੋ ਕਿ ਤੁਸੀਂ ਜੋ ਵੀ ਕਰਦੇ ਹੋ, ਯਹੋਵਾਹ ਉਸ ਨੂੰ ਅਨਮੋਲ ਸਮਝਦਾ ਹੈ। ਤੁਸੀਂ ਸ਼ਾਇਦ ਆਪਣੀ ਤੁਲਨਾ ਦੂਜਿਆਂ ਨਾਲ ਕਰੋ। ਪਰ ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਇੱਦਾਂ ਨਾ ਕਰੋ ਕਿਉਂਕਿ ਯਹੋਵਾਹ ਕਿਸੇ ਦੀ ਤੁਲਨਾ ਕਿਸੇ ਨਾਲ ਨਹੀਂ ਕਰਦਾ। (ਗਲਾ. 6:4) ਮਿਸਾਲ ਲਈ, ਮਰੀਅਮ ਨੇ ਯਿਸੂ ਦੇ ਪੈਰਾਂ ʼਤੇ ਖ਼ੁਸ਼ਬੂਦਾਰ ਤੇਲ ਪਾਇਆ ਜਿਸ ਦੀ ਕੀਮਤ ਬਹੁਤ ਜ਼ਿਆਦਾ ਸੀ। (ਯੂਹੰ. 12:3-5) ਇਸ ਦੇ ਉਲਟ, ਗ਼ਰੀਬ ਵਿਧਵਾ ਨੇ ਦੋ ਸਿੱਕੇ ਮੰਦਰ ਵਿਚ ਦਾਨ ਵਜੋਂ ਪਾਏ ਜਿਨ੍ਹਾਂ ਦੀ ਕੀਮਤ ਬਹੁਤ ਹੀ ਘੱਟ ਸੀ। (ਲੂਕਾ 21:1-4) ਪਰ ਯਿਸੂ ਨੇ ਇਨ੍ਹਾਂ ਦੋਹਾਂ ਤੀਵੀਆਂ ਦੀ ਇਕ-ਦੂਜੇ ਨਾਲ ਤੁਲਨਾ ਨਹੀਂ ਕੀਤੀ। ਇਸ ਦੀ ਬਜਾਇ, ਯਿਸੂ ਨੇ ਉਨ੍ਹਾਂ ਦੀ ਨਿਹਚਾ ਦੇਖੀ। ਯਿਸੂ ਹੂ-ਬਹੂ ਆਪਣੇ ਪਿਤਾ ਦੀ ਨਕਲ ਕਰਦਾ ਹੈ। ਭਰੋਸਾ ਰੱਖੋ ਕਿ ਯਹੋਵਾਹ ʼਤੇ ਨਿਹਚਾ ਅਤੇ ਉਸ ਨਾਲ ਪਿਆਰ ਹੋਣ ਕਰਕੇ ਅਸੀਂ ਜੋ ਵੀ ਕਰਦੇ ਹਾਂ, ਉਹ ਉਸ ਨੂੰ ਅਨਮੋਲ ਸਮਝਦਾ ਹੈ, ਫਿਰ ਚਾਹੇ ਸਾਡੀਆਂ ਨਜ਼ਰਾਂ ਵਿਚ ਉਸ ਦੀ ਕੀਮਤ ਘੱਟ ਹੀ ਕਿਉਂ ਨਾ ਹੋਵੇ।

18. ਅਸੀਂ ਆਪਣੇ ਸ਼ੱਕ ਕਿੱਦਾਂ ਦੂਰ ਕਰ ਸਕਦੇ ਹਾਂ? (“ਯਹੋਵਾਹ ਦੇ ਬਚਨ ਨਾਲ ਆਪਣੇ ਸ਼ੱਕ ਦੂਰ ਕਰੋ” ਨਾਂ ਦੀ ਡੱਬੀ ਦੇਖੋ।)

18 ਕਦੇ-ਨਾ-ਕਦੇ ਸਾਡੇ ਸਾਰਿਆਂ ਦੇ ਮਨ ਵਿਚ ਸ਼ੱਕ ਆਉਂਦੇ ਹਨ। ਪਰ ਜਿੱਦਾਂ ਅਸੀਂ ਦੇਖਿਆ, ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਅਸੀਂ ਆਪਣੇ ਸ਼ੱਕ ਦੂਰ ਕਰ ਸਕਦੇ ਹਾਂ। ਇਸ ਲਈ ਸ਼ੱਕ ਦੂਰ ਕਰਨ ਲਈ ਜਤਨ ਕਰੋ। ਇੱਦਾਂ ਕਰ ਕੇ ਤੁਹਾਡੀ ਚਿੰਤਾ ਘੱਟ ਸਕਦੀ ਹੈ ਅਤੇ ਇਸ ਗੱਲ ʼਤੇ ਤੁਹਾਡਾ ਯਕੀਨ ਵਧ ਸਕਦਾ ਹੈ ਕਿ ਯਹੋਵਾਹ ਨੂੰ ਤੁਹਾਡੀ ਪਰਵਾਹ ਹੈ। ਇੰਨਾ ਹੀ ਨਹੀਂ, ਯਾਦ ਰੱਖੋ ਕਿ ਤੁਸੀਂ ਜੋ ਵੀ ਕੁਰਬਾਨੀਆਂ ਕਰਦੇ ਹੋ, ਉਹ ਉਨ੍ਹਾਂ ਦੀ ਕਦਰ ਕਰਦਾ ਹੈ ਅਤੇ ਉਹ ਤੁਹਾਨੂੰ ਇਨਾਮ ਜ਼ਰੂਰ ਦੇਵੇਗਾ। ਭਰੋਸਾ ਰੱਖੋ ਕਿ ਯਹੋਵਾਹ ਆਪਣੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਪਿਆਰ ਕਰਦਾ ਹੈ ਅਤੇ ਉਨ੍ਹਾਂ ਦੀ ਪਰਵਾਹ ਕਰਦਾ ਹੈ।

ਯਹੋਵਾਹ ਦੇ ਬਚਨ ਨਾਲ ਆਪਣੇ ਸ਼ੱਕ ਦੂਰ ਕਰੋ

  • ਯਹੋਵਾਹ ਤੁਹਾਡੀ ਪਰਵਾਹ ਕਰਦਾ ਹੈ

    “ਨਾ ਡਰ ਕਿਉਂਕਿ ਮੈਂ ਤੇਰੇ ਅੰਗ-ਸੰਗ ਹਾਂ। ਨਾ ਘਬਰਾ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਹਾਂ। ਮੈਂ ਤੈਨੂੰ ਮਜ਼ਬੂਤ ਕਰਾਂਗਾ, ਹਾਂ, ਮੈਂ ਤੇਰੀ ਮਦਦ ਕਰਾਂਗਾ, ਮੈਂ ਇਨਸਾਫ਼ ਕਰਨ ਵਾਲੇ ਆਪਣੇ ਸੱਜੇ ਹੱਥ ਨਾਲ ਤੈਨੂੰ ਜ਼ਰੂਰ ਸੰਭਾਲਾਂਗਾ।”​—ਯਸਾ. 41:10.

    “ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ, ਜੋ ਤੈਨੂੰ ਤੇਰੇ ਫ਼ਾਇਦੇ ਲਈ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਹਾਂ ਜਿਸ ਰਾਹ ਤੈਨੂੰ ਜਾਣਾ ਚਾਹੀਦਾ ਹੈ।”​—ਯਸਾ. 48:17.

  • ਤੁਸੀਂ ਯਹੋਵਾਹ ਦੀ ਸੇਵਾ ਕਰਨ ਦਾ ਜੋ ਫ਼ੈਸਲਾ ਕੀਤਾ ਹੈ, ਉਹ ਉਸ ਦੀ ਬਹੁਤ ਕਦਰ ਕਰਦਾ ਹੈ

    “ਹੇ ਮੇਰੇ ਪੁੱਤਰ, ਜੇ ਤੇਰਾ ਮਨ ਬੁੱਧੀਮਾਨ ਬਣੇ, ਤਾਂ ਮੇਰਾ ਦਿਲ ਖ਼ੁਸ਼ ਹੋਵੇਗਾ।”​—ਕਹਾ. 23:15.

    “ਤੁਸੀਂ ਜ਼ਿੰਦਗੀ ਵਿਚ ਪੈਸੇ ਨਾਲ ਪਿਆਰ ਨਾ ਕਰੋ ਅਤੇ ਤੁਹਾਡੇ ਕੋਲ ਜੋ ਵੀ ਹੈ, ਉਸੇ ਵਿਚ ਸੰਤੁਸ਼ਟ ਰਹੋ। ਪਰਮੇਸ਼ੁਰ ਨੇ ਕਿਹਾ ਹੈ: ‘ਮੈਂ ਕਦੀ ਵੀ ਤੈਨੂੰ ਨਹੀਂ ਛੱਡਾਂਗਾ ਅਤੇ ਨਾ ਹੀ ਕਦੀ ਤੈਨੂੰ ਤਿਆਗਾਂਗਾ।’”​—ਇਬ. 13:5.

  • ਤੁਸੀਂ ਯਹੋਵਾਹ ਲਈ ਜੋ ਵੀ ਕਰਦੇ ਹੋ, ਉਹ ਉਸ ਤੋਂ ਬਹੁਤ ਖ਼ੁਸ਼ ਹੁੰਦਾ ਹੈ

    “ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਹਰੇਕ ਨੂੰ ਜਿੰਨੀ ਬਰਕਤ ਦਿੱਤੀ ਹੈ, ਉਸ ਹਿਸਾਬ ਨਾਲ ਉਹ ਆਪਣੇ ਪਰਮੇਸ਼ੁਰ ਯਹੋਵਾਹ ਲਈ ਤੋਹਫ਼ਾ ਲਿਆਵੇ।”​—ਬਿਵ. 16:17.

    “ਪਰਮੇਸ਼ੁਰ ਅਨਿਆਈ ਨਹੀਂ ਹੈ ਕਿ ਉਹ ਤੁਹਾਡੇ ਕੰਮ ਅਤੇ ਪਿਆਰ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਂ ਨਾਲ ਕਰਦੇ ਹੋ ਅਤੇ ਇਸ ਪਿਆਰ ਦੇ ਸਬੂਤ ਵਿਚ ਤੁਸੀਂ ਪਵਿੱਤਰ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਕਰ ਵੀ ਰਹੇ ਹੋ।”​—ਇਬ. 6:10.

ਤੁਸੀਂ ਕੀ ਜਵਾਬ ਦਿਓਗੇ?

  • ਸਾਨੂੰ ਕਿਵੇਂ ਪਤਾ ਹੈ ਕਿ ਯਹੋਵਾਹ ਸਾਡੀ ਪਰਵਾਹ ਕਰਦਾ ਹੈ?

  • ਜੇ ਸਾਨੂੰ ਬੀਤੇ ਸਮੇਂ ਵਿਚ ਲਏ ਆਪਣੇ ਫ਼ੈਸਲੇ ʼਤੇ ਸ਼ੱਕ ਹੋਵੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

  • ਜੇ ਸਾਨੂੰ ਲੱਗੇ ਕਿ ਅਸੀਂ ਯਹੋਵਾਹ ਦੇ ਕਿਸੇ ਕੰਮ ਨਹੀਂ ਆ ਸਕਦੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ?

ਗੀਤ 111 ਸਾਡੀ ਖ਼ੁਸ਼ੀ ਦੇ ਕਾਰਨ

a ਸ਼ਬਦ ਦਾ ਮਤਲਬ: ਇਸ ਲੇਖ ਵਿਚ ਅਸੀਂ ਉਨ੍ਹਾਂ ਸ਼ੱਕਾਂ ਬਾਰੇ ਗੱਲ ਕਰਾਂਗੇ ਜੋ ਕਦੇ-ਕਦੇ ਸਾਡੇ ਮਨ ਵਿਚ ਆ ਸਕਦੇ ਹਨ। ਜਿਵੇਂ, ਸ਼ਾਇਦ ਅਸੀਂ ਸੋਚੀਏ ਕਿ ਪਤਾ ਨਹੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸਾਡੀ ਕੋਈ ਕੀਮਤ ਹੈ ਜਾਂ ਨਹੀਂ। ਜਾਂ ਫਿਰ ਅਸੀਂ ਜੋ ਫ਼ੈਸਲਾ ਕੀਤਾ ਸੀ, ਉਹ ਸਹੀ ਸੀ ਜਾਂ ਨਹੀਂ। ਬਾਈਬਲ ਵਿਚ ਦੱਸਿਆ ਹੈ ਕਿ ਨਿਹਚਾ ਦੀ ਘਾਟ ਹੋਣ ਕਰਕੇ ਅਸੀਂ ਯਹੋਵਾਹ ਅਤੇ ਉਸ ਦੇ ਵਾਅਦਿਆਂ ʼਤੇ ਸ਼ੱਕ ਕਰਨ ਲੱਗ ਸਕਦੇ ਹਾਂ। ਇਸ ਲੇਖ ਵਿਚ ਅਸੀਂ ਇਨ੍ਹਾਂ ਸ਼ੱਕਾਂ ਬਾਰੇ ਗੱਲ ਨਹੀਂ ਕਰਾਂਗੇ।

b ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਜਦੋਂ ਦਾਊਦ ਨੂੰ ਚੁਣਿਆ ਗਿਆ ਸੀ, ਤਾਂ ਉਸ ਦੀ ਉਮਰ ਕਿੰਨੀ ਸੀ। ਉਸ ਸਮੇਂ ਉਸ ਦੀ ਉਮਰ ਸ਼ਾਇਦ 14-15 ਜਾਂ ਇਸ ਤੋਂ ਘੱਟ-ਵੱਧ ਸੀ।​—ਪਹਿਰਾਬੁਰਜ 1 ਸਤੰਬਰ 2011 (ਅੰਗ੍ਰੇਜ਼ੀ) ਦੇ ਸਫ਼ਾ 29 ʼਤੇ ਪੈਰਾ 2 ਦੇਖੋ।

c ਤਸਵੀਰਾਂ ਬਾਰੇ ਜਾਣਕਾਰੀ: ਇਕ ਜਵਾਨ ਭੈਣ ਕਿਸੇ ਮਾਮਲੇ ਬਾਰੇ ਯਹੋਵਾਹ ਦੀ ਸੋਚ ਜਾਣਨ ਲਈ ਬਾਈਬਲ ਵਿੱਚੋਂ ਖੋਜਬੀਨ ਕਰ ਰਹੀ ਹੈ।

d ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਕੰਮ ਕਰ ਰਿਹਾ ਹੈ, ਪਰ ਉਸ ਨੇ ਆਪਣਾ ਧਿਆਨ ਨਵੀਂ ਦੁਨੀਆਂ ʼਤੇ ਲਾਇਆ ਹੋਇਆ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ