ਇਨਸਾਨ ਯੁੱਧਾਂ ਨੂੰ ਖ਼ਤਮ ਨਹੀਂ ਕਰ ਸਕਦੇ
ਯੁੱਧ ਅਤੇ ਦੰਗੇ-ਫ਼ਸਾਦ ਕਿੱਦਾਂ ਖ਼ਤਮ ਹੋਣਗੇ?
ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਇਨਸਾਨ ਨਹੀਂ, ਸਗੋਂ ਰੱਬ “ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ” ਕਰੇਗਾ।—ਜ਼ਬੂਰ 46:9.
ਰੱਬ ਇਨਸਾਨੀ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ
ਬਾਈਬਲ ਵਿਚ ਦੱਸਿਆ ਗਿਆ ਹੈ ਕਿ ਆਰਮਾਗੇਡਨa ਨਾਂ ਦਾ ਇਕ ਯੁੱਧ ਹੋਵੇਗਾ ਜਿਸ ਵਿਚ ਰੱਬ ਸਾਰੀਆਂ ਇਨਸਾਨੀ ਸਰਕਾਰਾਂ ਨੂੰ ਖ਼ਤਮ ਕਰ ਦੇਵੇਗਾ। (ਪ੍ਰਕਾਸ਼ ਦੀ ਕਿਤਾਬ 16:16) ਉਦੋਂ “ਸਾਰੀ ਧਰਤੀ ਦੇ ਰਾਜਿਆਂ” ਨੂੰ “ਸਰਬਸ਼ਕਤੀਮਾਨ ਪਰਮੇਸ਼ੁਰ ਦੇ ਮਹਾਨ ਦਿਨ ʼਤੇ ਹੋਣ ਵਾਲੇ ਯੁੱਧ ਲਈ” ਇਕੱਠਾ ਕੀਤਾ ਜਾਵੇਗਾ। (ਪ੍ਰਕਾਸ਼ ਦੀ ਕਿਤਾਬ 16:14) ਰੱਬ ਦਾ ਇਹ ਯੁੱਧ ਯਾਨੀ ਆਰਮਾਗੇਡਨ ਆਖ਼ਰੀ ਯੁੱਧ ਹੋਵੇਗਾ। ਇਸ ਤੋਂ ਬਾਅਦ ਧਰਤੀ ʼਤੇ ਫਿਰ ਕਦੇ ਕੋਈ ਯੁੱਧ ਨਹੀਂ ਹੋਵੇਗਾ।
ਇਨਸਾਨੀ ਸਰਕਾਰਾਂ ਦੀ ਜਗ੍ਹਾ ਰੱਬ ਆਪਣਾ ਰਾਜ ਯਾਨੀ ਸਰਕਾਰ ਖੜ੍ਹੀ ਕਰੇਗਾ ਜੋ ਸਵਰਗ ਤੋਂ ਹਕੂਮਤ ਕਰੇਗੀ ਅਤੇ ਕਦੇ ਨਾਸ਼ ਨਹੀਂ ਹੋਵੇਗੀ। (ਦਾਨੀਏਲ 2:44) ਰੱਬ ਨੇ ਆਪਣੇ ਪੁੱਤਰ ਯਿਸੂ ਮਸੀਹ ਨੂੰ ਇਸ ਰਾਜ ਦਾ ਰਾਜਾ ਚੁਣਿਆ ਹੈ। (ਯਸਾਯਾਹ 9:6, 7; ਮੱਤੀ 28:18) ਇਹ ਸਰਕਾਰ ਉਹੀ ਰਾਜb ਹੈ ਜਿਸ ਬਾਰੇ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ। (ਮੱਤੀ 6:9, 10) ਜਦੋਂ ਸਾਰੀ ਧਰਤੀ ʼਤੇ ਇੱਕੋ ਸਰਕਾਰ ਹੋਵੇਗੀ, ਉਦੋਂ ਸਾਰੇ ਇਨਸਾਨਾਂ ਵਿਚ ਏਕਤਾ ਹੋਵੇਗੀ।
ਯਿਸੂ ਇਨਸਾਨੀ ਹਾਕਮਾਂ ਵਰਗਾ ਨਹੀਂ ਹੈ। ਉਹ ਆਪਣੇ ਅਧਿਕਾਰ ਨੂੰ ਆਪਣੇ ਫ਼ਾਇਦੇ ਲਈ ਨਹੀਂ ਵਰਤੇਗਾ। ਯਿਸੂ ਇਨਸਾਫ਼-ਪਸੰਦ ਰਾਜਾ ਹੈ ਅਤੇ ਉਹ ਕਿਸੇ ਨਾਲ ਪੱਖਪਾਤ ਨਹੀਂ ਕਰਦਾ। ਇਸ ਲਈ ਕਿਸੇ ਨੂੰ ਵੀ ਇਹ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਉਸ ਦੀ ਜਾਤ, ਕੌਮ ਜਾਂ ਨਸਲ ਕਰਕੇ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾਵੇਗਾ ਜਾਂ ਉਸ ਨਾਲ ਬੇਇਨਸਾਫ਼ੀ ਕੀਤੀ ਜਾਵੇਗੀ। (ਯਸਾਯਾਹ 11:3, 4) ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨਾ ਨਹੀਂ ਪਵੇਗਾ। ਕਿਉਂ ਨਹੀਂ? ਕਿਉਂਕਿ ਯਿਸੂ ਹਰੇਕ ਇਨਸਾਨ ਦੇ ਭਲੇ ਬਾਰੇ ਸੋਚੇਗਾ। “ਉਹ ਮਦਦ ਲਈ ਪੁਕਾਰ ਰਹੇ ਗ਼ਰੀਬਾਂ ਨੂੰ ਬਚਾਵੇਗਾ, ਨਾਲੇ ਮਾਮੂਲੀ ਅਤੇ ਬੇਸਹਾਰਾ ਲੋਕਾਂ ਨੂੰ ਵੀ। . . . ਉਹ ਉਨ੍ਹਾਂ ਨੂੰ ਜ਼ੁਲਮ ਅਤੇ ਹਿੰਸਾ ਤੋਂ ਬਚਾਵੇਗਾ।”—ਜ਼ਬੂਰ 72:12-14.
ਰੱਬ ਦਾ ਰਾਜ ਧਰਤੀ ਤੋਂ ਸਾਰੇ ਖ਼ਤਰਨਾਕ ਹਥਿਆਰਾਂ ਨੂੰ ਖ਼ਤਮ ਕਰ ਦੇਵੇਗਾ। (ਮੀਕਾਹ 4:3) ਇਹ ਰਾਜ ਉਨ੍ਹਾਂ ਬੁਰੇ ਲੋਕਾਂ ਨੂੰ ਵੀ ਖ਼ਤਮ ਕਰ ਦੇਵੇਗਾ ਜੋ ਲੜਾਈ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਦੂਜਿਆਂ ਦੀ ਸ਼ਾਂਤੀ ਭੰਗ ਕਰਦੇ ਹਨ। (ਜ਼ਬੂਰ 37:9, 10) ਉਸ ਵੇਲੇ ਹਰ ਆਦਮੀ, ਔਰਤ ਅਤੇ ਬੱਚਾ ਸੁਰੱਖਿਅਤ ਮਹਿਸੂਸ ਕਰੇਗਾ, ਭਾਵੇਂ ਉਹ ਧਰਤੀ ʼਤੇ ਜਿੱਥੇ ਮਰਜ਼ੀ ਚਲਾ ਜਾਵੇ।—ਹਿਜ਼ਕੀਏਲ 34:28.
ਰੱਬ ਦੀ ਸਰਕਾਰ ਅਧੀਨ ਲੋਕਾਂ ਦੀ ਜ਼ਿੰਦਗੀ ਬਹੁਤ ਵਧੀਆ ਹੋਵੇਗੀ। ਇਹ ਸਰਕਾਰ ਉਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰ ਦੇਵੇਗੀ ਜਿਨ੍ਹਾਂ ਕਰਕੇ ਲੋਕ ਅੱਜ ਯੁੱਧ ਅਤੇ ਦੰਗੇ-ਫ਼ਸਾਦ ਕਰਦੇ ਹਨ, ਜਿਵੇਂ ਗ਼ਰੀਬੀ, ਖਾਣੇ ਦੀ ਕਮੀ ਅਤੇ ਰਹਿਣ ਲਈ ਜਗ੍ਹਾ ਦੀ ਘਾਟ। ਉਦੋਂ ਹਰ ਕਿਸੇ ਕੋਲ ਭਰਪੂਰ ਮਾਤਰਾ ਵਿਚ ਪੌਸ਼ਟਿਕ ਖਾਣਾ ਹੋਵੇਗਾ ਅਤੇ ਰਹਿਣ ਲਈ ਵਧੀਆ ਘਰ ਹੋਵੇਗਾ।—ਜ਼ਬੂਰ 72:16; ਯਸਾਯਾਹ 65:21-23.
ਯੁੱਧਾਂ ਕਰਕੇ ਲੋਕਾਂ ʼਤੇ ਹੋਏ ਬੁਰੇ ਅਸਰਾਂ ਨੂੰ ਰੱਬ ਦੇ ਰਾਜ ਵਿਚ ਮਿਟਾ ਦਿੱਤਾ ਜਾਵੇਗਾ। ਮਿਸਾਲ ਲਈ, ਯੁੱਧਾਂ ਵਿਚ ਜ਼ਖ਼ਮੀ ਹੋਏ ਲੋਕ ਠੀਕ ਹੋ ਜਾਣਗੇ ਅਤੇ ਜਿਹੜੇ ਲੋਕ ਯੁੱਧਾਂ ਦੇ ਭਿਆਨਕ ਮੰਜ਼ਰ ਦੇਖਣ ਕਰਕੇ ਮਾਨਸਿਕ ਦੁੱਖ ਹੰਢਾ ਰਹੇ ਹਨ ਅਤੇ ਬੀਮਾਰੀਆਂ ਦੀ ਮਾਰ ਝੱਲ ਰਹੇ ਹਨ, ਉਹ ਤੰਦਰੁਸਤ ਹੋ ਜਾਣਗੇ। ਇੱਥੋਂ ਤਕ ਕਿ ਮੌਤ ਦੀ ਨੀਂਦ ਸੁੱਤੇ ਪਏ ਲੋਕਾਂ ਨੂੰ ਵੀ ਇਸ ਧਰਤੀ ਉੱਤੇ ਦੁਬਾਰਾ ਜੀਉਂਦਾ ਕੀਤਾ ਜਾਵੇਗਾ। (ਯਸਾਯਾਹ 25:8; 26:19; 35:5, 6) ਪਰਿਵਾਰ ਫਿਰ ਤੋਂ ਇਕੱਠੇ ਹੋ ਜਾਣਗੇ ਅਤੇ ਯੁੱਧਾਂ ਦੀਆਂ ਬੁਰੀਆਂ ਯਾਦਾਂ ਮਿਟ ਜਾਣਗੀਆਂ। ਜੀ ਹਾਂ, ‘ਪੁਰਾਣੀਆਂ ਗੱਲਾਂ ਖ਼ਤਮ ਹੋ ਜਾਣਗੀਆਂ।’—ਪ੍ਰਕਾਸ਼ ਦੀ ਕਿਤਾਬ 21:4.
ਰੱਬ ਪਾਪ ਨੂੰ ਮਿਟਾ ਦੇਵੇਗਾ
ਜਦੋਂ ਰੱਬ ਦਾ ਰਾਜ ਸਾਰੀ ਧਰਤੀ ʼਤੇ ਹਕੂਮਤ ਕਰੇਗਾ, ਤਾਂ ਸਾਰੇ ਲੋਕ ਇੱਕੋ-ਇਕ ਸੱਚੇ ਰੱਬ ਯਹੋਵਾਹc ਦੀ ਭਗਤੀ ਕਰਨਗੇ ਜੋ “ਪਿਆਰ ਤੇ ਸ਼ਾਂਤੀ ਦਾ ਪਰਮੇਸ਼ੁਰ” ਹੈ। (2 ਕੁਰਿੰਥੀਆਂ 13:11) ਲੋਕ ਸ਼ਾਂਤੀ ਨਾਲ ਰਹਿਣਾ ਸਿੱਖਣਗੇ। (ਯਸਾਯਾਹ 2:3, 4; 11:9) ਜਿਹੜੇ ਲੋਕ ਸਿੱਖੀਆਂ ਗੱਲਾਂ ਨੂੰ ਲਾਗੂ ਕਰਨਗੇ, ਉਹ ਪਾਪ ਦੇ ਅਸਰਾਂ ਤੋਂ ਮੁਕਤ ਹੋ ਜਾਣਗੇ ਅਤੇ ਮੁਕੰਮਲ ਬਣ ਜਾਣਗੇ।—ਰੋਮੀਆਂ 8:20, 21.
ਰੱਬ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦਾ ਨਾਸ਼ ਕਰ ਦੇਵੇਗਾ
ਰੱਬ ਦਾ ਰਾਜ ਸ਼ੈਤਾਨ ਅਤੇ ਉਸ ਦੇ ਦੁਸ਼ਟ ਦੂਤਾਂ ਦਾ ਨਾਸ਼ ਕਰ ਦੇਵੇਗਾ ਜੋ ਲੋਕਾਂ ਨੂੰ ਯੁੱਧ ਕਰਨ ਲਈ ਭੜਕਾਉਂਦੇ ਹਨ। (ਪ੍ਰਕਾਸ਼ ਦੀ ਕਿਤਾਬ 20:1-3, 10) ਉਨ੍ਹਾਂ ਦਾ ਬੁਰਾ ਪ੍ਰਭਾਵ ਨਾ ਹੋਣ ਕਰਕੇ “ਸਾਰੇ ਪਾਸੇ ਸ਼ਾਂਤੀ ਹੋਵੇਗੀ।”—ਜ਼ਬੂਰ 72:7.
ਰੱਬ ਨੇ ਵਾਅਦਾ ਕੀਤਾ ਹੈ ਕਿ ਉਹ ਯੁੱਧਾਂ ਅਤੇ ਦੰਗੇ-ਫ਼ਸਾਦਾਂ ਨੂੰ ਖ਼ਤਮ ਕਰ ਦੇਵੇਗਾ। ਤੁਸੀਂ ਪੂਰਾ ਯਕੀਨ ਰੱਖ ਸਕਦੇ ਹੋ ਕਿ ਰੱਬ ਆਪਣਾ ਇਹ ਵਾਅਦਾ ਜ਼ਰੂਰ ਪੂਰਾ ਕਰੇਗਾ। ਉਸ ਕੋਲ ਇੱਦਾਂ ਕਰਨ ਦੀ ਕਾਬਲੀਅਤ ਵੀ ਹੈ ਅਤੇ ਇੱਛਾ ਵੀ।
ਰੱਬ ਕੋਲ ਯੁੱਧਾਂ ਅਤੇ ਦੰਗੇ-ਫ਼ਸਾਦਾਂ ਨੂੰ ਖ਼ਤਮ ਕਰਨ ਲਈ ਬੁੱਧ ਅਤੇ ਤਾਕਤ ਹੈ। (ਅੱਯੂਬ 9:4) ਉਸ ਲਈ ਕੁਝ ਵੀ ਕਰਨਾ ਨਾਮੁਮਕਿਨ ਨਹੀਂ ਹੈ।—ਅੱਯੂਬ 42:2.
ਲੋਕਾਂ ਨੂੰ ਦੁੱਖ ਝੱਲਦਿਆਂ ਦੇਖ ਕੇ ਰੱਬ ਨੂੰ ਬਹੁਤ ਬੁਰਾ ਲੱਗਦਾ ਹੈ। (ਯਸਾਯਾਹ 63:9) ਨਾਲੇ ਉਹ “ਹਿੰਸਾ ਨਾਲ ਪਿਆਰ ਕਰਨ ਵਾਲੇ ਨੂੰ ਨਫ਼ਰਤ ਕਰਦਾ ਹੈ।”—ਜ਼ਬੂਰ 11:5.
ਰੱਬ ਜੋ ਕਹਿੰਦਾ ਹੈ, ਉਹ ਪੂਰਾ ਕਰ ਕੇ ਹੀ ਰਹਿੰਦਾ ਹੈ। ਉਹ ਝੂਠ ਬੋਲ ਹੀ ਨਹੀਂ ਸਕਦਾ।—ਯਸਾਯਾਹ 55:10, 11; ਤੀਤੁਸ 1:2.
ਬਹੁਤ ਜਲਦ ਰੱਬ ਧਰਤੀ ʼਤੇ ਸ਼ਾਂਤੀ ਕਾਇਮ ਕਰੇਗਾ ਜੋ ਹਮੇਸ਼ਾ-ਹਮੇਸ਼ਾ ਤਕ ਰਹੇਗੀ।
ਰੱਬ ਯੁੱਧਾਂ ਨੂੰ ਖ਼ਤਮ ਕਰੇਗਾ
a jw.org/pa ʼਤੇ “ਆਰਮਾਗੇਡਨ ਦੀ ਲੜਾਈ ਕੀ ਹੈ?” ਨਾਂ ਦਾ ਲੇਖ ਪੜ੍ਹੋ।
b jw.org/pa ʼਤੇ ਪਰਮੇਸ਼ੁਰ ਦਾ ਰਾਜ ਕੀ ਹੈ? ਨਾਂ ਦੀ ਵੀਡੀਓ ਦੇਖੋ।
c ਯਹੋਵਾਹ ਰੱਬ ਦਾ ਨਾਂ ਹੈ।—ਜ਼ਬੂਰ 83:18.